ਲੁਧਿਆਣਾ – ਪਾਕਿਸਤਾਨ ਦੇ ਅਗਾਂਹਵਧੂ ਨਰਮਾ ਉਦਪਾਦਕ ਅਤੇ ਸਕੂਲਾਂ ਦੀ ਇਕ ਬੀ ਲੜੀ ਚਲਾ ਰਹੇ ਵਿਦਵਾਨ ਬਿਲਾਲ ਇਜ਼ਰਾਈਲ ਖਾਨ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਉਪਰੰਤ ਸੰਚਾਰ ਅਤੇ ਰਾਸ਼ਟਰੀ ਸੰਪਰਕ ਕੇਂਦਰ ਵਿਖੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਹਿੰਦ-ਪਾਕਿ ਦੋਸਤੀ ਨੂੰ ਯਕੀਨੀ ਬਣਾਏ ਬਗੈਰ ਦੱਖਣੀ ਏਸ਼ੀਆ ਨੂੰ ਸਦੀਵੀ ਅਮਨ ਨਸੀਬ ਨਹੀਂ ਹੋ ਸਕਦਾ। ਉਨਾਂ ਆਖਿਆ ਕਿ ਇਹ ਅਮਨ ਦੋਹਾਂ ਦੇਸ਼ਾਂ ਦੀ ਪ੍ਰਮੁੱਖ ਲੋੜ ਹੈ । ਸ਼੍ਰੀ ਖਾਨ ਨੇ ਆਖਿਆ ਕਿ ਸਰਹੱਦ ਦੇ ਦੋਹੀਂ ਪਾਸੀਂ ਸਾਰੇ ਦੁਸ਼ਮਣ ਹੀ ਇਕੋ ਜਿਹੇ ਹਨ, ਉਹ ਭਾਵੇਂ ਕੀੜੇ ਮਕੌੜੇ ਹੋਣ ਜਾਂ ਕਿਸਾਨ ਦੀ ਲੁੱਟ ਕਰਨ ਵਾਲੀਆਂ ਸ਼ਕਤੀਆਂ। ਇਨਾਂ ਦਾ ਟਾਕਰਾ ਕਰਨ ਲਈ ਸਾਨੂੰ ਸਾਂਝੀ ਕਾਰਜ ਨੀਤੀ ਵਿਕਸਤ ਕਰਨੀ ਪਵੇਗੀ। ਉਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਦੀ ਇਸ ਗੱਲੋਂ ਸ਼ਲਾਘਾ ਕੀਤੀ ਜਿਨਾਂ ਨੇ ਇਥੇ ਹੋ ਰਹੀਆਂ ਖੋਜਾਂ ਦਾ ਆਦਾਨ ਪ੍ਰਦਾਨ ਪਾਕਿਸਤਾਨ ਦੇ ਖੇਤੀ ਖੋਜ ਅਦਾਰਿਆਂ ਨਾਲ ਕਰਨ ਲਈ ਭਾਰਤ ਸਰਕਾਰ ਕੋਲ ਗੱਲ ਤੋਰੀ ਹੈ। ਉਨਾਂ ਆਖਿਆ ਕਿ ਇਹ ਸਾਂਝੇ ਮਸਲੇ ਹਨ ਜੋ ਸਾਂਝੇ ਯਤਨਾਂ ਨਾਲ ਹੀ ਹੱਲ ਹੋ ਸਕਦੇ ਹਨ। ਉਨਾਂ ਆਖਿਆ ਕਿ ਸਾਡਾ ਖਾਣ ਪੀਣ, ਜੀਣ ਮਰਨ, ਰਹਿਣ ਸਹਿਣ ਸਭ ਇਕੋ ਜਿਹਾ ਹੈ ਪਰ ਮਨਾਂ ਦੇ ਫਾਸਲੇ ਪਤਾ ਨਹੀਂ ਕਿਉਂ ਵਧਦੇ ਰਹੇ। ਅੱਜ ਸਾਨੂੰ ਸਾਰਿਆਂ ਦੇ ਇਹ ਫਾਸਲੇ ਮਿਟਾਉਣ ਲਈ ਹਿੰਮਤ ਕਰਨੀ ਪਵੇਗੀ। ਉਨਾਂ ਆਖਿਆ ਕਿ ਇਸ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਪਾਕਿਸਤਾਨੀ ਯੂਨੀਵਰਸਿਟੀਆਂ ਵਿੱਚ ਅਦਾਨ ਪ੍ਰਦਾਨ ਹੋਣਾ ਚਾਹੀਦਾ ਹੈ।
ਉਨਾਂ ਦੇ ਨਾਲ ਆਏ ਪੰਜਾਬ ਦੇ ਅਗਾਂਹਵਧੂ ਕਿਸਾਨ ਅਤੇ ਭਾਰਤ ਸਰਕਾਰ ਦੇ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਦੇ ਮੈਂਬਰ ਸ: ਮਹਿੰਦਰ ਸਿੰਘ ਗਰੇਵਾਲ ਨੇ ਆਖਿਆ ਕਿ ਜਿਸ ਕਿਸਮ ਦੀ ਭਾਵਨਾ ਸ਼੍ਰੀ ਬਿਲਾਲ ਇਜ਼ਰਾਈਲ ਖਾਨ ਜੀ ਨੇ ਪ੍ਰਗਟਾਈ ਹੈ ਪੰਜਾਬੀ ਕਿਸਾਨ ਵੀ ਇਸੇ ਤਰਾਂ ਹੀ ਸੋਚਦੇ ਹਨ ਪਰ ਵਰਿਆਂ ਦੀ ਕੁੜੱਤਣ ਮਿਟਾਉਣ ਲਈ ਹੁਣ ਕਲਾਕਾਰਾਂ, ਬੁੱਧੀਜੀਵੀਆਂ, ਵਿਗਿਆਨੀਆਂ ਅਤੇ ਕਿਸਾਨਾਂ ਨੂੰ ਸਿਰ ਜੋੜ ਕੇ ਲਗਾਤਾਰ ਹਿੰਮਤ ਕਰਨੀ ਪਵੇਗੀ। ਉਨਾਂ ਆਖਿਆ ਕਿ ਪਾਕਿਸਤਾਨੀ ਪੰਜਾਬ ਵਿੱਚ ਸਿਰਫ ਰਾਵੀ, ਝਨਾਂ ਅਤੇ ਜੇਹਲਮ ਦਰਿਆ ਹੀ ਨਹੀਂ ਵਗਦੇ ਸਗੋਂ ਉਥੇ ਵਸਦੇ ਕਿਸਾਨਾਂ ਦੇ ਮਨਾਂ ਵਿਚ ਏਧਰਲੇ ਪੰਜਾਬੀਆਂ ਲਈ ਮੁਹੱਬਤ ਦਾ ਦਰਿਆ ਵੀ ਵਗਦਾ ਹੈ।
ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਸ਼੍ਰੀ ਬਿਲਾਲ ਇਜ਼ਰਾਈਲ ਖਾਨ ਨੂੰ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਨਾਵਾਂ ਦਾ ਸੈ¤ਟ ਭੇਂਟ ਕੀਤਾ।