ਨਵੀ ਦਿਲੀ- ਤਿਲਕ ਨਗਰ ਤੋਂ ਅਜ਼ਾਦ ਉਮੀਦਵਾਰ ਸੁਰੇਂਦਰ ਯਾਦਵ ਨੂੰ ਕਿੰਨੇ ਵੋਟ ਮਿਲਦੇ ਹਨ ਇਹ ਤਾਂ ਸਮਾ ਹੀ ਦਸੇਗਾ, ਪਰ ਔਰਤਾਂ ਦੇ ਹੱਥਾਂ ਤੇ ਮਹਿੰਦੀ ਖੂਬ ਸਜ ਰਹੀ ਹੈ। ਸੁਰੇਂਦਰ ਔਰਤਾਂ ਦੇ ਹੱਥਾਂ ਤੇ ਮਹਿੰਦੀ ਰਚਾ ਕੇ ਵੋਟਾਂ ਮੰਗ ਰਿਹਾ ਹੈ। ਬੜੀ ਦਿਲਚਸਪ ਗੱਲ ਇਹ ਹੈ ਕਿ ਉਸਨੂੰ ਚੋਣ ਨਿਸ਼ਾਨ ਡੋਲੀ ਮਿਲਿਆ ਹੈ। ਉਸਦੇ ਲਈ ਚੋਣਾਂ ਇਕ ਵਿਆਹ ਦੀ ਤਰ੍ਹਾਂ ਹਨ। ਜਿਥੇ ਮਹਿੰਦੀ ਹੈ ਅਤੇ ਡੋਲੀ ਉਠਣ ਦਾ ਇੰਤਜਾਰ ਹੈ। ਯਾਦਵ ਦਾ ਕਹਿਣਾ ਹੈ ਕਿ ਉਹ ਇਕ ਸਾਲ ਤੋਂ ਤਿਲਕ ਨਗਰ ਇਲਾਕੇ ਵਿਚ ਮਹਿਲਾਵਾਂ ਦੇ ਹੱਥਾਂ ਤੇ ਫਰੀ ਵਿਚ ਮਹਿੰਦੀ ਲਗਾ ਰਿਹਾ ਹੈ। ਇਕ ਸਾਲ ਵਿਚ 45 ਹਜ਼ਾਰ ਔਰਤਾਂ ਦੀਆਂ ਹਥੇਲੀਆਂ ਤੇ ਉਸਦੀ ਮਹਿੰਦੀ ਆਪਣਾ ਰੰਗ ਵਿਖਾ ਚੁਕੀ ਹੈ। ਉਹ 400 ਦੇ ਕਰੀਬ ਗਰੀਬ ਲੜਕੀਆਂ ਦੇ ਵਿਆਹਾਂ ਤੇ ਉਨ੍ਹਾਂ ਦੇ ਘਰ ਜਾ ਕੇ ਫਰੀ ਵਿਚ ਮਹਿੰਦੀ ਲਗਾ ਚੁਕੇ ਹਨ।
ਚੋਣ ਪਰਚਾਰ ਕਰਨ ਲਈ ਉਸ ਕੋਲ ਕੋਈ ਕਾਰਾਂ, ਗੱਡੀਆਂ ਨਹੀ ਹਨ। ਉਹ ਪੈਦਲ ਹੀ ਪਰਚਾਰ ਵਿਚ ਲਗਾ ਹੋਇਆ ਹੈ। ਉਹ ਪਿਛਲੇ 15 ਸਾਲਾਂ ਤੋਂ ਮਹਿੰਦੀ ਲਗਾ ਰਿਹਾ ਹੈ। ਤਿਲਕ ਨਗਰ ਦੇ ਲੋਕਾਂ ਨੂੰ ਉਸਦਾ ਇਹ ਅੰਦਾਜ ਕਾਫੀ ਪਸੰਦ ਆ ਰਿਹਾ ਹੈ। ਲੋਕ ਉਸ ਲਈ ਚੰਦਾ ਇਕਠਾ ਕਰ ਰਹੇ ਹਨ ਤਾਂ ਜੋ ਚੋਣ ਖਰਚਿਆਂ ਵਿਚ ਉਸਦੀ ਮਦਦ ਹੋ ਸਕੇ। ਸੁਰੇਂਦਰ ਯਾਦਵ ਜਿਸ ਤਰ੍ਹਾਂ ਹੀ ਚੋਣ ਪਰਚਾਰ ਲਈ ਆਉਂਦੇ ਹਨ ਤਾਂ ਮਹਿਲਾਂਵਾ ਝੱਟ ਮਹਿੰਦੀ ਲਵਾਉਣ ਲਈ ਤਿਆਰ ਹੋ ਜਾਂਦੀਆਂ ਹਨ। ਉਹ ਵੀ ਆਪਣੇ ਨਾਲ ਮਹਿੰਦੀ ਲਾਉਣ ਦਾ ਪੂਰਾ ਸਮਾਨ ਲੈ ਕੇ ਚਲ ਰਹੇ ਹਨ। ਮਹਿੰਦੀ ਲਾਉਣ ਦੇ ਨਾਲ ਨਾਲ ਇਸ ਉਮੀਦਵਾਰ ਨੇ ਆਪਣੇ ਨਾਲ ਐਸੇ ਲੋਕ ਵੀ ਰੱਖੇ ਹਨ ਜੋ ਇਲਾਕੇ ਦੀ ਸਫਾਈ ਤੋਂ ਲੈ ਕੇ ਸੀਵਰ ਤਕ ਦੀ ਸਫਾਈ ਦਾ ਕੰਮ ਕਰਦੇ ਹਨ।
ਮਹਿੰਦੀ ਲਗਵਾਓ, ਵੋਟ ਦੇਵੋ
This entry was posted in ਭਾਰਤ.