ਲੁਧਿਆਣਾ – ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਮਾਈਕਰੋਬਾਇਲੋਜੀ ਵਿਭਾਗ ਦੀ ਤਕਨੀਕੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਸਿਖਲਾਈ ਕੋਰਸ ਦਾ ਉਦਘਾਟਨ ਕਰਦਿਆਂ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਕਿਹਾ ਹੈ ਕਿ ਗੰਨੇ ਅਤੇ ਫ਼ਲਾਂ ਦੇ ਰਸ ਤੋਂ ਕੁਦਰਤੀ ਸਿਰਕਾ ਤਿਆਰ ਕਰਨ ਦੀ ਤਕਨਾਲੋਜੀ ਬਾਰੇ ਕਿਸਾਨ ਭਰਾਵਾਂ ਅਤੇ ਭੈਣਾਂ ਵਿੱਚ ਚੇਤਨਾ ਪਹੁੰਚਾਉਣੀ ਸਮੇਂ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਸੂਬੇ ਅੰਦਰ ਕੰਮ ਕਰਦੇ 16 ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਸਿਖਲਾਈ ਪ੍ਰੋਗਰਾਮਾਂ ਵਿੱਚ ਇਸ ਨੂੰ ਸ਼ਾਮਿਲ ਕਰਨ ਲਈ ਪਸਾਰ ਸਿੱਖਿਆ ਡਾਇਰੈਕਟੋਰੇਟ ਨੂੰ ਬੇਨਤੀ ਕੀਤੀ ਜਾਵੇਗੀ ਤਾਂ ਜੋ ਮਾਈਕਰੋਬਾਇਲੋਜੀ ਵਿਭਾਗ ਵੱਲੋਂ ਤਿਆਰ ਤਕਨਾਲੋਜੀ ਦਾ ਪੂਰਾ ਲਾਭ ਪਿੰਡਾਂ ਤਕ ਪਹੁੰਚੇ। ਉਨ੍ਹਾਂ ਕਿਹਾ ਕਿ ਕੁਦਰਤੀ ਸਿਰਕਾ ਬਣਾਉਣ ਦੀ ਵਿਧੀ ਬਾਰੇ ਚੰਗੀ ਖੇਤੀ ਤੋਂ ਇਲਾਵਾ ਹੋਰ ਅਖ਼ਬਾਰਾਂ ਰਸਾਲਿਆਂ ਵਿੱਚ ਵੀ ਜਾਣਕਾਰੀ ਪ੍ਰਕਾਸ਼ਤ ਕੀਤੀ ਜਾਵੇਗੀ ਤਾਂ ਜੋ ਵਾਧੂ ਪਏ ਫ਼ਲਾਂ ਅਤੇ ਗੰਨੇ ਦੇ ਰਸ ਤੋਂ ਕੁਦਰਤੀ ਸਿਰਕਾ ਤਿਆਰ ਕਰਨ ਨਾਲ ਪਿੰਡਾਂ ਵਿੱਚ ਵਸਦੇ ਕਿਸਾਨਾਂ ਦੀ ਆਮਦਨ ਵਧੇ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇਲੋਜੀ ਵਿਭਾਗ ਨੇ ਖੁੰਬਾਂ ਬੀਜਣ ਦੀ ਤਕਨਾਲੋਜੀ ਵਿਕਸਤ ਕਰਕੇ ਇਨਕਲਾਬ ਲੈ ਆਂਦਾ ਹੈ ਅਤੇ ਅੱਜ ਦੇਸ਼ ਵਿੱਚ ਪੈਦਾ ਹੁੰਦੀਆਂ ਖੁੰਬਾਂ ਵਿਚੋਂ 45 ਫੀ ਸਦੀ ਸਿਰਫ ਪੰਜਾਬ ਵਿੱਚ ਪੈਦਾ ਹੋ ਰਹੀਆਂ ਹਨ। ਇਵੇਂ ਹੀ ਰਾਈਜ਼ੋਬੀਅਮ ਦਾ ਟੀਕਾ ਲਗਾਉਣ ਦੀ ਤਕਨੀਕੀ ਨਾਲ ਵੀ ਨਾਈਟਰੋਜਨ ਪ੍ਰਾਪਤੀ ਵਧਾ ਕੇ ਦਾਲਾਂ ਅਤੇ ਫ਼ਲੀਦਾਰ ਸਬਜ਼ੀਆਂ ਦੀ ਉਪਜ ਵਿੱਚ ਭਾਰੀ ਵਾਧਾ ਹੋ ਰਿਹਾ ਹੈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਬਿਹਾਰ ਦੇ ਸਾਬਕਾ ਆਈ ਏ ਐਸ ਅਧਿਕਾਰੀ ਸ਼੍ਰੀ ਮਿਥਿਲੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਜਿਥੇ ਕਿਤੇ ਵੀ ਖੇਤੀਬਾੜੀ ਵਿਕਾਸ ਹੋਇਆ ਹੈ ਉਥੇ ਹੀ ਪੰਜਾਬੀ ਕਿਸਾਨਾਂ ਦੀ ਮਿਹਨਤ ਹਾਜ਼ਰ ਹੈ। ਗਰੀਬੀ ਦੂਰ ਕਰਨ ਅਤੇ ਸਿੱਖਿਆ ਪ੍ਰਾਪਤੀ ਦੇ ਸਾਧਨ ਵਧਾਉਣ ਨਾਲ ਹੀ ਪੇਂਡੂ ਭਾਰਤ ਦਾ ਕਾਇਆ ਕਲਪ ਕੀਤਾ ਜਾ ਸਕਦਾ ਹੈ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਮਨੁੱਖੀ ਵਿਕਾਸ ਪ੍ਰੋਗਰਾਮ ਅਪਣਾਅ ਕੇ ਆਪਣੇ ਕਿਸਾਨਾਂ ਨੂੰ ਤਕਨਾਲੋਜੀ ਦੇ ਲੜ ਲਾਉਣ ਦਾ ਸਾਲਾਨਾ ਕੈ¦ਡਰ ਤਿਆਰ ਕੀਤਾ ਹੋਇਆ ਹੈ।
ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੀ ਮੁੱਖ ਵਿਗਿਆਨਕ ਅਧਿਕਾਰੀ ਡਾ: ਦੀਪਇੰਦਰ ਕੌਰ ਬਖਸ਼ੀ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਵਿਗਿਆਨ ਘਰ ਘਰ ਪਹੁੰਚਾਉਣ ਦੀ ਜ਼ਿੰਮੇਂਵਾਰੀ ਨਿਭਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਅਗਲੇ ਪ੍ਰੋਗਰਾਮ ਜੈਵਿਕ ਖਾਦਾਂ ਦੀ ਵਰਤੋਂ, ਜੜ੍ਹੀ ਬੂਟੀ ਮਹੱਤਵ ਵਾਲੇ ਪੌਦਿਆਂ ਦੀ ਖੇਤੀ ਤੋਂ ਇਲਾਵਾ ਗਿਆਨ ਵਿਗਿਆਨ ਨਾਲ ਸੰਬਧਿਤ ਪ੍ਰੋਗਰਾਮ ਵੱਖ-ਵੱਖ ਵਿਦਿਅਕ ਅਦਾਰਿਆਂ ਨਾਲ ਰਲ ਕੇ ਕੀਤੇ ਜਾਣਗੇ। ਮਾਈਕਰੋਬਾਇਲੋਜੀ ਵਿਭਾਗ ਦੇ ਮੁਖੀ ਡਾ: ਪਵਨ ਕੁਮਾਰ ਖੰਨਾ ਨੇ ਆਪਣੇ ਵਿਭਾਗ ਦੀਆਂ ਗਤੀਵਿਧੀਆਂ ਅਤੇ ਇਸ ਸਿਖਲਾਈ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਇਸ ਕੋਰਸ ਦੇ ਕੋਆਰਡੀਨੇਟਰ ਡਾ: ਜਸਵਿੰਦਰ ਭੱਲਾ ਅਤੇ ਤਕਨੀਕੀ ਕੋਆਰਡੀਨੇਟਰ ਡਾ: ਕੇ ਐਲ ਛਾਬੜਾ ਨੇ ਦੱਸਿਆ ਕਿ ਇਸ ਕੋਰਸ ਵਿੱਚ ਡਾ ਆਰ ਪੀ ਫੁਟੇਲਾ, ਡਾ: ਗੁਰਵਿੰਦਰ ਸਿੰਘ ਕੋਚਰ ਵਿਸੇਸ਼ ਤਕਨੀਕੀ ਸਿਖਲਾਈ ਅਤੇ ਵਿਹਾਰਕ ਮੁਹਾਰਤ ਸਿਖਾਉਣਗੇ। ਇਸ ਕੋਰਸ ਵਿੱਚ ਪੰਜਾਬ ਭਰ ਦੇ 20 ਅਗਾਂਹਵਧੂ ਕਿਸਾਨ ਅਤੇ ਕਿਸਾਨ ਬੀਬੀਆਂ ਸ਼ਾਮਿਲ ਹਨ। ਡਾ: ਰੁਪਿੰਦਰ ਕੌਰ ਤੂਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।