ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਾਲਾਨਾ ਯੁਵਕ ਮੇਲਾ ਭਾਵੇਂ 6 ਨਵੰਬਰ ਤੋਂ ਹੀ ਸ਼ੁਰੂ ਹੋ ਗਿਆ ਸੀ ਪਰ ਮੰਚ ਪੇਸ਼ਕਾਰੀਆਂ ਵਾਲੇ ਮੁਕਾਬਲਿਆਂ ਦੀ ਸ਼ਮੂਲੀਅਤ ਨਾਲ ਅੱਜ ਯੂਨੀਵਰਸਿਟੀ ਸਤਰੰਗੀ ਪੀਂਘ ਵਾਂਗ ਲੱਗ ਰਹੀ ਸੀ। ਯੂਨੀਵਰਸਿਟੀ ਸਥਿਤ ਪੇਂਡੂ ਵਸਤਾਂ ਦੇ ਅਜਾਇਬ ਘਰ ਤੋਂ ਕਾਫਲੇ ਦੀ ਸ਼ਕਲ ਵਿੱਚ ਖੇਤੀਬਾੜੀ ਕਾਲਜ, ਖੇਤੀਬਾੜੀ ਇੰਜੀਨੀਅਰਿੰਗ ਕਾਲਜ, ਬੇਸਿਕ ਸਾਇੰਸਜ਼ ਕਾਲਜ ਅਤੇ ਹੋਮ ਸਾਇੰਸ ਕਾਲਜ ਦੇ ਵਿਦਿਆਰਥੀ ਵੰਨ ਸੁਵੰਨੀਆਂ ਪੇਸ਼ਕਾਰੀਆਂ ਨਾਲ ਤੁਰਦੇ, ਨੱਚਦੇ, ਗਾਉਂਦੇ, ਲੁੱਡੀਆਂ ਪਾਉਂਦੇ ਓਪਨ ਏਅਰ ਥੀਏਟਰ ਵਿੱਚ ਪੁੱਜੇ। ਇਨਾਂ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਵਿਚੋਂ ਜਿਥੇ ਖੇਤੀਬਾੜੀ ਕਾਲਜ ਦੇ ਕਾਫਲੇ ਨੇ ਜਲ ਸੋਮਿਆਂ ਦੇ ਨਿਘਾਰ ਬਾਰੇ ਫਿਕਰਮੰਦੀ ਵਾਲੇ ਬੈਨਰ ਚੁੱਕੇ ਹੋਏ ਸਨ ਉਥੇ ਹੋਮ ਸਾਇੰਸ ਕਾਲਜ ਦੀਆਂ ਮੁਟਿਆਰਾਂ ਨੂੰ ਭਰੂਣ ਹੱਤਿਆ ਤੋਂ ਪੈਦਾ ਹੋਣ ਵਾਲੀ ਹਾਲਤ ਦੀ ਚਿੰਤਾ ਸਤਾ ਰਹੀ ਸੀ। ਬੇਸਿਕ ਸਾਇੰਸ ਕਾਲਜ ਅਤੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਕਾਫਲੇ ਨੇ ਪੰਜਾਬੀ ਲੋਕ ਸੰਗੀਤ ਅਤੇ ਵਿਆਹ ਸ਼ਾਦੀ ਦੀਆਂ ਰੀਤਾਂ ਨੂੰ ਮੁੱਖ ਥੀਮ ਦੇ ਰੂਪ ਵਿੱਚ ਉਸਾਰਿਆ।
ਯੁਵਕ ਮੇਲੇ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਇਸ ਵੇਲੇ ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਸ: ਜੰਗ ਬਹਾਦਰ ਸਿੰਘ ਸੰਘਾ ਨੇ ਆਖਿਆ ਕਿ ਅੱਜ ਸਿਰਫ ਖੇਤੀਬਾੜੀ ਖੋਜ ਹੀ ਨਹੀਂ ਸਗੋਂ ਸਭਿਆਚਾਰ ਦੇ ਖੇਤਰ ਵਿੱਚ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਅੰਤਰ ਰਾਸ਼ਟਰੀ ਪੱਧਰ ਤੇ ਪੈੜਾਂ ਪਛਾਨਣਯੋਗ ਹਨ। ਉਨਾਂ ਵਿਦਿਆਰਥੀਆਂ ਨੂੰ ਆਖਿਆ ਕਿ ਅਮਰੀਕਾ ਦੀ ਕਾਰਨਲ ਯੂਨੀਵਰਸਿਟੀ ਦੀ ਪੜਾਈ ਦੌਰਾਨ ਮੈਂ ਸਿਰਫ ਇਹੀ ਸਿੱਖਿਆ ਕਿ ਅਧਿਆਪਕਾਂ ਦੀ ਇੱਜ਼ਤ ਕਰਨ ਨਾਲ ਹੀ ਮਨੁੱਖ ਵਿਕਾਸ ਦੀਆਂ ਮੰਜ਼ਲਾਂ ਤੈਅ ਕਰ ਸਕਦਾ ਹੈ । ਉਨਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮੈਨੂੰ ਵੰਗਾਰਾਂ ਦਾ ਟਾਕਰਾ ਕਰਨਾ ਸਿਖਾਇਆ ਹੈ ਅਤੇ ਇਹ ਗੱਲ ਵੀ ਸਭਿਆਚਾਰ ਦਾ ਹੀ ਹਿੱਸਾ ਹੈ। ਉਨਾਂ ਆਖਿਆ ਕਿ ਜ਼ਿੰਦਗੀ ਦੀ ਤੋਰ ਨੂੰ ਸਾਵਾਂ ਪੱਧਰਾ ਰੱਖਣ ਲਈ ਸਭਿਆਚਾਰਕ ਸਰਗਰਮੀਆਂ ਨੂੰ ਪ੍ਰਮੁੱਖਤਾ ਦੇਣ ਵਾਲੇ ਅਦਾਰੇ ਹੀ ਵਿਕਾਸ ਦੇ ਰਾਹ ਤੇ ਤੁਰਦੇ ਹਨ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਡਾ: ਮਹਿੰਦਰ ਸਿੰਘ ਰੰਧਾਵਾ ਜੀ ਦੇ ਸਮੇਂ ਤੋਂ ਲੈ ਕੇ ਅੱਜ ਤੀਕ ਸਾਹਿਤ, ਕਲਾ, ਸਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਉਚੇਰੀਆਂ ਪੁਲਾਘਾਂ ਪੁੱਟੀਆਂ ਹਨ। ਉਨਾਂ ਡਾ: ਸੁਰਜੀਤ ਪਾਤਰ ਅਤੇ ਹਾਕੀ ਉਲੰਪੀਅਨ ਰਮਨਦੀਪ ਸਿੰਘ ਦੇ ਹਵਾਲੇ ਨਾਲ ਆਖਿਆ ਕਿ ਇਸ ਯੂਨੀਵਰਸਿਟੀ ਕੋਲ ਕਈ ਹੋਰ ਸਿਖਰਲੇ ਲੇਖਕ ਅਤੇ ਕਲਾਕਾਰ ਵੀ ਹਨ ਜਿਨਾਂ ਤੇ ਸਮੁੱਚਾ ਪੰਜਾਬੀ ਸਮਾਜ ਮਾਣ ਕਰਦਾ ਹੈ। ਯੁਵਕ ਮੇਲੇ ਵਿੱਚ ਪਾਕਿਸਤਾਨ ਤੋਂ ਆਏ ਅਗਾਂਹਵਧੂ ਕਿਸਾਨ ਬਿਲਾਲ ਇਜ਼ਰਾਈਲ ਖਾਨ ਅਤੇ ਭਾਰਤੀ ਖੇਤੀ ਲਾਗਤ ਅਤੇ ਮੁੱਖ ਕਮਿਸ਼ਨ ਦੇ ਕਿਸਾਨ ਮੈਂਬਰ ਸ: ਮਹਿੰਦਰ ਸਿੰਘ ਗਰੇਵਾਲ ਵਿਸੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ। ਅੱਜ ਦੀਆਂ ਮੰਚ ਪੇਸ਼ਕਾਰੀਆਂ ਵਿੱਚ ਲੋਕ ਸੰਗੀਤ, ਸੁਗਮ ਸੰਗੀਤ, ਭਾਰਤੀ ਅਤੇ ਪੱਛਮੀ ਸਮੂਹ ਗੀਤ ਤੋਂ ਇਲਾਵਾ ਸਿਰਜਣਾਤਮਕ ਨਾਚ ਮੁਕਾਬਲੇ ਵੀ ਕਰਵਾਏ ਗਏ। ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਤੇਜਵੰਤ ਸਿੰਘ ਨੇ ਇਸ ਮੌਕੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਲਈ ਸੁਆਗਤੀ ਸ਼ਬਦ ਕਹੇ ਜਦ ਕਿ ਖੇਤੀ ਕਾਲਜ ਦੇ ਡੀਨ ਡਾ: ਮਿਲਖਾ ਸਿੰਘ ਔਲਖ ਨੇ ਧੰਨਵਾਦ ਦੇ ਸ਼ਬਦ ਕਹੇ।
ਯੁਵਕ ਮੇਲੇ ਦੇ ਆਰਗੇਨਾਈਜਿੰਗ ਸੈਕਟਰੀ ਸ: ਮਨਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ 19 ਤਰੀਕ ਨੂੰ ਅਖੀਰਲੇ ਦਿਨ ਇਨਾਮ ਵੰਡ ਸਮਾਰੋਹ ਮੌਕੇ ਡਾ: ਮਨਜੀਤ ਸਿੰਘ ਕੰਗ ਵਾਈਸ ਚਾਂਸਲਰ ਪੁਰਸਕਾਰ ਪ੍ਰਦਾਨ ਕਰਨਗੇ ਜਦ ਕਿ ਪ੍ਰਧਾਨਗੀ ਡਾ: ਸਤਵਿੰਦਰ ਕੌਰ ਮਾਨ ਡੀਨ ਪੋਸਟ ਗਰੈਜੂਏਟ ਸਟੱਡੀਜ਼ ਕਰਨਗੇ। ਸ: ਗਰੇਵਾਲ ਨੇ ਦੱਸਿਆ ਕਿ ਅੰਤਲੇ ਦਿਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਿਰਕੱਢ ਪੰਜਾਬੀ ਗਾਇਕ ਮਨਮੋਹਨ ਵਾਰਿਸ ਪੁੱਜਣਗੇ।