ਬੰਨੂ- ਪਾਕਿਸਤਾਨ ਦੇ ਬੰਨੂ ਜਿਲ੍ਹੇ ਵਿਚ ਹੋਏ ਹਮਲੇ ਵਿਚ ਇਕ ਮਕਾਨ ਢਹਿ ਢੇਰੀ ਹੋ ਗਿਆ ਅਤੇ ਪੰਜ ਲੋਕ ਮਾਰੇ ਗਏ ਹਨ।ਮਰਨ ਵਾਲਿਆਂ ਵਿਚ ਦੋ ਵਿਦੇਸ਼ੀ ਨਾਗਰਿਕ ਹਨ। ਪਾਕਿਸਤਾਨੀ ਅਧਿਕਾਰੀ ਅਲਕਾਇਦਾ ਦੇ ਲੜਾਕਿਆਂ ਨੂੰ ਵਿਦੇਸ਼ੀ ਕਹਿ ਕੇ ਪੁਕਾਰਦੇ ਹਨ। ਪਿਛਲੇ ਕੁਝ ਹਫਤਿਆਂ ਵਿਚ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਹੋਏ ਅਮਰੀਕੀ ਮੀਸਾਈਲ ਹਮਲਿਆਂ ਵਿਚ ਸੌ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚ ਕੁਝ ਅਤਵਾਦੀ ਸਨ ਅਤੇ ਬਹੁਤ ਸਾਰੇ ਆਮ ਨਾਗਰਿਕ ਹਨ। ਇਨ੍ਹਾਂ ਹਮਲਿਆਂ ਦਾ ਕਰਕੇ ਪਾਕਿਸਤਾਨ ਵਿਚ ਬੜੀ ਨਰਾਜਗੀ ਹੈ ਅਤੇ ਆਮ ਲੋਕ ਅਮਰੀਕਾ ਦਾ ਵਿਰੋਧ ਕਰ ਰਹੇ ਹਨ। ਪਾਕਿਸਤਾਨ ਦਾ ਕਹਿਣਾ ਹੈ ਕਿ ਅਮਰੀਕੀ ਫੌਜਾਂ ਦੀ ਇਸ ਇਕਤਰਫਾ ਕਾਰਵਾਈ ਨਾਲ ਉਸਦੀ ਅਤਵਾਦ ਵਿਰੋਧੀ ਰਣਨੀਤੀ ਤੇ ਅਸਰ ਪੈਂਦਾ ਹੈ। ਅਫਗਾਨਿਸਤਾਨ ਦੀ ਸੀਮਾ ਨਾਲ ਲਗਦੇ ਕਬਾਇਲੀ ਇਲਾਕਿਆਂ ਵਿਚ ਤਾਂ ਅਮਰੀਕੀ ਮੀਸਾਈਲ ਹਮਲੇ ਆਮ ਹੋ ਗਏ ਹਨ। ਪਰ ਬੰਨੂ ਜਿਲ੍ਹੇ ਵਿਚ ਹੋਏ ਇਸ ਹਮਲੇ ਨੇ ਲੋਕਾਂ ਨੂੰ ਹੈਰਾਨ ਕਰ ਦਿਤਾ ਹੈ। ਕੁਝ ਦਿਨ ਪਹਿਲਾਂ ਹੀ ਅਮਰੀਕੀ ਮੀਸਾਈਲ ਹਮਲੇ ਵਿਚ 10 ਦਹਿਸ਼ਤਗਰਦਾਂ ਦੀ ਮੌਤ ਹੋ ਗਈ ਸੀ। ਪਿਛਲੇ ਦਿਨੀ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਅਮਰੀਕਾ ਦੇ ਨਵੇ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਅਪੀਲ ਕੀਤੀ ਸੀ ਕਿ ਕਬਾਇਲੀ ਇਲਾਕਿਆਂ ਵਿਚ ਅਮਰੀਕੀ ਹਮਲਿਆਂ ਦੀ ਨੀਤੀ ਤੇ ਫਿਰ ਵਿਚਾਰ ਕਰਨ।