ਮੈਂ ਸਰਸਰੀ ਪੱਛ ਬੈਠੀ:
“..ਕੀ ਹਾਲ-ਚਾਲ ਐ?”
ਤੇਰਾ ਜਵਾਬ ਸੀ ਕਿ..
“…ਜੋ ਅੱਗ ਲੱਗਣ ਤੋਂ ਬਾਅਦ
ਕਾਹ ਦੇ ਬੂਟਿਆਂ ਦਾ ਹੁੰਦੈ…!!”
ਬੁੱਲ੍ਹ ਸੀਤੇ ਗਏ ਸੀ ਮੇਰੇ
ਕੁੱਝ ਪਲਾਂ ਦਾ ਸੱਨਾਟਾ
ਤੇਰਾ ਦਰਦ
ਮੇਰੀ ਰੂਹ ਹਵਾਲੇ ਕਰ ਗਿਆ ਸੀ
ਤੂੰ ਕਿਹਾ
“…ਚਾਹੇ ਗੱਲਾਂ ਨਾ ਕਰ…
ਪਰ…
ਬਾਤਾਂ ‘ਚ ਹੁੰਘਾਰਾ ਤਾਂ ਦੇਹ
ਸ਼ਾਮ ਸੌਖੀ ਬੀਤ ਜਾਵੇ !!”
ਮੈਂ ਕਿਹਾ..
“…ਕਿਤੇ ਸ਼ਾਮ ਨਾਲ਼
ਗੱਲਾਂ ਵੀ ਬੀਤੀਆਂ ਨਾ ਹੋ ਜਾਵਣ !
ਹੁੰਘਾਰਾ ਭਰਦਿਆਂ…
ਕੋਈ ਬਾਤ ਨਾ ਪੈ ਜਾਵੇ !!”
ਤੂੰ ਤੱਕਿਆ
ਹਸਰਤ ਭਰੀਆਂ ਨਜ਼ਰਾਂ ਨਾਲ਼ ਤੇ ਫਿਰ..
ਠੰਢਾ ਹਾਉਕਾ ਭਰ ਕੇ ਰਹਿ ਗਿਆ ਸੀ ਙ
ਤੂੰ ਵਾਸਤਾ ਪਾਇਆ ਕਿ
“..ਬਹਾਰਾਂ ‘ਚ ਤਾਂ ਨਾ ਮਿਲ਼ਿਆ ਕਰ
ਪੱਤਝੜ ਵਰਗਾ ਚਿਹਰਾ ਲੈ ਕੇ…”
ਮੈਂ ਕਿਹਾ:
“ਗਿਲਾ ਤੇਰਾ ਵੀ ਜ਼ਾਇਜ਼ ਐ
ਪਰ….ਮੈਂ…
ਤੈਂਨੂੰ ਬਾਰਿਸ਼ ‘ਚ ਤਾਂ ਮਿਲ਼ਦੀ ਆਂ
ਅੱਖਾਂ ‘ਚ ਝੜੀ ਲੈ ਕੇ…..!!”
ਹੁਣ ਆਪਾਂ ਦੋਵੇਂ ਚੁੱਪ ਖੜ੍ਹੇ ਸੀ
ਮੇਰੀਆਂ ਅੱਖਾਂ ਵਿਚਲੀ
ਸ਼ੋਖ਼ ਤਿਤਲੀ
ਤੇਰੇ ਮਨ ਦੇ
ਮਨਚਲੇ ਭੌਰੇ ਦਾ ਹੱਥ ਫੜ…
ਤਰਕ ਦੇ ਗਲੇਸ਼ੀਅਰ ਦੀ
ਸੀਮਾ ਪਾਰ ਕਰ ਚੁੱਕੀ ਸੀ !!
ਤੇ ਆਪਾਂ…
ਸੂਰਜ ਨੂੰ ਦੁਮੇਲ਼ ‘ਤੇ
ਅਸਤ ਹੁੰਦਾ ਦੇਖ ਰਹੇ ਸੀ