ਅੰਮ੍ਰਿਤਸਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਸਲਾਨਾ ਚੋਣ ਦੌਰਾਨ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ 180 ਮੈਂਬਰਾਂ ਦੇ ਹਾਊਸ ਨੇ ਜਥੇਦਾਰ ਅਵਤਾਰ ਸਿੰਘ ਨੂੰ ਮੁੜ ਸਰਬ-ਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆਂ ਹੈ। ਜਥੇਦਾਰ ਅਵਤਾਰ ਸਿੰਘ ਚੌਥੀ ਵਾਰ ਪ੍ਰਧਾਨਗੀ ਪਦ ਲਈ ਚੁਣੇ ਗਏ ਹਨ.
ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਰਦਾਸ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਉਪਰੰਤ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਥੇਦਾਰ ਅਵਤਾਰ ਸਿੰਘ ਦਾ ਪ੍ਰਧਾਨਗੀ ਪਦ ਵਜੋਂ ਨਾਮ ਪੇਸ਼ ਕੀਤਾ, ਜਿਸ ਦੀ ਤਾਈਦ ਸ. ਅਲਵਿੰਦਰਪਾਲ ਸਿੰਘ ਪੱਖੋਕੇ ਮੈਂਬਰ ਸ਼੍ਰੋਮਣੀ ਕਮੇਟੀ ਨੇ ਕੀਤੀ। ਹਾਊਸ ਦੇ ਕੁੱਲ 185 ਮੈਂਬਰਾਂ ਵਿਚੋਂ 5 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ, ਬਾਕੀ 180 ਮੈਂਬਰਾਂ ਦੇ ਹਾਊਸ ਵਿਚੋਂ 164 ਮੈਂਬਰ ਹਾਜ਼ਰ ਸਨ। ਹਾਊਸ ਵਿਚ ਮੌਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਨੇ ਹਾਊਸ ਦੀ ਧਾਰਮਿਕ ਪ੍ਰੰਪਰਾ ਨੂੰ ਨਿਭਾਇਆ। ਸ. ਰਘੂਜੀਤ ਸਿੰਘ ਵਿਰਕ, ਸ. ਕੇਵਲ ਸਿੰਘ ਬਾਦਲ ਤੇ ਸ. ਸੁਖਦੇਵ ਸਿੰਘ ਭੌਰ ਸਰਬ ਸੰਮਤੀ ਨਾਲ ਕਰਮਵਾਰ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਚੁਣੇ ਗਏ। 11 ਮੈਂਬਰੀ ਅੰਤਿੰ੍ਰਗ ਕਮੇਟੀ ਲਈ ਸਰਬ ਸੰਮਤੀ ਨਾਲ ਸੰਤ ਟੇਕ ਸਿੰਘ ਧਨੌਲਾ, ਸ. ਰਾਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਸੁਰਜੀਤ ਸਿੰਘ ਗੜ੍ਹੀ, ਬੀਬੀ ਭਜਨ ਕੌਰ ਡੋਗਰਾਂਵਾਲਾ, ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਕਰਨੈਲ ਸਿੰਘ ਪੰਜੋਲੀ, ਸ. ਮੋਹਨ ਸਿੰਘ ਬੰਗੀ, ਸ. ਸੁਖਵਿੰਦਰ ਸਿੰਘ ਝਬਾਲ, ਸ. ਬਲਦੇਵ ਸਿੰਘ ਖਾਲਸਾ ਤੇ ਸ. ਸੂਬਾ ਸਿੰਘ ਡੱਬਵਾਲਾ ਮੈਂਬਰ ਚੁਣੇ ਗਏ।
ਜਨਰਲ ਅਜਲਾਸ ਦੀ ਅਰੰਭਤਾ ਤੋਂ ਪਹਿਲਾਂ ਪੰਥ ਤੋਂ ਵਿਛੜ ਚੁਕੀਆਂ ਨਾਮਵਰ ਸਖ਼ਸ਼ੀਅਤਾਂ ਡਾ: ਖੜਕ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸ. ਅਮਰ ਸਿੰਘ ਨਲੀਨੀ, ਬੀਬੀ ਹਰਬੰਸ ਕੌਰ ਨੋਸ਼ਹਿਰਾ ਪੰਨੂਆਂ ਮੈਂਬਰ ਸ਼੍ਰੋਮਣੀ ਕਮੇਟੀ ਦੇ ਪਤੀ ਸ. ਬਖਸ਼ੀਸ਼ ਸਿੰਘ, ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕੁਲਵਿੰਦਰ ਕੌਰ ਲੰਗੇਆਣਾ ਦੇ ਪਤੀ ਸ. ਲਾਭ ਸਿੰਘ ਲੰਗੇਆਣਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਮੋਗਾ, ਸਿੱਖੀ ਸਰੂਪ ’ਚ ਪ੍ਰਪੱਕ ਨੌਜਵਾਨ ਗਾਇਕ ਸ. ਇਸ਼ਮੀਤ ਸਿੰਘ, ਸਿਰਸੇ ਵਾਲੇ ਪਾਖੰਡੀ ਸਾਧ ਦੇ ਸੁਰੱਖਿਆ ਗਾਰਡਾਂ ਦੀਆਂ ਗੋਲੀਆਂ ਨਾਲ ਮੁੰਬਈ ਵਿਖੇ ਸ਼ਹੀਦ ਹੋਏ ਸ. ਬਲਕਾਰ ਸਿੰਘ ਅਤੇ ਡੱਬਵਾਲੀ ਵਿਖੇ ਸਿਰਸੇ ਵਾਲੇ ਸਾਧ ਦੇ ਚੇਲਿਆਂ ਦੀ ਗੁੰਡਾ ਗਰਦੀ ਦੌਰਾਨ ਸ਼ਹੀਦ ਹੋਏ ਭਾਈ ਹਰਮੰਦਰ ਸਿੰਘ ਤੇ ਮੈਂਬਰ ਸ਼੍ਰੋਮਣੀ ਕਮੇਟੀ ਸ. ਨਾਜ਼ਰ ਸਿੰਘ ਦੇ ਲੜਕੇ ਸ. ਜਸਵੰਤ ਸਿੰਘ ਨੂੰ ਪੰਜ ਵਾਰ ਮੂਲ ਮੰਤਰ ਦਾ ਜਾਪ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ
ਪ੍ਰਧਾਨਗੀ ਪਦ ਸੰਭਾਲਣ ਉਪਰੰਤ ਜਥੇਦਾਰ ਅਵਤਾਰ ਸਿੰਘ ਨੇ ਹਾਊਸ ਵਿਚ ਇਹ ਮਤੇ :-1.“ਅੱਜ ਦਾ ਜਨਰਲ ਅਜਲਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਲ 1992-93 ਤੋਂ ਸਾਲ 1998-99 ਤੱਕ ਦੀਆਂ ਆਡਿਟ ਰੀਪੋਰਟਾਂ, ਜਿਨ੍ਹਾਂ ਦੀ ਅੰਤ੍ਰਿੰਗ ਕਮੇਟੀ ਦੇ ਮਤਾ ਨੰਬਰ 3, ਮਿਤੀ 19-01-08 ਰਾਹੀਂ ਬਣੀ ਸਬ-ਕਮੇਟੀ ਵਲੋਂ ਆਡਿਟ ਰੀਪੋਰਟਾਂ ਵਿਚ ਆਏ ਇਤਰਾਜਾਂ ਨੂੰ ਘੋਖ ਲੈਣ ਉਪਰੰਤ ਇਨ੍ਹਾਂ ਦਾ ਉਤਾਰਾ ਕਿਤਾਬਾਂ ਦੇ ਰੂਪ ਵਿਚ ਦਫ਼ਤਰੀ ਡਿਸਪੈਚ ਨੰਬਰ 25200, ਮਿਤੀ 04-11-08 ਰਾਹੀਂ ਸਮੂੰਹ ਮੈਂਬਰ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਜਾ ਚੁੱਕਾ ਹੈ, ਵਿਚਲੇ ਆਏ ਇਤਰਾਜ਼ ਦੂਰ ਹੋ ਜਾਣ ਅਤੇ ਉੱਤਰ ਤਸੱਲੀਬਖਸ਼ ਹੋਣ ਕਾਰਨ ਇਨ੍ਹਾਂ ਆਡਿਟ ਰੀਪੋਰਟਾਂ ਨੂੰ ਦਾਖਲ ਦਫ਼ਤਰ ਕਰਨ ਦੀ ਪ੍ਰਵਾਨਗੀ ਦੇਂਦਾ ਹੈ।” 2.“ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਇਹ ਜਨਰਲ ਅਜਲਾਸ ਮਿਸਟਰ ਬਰਾਕ ਓਬਾਮਾ ਦੇ ਯੂ.ਐਸ.ਏ. ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਹਾਰਦਿਕ ਪ੍ਰਸੰਨਤਾ ਦਾ ਇਜ਼ਹਾਰ ਕਰਦਿਆਂ ਸਮੁੱਚੇ ਸਿੱਖ ਜਗਤ ਵਲੋਂ ਉਹਨਾਂ ਨੂੰ ਵਧਾਈ ਦੇਂਦਾ ਹੈ। ਅਫਰੀਕਨ ਮੂਲ ਦੇ ਮਿਸਟਰ ਓਬਾਮਾ ਦੇ ਰਾਸ਼ਟਰਪਤੀ ਚੁਣੇ ਜਾਣ ਨਾਲ ਜਿਥੇ ਦੁਨੀਆਂ ਦੀ ਪਹਿਲਾਂ ਹੀ ਸਭ ਤੋਂ ਵੱਡੀ ਜਮਹੂਰੀਅਤ ਦਾ ਕੱਦ-ਬੁਤ ਹੋਰ ਉੱਚਾ ਹੋਇਆ ਹੈ ਉਥੇ ਜਮਹੂਰੀ ਕਦਰਾਂ-ਕੀਮਤਾਂ ਹੋਰ ਉਜਾਗਰ ਹੋਈਆਂ ਹਨ। ਅੱਜ ਦਾ ਜਨਰਲ ਅਜਲਾਸ ਮਿਸਟਰ ਓਬਾਮਾ ਨੂੰ ਵਧਾਈ ਦੇਂਦਾ ਹੋਇਆ ਆਸ ਕਰਦਾ ਹੈ ਕਿ ਮਿਸਟਰ ਓਬਾਮਾ ਦਾ ਰਾਸ਼ਟਰਪਤੀ ਚੁਣਿਆ ਜਾਣਾ ਯੂ.ਐਸ.ਏ. ਵਿਚ ਰਹਿ ਰਹੇ ਵੱਡੀ ਗਿਣਤੀ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ, ਖਾਸ ਕਰ ਰੰਗ ਭੇਦ ਅਤੇ ਕਕਾਰਾਂ ਆਦਿ ਨੂੰ ਹੱਲ ਕਰਨ ਲਈ ਸਾਜਗਾਰ ਮਾਹੌਲ ਸਿਰਜਣ ਵਿਚ ਸਹਾਈ ਹੋਵੇਗਾ।” 3.‘ਲੰਮੀ ਜਦੋ ਜਹਿਦ ਅਤੇ ਅਣਗਿਣਤ ਕੁਰਬਾਨੀਆਂ ਨਾਲ ਸਿੱਖ ਜਗਤ ਨੇ ਆਪਣੇ ਗੁਰਧਾਮਾਂ ਦਾ ਪ੍ਰਬੰਧ ਆਪਣੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਕਰਨ ਲਈ ਸਿੱਖ ਗੁਰਦੁਆਰਾ ਐਕਟ 1925 ਦੀ ਪ੍ਰਾਪਤੀ ਕੀਤੀ ਹੈ। ਇਸ ਐਕਟ ਤਹਿਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਹੈ। ਐਕਟ ਦੀ ਵਿਵਸਥਾ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 170 ਮੈਂਬਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ ਬਾਲਗ ਸਿੱਖ ਵੋਟਾਂ ਰਾਹੀਂ ਜਨਤਕ ਤੌਰ ‘ਤੇ ਚੁਣੇ ਜਾਂਦੇ ਹਨ। ਸਮੁੱਚੇ ਭਾਰਤ ਵਿਚੋਂ 15 ਮੈਂਬਰ ਕੋਆਪਟ ਕਰਨ ਦੀ ਵਿਵਸਥਾ ਵੀ ਇਸ ਐਕਟ ਅਨੁਸਾਰੀ ਹੈ। ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵਉਚ ਪ੍ਰਤੀਨਿਧ ਧਾਰਮਕ ਸੰਸਥਾ ਹੈ ਜੋ ਸਮੁੱਚੇ ਸਿੱਖ ਜਗਤ ਦੀ ਨੁਮਾਇੰਦਗੀ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੇਕਰ ਇੱਕੀਵੀਂ ਸਦੀ ਦਾ ਸਰਬੱਤ ਖ਼ਾਲਸਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਕਈ ਦਹਾਕਿਆਂ ਤੋਂ ਖਾਸ ਕਰਕੇ ਅਜਾਦੀ ਉਪਰੰਤ ਵੱਡੀ ਗਿਣਤੀ ਵਿਚ ਸਿੱਖ ਬਾਹਰਲੇ ਮੁਲਕਾਂ ਵਿਚ ਗਏ ਹਨ ਅਤੇ ਬਹੁਤ ਸਾਰਿਆਂ ਨੇ ਵਿਦੇਸ਼ਾਂ ਵਿਚ ਹੀ ਵਸੇਬਾ ਕਰ ਲਿਆ ਹੈ। ਲਗਭਗ 50 ਲੱਖ ਅਜਿਹੇ ਸਿੱਖਾਂ ਦੀ ਤੀਬਰ ਤਾਂਘ ਹੈ ਕਿ ਸਿੱਖਾਂ ਦੀ ਇਸ ਨੁਮਾਇੰਦਾ ਜਥੇਬੰਦੀ ਵਿਚ ਉਨ੍ਹਾਂ ਦੀ ਵੀ ਨੁਮਾਇੰਦਗੀ ਹੋਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਅਜਲਾਸ ਵਲੋਂ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮੌਜੂਦਾ ਐਕਟ ਵਿਚ ਲੋੜੀਂਦੀ ਸੋਧ ਕਰਦਿਆਂ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਤੋਂ 10 ਸਿੱਖ ਨੁਮਾਇੰਦੇ ਕੋਆਪਟ ਕਰਨ ਦੀ ਵਿਵਸਥਾ ਕੀਤੀ ਜਾਵੇ, ਜਿਸ ਤਹਿਤ ਭਾਰਤ ਸਰਕਾਰ ਵਲੋਂ ਗੁਰਦੁਆਰਾ ਚੋਣ ਕਮਿਸ਼ਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਲੈ ਕੇ ਲੋੜੀਂਦੀ ਪ੍ਰਕਿਰਿਆ ਅਰੰਭ ਕੀਤੀ ਗਈ ਸੀ ਪਰ ਅੱਜ ਤੀਕ ਕੋਈ ਹਾਂ ਪੱਖੀ ਕਾਰਵਾਈ ਸਾਹਮਣੇ ਨਹੀਂ ਆਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਅਜਲਾਸ ਇਸ ਪ੍ਰਕਿਰਿਆ ਨੂੰ ਸ਼ੀਘਰ ਸੰਪੰਨ ਕਰਦਿਆਂ ਮੌਜੂਦਾ ਸਿੱਖ ਗੁਰਦੁਆਰਾ ਐਕਟ ਵਿਚ ਤੁਰੰਤ ਲੋੜੀਂਦੀ ਸੋਧ ਦੀ ਮੰਗ ਕਰਦਾ ਹੈ ਤਾਂ ਜੋ ਵਿਦੇਸ਼ਾਂ ਵਿਚ ਬੈਠੇ ਸਿੱਖ ਵੀ ਗੁਰਦੁਆਰਾ ਪ੍ਰਬੰਧਾਂ ਵਿਚ ਆਪਣਾ ਯੋਗਦਾਨ ਪਾ ਸਕਣ।’4. ਗੁਰੂ ਚਰਨਾ ਦੀ ਪਾਵਨ ਛੋਹ ਪ੍ਰਾਪਤ ਸਿਫਤੀ ਦਾ ਘਰ ਸ੍ਰੀ ਅੰਮ੍ਰਿਤਸਰ ਸਮੁੱਚੇ ਸਿੱਖ ਜਗਤ ਦੀ ਰੂਹਾਨੀਅਤ ਦਾ ਕੇਂਦਰ ਹੋਣ ਦੇ ਨਾਲ-ਨਾਲ ਭਾਰਤ-ਪਾਕਿਸਤਾਨ ਬਾਰਡਰ ਤੇ ਸਥਿਤ ਇਕ ਵੱਡਾ ਵਪਾਰਕ ਕੇਂਦਰ ਵੀ ਹੈ। ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਕਰਕੇ ਇਹ ਸ਼ਹਿਰ ਨਾ ਕੇਵਲ ਸਿੱਖ ਸ਼ਰਧਾਲੂਆਂ ਲਈ ਬਲਕਿ ਈਸ਼ਵਰ ਵਿਚ ਆਸਥਾ ਰੱਖਣ ਵਾਲੇ ਹਰ ਧਰਮ ਦੇ ਅਨੁਯਾਈਆਂ ਅਤੇ ਸੈਲਾਨੀਆਂ ਲਈ ਖਿਚ ਦਾ ਖਾਸ ਕੇਂਦਰ ਹੈ। ਓਧਰ ਪੰਜਾਬ ਭਰ ਤੋਂ ਦੁਨੀਆਂ ਦੇ ਕੌਨੇ-ਕੌਨੇ ਵਿਚ ਵੱਸੇ ਸਿੱਖ ਭਾਵੇਂ ਉਹ ਕਿਸੇ ਵੀ ਦੇਸ਼ ਵਿਚ ਰਹਿੰਦੇ ਹਨ ਆਤਮਿਕ ਤੌਰ ਤੇ ਸ੍ਰੀ ਅੰਮ੍ਰਿਤਸਰ ਨਾਲ ਜੁੜੇ ਹੋਏ ਹਨ ਅਤੇ ਜਦੋਂ ਵੀ ਉਹ ਆਪਣੇ ਪਰਵਾਰਾਂ ਰਿਸ਼ਤੇਦਾਰਾਂ ਨੂੰ ਪੰਜਾਬ ਵਿਚ ਮਿਲਣ ਲਈ ਆਉਂਦੇ ਹਨ ਤਾਂ ਇਸ ਇਤਿਹਾਸਕ ਅਸਥਾਨ ਦੇ ਦਰਸ਼ਨ-ਇਸ਼ਨਾਨ ਦੀ ਪ੍ਰਬਲ ਇੱਛਾ ਲੈ ਕੇ ਆਉਂਦੇ ਹਨ। ਸਮੁੱਚੇ ਪੰਜਾਬੀਆਂ ਖਾਸ ਕਰਕੇ ਸਿੱਖ ਭਾਈਚਾਰੇ ਦੀ ਇਹ ਚਿਰੋਕਣੀ ਮੰਗ ਸੀ ਕਿ ਸ੍ਰੀ ਅੰਮ੍ਰਿਤਸਰ (ਰਾਜਾਸਾਂਸੀ) ਦੇ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਦਰਜਾ ਦੇ ਕੇ ਇਥੋਂ ਵੱਖ-ਵੱਖ ਦੇਸ਼ਾਂ ਨੂੰ ਉਡਾਣਾ ਸ਼ੁਰੂ ਕੀਤੀਆਂ ਜਾਣ ਜੋ ਪੂਰੀ ਹੋ ਜਾਣ ਤੇ ਸਮੁੱਚੇ ਪੰਜਾਬੀਆਂ ਅਤੇ ਦੁਨੀਆਂ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਵਲੋਂ ਸਰਕਾਰ ਦੇ ਇਸ ਫੈਸਲੇ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ ਸੀ।
ਸਮੁੱਚੇ ਸਿੱਖ ਜਗਤ ਵਲੋਂ ਸ੍ਰੀ ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਨੂੰ ਸ਼ੁਰੂ ਕੀਤੀ ਗਈ ਉਡਾਨ ਦਾ ਵੀ ਭਰਪੂਰ ਸਵਾਗਤ ਕੀਤਾ ਗਿਆ ਸੀ ਪ੍ਰੰਤੂ ਹੁਣ ਫਿਰ ਸ੍ਰੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁਝ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾ ਬੰਦ ਕੀਤੇ ਜਾਣ ਦੇ ਤੌਖਲੇ ਨੇ ਉਨ੍ਹਾਂ ਸਭਨਾ ਨੂੰ ਚਿੰਤਤ ਕੀਤਾ ਹੋਇਆ ਹੈ ਜਿਨ੍ਹਾਂ ਦੀ ਚਿਰੋਕਣੀ ਰੀਝ ਪੂਰੀ ਹੋਈ ਨੂੰ ਅਜੇ ਕੁਝ ਕੁ ਮਹੀਨੇ ਹੀ ਹੋਏ ਸਨ। ਸ੍ਰੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣਾ ਬੰਦ ਹੋਣ ਨਾਲ ਦੂਜਾ ਵਿਕਲਪ ਕੇਵਲ ਤੇ ਕੇਵਲ ਦਿਲੀ ਹਵਾਈ ਅੱਡਾ ਹੀ ਰਹਿ ਜਾਂਦਾ ਹੈ ਜੋ ਸ੍ਰੀ ਅੰਮ੍ਰਿਤਸਰ ਤੋਂ 500 ਕਿਲੋਮੀਟਰ ਦੂਰ ਹੋਣ ਕਰਕੇ ਇਕ ਤਾਂ ਪੰਜਾਬੀਆਂ ਲਈ ਪੂਰੇ ਇਕ ਦਿਨ ਦੀ ਸਿਰਦਰਦੀ ਵਧਾਉਂਦਾ ਹੈ ਦੂਜਾ ਦਿੱਲੀ ਏਅਰਪੋਰਟ ਜਿਥੇ ਪਹਿਲਾਂ ਹੀ ਬਹੁਤ ਰਸ਼ ਹੈ ਉਸ ਵਿਚ ਵਾਧਾ ਕਰਨ ਦੇ ਨਾਲ-ਨਾਲ ਦਿੱਲੀ ਅੰਮ੍ਰਿਤਸਰ ਜੀ. ਟੀ. ਰੋਡ ਤੇ ਟ੍ਰੈਫਿਕ ਸਮੱਸਿਆਵਾਂ ਵਿਚ ਵੀ ਵਾਧਾ ਕਰਦਾ ਹੈ। ਇਕ ਪਾਸੇ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕੇ ਅੰਮ੍ਰਿਤਸਰ ਏਅਰਪੋਰਟ ਤੇ ਅੰਤਰਰਾਸ਼ਟਰੀ ਉਡਾਣਾ ਲਈ ਲੋੜੀਂਦਾ ਇਨਫਰਾਸਟਰਕਚਰ ਉਪਲਬਧ ਕਰਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਡਾਣਾ ਬੰਦ ਕਰਨ ਦੀ ਕਾਰਵਾਈ ਸਮਝ ਤੋਂ ਬਾਹਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਅਜਲਾਸ ਭਾਰਤ ਸਰਕਾਰ ਤੋਂ ਮੰਗ ਕਰਦਾ ਹੈ ਕਿ ਸ੍ਰੀ ਅੰਮ੍ਰਿਤਸਰ ਏਅਰਪੋਰਟ ਤੋਂ ਪਹਿਲਾਂ ਚਲਦੀਆਂ ਉਡਾਣਾ ਚਾਲੂ ਰੱਖਦਿਆਂ ਹੋਰ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾ ਸ਼ੁਰੂ ਕੀਤੀਆਂ ਜਾਣ, ਲੈਂਡਿੰਗ ਫੀਸ ਘਟਾ ਕੇ ਦਿੱਲੀ ਏਅਰਪੋਰਟ ਦੇ ਬਰਾਬਰ ਕੀਤੀ ਜਾਵੇ ਅਤੇ ਹਵਾਈ ਅੱਡੇ ਦੇ ਸਮੁੱਚੇ ਪ੍ਰਬੰਧ ਅਤੇ ਯਾਤਰੂਆਂ ਦੀ ਸਹੂਲਤਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਇਆ ਜਾਵੇ। 5. ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਿੱਖ ਕੌਮ ਦਾ ਕੇਂਦਰੀ ਤੀਰਥ ਅਸਥਾਨ ਹੈ ਜਿਸ ਨੂੰ ਨਤਮਸਤਕ ਹੋਣ ਲਈ ਦੁਨੀਆਂ ਦੇ ਕੋਨੇ-ਕੋਨੇ ਵਿਚ ਬੈਠਾ ਹਰ ਗੁਰੂ ਨਾਨਕ ਨਾਮ-ਲੇਵਾ ਲੋਚਦਾ ਹੈ। ਲੱਖਾਂ ਦੀ ਗਿਣਤੀ ਵਿਚ ਰੋਜ਼ਾਨਾਂ ਸ਼ਰਧਾਲੂ ਅਤੇ ਸੈਲਾਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਲਈ ਆਉਂਦੇ ਹਨ, ਪਰ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਰਸਤੇ ਤੰਗ ਹਨ ਅਤੇ ਉਨ੍ਹਾਂ ਵਿਚ ਨਜ਼ਾਇਜ ਉਸਾਰੀਆਂ, ਕਬਜ਼ੇ ਅਤੇ ਵਰਕਸ਼ਾਪਾਂ ਆਦਿ ਹੋਣ ਕਰਕੇ ਟਰੈਫਿਕ ਰੁਕੀ ਰਹਿੰਦੀ ਹੈ। ਇਸ ਤੋਂ ਇਲਾਵਾ ਸ਼ਰਧਾਲੂ ਅਤੇ ਸੈਲਾਨੀਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਪਾਰਕਿੰਗ ਦੀ ਵੱਡੀ ਘਾਟ ਹੈ ਜਿਸ ਕਰਕੇ ਗੱਡੀਆਂ ਸੜਕਾਂ ਤੇ ਖੜ੍ਹੀਆਂ ਕਰਨ ਨਾਲ ਟਰੈਫਿਕ ਦੀ ਸਮੱਸਿਆ ਬਦ ਤੋਂ ਬੱਦਤਰ ਹੋ ਜਾਂਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਬਣਿਆ ਗਲਿਆਰਾ ਜੋ ਪੰਜ ਫੇਜ਼ ਵਿਚ ਮੁਕੰਮਲ ਹੋਣਾ ਸੀ, ਦੇ ਚਾਰ ਫੇਜ਼ ਮੁਕੰਮਲ ਹੋ ਚੁੱਕੇ ਹਨ ਪਰ ਪੰਜਵਾਂ ਜੋ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਵਾਲੇ ਪਾਸੇ ਹੋਣ ਕਰਕੇ ਸਭ ਤੋਂ ਮਹੱਤਵਪੂਰਨ ਹੈ, ਸਭ ਤੋਂ ਪਹਿਲਾਂ ਬਣਨਾਂ ਚਾਹੀਦਾ ਸੀ, ਅੱਜ ਤੀਕ ਅਧੂਰਾ ਪਿਆ ਹੈ ਜੋ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਬੜੀ ਭੱਦੀ ਦਿਖ ਪ੍ਰਦਾਨ ਕਰਦਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਅਜਲਾਸ ਸੂਬਾਈ ਤੇ ਕੇਂਦਰੀ ਸਰਕਾਰਾਂ ਪਾਸੋਂ ਮੰਗ ਕਰਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਤਿਹਾਸਕ ਮਹੱਤਤਾ ਮਹਾਨਤਾ ਅਤੇ ਸ਼ਰਧਾਲੂਆਂ ਦੀ ਭਾਰੀ ਗਿਣਤੀ ਨੂੰ ਮੁੱਖ ਰਖਦਿਆਂ ਚਾਰੇ ਪਾਸਿਆਂ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤੇ ਖੁਲ੍ਹੇ ਕੀਤੇ ਜਾਣ, ਉਨ੍ਹਾਂ ਤੋਂ ਨਜ਼ਾਇਜ਼ ਕਬਜ਼ੇ ਹਟਾਏ ਜਾਣ, ਚਾਰੇ ਪਾਸੇ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇ ਅਤੇ ਅਧੂਰਾ ਗਲਿਆਰਾ ਤੁਰੰਤ ਮੁਕੰਮਲ ਕੀਤਾ ਜਾਵੇ। ਅਜਲਾਸ ਇਹ ਵੀ ਮੰਗ ਕਰਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਘੰਟਾ ਘਰ ਦੇ ਸਾਹਮਣੇ ਬਣੀ ਮਾਰਕੀਟ ਨਵੀਂ ਇਮਾਰਤ ਵਿਚ ਤੁਰੰਤ ਤਬਦੀਲ ਕਰਕੇ ਪੁਰਾਣੀ ਮਾਰਕੀਟ ਢਾਹੀ ਜਾਵੇ। ਅਜਲਾਸ ਇਹ ਵੀ ਮੰਗ ਕਰਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਗੱਡੀਆਂ ਅਤੇ ਹੋਰ ਹਰ ਤਰ੍ਹਾਂ ਦੇ ਪ੍ਰਦੂਸ਼ਨ ਤੋਂ ਬਚਾਉਣ ਲਈ ਵੀ ਤੁਰੰਤ ਲੋੜੀਂਦੇ ਕਦਮ ਪੁੱਟੇ ਜਾਣ।’ 6.‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਇਜਲਾਸ ਅੰਤਿੰ੍ਰਗ ਕਮੇਟੀ ਦੀ ਇਕੱਤਰਤਾ ਮਿਤੀ 4-10-2004 ਦੇ ਮਤਾ ਨੰਬਰ 132 ਰਾਹੀਂ ਸੈਕਸ਼ਨ-87 ਦੀਆਂ ਸ਼ਡਿਊਲਡ ਅਤੇ ਅਨਸ਼ਡਿਊਲਡ ਗੁਰਦੁਆਰਾ ਕਮੇਟੀਆਂ ਜਿਨ੍ਹਾਂ ਦਾ ਸਲਾਨਾ ਬਜਟ ਸਾਲ 2004-05 ਅਨੁਸਾਰ 20,00,000/-ਰੁਪੈ ਅੱਖਰੀ ਵੀਹ ਲੱਖ ਰੁਪੈ ਤੋਂ ਵੱਧ ਹੈ ਉਨ੍ਹਾਂ ਦਾ ਪ੍ਰਬੰਧ ਸੈਕਸ਼ਨ 85 ਅਧੀਨ ਲੈਣ ਲਈ ਸ਼੍ਰੋਮਣੀ ਕਮੇਟੀ ਵਲੋਂ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ, ਭਾਰਤ ਸਰਕਾਰ, ਚੰਡੀਗੜ੍ਹ ਨੂੰ ਲਿਖਿਆ ਗਿਆ ਸੀ ਜਿਸ ਦੀ ਪੁਸ਼ਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਲੋਂ ਕੀਤੀ ਜਾ ਚੁੱਕੀ ਹੈ। ਗੁਰਦੁਆਰਾ ਇਲੈਕਸ਼ਨ ਕਮਿਸ਼ਨ ਵਲੋਂ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਸਿਫਾਰਸ਼ ਵੀ ਕੀਤੀ ਗਈ ਸੀ। ਗ੍ਰਹਿ ਮੰਤਰਾਲੇ ਵਲੋਂ 20 ਲੱਖ ਦੀ ਸੀਮਾਂ ਵਧਾ ਕੇ 35 ਲੱਖ ਕਰਨ ਬਾਰੇ ਦਿੱਤਾ ਗਿਆ ਸੁਝਾਅ ਰੱਦ ਕਰਦਿਆਂ ਅੱਜ ਦਾ ਜਨਰਲ ਅਜਲਾਸ 20 ਲੱਖ ਦੀ ਹੱਦ ਮੰਨ ਕੇ ਤੁਰੰਤ ਨੋਟੀਫਿਕੇਸ਼ਨ ਕਰਨ ਦੀ ਮੰਗ ਕਰਦਾ ਹੈ।’ 7.‘ਭਾਰਤ ਇੱਕ ਬਹੁ-ਕੌਮੀ, ਬਹੁ-ਧਰਮੀ ਅਤੇ ਬਹੁ-ਭਾਸ਼ਾਈ ਦੇਸ਼ ਹੈ ਜਿਸ ਵਿੱਚ ਵੱਖ-ਵੱਖ ਜੁਬਾਨਾਂ ਬੋਲਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਜੋ ਕਿ ਭਾਰਤੀ ਕਹਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਜਿਥੋਂ ਤੀਕ ਭਾਸ਼ਾ ਦਾ ਸਬੰਧ ਹੈ ਦੇਸ਼ ਵਿੱਚ ਇਸ ਸਮੇਂ ਅੰਗਰੇਜ਼ੀ ਨੂੰ ਅੰਤਰ-ਰਾਸ਼ਟਰੀ ਭਾਸ਼ਾ ਅਤੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਜਿਸ ਤੋਂ ਕਿਸੇ ਨੂੰ ਇਨਕਾਰ ਨਹੀਂ ਹੋ ਸਕਦਾ। ਤੀਜੀ ਭਾਸ਼ਾ ਸੂਬਾਈ ਭਾਸ਼ਾ ਹੈ ਜਿਸ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਵਾਂ ਭਾਸ਼ਾਵਾਂ ਤੋਂ ਕੁਰਬਾਨ ਨਹੀਂ ਕੀਤਾ ਜਾ ਸਕਦਾ ਪਰ ਪੰਜਾਬੀ ਭਾਸ਼ਾ ਨਾਲ ਜੋ ਸਲੂਕ ਕੀਤਾ ਜਾ ਰਿਹਾ ਹੈ ਉਸ ਤੋਂ ਇਹ ਭੀ ਭਾਸਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦਾ ਤਹੱਈਆ ਹੀ ਕੀਤਾ ਹੋਇਆ ਹੈ। ਢਾਈ ਸਾਲ ਦਾ ਬੱਚਾ ਪੰਜਾਬ ਦੇ ਸਕੂਲ ਵਿਚ ਹਿੰਦੀ ਤੇ ਅੰਗਰੇਜ਼ੀ ਤਾਂ ਪੜ੍ਹ ਸਕਦਾ ਹੈ ਪਰ ਪੰਜਾਬੀ ਬੋਲਣ ‘ਤੇ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਪੰਜਾਬ ਦੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ‘ਤੇ ਅਨਾਊਂਸਮੈਟ ਪੰਜਾਬੀ ਵਿਚ ਨਹੀਂ ਹੁੰਦੀ, ਰੇਲਵੇ ਸਟੇਸ਼ਨਾਂ , ਸ਼ਹਿਰਾਂ ਅਤੇ ਪਹੁੰਚ ਮਾਰਗਾਂ ਦੇ ਨਾਮ ਪੰਜਾਬੀ ਵਿਚ ਨਹੀਂ ਲਿਖੇ ਜਾਂਦੇ ਜੇਕਰ ਲਿਖੇ ਵੀ ਜਾਣ ਤਾਂ ਉਸ ਦੇ ਸ਼ਬਦ ਜੋੜ ਗਲਤ ਲਿਖੇ ਜਾਂਦੇ ਹਨ, ਜੋ ਕਈ ਵਾਰੀ ਅਰਥ ਦੇ ਅਨਰਥ ਕਰ ਦਿੰਦੇ ਹਨ। ਗੁਆਂਢੀ ਸੂਬਿਆਂ ਜਿਵੇਂ ਹਰਿਆਣਾ, ਹਿਮਾਚਲ ਪ੍ਰਦੇਸ, ਰਾਜਸਥਾਨ, ਚੰਡੀਗੜ੍ਹ ਅਤੇ ਦਿੱਲੀ ਜਿਥੇ ਪੰਜਾਬੀ ਬੋਲਣ ਵਾਲੇ ਲੋਕ ਕਾਫੀ ਗਿਣਤੀ ਵਿਚ ਰਹਿੰਦੇ ਹਨ, ਵਿਚ ਪੰਜਾਬੀ ਨੂੰ ਬਣਦਾ ਮਾਣ ਸਨਮਾਣ ਵੀ ਨਹੀਂ ਦਿੱਤਾ ਜਾ ਰਿਹਾ। ਪੰਜਾਬੀ ਭਾਸ਼ਾ ਦੀ ਲਿੱਪੀ ਗੁਰਮੁਖੀ ਹੈ ਜੋ ਕਿ ਗੁਰੂ ਸਾਹਿਬਾਨਾਂ ਦੇ ਮੁੱਖ ਤੋਂ ਨਿਕਲੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਇਸ ਨੂੰ ਕੇਵਲ ਸਿੱਖਾਂ ਦੀ ਭਾਸ਼ਾ ਸਮਝ ਕੇ ਹੀ ਕੁਝ ਪੰਜਾਬੀ ਵੀਰਾਂ ਵੱਲੋਂ ਜਨ ਗਣਨਾ ਸਮੇਂ ਪੰਜਾਬੀ ਨੂੰ ਮਾਂ ਬੋਲੀ ਮੰਨਣ ਤੋਂ ਇਨਕਾਰ ਕੀਤਾ ਜਾਂਦਾ ਹੈ। ਪ੍ਰਸੰਨਤਾ ਅਤੇ ਤਸੱਲੀ ਵਾਲੀ ਗੱਲ ਹੈ ਕਿ ਸ. ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੁਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਦਾ ਕੰਮਕਾਜ ਪੰਜਾਬੀ ਵਿਚ ਕਰਨਾ ਲਾਜ਼ਮੀ ਕਰ ਦਿੱਤਾ ਹੈ ਜਿਸ ਦਾ ਹਰ ਪਾਸਿਓਂ ਭਰਪੂਰ ਸੁਆਗਤ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਅਜਲਾਸ ਬਾਦਲ ਸਰਕਾਰ ਦੀ ਇਸ ਕਾਰਵਾਈ ਦੀ ਪ੍ਰਸੰਸਾ ਕਰਦਾ ਹੋਇਆ ਪੁਰਜ਼ੋਰ ਮੰਗ ਕਰਦਾ ਹੈ ਕਿ ਪੰਜਾਬ ਵਿਚ ਸੀ.ਬੀ.ਐਸ.ਈ. ਦੇ ਸਲੇਬਸ ਵਿਚ +2 ਤੀਕ ਪੰਜਾਬੀ ਭਾਸ਼ਾ ਲਾਜ਼ਮੀ ਕੀਤੀ ਜਾਵੇ। ਸਰਕਾਰ ਦਾ ਸਮੁੱਚਾ ਕਾਰਜ ਪੰਜਾਬੀ ਵਿਚ ਕਰਨਾ ਲਾਜ਼ਮੀ ਕੀਤਾ ਜਾਵੇ।ਪੰਜਾਬ ਵਿਚ ਰੇਡੀਓ, ਟੈਲੀਵਿਜ਼ਨ ਅਤੇ ਕੇਂਦਰੀ ਸਰਕਾਰ ਦੇ ਅਦਾਰਿਆਂ ਵਿਚ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਜਾਵੇ।’ 8. ‘ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ, ਭਾਰਤ-ਪਾਕਿਸਤਾਨ ਸੀਮਾ ਦੇ ਬਿਲਕੁਲ ਨਜ਼ਦੀਕ ਸਥਿਤ ਹੈ ਜਿਸ ਨੂੰ ਭਾਰਤ ਪਾਕਿ ਸੀਮਾ ਤੇ ਖੜ੍ਹੇ ਹੋ ਕੇ ਦੇਖਿਆ ਜਾ ਸਕਦਾ ਹੈ। ਇਸ ਪਾਵਨ ਅਸਥਾਨ ‘ਤੇ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਹੱਥੀਂ ਖੇਤੀ ਕਰਕੇ ਲੋਕਾਈ ਨੂੰ ਕਿਰਤ ਦੀ ਮਹੱਤਤਾ ਦਾ ਉਪਦੇਸ਼ ਦਿੱਤਾ ਅਤੇ ਇਸੇ ਅਸਥਾਨ ‘ਤੇ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਨੂੰ ਗੁਰਗੱਦੀ ਬਖਸ਼ਿਸ਼ ਕੀਤੀ। ਦੋਹਾਂ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਲਈ ਸਿੱਖ ਸੰਗਤਾਂ ਦਹਾਕਿਆਂ ਤੋਂ ਬੇਹਬਲ ਹਨ ਅਤੇ ਇਸ ਕਾਰਜ ਲਈ ਦੋਹਾਂ ਸਰਕਾਰਾਂ ਤੋਂ ਲਾਂਘੇ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਜਦ ਕਿ ਭਾਰਤ ਪਾਕਿਸਤਾਨ ਵਿਚਲੇ ਸਬੰਧ ਕਾਫੀ ਹੱਦ ਤੀਕ ਸੁਧਰ ਚੁਕੇ ਹਨ, ਦੋਵਾਂ ਦੇਸ਼ਾਂ ਦੇ ਨੇਤਾ- ਅਭਿਨੇਤਾ, ਵਕੀਲ-ਡਾਕਟਰ, ਵਪਾਰੀ-ਖਿਡਾਰੀ ਆਦਿ ਨੂੰ ਇਕ ਦੂਜੇ ਦੇਸ਼ਾਂ ਵਿਚ ਜਾਣ ਦੀ ਖੁਲ ਮਿਲੀ ਹੈ, ਦੋਵਾਂ ਦੇਸ਼ਾਂ ਵਿਚ ਬੱਸਾਂ ਵੀ ਚਲਾਈਆਂ ਜਾ ਰਹੀਆਂ ਹਨ ਪਰ ਸਿੱਖ ਸੰਗਤਾਂ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਈ ਲਾਂਘੇ ਦੀ ਮੰਗ ਅਜੇ ਵੀ ਪੂਰੀ ਨਹੀਂ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਅਜਲਾਸ ਭਾਰਤ/ਪਾਕਿਸਤਾਨ ਵਿਚਾਲੇ ਸੁਧਰੇ ਹੋਏ ਸਬੰਧਾਂ ਦੀ ਰੋਸ਼ਨੀ ਵਿਚ ਦੋਵਾਂ ਸਰਕਾਰਾਂ ਪਾਸੋਂ ਮੰਗ ਕਰਦਾ ਹੈ ਕਿ ਸ਼ਰਧਾਲੂਆਂ ਦੀ ਸ਼ਰਧਾ ਅਤੇ ਤੜਪ ਨੂੰ ਮੁੱਖ ਰੱਖਦਿਆਂ ਲਾਂਘੇ ਦੀ ਵਿਵਸਥਾ ਤੁਰੰਤ ਕੀਤੀ ਜਾਵੇ ਜਿਸ ਨਾਲ ਦੋਵਾਂ ਦੇਸ਼ਾਂ ਦੀ ਆਵਾਮ ਨੂੰ ਇਕ ਦੂਜੇ ਦੇ ਹੋਰ ਨੇੜੇ ਆਉਣ ਦਾ ਮੌਕਾ ਮਿਲੇਗਾ ਅਤੇ ਸਾਂਝ ਦੀਆਂ ਗੰਢਾਂ ਹੋਰ ਪੀਡੀਆਂ ਹੋਣਗੀਆਂ।’ 9.‘ਸਿੱਖ ਘੱਟ-ਗਿਣਤੀ ਵੱਲੋਂ ਦੇਸ਼ ਅਜ਼ਾਦੀ ਦੀ ਪ੍ਰਾਪਤੀ ਅਤੇ ਸਰਹੱਦਾਂ ਦੀ ਰਾਖੀ ਲਈ ਆਪਣੀ ਗਿਣਤੀ ਦੇ ਹਿਸਾਬ ਨਾਲੋਂ ਕਈ ਗੁਣਾਂ ਵੱਧ ਕੁਰਬਾਨੀਆਂ ਦਿੱਤੀਆਂ ਗਈਆਂ ਹਨ। ਖੇਤੀ, ਸਨਅਤ, ਖੇਡਾਂ ਆਦਿ ਹਰ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੈ। ਪਰ ਅਫਸੋਸ ਦੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਕ ਖਾਸ ਸੋਚ ਤਹਿਤ ਫੀਚਰ ਫਿਲਮਾਂ, ਟੀ.ਵੀ. ਸੀਰੀਅਲਾਂ ਅਤੇ ਪਾਠ ਪੁਸਤਕਾਂ ਵਿਚ ਸਿੱਖ ਇਤਿਹਾਸ, ਸਭਿਆਚਾਰ ਅਤੇ ਚਰਿੱਤਰ ਨੂੰ ਵਿਗਾੜ ਕੇ ਮਜ਼ਾਕ ਦਾ ਵਿਸ਼ਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਇਥੋਂ ਤੀਕ ਕਿ ਸਿੱਖ ਗੁਰੂ ਸਾਹਿਬਾਨ ਸਬੰਧੀ ਸਿੱਖ ਹਿਰਦੇ ਵਲੂੰਧਰਣ ਵਾਲੀਆਂ ਟਿੱਪਣੀਆਂ ਕੀਤੀਆ ਜਾਦੀਆਂ ਹਨ। ਬਾਰ-ਬਾਰ ਇਹਨਾਂ ਟਿੱਪਣੀਆਂ ਤੇ ਸਰਕਾਰ ਨੂੰ ਲਿਖੇ ਜਾਣ ਦਾ ਕੋਈ ਅਸਰ ਨਹੀਂ ਹੋ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਅਜਲਾਸ ਗੰਭੀਰ ਨੋਟਿਸ ਲੈਂਦਿਆਂ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਫਿਲਮ ਸੈਂਸਰ ਬੋਰਡ, ਐਨ. ਸੀ. ਈ. ਆਰ. ਟੀ. ਅਤੇ ਟੈਕਸਟ ਬੁੱਕ ਬੋਰਡਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਫਾਰਸ਼ ‘ਤੇ ਸਿੱਖ ਨੁਮਾਇੰਦੇ ਸ਼ਾਮਲ ਕੀਤੇ ਜਾਣ।’ 10.‘ਵੈਸਾਖੀ 1978 ਵਾਲੇ ਦਿਨ ਨਕਲੀ ਨਿਰੰਕਾਰੀਆਂ ਵਲੋਂ ਨਿਹੱਥੇ ਅਤੇ ਨਿਰਦੋਸ਼ ਸਿੱਖਾਂ ਦੇ ਖੂਨ ਦੀ ਖੇਡੀ ਗਈ ਹੋਲੀ ਨਾਲ ਅੱਤਵਾਦ ਅਤੇ ਅੱਤਵਾਦ ਦੇ ਨਾਮ ‘ਤੇ ਸਰਕਾਰੀ ਦਹਿਸ਼ਤਵਾਦ ਦੇ ਜੋ ਭਾਂਬੜ ਲਗਭਗ 15 ਸਾਲ ਪੰਜਾਬ ਵਿਚ ਮੱਚੇ, ਉਸਦਾ ਸੇਕ ਸਮੁੱਚੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨੇ ਆਪਣੇ ਪਿੰਡੇ ‘ਤੇ ਹੰਢਾਇਆ। ਪੁਲੀਸ ਅਤੇ ਅਰਧ ਸੈਨਿਕ ਬਲਾਂ ਨੂੰ ਅਸੀਮਤ ਅਧਿਕਾਰ ਦੇਣ ਦੇ ਕਈ ਬਿੱਲ ਅਤੇ ਕਾਨੂੰਨ ਪਾਸ ਕਰ ਦਿਤੇ ਗਏ ਜਿਨ੍ਹਾਂ ਤਹਿਤ ਪੁਲੀਸ ਅਤੇ ਅਰਧ ਸੈਨਿਕ ਬਲਾਂ ਵਲੋਂ ਕਈ ਤਰ੍ਹਾਂ ਦੀਆਂ ਬਲੈਕ ਲਿਸਟਾਂ ਤਿਆਰ ਕਰ ਲਈਆਂ ਗਈਆਂ ਜਿਸਤੋਂ ਸਤਾਏ ਹੋਏ ਕਈ ਬੇਕਸੂਰ ਨੌਜੁਆਨਾਂ ਨੇ ਹਿੰਦੁਸਤਾਨ ਛੱਡ ਕੇ ਦੂਜੇ ਦੇਸ਼ਾਂ ਵਿਚ ਜਾ ਸ਼ਰਣ ਲਈ। ਪਿਛਲੇ ਇਕ ਦਹਾਕੇ ਤੋਂ ਪੰਜਾਬ ਵਿਚ ਮੁੜ ਪਰਤੀ ਸ਼ਾਂਤੀ ਦੇ ਸੰਦਰਭ ਵਿਚ ਬਹੁਤ ਸਾਰੇ ਨੌਜੁਆਨ ਵਾਪਿਸ ਭਾਰਤ ਆ ਕੇ ਪੁਰ ਅਮਨ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰਨੀ ਚਾਹੁੰਦੇ ਹਨ ਪਰ ਉਹ ਕਾਲੀਆਂ ਸੂਚੀਆਂ ਜੋ ਪੁਲੀਸ ਨੇ ਅੱਤਵਾਦ ਦੇ ਸਮੇਂ ਵਿਚ ਤਿਆਰ ਕੀਤੀਆਂ ਸਨ ਤੇ ਪੁਨਰ ਵਿਚਾਰ ਨਹੀਂ ਕੀਤਾ ਗਿਆ। ਉਪਰੋਕਤ ਸੰਦਰਭ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਅਜਲਾਸ ਭਾਰਤ ਸਰਕਾਰ ਪਾਸੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਇਹ ‘ਕਾਲੀਆਂ ਸੂਚੀਆਂ’ ‘ਤੇ ਪੁਨਰ ਵਿਚਾਰ ਕਰਦਿਆਂ ਤੁਰੰਤ ਖਤਮ ਕੀਤੀਆਂ ਜਾਣ ਤਾਂ ਜੋ ਸਿੱਖ ਨੌਜੁਆਨ ਪੁਰਅਮਨ ਜ਼ਿੰਦਗੀ ਮੁੜ ਸ਼ੁਰੂ ਕਰ ਸਕਣ।’ 11.‘ਭਾਰਤ ਦੀ ਸੁਪਰੀਮ ਕੋਰਟ ਵਲੋਂ ਇਕ ਬਹੁ-ਸੰਮਤੀ ਫੈਸਲੇ ਅਨੁਸਾਰ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ, ਉਹਨਾਂ ਦੇ ਇਕਬਾਲੀਆ ਬਿਆਨ, ਜੋ ਕਿ ਪੁਲੀਸ ਅਤੇ ਏਜੰਸੀਆਂ ਵਲੋਂ ਤੀਜਾ ਦਰਜਾ ਅਤਿਆਚਾਰ ਕਰਕੇ ਲਿਆ ਗਿਆ ਸਮਝਿਆ ਜਾਂਦਾ ਹੈ, ਦਿਤੀ ਗਈ ਫਾਂਸੀ ਦੀ ਸਜ਼ਾ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੇਂ-ਸਮੇਂ ਪੱਤਰ ਲਿਖਣ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਮਿਲ ਕੇ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾਉਣ ਦੇ ਯਤਨ ਕੀਤੇ ਜਾਂਦੇ ਰਹੇ ਹਨ। ਪ੍ਰੋ: ਭੁੱਲਰ ਦੇ ਜਿਸ ਇਕਬਾਲੀਆ ਬਿਆਨ ਨੂੰ ਅਧਾਰ ਮੰਨ ਕੇ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਉਸ ਦੀ ਪ੍ਰਮਾਣਿਕਤਾ ਤੇ ਇਕ ਜੱਜ ਵਲੋਂ ਵੀ ਕਿੰਤੂ-ਪ੍ਰੰਤੂ ਕੀਤਾ ਗਿਆ ਹੈ। ਅੱਜ ਦਾ ਇਹ ਅਜਲਾਸ ਮਹਿਸੂਸ ਕਰਦਾ ਹੈ ਕਿ 1984 ਵਿਚ ਸਿੱਖਾਂ ਦੇ ਹੋਏ ਸਮੂਹਕ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੀਕ ਕੋਈ ਫਾਂਸੀ ਨਹੀਂ ਦਿੱਤੀ ਗਈ ਅਤੇ ਇਕ ਮਿਸ਼ਨਰੀ ਇਸਾਈ ਪਾਦਰੀ ਨੂੰ ਜਿਉਂਦਿਆਂ ਬੱਚਿਆਂ ਸਮੇਤ ਸਾੜ ਦੇਣ ਵਾਲਿਆਂ ਨੂੰ ਕਿਸੇ ਨੇ ਫਾਂਸੀ ਨਹੀਂ ਦਿੱਤੀ। ਗੁਜਰਾਤ ਵਿਚ ਘੱਟ-ਗਿਣਤੀ ਦੇ ਲੋਕਾਂ ਦਾ ਸਮੂਹਕ ਕਤਲੇਆਮ ਹੋਇਆ, ਦੋਸ਼ੀ ਨਾਮਜ਼ਦ ਹੋਏ, ਪਰ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ। ਫਿਰ ਇਹ ਫਾਂਸੀ ਕੇਵਲ ਇਕ ਸਿੱਖ ਲਈ ਕਿਉਂ? ਜਿਸ ਵਿਅਕਤੀ ਦੇ ਸਬੰਧ ਵਿਚ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਉਹ ਵਿਅਕਤੀ ਤਾਂ ਜਿਉਂਦਾ ਹੈ। ਪਰ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਜਿੰਨ੍ਹਾਂ ਪੁਲਿਸ ਮੁਲਾਜਮਾਂ ਨੇ ਚੁੱਕ ਕੇ ਸ਼ਹੀਦ ਕੀਤਾ ਹੈ ਉਹਨ੍ਹਾਂ ਨੂੰ ਕੋਈ ਸਜ਼ਾ ਨਹੀਂ ਹੋਈ। ਕਈ ਦੇਸ਼ਾਂ ਨੇ ਫਾਂਸੀ ਦੀ ਸਜ਼ਾ ਖਤਮ ਹੀ ਕਰ ਦਿੱਤੀ ਹੈ। ਅੱਜ ਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਅਜਲਾਸ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਨਾ ਦਿੱਤੀ ਜਾਵੇ ਤਾਂ ਜੋ ਸਿੱਖ ਭਾਈਚਾਰੇ ਵਿਚ ਬੇਗਾਨਗੀ ਨਾ ਪਨਪੇ।’ 12.“ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਇਹ ਜਨਰਲ ਅਜਲਾਸ ਗੁਰਦੁਆਰਾ ਪ੍ਰਬੰਧ ਨੁੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਅੰਤਿੰ੍ਰਗ ਕਮੇਟੀ ਤੇ ਮਾਨਯੋਗ ਪ੍ਰਧਾਨ ਸਾਹਿਬ ਵਲੋਂ ਕੀਤੇ ਸਮੁੱਚੇ ਫੈਸਲਿਆਂ, ਆਗਿਆ/ਆਰਡਰਾਂ ਦੀ ਪੁਸ਼ਟੀ ਕਰਦਾ ਹੈ।” 13.“ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਨਰਲ ਅਜਲਾਸ ‘ਸਿੱਖ’ ਦੀ ਪ੍ਰੀਭਾਸ਼ਾ ਨੂੰ ਹੋਰ ਸਪੱਸ਼ਟ/ਸਰਲ ਬਨਾਉਣ ਲਈ ਸਿੱਖ ਚਿੰਤਕਾਂ ਅਤੇ ਧਾਰਮਿਕ ਤੇ ਕਾਨੂੰਨੀ ਮਾਹਰਾਂ ’ਤੇ ਅਧਾਰਤ ਸਬ-ਕਮੇਟੀ ਨੀਯਤ ਕਰਨ ਦੇ ਅਧਿਕਾਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਂਦਾ ਹੋਇਆ ਸਰਬ ਸੰਮਤੀ ਨਾਲ ਇਹ ਵੀ ਪ੍ਰਵਾਨਗੀ ਦੇਂਦਾ ਹੈ ਕਿ ਸਬ-ਕਮੇਟੀ ਵਲੋਂ ਸਿੱਖ ਦੀ ਬਣਾਈ ਜਾਣ ਵਾਲੀ ਪ੍ਰੀਭਾਸ਼ਾ ਨੂੰ ਅੰਤਿੰ੍ਰਗ ਕਮੇਟੀ ਦੀ ਪ੍ਰਵਾਨਗੀ ਜਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਅੰਤਿੰ੍ਰਗ ਕਮੇਟੀ ਦੀ ਪ੍ਰਵਾਨਗੀ ਦੀ ਆਸ ਪੁਰ ਆਗਿਆ ਉਪਰੰਤ ਇਸਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦਾ ਮਤਾ ਹੀ ਸਮਝਿਆ ਜਾਵੇ।”
ਉਪਰੋਕਤ ਪੇਸ਼ ਕੀਤੇ ਮਤਿਆਂ ਨੂੰ ਸਮੁੱਚੇ ਹਾਊਸ ਨੇ ਜੈਕਾਰਿਆਂ ਦੀ ਗੁੰਜ ’ਚ ਪ੍ਰਵਾਨਗੀ ਦਿੱਤੀ। ਚੋਣ ਪ੍ਰਕ੍ਰਿਆ ਤੇ ਧਾਰਮਿਕ ਮਰਿਯਾਦਾ ਦੀ ਸਮਾਪਤੀ ਉਪਰੰਤ ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਮੂੰਹ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਤਿਗੁਰੂ ਦੀ ਅਪਾਰ ਬਖਸ਼ਿਸ਼ ਨਾਲ ਉਹ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼ੁਰੂ ਕੀਤੇ ਪ੍ਰੋਜੈਕਟ ਸਿਰੇ ਚੜਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਪ੍ਰਧਾਨਗੀ ਪਦ ਦੀ ਬਖਸ਼ਿਸ਼ ਉਪਰੰਤ ਉੁਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਜਥੇਦਾਰ ਅਵਤਾਰ ਸਿੰਘ ਆਪਣੇ ਸਾਥੀਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।