ਮੁੰਬਈ- ਮਹਾਂਰਾਸ਼ਟਰ ਏਟੀਐਸ ਨੇ ਮਾਲੇਗਾਂਵ ਧਮਾਕੇ ਦੇ ਦਸ ਅਰੋਪੀਆਂ ਤੇ ਮਕੋਕਾ ਲਾ ਦਿਤਾ ਹੈ। ਅਰੋਪੀਆਂ ਨੇ ਇਸਨੂੰ ਬੰਬੇ ਹਾਈਕੋਰਟ ਵਿਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ।ਧਮਾਕੇ ਦੇ ਸਿਲਸਿਲੇ ਵਿਚ ਸਾਧਣੀ ਪ੍ਰਗਿਆ ਸਿੰਘ, ਲੈਫਟੀਨੈਂਟ ਕਰਨਲ ਸ਼੍ਰੀ ਕਾਂਤ ਪੁਰੋਹਿਤ ਅਤੇ ਰੀਟਾਇਰਡ ਮੇਜਰ ਰਮੇਸ਼ ਉਪਾਧਿਆਏ ਸਮੇਤ ਦਸ ਲੋਕ ਗ੍ਰਿਫਤਾਰ ਹਨ। ਸਰਕਾਰੀ ਵਕੀ਼ਲ ਨੇ ਏਟੀਐਸ ਦੇ ਵਿਸ਼ੇਸ਼ ਮਕੋਕਾ ਅਦਾਲਤ ਵਿਚ ਇਸ ਸਿਲਸਿਲੇ ਵਿਚ ਦਰਖਾਸਤ ਦੇਣ ਦੀ ਪੁਸ਼ਟੀ ਕੀਤੀ ਹੈ। ਅਰੋਪੀ ਸਾਧਣੀ ਦੇ ਵਕੀਲ ਨੇ ਅਰੋਪੀਆਂ ਵਲੋਂ ਬੰਬੇ ਹਾਈਕੋਰਟ ਵਿਚ ਚੁਣੌਤੀ ਦੇਣ ਬਾਰੇ ਕਿਹਾ ਹੈ। ਏਟੀਐਸ ਦੇ ਹੇਮੰਤ ਕਰਕਰੇ ਨੇ ਕਿਹਾ ਕਿ ਏਟੀਐਸ ਨੇ ਇਹ ਫੈਸਲਾ ਅਰੋਪੀਆਂ ਦੇ ਬਿਆਨਾਂ,ਉਨ੍ਹਾਂ ਦੇ ਵਿਗਿਆਨਕ ਟੈਸਟਾਂ ਦੀਆਂ ਰੀਪੋਰਟਾਂ ਅਤੇ ਹੋਰ ਛਾਣਬੀਨ ਕਰਨ ਦੇ ਬਾਅਦ ਲਿਆ ਹੈ। ਉਨ੍ਹਾਂ ਦੇ ਖਿਲਾਫ ਧਾਰਾ 3(1) (ਆਈ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸਦੇ ਤਹਿਤ ਅਪਰਾਧਿਕ ਵਾਰਦਾਤ ਵਿਚ ਕਿਸੇ ਵਿਅਕਤੀ ਦੀ ਮੌਤ ਹੋ ਜਾਣ ਤੇ ਦੋਸ਼ੀਆਂ ਨੂੰ ਮੌਤ ਦੀ ਸਜਾ ਹੋ ਸਕਦੀ ਹੈ। ਇਸ ਤੋਂ ਇਲਾਵਾ ਮਕੋਕਾ ਦੀ ਧਾਰਾ 3(2) ਅਤੇ ਧਾਰਾ 3 (4) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਧਾਰਾ 3 (2) ਦੇ ਤਹਿਤ ਉਮਰ ਕੈਦ ਅਤੇ ਧਾਰਾ 3 (4) ਦੇ ਤਹਿਤ ਪੰਜ ਸਾਲ ਕੈਦ ਦੀ ਸਜਾ ਹੋ ਸਕਦੀ ਹੈ। ਏਟੀਐਸ ਨੇ ਦਸਿਆ , 8 ਅਰੋਪੀ ਨਿਆਇਕ ਹਿਰਾਸਤ ਵਿਚ ਹਨ। ਮਕੋਕਾ ਦੇ ਤਹਿਤ ਪੁਛਗਿੱਛ ਲਈ ਉਨ੍ਹਾਂ ਦੀ ਹਿਰਾਸਤ ਦੀ ਮੰਗ ਵਧਾਈ ਜਾ ਸਕਦੀ ਹੈ। ਏਟੀਐਸ ਸਧਾਰਣ ਤਿੰਨ ਮਹੀਨੇ ਦੀ ਬਜਾਏ , ਅਰੋਪ ਪੱਤਰ ਦਾਖਲ ਕਰਨ ਲਈ ਛੇ ਮਹੀਨੇ ਦਾ ਸਮਾਂ ਲੈ ਸਕਦੀ ਹੈ। ਇਸਦੇ ਨਾਲ ਹੀ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਦਿਤੇ ਗਏ ਬਿਆਨਾਂ ਨੂੰ ਮਕੋਕਾ ਦੇ ਤਹਿਤ ਸਬੂਤ ਦੇ ਤੌਰ ਤੇ ਵਿਚਾਰ ਕੀਤਾ ਜਾ ਸਕਦਾ ਹੈ। ਹੁਣ ਇਸ ਮਾਮਲੇ ਨੂੰ ਨਾਸਿਕ ਦੀ ਅਦਾਲਤ ਤੋਂ ਮੁੰਬਈ ਸਥਿਤ ਵਿਸ਼ੇਸ਼ ਮਕੋਕਾ ਅਦਾਲਤ ਵਿਚ ਬਦਲ ਦਿਤਾ ਜਾਵੇਗਾ। ਕਰਕਰੇ ਨੇ ਇਹ ਵੀ ਕਿਹਾ ਕਿ ਜਾਂਚ ਨੂੰ ਲੈ ਕੇ ਏਟੀਐਸ ਤੇ ਕੋਈ ਰਾਜਨੀਤਕ ਦਬਾਅ ਨਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਰੋਹਿਤ ਨੂੰ ਬਿਲਕੁਲ ਟਾਰਚਰ ਨਹੀ ਕੀਤਾ ਗਿਆ। ਸਾਧਣੀ ਨਾਲ ਦੁਰਵਿਹਾਰ ਕਰਨ ਬਾਰੇ ਦਿਤੇ ਗਏ ਅਡਵਾਨੀ ਦੇ ਅਰੋਪ ਬਾਰੇ ਉਨ੍ਹਾਂ ਨੇ ਕਿਹਾ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਇਸ ਲਈ ਉਸ ਬਾਰੇ ਕੁਝ ਨਹੀ ਕਿਹਾ ਜਾ ਸਕਦਾ। ਇਸ ਬਾਰੇ ਸਾਰੀ ਜਾਣਕਾਰੀ ਰਾਸ਼ਟਰੀ ਸੁਰਖਿਆ ਸਲਾਹਕਾਰ ਐਮ ਕੇ ਨਰਾਇਣਨ ਅਡਵਾਨੀ ਨੂੰ ਦੇਣਗੇ।