ਨਵੀ ਦਿਲੀ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਇਹ ਐਲਾਨ ਕੀਤਾ ਹੈ ਕਿ ਪਾਕਿਸਤਾਨ ਭਾਰਤ ਦੇ ਖਿਲਾਫ ਪ੍ਰਮਾਣੂੰ ਹਥਿਆਰਾਂ ਦਾ ਪਹਿਲਾਂ ਇਸਤੇਮਾਲ ਨਹੀ ਕਰੇਗਾ। ਜਰਦਾਰੀ ਨੇ ਕਿਹਾ ਕਿ ਭਾਰਤ ਨੂੰ ਆਪਣੇ ਗਵਾਂਢੀ ਦੇਸ਼ ਪਾਕਿਸਤਾਨ ਤੋਂ ਖਤਰੇ ਦਾ ਅਹਿਸਾਸ ਨਹੀ ਹੋਣਾ ਚਾਹੀਦਾ। ਜ਼ਰਦਾਰੀ ਨੇ ਹਿੰਦੋਸਤਾਨ ਟਾਈਮਜ਼ ਲੀਡਰਸਿ਼ਪ ਸਮਿਟ ਨੂੰ ਸੈਟੇਲਾਈਟ ਰਾਹੀਂ ਸੰਬੋਧਨ ਕਰਦਿਆਂ ਹੋਇਆਂ ਇਹ ਸ਼ਬਦ ਕਹੇ ਸਨ। ਜਦੋਂ ਉਨ੍ਹਾਂ ਨੂੰ ਕਸ਼ਮੀਰ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ਕਸ਼ਮੀਰ ਕਸ਼ਮੀਰੀਆਂ ਦਾ ਹੈ। ਜ਼ਰਦਾਰੀ ਨੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਮੁਕਤ ਵਪਾਰ ਚਾਹੁੰਦਾ ਹੈ। ਪ੍ਰਮਾਣੂੰ ਯੁਧ ਦਾ ਵਿਰੋਧ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਤੋਂ ਕੋਈ ਖਤਰਾ ਮਹਿਸੂਸ ਨਹੀਂ ਹੁੰਦਾ। ਭਾਰਤ ਨੂੰ ਵੀ ਸਾਡੇ ਦੇਸ਼ ਤੋਂ ਕਿਸੇ ਖਤਰੇ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ।
ਕਸ਼ਮੀਰ ਮਸਲੇ ਬਾਰੇ ਜ਼ਰਦਾਰੀ ਨੇ ਕਿਹਾ ਕਿ ਇਸ ਮਸਲੇ ਬਾਰੇ ਦੋਵੇਂ ਦੇਸ਼ਾਂ ਦੀ ਜਨਤਾ ਨੂੰ ਪਹਿਲ ਕਰਨੀ ਚਾਹੀਦੀ ਹੈ ਅਤੇ ਇਕ ਤਾਲਮੇਲ ਰਾਹੀਂ ਹੱਲ ਕੱਢਣ ਦੀ ਕੋਸਿ਼ਸ਼ ਕਰਨੀ ਚਾਹੀਦੀ ਹੈ। ਪਰਵੇਜ਼ ਮੁਸ਼ਰੱਫ਼ ਦੇ ਭਵਿੱਖ ਨਾਲ ਜੁੜੇ ਸਵਾਲ ਨੂੰ ਮਜ਼ਾਕ ਵਿਚ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਉਹ ਗੋਲਫ਼ ਖੇਡ ਰਹੇ ਹਨ ਅਤੇ ਉਹ ਚਾਹੁਣਗੇ ਕਿ ਮੁਸ਼ਰੱਫ਼ ਆਪਣੇ ਇਸ ਮੈਚ ਵਿਚ ਕਾਮਯਾਬ ਰਹਿਣ।
ਦਖਣ ਏਸ਼ੀਆ ਨੂੰ ਪ੍ਰਮਾਣੂੰ ਹਥਿਆਰਾਂ ਤੋਂ ਮੁਕਤ ਕਰਨ ਦੀ ਵਕਾਲਤ ਕਰਦਿਆਂ ਹੋਇਆ ਜ਼ਰਦਾਰੀ ਨੇ ਕਿਹਾ ਕਿ ਅਸੀਂ ਨਹੀ ਚਾਹੁੰਦੇ ਕਿ ਭਵਿਖ ਵਿਚ ਸਾਨੂੰ ਕਦੇ ਪ੍ਰਮਾਣੂੰ ਹਥਿਆਰਾਂ ਦਾ ਇਸਤੇਮਾਲ ਕਰਨਾ ਪਵੇ। ਉਨ੍ਹਾਂ ਨੇ ਇਸ ਮੌਕੇ ਆਪਣੀ ਸਵਰਗਵਾਸੀ ਪਤਨੀ ਬੇਨਜ਼ੀਰ ਭੁਟੋ ਦੇ ਕਹੇ ਗਏ ਸ਼ਬਦਾਂ ਨੂੰ ਦੁਹਰਾਇਆ ਕਿ ਹਰ ਪਾਕਿਸਤਾਨੀ ਵਿਚ ਕਿਤੇ ਨਾਂ ਕਿਤੇ ਇਕ ਹਿੰਦੋਸਤਾਨੀ ਵਸਦਾ ਹੈ ਅਤੇ ਹਰ ਹਿੰਦੋਸਤਾਨੀ ਵਿਚ ਕਿਤੇ ਨਾ ਕਿਤੇ ਇਕ ਪਾਕਿਸਤਾਨੀ ਵਸਦਾ ਹੈ। ਉਨ੍ਹਾ ਨੇ ਆਪਣੇ ਸਹੁਰੇ ਜੁ਼ਲਫਿਕਾਰ ਅਲੀ ਭੁੱਟੋ ਅਤੇ ਪਤਨੀ ਬੇਨਜ਼ੀਰ ਦੋਵਾਂ ਨੂੰ ਆਪਣਾ ਆਦਰਸ਼ ਦਸਿਆ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਜੇ ਭਾਰਤ ਚੀਨ ਨਾਲ ਵਪਾਰ ਕਰ ਸਕਦਾ ਹੈ ਤਾਂ ਫਿਰ ਭਾਰਤ ਪਾਕਿਸਤਾਨ ਵਿਚਕਾਰ ਵਪਾਰ ਕਿਉਂ ਨਹੀਂ ਹੋ ਸਕਦਾ। ਦੋਵੇਂ ਦੇਸ਼ਾਂ ਵਿਚਕਾਰ ਵੀਜ਼ੇ ਦੇ ਨਿਯਮਾਂ ਨੂੰ ਸੌਖਾ ਬਨਾਉਣ ਸਬੰਧੀ ਜੁੜੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ, “ਮੈਂ ਤਾਂ ਚਾਹੁੰਦਾ ਹਾਂ ਕਿ ਅਜਿਹੇ ਹਾਲਾਤ ਬਣਨ ਕਿ ਦੋਵੇਂ ਦੇਸ਼ਾਂ ਵਿਚ ਆਉਣ ਜਾਣ ਲਈ ਪਾਸਪੋਰਟ ਦੀ ਲੋੜ ਹੀ ਨਾ ਪਵੇ ਅਤੇ ਲੋਕੀਂ ਈ-ਕਾਰਡ ਵਿਖਾਕੇ ਹੀ ਆ ਜਾ ਸਕਣ।” ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਰਲਕੇ ਬਹੁਤ ਕੁਝ ਕਰ ਸਕਦੇ ਹਨ। ਜਦ ਜ਼ਰਦਾਰੀ ਪਾਸੋਂ ਪੁਛਿਆ ਗਿਆ ਕਿ ਜੰਮੂ ਕਸ਼ਮੀਰ ਵਿਚ ਹੁਣ ਤੱਕ ਦੀਆਂ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਹੋਣ ਪਿਛੇ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਦੂਰ ਰਹਿਣ ਦੀ ਨੀਤੀ ਕਰਕੇ ਹੀ ਅਜਿਹਾ ਹੋ ਰਿਹਾ ਹੈ, ਤਾਂ ਕੀ ਉਹ ਭਰੋਸਾ ਦੇ ਸਕਣਗੇ ਕਿ ਭਵਿੱਖ ਵਿਚ ਵੀ ਪਾਕਿਸਤਾਨ ਦੂਰੀ ਬਣਾਈ ਰੱਖਕੇ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਹੋਣ ਦੇਵੇਗਾ, ਤਾਂ ਉਨ੍ਹਾਂ ਨੇ ਕਿਹਾ ਕਿ, “ਮੈਂ ਹਮੇਸ਼ਾਂ ਤੋਂ ਦੂਰੀ ਬਣਾਈ ਰਖਣ ਦੀ ਨੀਤੀ ‘ਤੇ ਵਿਸ਼ਵਾਸ ਕਰਦਾ ਰਿਹਾ ਹਾਂ ਅਤੇ ਇਹ ਨੀਤੀ ਜਾਰੀ ਰਹੇਗੀ।” ਪਾਕਿਸਤਾਨ ਦੀ ਖਰਾਬ ਮਾਲੀ ਹਾਲਤ ਨੂੰ ਕਬੂਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਮੁਦਰਾ ਕੋਸ਼ ਨਾਲ ਗੱਲਬਾਤ ਅੱਗੇ ਵਧੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਦੁਨੀਆਂ ਦੇ ਦੂਜੇ ਦੇਸ਼ਾਂ ਵਾਂਗ ਪਾਕਿਸਤਾਨ ਨੂੰ ਵੀ ਮਦਦ ਮਿਲ ਜਾਵੇਗੀ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ, “ਮੈਂ ਟਰੇਡ (ਵਪਾਰ) ਵਿਚ ਭਰੋਸਾ ਕਰਦਾ ਹਾਂ ਮਦਦ ਵਿਚ ਨਹੀਂ। ਇਸ ਲਈ ਮੈਂ ਕਹਿੰਦਾ ਹਾਂ ਕਿ ਚਲੋ ਕਾਰੋਬਾਰ ਕਰਦੇ ਹਾਂ।”