ਸੰਸਾਰ ਦੇ ਨਕਸ਼ੇ ਉਤੇ ਇੱਕ ਖ਼ਾਲਸਾ ਕੌਮ ਹੀ ਐਸੀ ਕੌਮ ਹੈ ਜੋ ਦਿਨ ਵਿੱਚ ਦੋ ਜਾਂ ਤਿੰਨ ਵਾਰ ਜਾਂ ਫਿਰ ਜਦੋਂ ਵੀ ਆਪਣੇ ਇਸ਼ਟ ਸ਼ਬਦ ਬ੍ਰਹਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੀ ਹੈ ਤਾਂ ਚਾਰ ਵਸਤੂਆਂ ਦੀ ਮੰਗ ਕਰਦੀ ਹੈ। ਇਹ ਚਾਰ ਵਸਤੂਆਂ ਹਨ:
ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ॥
ਸਭ ਤੋਂ ਪਹਿਲੀ ਮੰਗ ਨਾਮ ਸਿਮਰਨ ਦੀ ਹੈ, ਜੋ ਮਨੁੱਖਾ ਜਿੰਦਗੀ ਦਾ ਮਨੋਰਥ ਹੈ। ਨਾਮ ਸਿਮਰਨ ਤੋਂ ਪ੍ਰਾਪਤੀ ਹੁੰਦੀ ਹੈ ਉੱਚੀ ਆਤਮਿਕ ਅਵਸਥਾ ਦੀ, ਚੜ੍ਹਦੀ ਕਲਾ ਦੀ ਕਿਉਂਕਿ ਦੁੱਖ ਜਾਂ ਸੁੱਖ, ਖੁਸ਼ੀ ਜਾਂ ਗ਼ਮੀ ਅਤੇ ਹਰਖ ਜਾਂ ਸੋਗ ਦੀ ਅਵਸਥਾ ਵਿੱਚ ਚੜ੍ਹਦੀ ਕਲਾ ਵਾਲਾ ਮਨੁੱਖ ਹੀ ਗੁਰੂ ਦੇ ਭਾਣੇ ਵਿੱਚ ਰਹਿ ਸਕਦਾ ਹੈ। ਪ੍ਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਮਨੁੱਖ ਹੀ ਸਰਬੱਤ ਦਾ ਭਲਾ ਮੰਗ ਸਕਦਾ ਹੈ। ਸੋ, ਇੱਕ ਗੁਰਸਿੱਖ ਜਿੱਥੇ ਰੋਜ਼ ਆਪਣੇ ਲਈ ਨਾਮ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਮੰਗ ਕਰਦਾ ਹੈ, ਉੱਥੇ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸਰਬੱਤ ਦਾ ਭਲਾ ਮੰਗਣਾ ਇੱਕ ਬਹੁੱਤ ਹੀ ਨਿਵੇਕਲੀ ਅਤੇ ਪ੍ਰਭਾਵਸ਼ਾਲੀ ਗੱਲ ਹੈ। ਕਿਉਂਕਿ ਇਹ ਸਿਰਫ ਅਰਦਾਸ ਦੀ ਇੱਕ ਅੰਤਲੀ ਤੁੱਕ ਹੀ ਨਹੀਂ ਸਗੋਂ ਸਿੱਖ ਕੌਮ ਅਤਵਾ ਧਰਮ ਵੀਚਾਰਧਾਰਾ ਦਾ ਉਚਾ ਫਲਸਫਾ ਬਣ ਜਾਂਦਾ ਹੈ।
ਪਾਵਣ ਗੁਰਬਾਣੀ ਦੇ ਪਾਵਨ ਸਿਧਾਂਤ ਵੀ ਇਹੀ ਦੱਸਦੇ ਹਨ:
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥
(ਕਾਨੜਾ ਮ. 4, ਪੰਨਾ 1299)
ਸਰਬੱਤ ਲਫ਼ਜ਼ ਵਿੱਚ ਕੇਵਲ ਆਪਣੇ ਪਰਿਵਾਰ, ਟੱਬਰ, ਸਮਾਜ ਜਾਂ ਭਾਈਚਾਰੇ ਜਾਂ ਬਰਾਦਰੀ ਤੱਕ ਹੀ ਸੀਮਿਤ ਨਹੀਂ, ਸਗੋਂ ਸਰਬੱਤ ਸੰਸਾਰ ਦੇ ਮਨੁੱਖੀ ਭਾਈਚਾਰੇ ਵਿੱਚ ਨਾ ਕੇਵਲ ਦੋਸਤ, ਮਿੱਤਰ, ਜਾਂ ਸੱਜਣ ਹੀ ਨਹੀਂ ਸਗੋਂ ਦੁਸ਼ਮਣ, ਸ਼ਤਰੂ ਅਤੇ ਵੈਰੀ ਵੀ ਆ ਜਾਂਦੇ ਹਨ। ਸਰਬੱਤ ਲਫਜ਼ ਵਿੱਚ ਪੀਰ ਬੁੱਧੂ ਸ਼ਾਹ, ਸਾਈਂ ਮੀਆਂ ਮੀਰ, ਪੀਰ ਭੀਖਣ ਸ਼ਾਹ ਜਾਂ ਦੀਵਾਨ ਕੌੜਾ ਮੱਲ ਵਰਗੇ ਮਿੱਤਰ ਹੀ ਨਹੀਂ, ਸਗੋਂ ਦੀਵਾਨ ਲੱਖਪੱਤ ਰਾਇ, ਜ਼ਕਰੀਆ ਖ਼ਾਨ, ਯਹੀਆ ਖਾਂ, ਮੱਸਾ ਰੰਘੜ ਜਾਂ ਮੀਰ ਮੰਨੂ ਵਰਗੇ ਜ਼ਾਲਮ ਜ਼ਰਵਾਣੇ ਵੀ ਆ ਜਾਂਦੇ ਹਨ। ਸਿੱਖ ਲੋਕ, ਇਹਨਾਂ ਮਨੁੱਖਤਾ ਤੋਂ ਗਿਰੇ ਹੋਏ ਮਨੁੱਖਾਂ ਦਾ ਵੀ ਭਲਾ ਮੰਗਦੇ ਹਨ। ਸਿੱਖ ਕੌਮ ਦੇ 500 ਸਾਲਾ ਇਤਿਹਾਸ ਵਿੱਚ ਇੱਕ ਵੀ ਮਿਸਾਲ ਐਸੀ ਨਹੀਂ ਮਿਲਦੀ ਕਿ ਜਦੋਂ ਕਿਸੇ ਸਿੱਖ ਨੇ ਆਪਣੇ ਗੁਰੂ ਕੋਲੋਂ ਕਿਸੇ ਬਾਬਰ ਵਰਗੇ ਜਾਲਮ, ਜਹਾਂਗੀਰ, ਔਰੰਗਜੇਬ ਜਾਂ ਫਰੁਖਸ਼ੀਅਰ ਵਰਗੇ ਜਾਲਮ ਦਾ ਬੁਰਾ ਮੰਗਿਆ ਹੋਵੇ, ਇਸਦੇ ਉਲਟ ਸਗੋਂ ਮੀਰ ਮਨੂੰ ਵਰਗੇ ਜਾਲਮ ਜਰਵਾਣੇ ਦੇ ਰਾਜ ਦੀਆਂ ਅਨੇਕਾਂ ਮਿਸਾਲਾਂ ਸਿੱਖ ਇਤਿਹਾਸ ਵਿੱਚ ਮਿਲ ਜਾਂਦੀਆਂ ਹਨ।
ਜਦੋਂ ਮੀਰ ਮੰਨੂੰ ਨੇ ਸਿੱਖ ਬੀਬੀਆਂ ਉੱਤੇ ਜ਼ੁਲਮ ਕੀਤਾ। ਸਾਰਾ-ਸਾਰਾ ਦਿਨ ਚੱਕੀਆਂ ਪੀਸਣ ਨੂੰ ਦੇਣੀਆਂ, ਖੰਨੀ-ਖੰਨੀ ਰੋਟੀ ਤੇ ਗੁਜ਼ਾਰਾ ਅਤੇ ਬੇਅੰਤ ਕੋਰੜਿਆਂ ਦੀ ਸਜ਼ਾ ਉਪਰੰਤ ਇਹਨਾਂ ਸਿੱਖ ਬੀਬੀਆਂ ਨੂੰ ਸਿੱਖੀ ਸਿਦਕ ਤੋਂ ਡੁਲਾਉਣ ਲਈ ਇਹਨਾਂ ਦੇ ਛੋਟੇ-ਛੋਟੇ ਬੱਚਿਆਂ ਦੇ ਟੋਟੇ-ਟੋਟੇ ਕਰ ਕੇ ਇਹਨਾਂ ਸਿੱਖ ਬੀਬੀਆਂ ਦੇ ਗਲਾਂ ਵਿੱਚ ਹਾਰ ਬਣਾ ਕੇ ਪਾਏ ਗਏ, ਪਰ ਧੰਨ ਮਾਤਾ ਸਾਹਿਬ ਕੌਰ ਦੀ ਉਹ ਬਹਾਦੁਰ ਬੱਚੀਆਂ ਨੇ ਜਦੋਂ ਸ਼ਾਮਾਂ ਵੇਲੇ ਸ੍ਰੀ ਰਹਰਾਸਿ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ ਤਾਂ ਇਹੋ ਮੰਗ ਆਪਣੇ ਪ੍ਰਭੂ ਪ੍ਰਮਾਤਮਾ ਕੋਲੋ ਕੀਤੀ :
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ॥
ਕਿਉਂਕਿ ਸਾਡਾ ਇਹ ਸਿਧਾਂਤ ਹੈ:
ਪਰ ਕਾ ਬੁਰਾ ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀਂ ਭਾਈ ਮੀਤ ॥
(ਆਸਾ ਮ.5,ਪੰਨਾ 386)
ਇਹੋ ਕਾਰਣ ਸੀ ਕਿ ਕਾਜ਼ੀ ਨੂਰ ਮੁਹੰਮਦ ਵਰਗੇ ਕੱਟੜਪੰਥੀ ਅਤੇ ਜਾਨੂੰਨੀ ਇਤਿਹਾਸਕਾਰ, ਜੋ ਆਪਣੇ ਮੁਤੱਸਬ ਦੀ ਅੱਗ ਵਿੱਚ ਸਿੱਖਾਂ ਨੂੰ ਸਗ (ਭਾਵ ਕੁੱਤੇ) ਲਿਖਦਾ ਹੈ, ਉਹ ਵੀ ਇਹ ਗੱਲ ਕਹਿਣ ਲਈ ਮਜਬੂਰ ਹੋ ਗਿਆ ਕਿ: ਐ ਸੰਸਾਰ ਦੇ ਲੋਕੋ! ਇਹਨਾਂ ਸਿੱਖਾਂ (ਸਗਾਂ ਭਾਵ ਕੁਤਿਆਂ) ਨੂੰ ਕੁੱਤੇ ਨਾ ਆਖੋ, ਇਹ ਤਾਂ ਬੱਬਰ ਸ਼ੇਰ ਨੇ। ਜ੍ਹਿਨਾਂ ਦੀ ਬਰਾਬਰੀ ਸੰਸਾਰ ਦਾ ਕੋਈ ਮਨੁੱਖ ਨਹੀਂ ਕਰ ਸਕਦਾ, ਕਿਉਂਕਿ ਇਹ ਬੁਰੇ ਦਾ ਵੀ ਬੁਰਾ ਨਹੀਂ ਚਿਤਵਦੇ ਸਗੋਂ ਭਲਾ ਹੀ ਚਿਤਵਦੇ ਹਨ।”
ਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਗੁੜ੍ਹਤੀ ਹੀ ਇਹ ਦਿੱਤੀ ਹੈ:
ਹਮ ਨਹੀ ਚੰਗੇ ਬੁਰਾ ਨਹੀਂ ਕੋਇ ॥ ਪ੍ਰਣਵਤਿ ਨਾਨਕੁ ਤਾਰੇ ਸੋਇ ॥
(ਸੂਹੀ ਮਹਲਾ 1, ਪੰਨਾ 728)
ਮਹਾਨ ਫਿਲਾਸਫਰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਬਲਦੇ ਸੰਸਾਰ ਵਿੱਚ ਸਰਬੱਤ ਦੇ ਭਲੇ ਦੇ ਮਿਸ਼ਨ ਨੂੰ ਸਾਹਮਣੇ ਰੱਖ ਕੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਪ੍ਰਚਾਰ ਲਈ ਦੌਰੇ ਕੀਤੇ ਅਤੇ ਹਜ਼ਾਰਾਂ ਮੀਲ ਪੈਦਲ ਸਫ਼ਰ ਤੈਅ ਕਰਕੇ ਠੱਗਾਂ, ਚੋਰਾਂ ਅਤੇ ਰਾਖਸ਼ ਬੁੱਧੀ ਵਾਲਿਆਂ ਨੂੰ ਸਰਬੱਤ ਦਾ ਭਲਾ ਕਰਨ ਦਾ ਢੰਗ ਸਮਝਾਇਆ। ਭਾਈ ਸਾਹਿਬ ਲਿਖਦੇ ਹਨ:
ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ ॥
ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ ॥
ਬਾਬਾ ਭੇਖ ਬਣਾਇਆ ਉਦਾਸੀ ਦੀ ਰੀਤਿ ਚਲਾਈ ॥
ਚੜ੍ਹਿਆ ਸੋਧਣਿ ਧਰਤਿ ਲੁਕਾਈ ॥ (ਵਾਰ 1)
ਗਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਸਮਝਾ ਦਿੱਤੀ ਕਿ ਇਨਸਾਨ ਸਰਬੱਤ ਦੇ ਭਲੇ ਅਤੇ ਪਰਉਪਕਾਰੀ ਸੁਭਾਅ ਦਾ ਮਾਲਕ ਹੋਣਾ ਚਾਹੀਦਾ ਹੈ। ਪਰਉਪਕਾਰੀ ਸੁਭਾਅ ਵਾਲੇ ਸਮਾਜ ਦੀ ਸਿਰਜਣਾ ਲਈ ਇਨਸਾਨ ਵਿਦਿਆਵਾਨ ਹੋਣਾ ਚਾਹੀਦਾ ਹੈ ਕਿਉਂਕਿ “ਵਿਦਿਆ ਵੀਚਾਰੀ ਤਾਂ ਪਰਉਪਕਾਰੀ”। ਇਸੇ ਲਈ ਦੂਜੇ ਜਾਮੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਵਿਦਿਆ ਦੇ ਪ੍ਰਚਾਰ ਲਈ ਛੋਟੇ-ਛੋਟੇ ਬੱਚਿਆਂ ਦੀਆਂ ਕਲਾਸਾਂ ਲਗਾ ਕੇ ਪਰਉਪਕਾਰੀ ਬਣਨ ਲਈ ਸਾਡਾ ਮਾਰਗ ਦਰਸ਼ਨ ਕੀਤਾ। ਤੀਜੇ ਜਾਮੇ ਵਿੱਚ ਸਤਿਗੁਰੂ ਅਮਰਦਾਸ ਜੀ ਨੇ ਸਤੀ ਵਰਗੀ ਭੈੜੀ ਰਸਮ ਨੂੰ ਬੰਦ ਕਰਵਾਉਣ ਲਈ ਅਕਬਰ ਬਾਦਸ਼ਾਹ ਨੂੰ ਪ੍ਰੇਰਿਤ ਕਰਕੇ ਇਸਦੇ ਵਿਰੁੱਧ ਕਾਨੂੰਨ ਬਣਵਾਇਆ। ਅੱਜ ਬੇਸ਼ੱਕ ਇਸ ਦੇਸ਼ ਵਿੱਚ ਇਸ ਕਾਨੂੰਨ ਨੂੰ ਬਾਣਾਏ ਜਾਣ ਲਈ ਰਾਜਾ ਰਾਮ ਰਾਏ ਮੋਹਨ ਵਰਗੇ ਦੇ ਸੋਹਿਲੇ ਗਾਏ ਜਾ ਰਹੇ ਹਨ, ਪਰ ਸਰਬੱਤ ਦੇ ਭਲੇ ਵਾਲੇ ਮਿਸ਼ਨ ਨੂੰ ਸਾਹਮਣੇ ਰੱਖ ਕੇ ਗੁਰੂ ਅਮਰਦਾਸ ਜੀ ਨੇ ਇਹ ਗੱਲ 500 ਸਾਲ ਪਹਿਲਾਂ ਹੀ ਲਾਗੂ ਕਰਵਾ ਦਿੱਤੀ ਸੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਸਰਬੱਤ ਦੇ ਭਲੇ ਦੇ ਮਿਸ਼ਨ ਦੀਆਂ ਨੀਹਾਂ ਮਜਬੂਤ ਕਰਨ ਲਈ ਹੋਈ ਸੀ। ਅੱਗੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਅਤੇ ਚਾਰਾਂ ਵਿੱਚ ਹੀ ਜਿੱਤ ਪ੍ਰਾਪਤ ਕੀਤੀ ਅਤੇ ਪਹਿਲੀ ਜੰਗ ਦਾ ਕਾਰਣ ਹੀ ਇਹ ਸੀ ਕਿ:
ਤਿਨ ਕਾ ਬਾਜ਼ ਨਹੀਂ ਹਮ ਦੇਣਾ, ਤਾਜ਼, ਬਾਜ਼ ਤਿਨਕਾ ਸਭ ਲੈਣਾ ॥
ਰਾਜ ਦੇਸ਼ ਜੋ ਉਨਸੇ ਲੈ ਹੈਂ, ਗਰੀਬ ਅਨਾਥਨ ਕੋ ਸਬ ਦੇ ਹੈਂ ॥
ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਪਿੱਛੇ ਵੀ ਇਹੋ ਹੀ ਮਿਸ਼ਨ ਸੀ। ਕਾਜ਼ੀ ਅਬਦੁਲ ਵਾਹਦ ਵੋਹਰਾ ਨੇ ਪੁੱਛ ਕੀਤੀ ਸੀ ਕਿ “ਐ ਗੁਰੂ ਤੇਗ਼ ਬਹਾਦਰ ਪਹਿਲੇ ਜਾਮੇ ਵਿੱਚ ਜੰਝੂ ਪਾਉਣ ਦੇ ਵਿਰੁੱਧ ਅਤੇ ਹੁਣ ਜੰਝੂ ਲਾਹੁਣ ਦੇ ਵਿਰੁੱਧ, ਇਹ ਕੈਸਾ ਮਾਜਰਾ ਹੈ ? ਤਾਂ ਗੁਰੂ ਪਾਤਸ਼ਾਹ ਕਹਿਣ ਲੱਗੇ “ਕਾਜ਼ੀ ਸਾਹਿਬ ਉਦੋਂ ਜ਼ਬਰਦਸਤੀ ਪਾਇਆ ਜਾਂਦਾ ਸੀ ‘ਤੇ ਮੈਂ ਪਾਉਣ ਨਾ ਦਿੱਤਾ, ਹੁਣ ਜ਼ਬਰਦਸਤੀ ਲਾਹਿਆ ਜਾਂਦਾ ਹੈ ਅਤੇ ਮੈਂ ਲਾਹੁਣ ਨਹੀਂ ਦੇਣਾ ।”
ਸਰਬੱਤ ਦੇ ਭਲੇ ਲਈ ਦਸਮੇਸ਼ ਪਿਤਾ ਨੇ ਆਪਣੇ ਮਾਤਾ-ਪਿਤਾ, ਦਾਦਾ-ਪੜਦਾਦਾ, ਚਾਰੇ ਪੁੱਤਰ ਗੱਲ ਕੀ ਸਰਬੰਸ ਕੁਰਬਾਣ ਕਰ ਦਿੱਤਾ ਅਤੇ ਇਹ ਐਲਾਨ ਕਰ ਦਿੱਤਾ ਕਿ “ਮੈਂ ਦੇਸ਼, ਧਰਮ ਅਤੇ ਕੌਮ ਦਾ ਭਲਾ ਚਾਹੁੰਦਾ ਹਾਂ। ਗੁਰੂ ਨਾਨਕ ਦੇਵ ਜੀ ਵੱਲੋਂ ਉਲੀਕਿਆ ਮਿਸ਼ਨ ਹੀ ਮੇਰਾ ਮਿਸ਼ਨ ਹੈ।” ਅਕਾਲ ਪੁੱਰਖ ਵੱਲੋਂ ਗੁਰੂ ਪਾਤਸ਼ਾਹ ਜੀ ਦੀ ਡਿਊਟੀ ਹੀ ਇਹ ਲਗਾਈ ਸੀ:
ਧਰਮ ਚਲਾਵਣ ਸੰਤ ਉਭਾਰਨ, ਦੁਸਟ ਸਭਨ ਕੋ ਮੂਲ ਉਪਾਰਨ ॥
ਅਤੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਸਾਜੇ ਨਿਵਾਜੇ ਖਾਲਸੇ ਦੀ ਡਿਊਟੀ ਵੀ ਇਹ ਲਗਾ ਦਿੱਤੀ ਹੈ ਕਿ :
ਖ਼ਾਲਸਾ ਸੋਇ ਜੋ ਚੜੈ ਤੁਰੰਗ ॥ ਖ਼ਾਲਸਾ ਸੋਇ ਜੋ ਕਰੇ ਨਿੱਤ ਜੰਗ ॥
ਖ਼ਾਲਸਾ ਸੋਇ ਜੋ ਨਿਰਧਨ ਕੋ ਪਾਲੈ ॥ ਖ਼ਾਲਸਾ ਸੋਇ ਜੋ ਦੁਸਟ ਕੋ ਗਾਲੈ ॥
ਹੁਣ ਵੀ ਜਦ ਪਿੱਛੇ ਜਿਹਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਪ੍ਰਕਾਸ ਦਿਹਾੜੇ ਦੇ ਮੌਕੇ ਤੇ ਸਰਬ ਧਰਮ ਸੰਮੇਲਨ ਕਰਵਾਇਆ ਗਿਆ। ਜਿਸ ਵਿੱਚ ਸਾਰੇ ਧਰਮਾ ਦੇ ਆਗੂ ਜਿੰਨ੍ਹਾਂ ਵਿੱਚ ਕ੍ਰਿਸ਼ਨ ਭਗਵਾਨ ਦੀ ਅੰਸ਼-ਬੰਸ ਵਿੱਚੋਂ ਵਾਸਤਵ ਗੋਸਵਾਮੀ, ਜੈਨ ਧਰਮ ਦੇ ਮੁੱਖੀ ਸ੍ਰੀ ਅਮਰਿੰਦਰ ਮੁਨੀ, ਇਸਲਾਮ ਧਰਮ ਦੇ ਮੁਲਾਨਾ ਸਿਰਗ਼ੁਲ ਹਸਨ ਕਾਜ਼ਮੀ, ਕ੍ਰਿਸਚੀਅਨ ਧਰਮ ਤੋਂ ਬਿਸ਼ਪ ਡੈਨਿਸ ਲਾਲ, ਯਹੂਦੀ ਧਰਮ ਤੋਂ ਇਜ਼ਾਦਿਲ ਇਸਾਕ ਮਾਲਕੀਰ ਆਦਿ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ ਸਨ ਤਾਂ ਸਾਰਿਆਂ ਨੇ ਸਾਂਝੇ ਰੂਪ ਵਿੱਚ ਇਹ ਗੱਲ ਪ੍ਰਵਾਨ ਕੀਤੀ ਸੀ ਕਿ “ਸਿੱਖ ਧਰਮ ਆਧੁਨਿਕ ਅਤੇ ਵੱਡਮੁਲੀਆਂ ਕੀਮਤਾਂ ਵਾਲਾ ਸਰਬ ਕਲਿਆਣਚਕਾਰੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਨ ਵਾਲਾ ਧਰਮ ਹੈ।”
ਇਹੋ ਕਾਰਣ ਸੀ ਕਿ ਜਦੋਂ ਜੰਗਲਾਂ ਵਿੱਚ ਰਹਿੰਦੇ ਹੋਏ ਭੁੱਖੇ ਭਾਣੇ ਸਿੰਘਾਂ ਨੂੰ ਪਤਾ ਲੱਗਦਾ ਕਿ ਨਾਦਰ ਸ਼ਾਹ ਅਤੇ ਅਬਦਾਲੀ ਵਰਗੇ ਜਰਵਾਣੇ ਹਿੰਦੁਸਤਾਨ ਦੀਆਂ ਇੱਜ਼ਤ ਆਬਰੂ (ਬਹੁ-ਬੇਟੀਆਂ) ਨੂੰ ਬੰਦੀ ਬਣਾ ਕੇ ਜ਼ਬਰਦਸਤੀ ਲਿਜਾ ਰਹੇ ਹਨ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਬਾਬਾ ਦੀਪ ਸਿੰਘ ਜੀ ਵਰਗੇ ਮੁਦੱਈ ਸਿੰਘਾਂ ਨੇ ਅਬਦਾਲੀ ਉਪਰ ਹਮਲਾ ਕਰਕੇ, ਉਹਨਾਂ ਬੱਚੀਆਂ ਨੂੰ ਆਜ਼ਾਦ ਕਰਵਾ ਕੇ ਹੀ ਦਮ ਲੈਦੇ ਸਨ ।
ਸਰਬੱਤ ਦਾ ਭਲਾ ਮੰਗਣ ਵਾਲੇ ਇਹਨਾਂ ਸੂਰਬੀਰਾਂ ਜਾਂ ਮਰਜੀਵੜਿਆਂ ਲਈ ਇਹ ਕਹਾਵਤਾਂ ਮਸ਼ਹੂਰ ਚੁੱਕੀਆਂ ਸਨ :
“ਰੰਨ ਗਈ ਰੰਨ ਬਸਰੇ ਨੂੰ ਗਈ, ਵੇ ਮੋੜੀਂ ਬਾਬਾ ਕੱਛ ਵਾਲਿਆ ।”
ਜਾਂ “ਬੂਹੇ ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸੰਗ ।”
ਅੱਜ ਭਾਵੇਂ ਕੱਟੜ ਅਤੇ ਮੁਤੱਸਬੀ ਵਿਚਾਰਧਾਰਾ ਵਾਲੇ ਲੋਕ ਇਹਨਾਂ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਪਿਆਰਿਆਂ ਦਾ ਬੁਰਾ ਹੀ ਲੋਚਦੇ ਹਨ, ਪਰ ਸਾਨੂੰ ਕੋਈ ਅਫਸੋਸ ਨਹੀਂ, ਕਿਉਂਕਿ ਬੁਰੇ ਨੂੰ ਸਭ ਬੁਰੇ ਅਤੇ ਭਲੇ ਨੂੰ ਸੱਭ ਭਲੇ ਹੀ ਦਿੱਸਦੇ ਹਨ। ਪਰ ਅਸੀਂ ਸਿੱਖ ਅਖਵਾਉਣ ਵਾਲੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਰਬੱਤ ਦੇ ਭਲੇ ਦਾ ਦਿੱਤਾ ਹੋਇਆ ਸੰਦੇਸ਼ ਹਮੇਸ਼ਾਂ ਯਾਦ ਰੱਖਣਾ ਹੈ ਅਤੇ ਜਦੋਂ ਵੀ ਅਰਦਾਸ ਕਰਨੀ ਹੈ ਤਾਂ ਇਹੀ ਅਰਦਾਸ ਕਰਨੀ ਹੈ :
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।