ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਤੇ ਆਏ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬਨਸਪਤੀ ਵਿਗਿਆਨੀ ਅਤੇ ਵਿਸ਼ਵ ਦੀ ਸਰਵੋਤਮ ਖੇਤੀ ਖੋਜ ਸੰਸਥਾ ਮੌਨਸੈਂਟੋ ਦੇ ਵਿਸ਼ਵ ਹੈ¤ਡਕੁਆਟਰ ਸੇਂਟ ਲੂਈਸ ਵਿਖੇ ਨਿਰਦੇਸ਼ਕ ਖੋਜ ਪ੍ਰੋਜੈਕਟ ਡਾ: ਅਮਰਜੀਤ ਸਿੰਘ ਬਸਰਾ ਨੇ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਸਾਂਝੀ ਦਿਲਚਸਪੀ ਦੇ ਖੋਜ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਮੌਨਸੈਂਟੋ ਭਾਵੇਂ ਨਿੱਜੀ ਖੇਤਰ ਦਾ ਖੋਜ ਅਦਾਰਾ ਹੈ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸਾਂਝੀ ਦਿਲਚਸਪੀ ਵਾਲੇ ਖੇਤਰਾਂ ਵਿੱਚ ਸਾਂਝ ਪੰਜਾਬ ਦੇ ਕਿਸਾਨਾਂ ਨੂੰ ਲਾਹੇਵੰਦ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਮੱਕੀ, ਸੋਇਆਬੀਨ, ਨਰਮਾ, ਸਬਜ਼ੀਆਂ ਅਤੇ ਤੇਲ ਬੀਜ ਫ਼ਸਲਾਂ ਸੰਬੰਧੀ ਮੌਨਸੈਂਟੋ ਦਾ ਖੋਜ ਪ੍ਰੋਗਰਾਮ ਸਰਵੋਤਮ ਮੰਨਿਆ ਗਿਆ ਹੈ। ਉਨ੍ਹਾਂ ਆਖਿਆ ਕਿ ਬੀ ਟੀ ਨਰਮੇ ਦੀ ਖੋਜ ਵੀ ਇਸੇ ਅਦਾਰੇ ਨੇ ਕਰਕੇ ਵਿਸ਼ਵ ਸਰਦਾਰੀ ਹਾਸਿਲ ਕੀਤੀ ਹੈ। ਇਸ ਤੋਂ ਵੀ ਅੱਗੇ ਜਾਣ ਵਾਸਤੇ ਮੌਨਸੈਂਟੋ ਲਗਾਤਾਰ ਯਤਨਸ਼ੀਲ ਹੈ।
ਡਾ: ਬਸਰਾ ਨੇ ਆਖਿਆ ਕਿ ਜੀਨੈਟਿਕ ਇੰਜੀਨੀਅਰਿੰਗ ਤੋਂ ਅੱਗੇ ਹੁਣ ਸਾਨੂੰ ਸੋਕੇ ਦੀ ਹਾਲਤ ਦਾ ਟਾਕਰਾ ਕਰਨ ਵਾਲੀਆਂ ਫ਼ਸਲਾਂ ਅਤੇ ਘੱਟ ਖਾਦਾਂ ਨਾਲ ਵੱਧ ਉੁਪਜ ਦੇਣ ਵਾਲੀਆਂ ਕਿਸਮਾਂ ਦੇ ਰਾਹ ਤੁਰਨਾ ਪਵੇਗਾ। ਇਸ ਵੇਲੇ ਡਾ:ਬਸਰਾ ਖੁਦ ਘੱਟ ਖਾਦਾਂ ਨਾਲ ਵੱਧ ਉਪਜ ਦੇਣ ਵਾਲੀਆਂ ਕਿਸਮਾਂ ਅਤੇ ਤਕਨੀਕਾਂ ਬਾਰੇ ਖੋਜ ਕਾਰਜਾਂ ਵਿੱਚ ਅਗਵਾਈ ਦੇ ਰਹੇ ਹਨ। ਵਰਨਣਯੋਗ ਗੱਲ ਇਹ ਹੈ ਕਿ ਡਾ: ਬਸਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੀ ਪੁਰਾਣੇ ਵਿਗਿਆਨੀ ਹਨ ਅਤੇ ਇਥੇ ਕੰਮ ਕਰਦਿਆਂ ਉਨ੍ਹਾਂ ਨੇ ਨਰਮੇ ਦੇ ਰੇਸ਼ੇ ਦੀ ¦ਬਾਈ ਵਧਾਉਣ ਦੀ ਖੋਜ ਕਰਕੇ ਰਫੀ ਅਹਿਮਦ ਕਿਦਵਾਈ ਪੁਰਸਕਾਰ ਜਿੱਤਿਆ ਸੀ। ਭਾਰਤੀ ਵਿਗਿਆਨ ਅਕਾਦਮੀ ਵੱਲੋਂ ਯੰਗ ਸਾਇੰਟਿਸਟ ਐਵਾਰਡ ਜਿੱਤਣ ਵਾਲੇ ਡਾ: ਬਸਰਾ ਦੇ ਮਨ ਵਿਚ ਇਹ ਗੱਲ ਕੁੱਟ ਕੁੱਟ ਕੇ ਭਰੀ ਹੋਈ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਵਿਸ਼ਵ ਪੱਧਰ ਦਾ ਗਿਆਨ ਅਤੇ ਤਕਨਾਲੋਜੀ ਮੁਹੱਈਆ ਕਰਵਾਈ ਜਾਵੇ।
ਇਸ ਮੌਕੇ ਡਾ: ਬਸਰਾ ਦਾ ਸੁਆਗਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਆਖਿਆ ਕਿ ਦੇਸ਼ ਵਿਦੇਸ਼ ਵਿੱਚ ਵਸਦੇ ਆਪਣੇ ਪੁਰਾਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਗਿਆਨ ਨੂੰ ਇਸ ਯੂਨੀਵਰਸਿਟੀ ਦੇ ਖੋਜ ਪ੍ਰੋਗਰਾਮਾਂ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਉਨ੍ਹਾਂ ਆਖਿਆ ਕਿ ਮੌਨਸੈਂਟੋ ਨਾਲ ਖੋਜ ਭਾਈਵਾਲੀ ਪਾਉਣ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਾਉਣਾ ਚਾਹੀਦਾ ਹੈ ਅਤੇ ਨੇੜ ਭਵਿੱਖ ਵਿੱਚ ਪਬਲਿਕ ਪ੍ਰਾਈਵੇਟ ਸੈਕਟਰ ਦੀ ਸਾਂਝ ਨੇ ਹੀ ਵਿਸ਼ਵ ਪੱਧਰੀ ਗਿਆਨ ਨੂੰ ਪੈਦਾ ਕਰ ਸਕਣਾ ਹੈ। ਗੁਰਦਾਸਪੁਰ ਦੇ ਜੰਮਪਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ ਐਸ ਸੀ ਆਨਰਜ਼ ਸਕੂਲ (ਬਾਇਲੋਜੀ) ਕਰਨ ਉਪਰੰਤ ਆਪ ਨੇ ਪੀ ਐਚ ਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾ: ਸੀ ਪੀ ਮਲਿਕ ਜੀ ਦੀ ਅਗਵਾਈ ਹੇਠ ਕੀਤੀ ਸੀ। ਡਾ: ਬਸਰਾ ਨੇ ਅੱਜ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦਾ ਵੀ ਦੌਰਾ ਕੀਤਾ ਜਿਥੇ ਉਨ੍ਹਾਂ ਨੂੰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਅਤੇ ਇਸ ਦੇ ਕੰਮ ਕਾਜ ਬਾਰੇ ਜਾਣਕਾਰੀ ਦਿੱਤੀ। ਡਾ: ਬਸਰਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਵੀ ਸ਼ਾਮਿਲ ਹੋ ਕੇ ਵਿਦਿਆਰਥੀਆਂ ਨੂੰ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।