ਬਿਰਹਣ ਪੌਣਾਂ ਬਣ ਕੇ, ਸਾਵਣ ਆਈਆਂ ਨੇ ।
ਲੰਘੀ ਰੁੱਤ ਦਾ ਸੋਗ, ਮਨਾਵਣ ਆਈਆਂ ਨੇ
ਦਿਲ ਦੇ ਵਿਹੜੇ ਆਉਣ, ਆਵਾਜਾਂ ਲਗਦਾ ਹੈ,
ਵਿਧਵਾ ਰੀਝਾਂ ਵਕਤ ਲੰਘਾਵਣ ਆਈਆਂ ਨੇ,
ਹੋਰ ਕਰੋ ਨਾਂ ਸ਼ੋਰ, ਹਵਾਓ ਬਿਰਖਾਂ ‘ਤੇ ,
ਮਸਾਂ-ਮਸਾਂ ਕੁਝ ਚਿੜੀਆਂ ਗਾਵਣ ਆਈਆਂ ਨੇ ।
ਮੁਸਕਾਨਾਂ ਦਾ ਹੋਠੀਂ ਮਿਲਣਾ ਲੱਗੇ ਜਿਵੇਂ ,
ਧੀਆਂ ਪੇਕੇ ਤੀਆਂ ਲਾਵਣ ਆਈਆਂ ਨੇ ।
ਰਿਹਾ ਭੁਲੇਖਾ ਏਹੋ, ਅਕਸਰ ਕਣੀਆਂ ਨੂੰ,
ਕਿ ਉਹ ਖੁਹ ਦੀ, ਪਿਆਸ ਮਿਟਾਵਣ ਆਈਆਂ ਨੇ।
ਸੁੰਨੇ ਘਰ ਨੂੰ ਦਸਤਕ,ਸੁਣਕੇ ਲੱਗੇ ਜਿਵੇਂ,
ਕੁੜੀਆਂ ਚਿੜੀਆਂ ਕਿੱਕਲੀ ਪਾਵਣ ਆਈਆਂ ਨੇ।
“ਸ਼ੇਖਰ” ਦੇ ਪਿੰਡ ਦੇ ਕੇ, ਲਾਲਚ ਛਾਵਾਂ ਦਾ,
ਬਿਰਖਾਂ ਨੂੰ ਕੁਝ ਕਿਰਨਾਂ, ਖਾਵਣ ਆਈਆਂ ਨੇ ।
Very good…..