ਐਰੀਜੋਨਾ- ਵਿੰਸਟ ਰੋਮੇਰੋ ਆਪਣੇ ਬੱਚੇ ਨੂੰ ਸਿ਼ਕਾਰੀ ਬਣਾਉਣਾ ਚਾਹੁੰਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਉਸਦਾ ਬੇਟਾ ਬਾਕੀ ਬੱਚਿਆਂ ਦੀ ਤਰ੍ਹਾਂ ਰਾਈਫਲ ਤੋਂ ਡਰੇ। ਉਸਨੇ ਛੋਟੀ ਉਮਰ ਤੋਂ ਹੀ ਆਪਣੇ ਬੇਟੇ ਨੂੰ ਰਾਈਫਲ ਅਤੇ ਬੰਦੂਕ ਚਲਾਉਣ ਦੀ ਟਰੇਨਿੰਗ ਦੇਣੀ ਸ਼ੁਰੂ ਕਰ ਦਿਤੀ ਸੀ ਤਾਂ ਕਿ ਉਹ ਫਾਰਮ ਹਾਊਸ ਤੇ ਅਕਸਰ ਹਮਲਾ ਕਰਨ ਵਾਲੇ ਜੰਗਲੀ ਕੁਤਿਆਂ ਨੂੰ ਭਜਾ ਸਕੇ। ਐਰੀਜੋਨਾ ਦੇ ਸੇਂਟ ਜਾਨ ਦਾ ਰਹਿਣ ਵਾਲਾ 29 ਸਾਲਾ ਵਿੰਸਟ ਰੋਮੇਰੋ ਸਿ਼ਕਾਰੀਆਂ ਦੇ ਮਸ਼ਹੂਰ ਖਾਨਦਾਨ ਵਿਚੋਂ ਸੀ। ਉਹ ਆਪਣੇ ਬੇਟੇ ਨੂੰ ਆਪਣੇ ਦਾਦਾ ਅਤੇ ਪੜਦਾਦਾ ਵਰਗਾ ਬਣਾਉਣਾ ਚਾਹੁੰਦਾ ਸੀ। ਪਰ ਉਸ ਬੱਚੇ ਨੇ ਆਪਣੇ ਪਿਤਾ ਅਤੇ ਉਸਦੇ ਇਕ ਦੋਸਤ ਨੂੰ ਗੋਲੀ ਮਾਰ ਕੇ ਮਾਰ ਦਿਤਾ। ਪੁਲਿਸ ਨੇ ਬੱਚੇ ਨੂੰ ਪਕੜ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਸੇਂਟ ਜਾਨ ਚਰਚ ਦੇ ਪਾਦਰੀ ਨੇ ਪੁਲਿਸ ਨੂੰ ਦਸਿਆ ਕਿ ਵਿੰਸਟ ਆਪਣੇ ਪੁੱਤਰ ਨੂੰ ਰਾਈਫਲ ਚਲਾਉਣ ਦੀ ਟਰੇਨਿੰਗ ਦਿੰਦਾ ਸੀ। ਪਰ ਕਿਸਨੂੰ ਪਤਾ ਸੀ ਕਿ ਉਹ ਆਪਣੀ ਹੀ ਮੌਤ ਨੂੰ ਸੱਦਾ ਦੇ ਰਿਹਾ ਸੀ।
ਅਮਰੀਕਾ ਵਿਚ ਪਹਿਲਾਂ ਵੀ ਛੋਟੇ ਬੱਚਿਆਂ ਵਲੋਂ ਅਣਜਾਣ ਪੁਣੇ ਵਿਚ ਆਪਣੇ ਰਿਸ਼ਤੇਦਾਰਾਂ ਉਪਰ ਗੋਲੀ ਚਲਾਉਣ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਪਰ ਇਸ ਵਾਰਦਾਤ ਵਿਚ ਬੱਚੇ ਨੂੰ ਪਤਾ ਸੀ ਕਿ ਬੰਦੂਕ ਚਲਾਉਣ ਨਾਲ ਸਾਹਮਣੇ ਵਾਲਾ ਜ਼ਖ਼ਮੀ ਹੋ ਸਕਦਾ ਹੈ ਜਾਂ ਉਸਦੀ ਮੌਤ ਵੀ ਹੋ ਸਕਦੀ ਹੈ।
ਪੁਲਿਸ ਵਲੋਂ ਬੱਚੇ ਵਲੋਂ ਆਪਣੇ ਪਿਤਾ ਉਪਰ ਗੋਲੀ ਚਲਾਏ ਜਾਣ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਬੱਚੇ ਨੇ ਇਸ ਸਬੰਧੀ ਪੁਲਿਸ ਨੂੰ ਕੁਝ ਨਹੀਂ ਦਸਿਆ।
ਲੋਕਾਂ ਵਿਚ ਇਹ ਵੀ ਚਰਚਾ ਹੈ ਕਿ ਇਸ ਛੋਟੀ ਉਮਰ ਵਿਚ ਬੱਚਿਆਂ ਨੂੰ ਹਥਿਆਰਾਂ ਤੋਂ ਦੂਰ ਹੀ ਰਖਣਾ ਚਾਹੀਦਾ ਹੈ ਅਤੇ ਕਈ ਵਾਰ ਅਮਰੀਕਾ ਵਿਚ ਬੱਚਿਆਂ ਦੇ ਬੰਦੂਕ ਖਿਡੌਣੇ ਨਾ ਵੇਚਣ ਬਾਰੇ ਵੀ ਚਰਚੇ ਹੋ ਚੁੱਕੇ ਹਨ।
8 ਸਾਲ ਦੇ ਬੱਚੇ ਨੇ ਆਪਣੇ ਪਿਓ ਤੇ ਗੋਲੀ ਚਲਾਈ
This entry was posted in ਅੰਤਰਰਾਸ਼ਟਰੀ.