ਦੇਸ਼ ਵਿਚ ਬੁਰੀ ਤਰ੍ਹਾਂ ਅਫਰਾ-ਤਫਰੀ ਮਚੀ ਹੈ। ਕਿਧਰੇ ਬੰਬ ਧਮਾਕੇ ਹੋ ਰਹੇ ਹਨ, ਕਿਧਰੇ ਘੱਟ ਗਿਣਤੀਆਂ ਨੂੰ ਦਬਕਾਇਆ ਤੇ ਜਲਾਇਆ ਜਾ ਰਿਹਾ ਹੈ। ਕਿਧਰੇ ਇਨ੍ਹਾਂ ਮਨਸੂਬਿਆਂ ਦੀ ਪੂਰਤੀ ਲਈ ਕੁਝ ਲੋਕਾਂ ਨੂੰ ਧਾਰਮਿਕਤਾ ਦਾ ਚੋਲਾ ਪਹਿਨਾ ਕੇ ਜਨਤਾ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ ਅਤੇ ਕਿਧਰੇ ਰਾਜਸੀ ਪਕੜ ਮਜ਼ਬੂਤ ਕਰਨ ਲਈ ਹਰ ਉਹ ਸਾਧਨ ਰਾਜਸੀ ਪਾਰਟੀਆਂ ਵੱਲੋਂ ਅਪਣਾਏ ਜਾ ਰਹੇ ਹਨ, ਜੋ ਸਮੁੱਚੇ ਦੇਸ਼ ਨੂੰ ਹੀ ਵਿਸਫੋਟਕ ਬਰੂਦ ਦੇ ਅੰਬਾਰ ’ਤੇ ਲਿਆ ਖੜ੍ਹਾ ਕਰ ਦਿੰਦੇ ਹਨ। ਜਿਹੜੇ ਬਜਰੰਗ ਦਲ ਜਾਂ ਹਿੰਦੂ ਸ਼ਿਵ ਸੈਨਾ ਵੱਲੋਂ ਇਸਾਈ ਪ੍ਰਚਾਰਕਾਂ ’ਤੇ ਯੋਜਨਾਬੰਦ ਹਮਲੇ ਕੀਤੇ ਗਏ ਜਾਂ ਕੀਤੇ ਜਾ ਰਹੇ ਹਨ ਉਹ ਨਿੰਦਣਯੋਗ ਤਾਂ ਹੈ ਹੀ ਪਰ ਉਹ ਹਿੰਦੂਤਵ ਦੇ ਗਲਬੇ ਦਾ ਜ਼ੋਰਦਾਰ ਪ੍ਰਗਟਾਵਾ ਵੀ ਹਨ ਜੋ ਘੱਟ ਗਿਣਤੀਆਂ ਲਈ ਖ਼ਤਰਾ ਹੀ ਹੈ। ਰੰਗ-ਨਸਲ-ਬੋਲੀ ਦੇ ਭੇਦ-ਭਾਵ ਨੂੰ ਜ਼ੋਰਦਾਰ ਤਰੀਕੇ ਨਾਲ ਉਭਾਰਿਆ ਜਾ ਰਿਹਾ ਹੈ। ਪ੍ਰਾਂਤਕ ਝਗੜਿਆਂ ਨੂੰ ਉਛਾਲਾ ਦਿੱਤਾ ਗਿਆ ਹੈ। ਇਕ ਦੇਸ਼ ਵਿਚ ਰਹਿਣ ਵਾਲੇ ਲੋਕਾਂ ਅੰਦਰ ਹੀ ਭੈਅ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਕੇਂਦਰ ਵਿਚ ਸਰਕਾਰ ਭਾਜਪਾ ਦੀ ਹੋਵੇ, ਕਾਂਗਰਸ ਦੀ ਹੋਵੇ ਜਾਂ ਕੋਈ ਰਲੇਵੇਂ ਭਰਪੂਰ। ਪਰ ਘੱਟ ਗਿਣਤੀਆਂ ’ਤੇ ਹੁੰਦੇ ਹਮਲਿਆਂ ’ਤੇ ਸਭ ਖਾਮੋਸ਼ ਹਨ। ਕੋਈ ਕਾਰਵਾਈ ਨਹੀਂ। ਮੈਨੂੰ ਯਾਦ ਹੈ ਕਿ 1998 ਦੇ ਅਖੀਰਲੇ ਮਹੀਨਿਆਂ ਵਿਚ ਵੀ ਈਸਾਈਆਂ ’ਤੇ ਹਮਲੇ ਹੋਏ ਸਨ, ਉਦੋਂ ਕੇਂਦਰ ਵਿਚ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ। ਹੁਣ ਵੀ ਉਸੇ ਤਰਜ਼ ’ਤੇ ਹਮਲੇ ਹੋਏ ਹਨ ਹੁਣ ਸਰਕਾਰ ਕਾਂਗਰਸ ਦੀ ਹੈ। ਇਹ ਹਮਲੇ ਨਵੇਂ ਵੀ ਨਹੀਂ ਹਨ ਪਰ ਇਨ੍ਹਾਂ ਦੇ ਪਿੱਛੇ ਕੀ ਕਾਰਨ ਹਨ। ਧਰਮ ਦੀ ਆਜ਼ਾਦੀ, ਧਰਮ ਪ੍ਰਚਾਰ ਦੇਸ਼ ਅੰਦਰ ਜ਼ੁਰਮ ਬਣ ਗਿਆ ਹੈ ਕਿ ਪਰਿਵਾਰ ਸਮੇਤ ਪ੍ਰਚਾਰਕਾਂ ਨੂੰ ਸਾੜ/ਮਾਰ ਦਿੱਤਾ ਜਾਂਦਾ ਹੈ।
ਉੜੀਸਾ ਵਿਚ ਸਵਾਮੀ ਲਕਸ਼ਮਾਨੰਦ ਅਤੇ ਉਸ ਦੇ ਚਾਰ ਹੋਰ ਸਾਥੀਆਂ ਦੇ ਕਤਲ ਮਗਰੋਂ ਭੜਕੀ ਹਿੰਸਾ ਦੌਰਾਨ ਕੰਧਮਾਲ ਵਿਖੇ ਬਾਲੀਗੁੱਡਾ ਦੇ ਨੁਆਗਾਉਂ ਵਿਚ 15 ਅਗਸਤ 2008 ਨੂੰ ਇਕ 29 ਸਾਲਾ ਨੱਨ ਤੇ ਪਾਦਰੀ ਚੇਲਨ ਨਾਲ ਕੁਝ ਲੋਕਾਂ ਵੱਲੋਂ ਬਦਸਲੂਕੀ ਹੀ ਨਹੀਂ ਕੀਤੀ ਗਈ ਸਗੋਂ ਨੱਨ ਦਾ ਸਮੂਹਿਕ ਬਲਾਤਕਾਰ ਵੀ ਹੋਇਆ। ਚਾਰ ਮਹੀਨੇ ਬਾਅਦ ਇਸ ਕਾਂਡ ਨਾਲ ਸਬੰਧਤ ਖ਼ਬਰਾਂ ਮੁੜ ਰੋਸ਼ਨੀ ਵਿਚ ਆ ਰਹੀਆਂ ਹਨ। ਨੱਨ ਨਾਲ ਜਦ ਸਮੂਹਿਕ ਬਲਾਤਕਾਰ ਹੋਇਆ ਤਾਂ ਤੁਰੰਤ ਹੀ ਬਾਅਦ ਦੋ ਹੋਰ ਲੋਕ ਆ ਕੇ ਉਸ ਨਾਲ ਛੇੜਛਾੜ ਤੇ ਬਲਾਤਕਾਰ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਕ ਹਿੰਦੂ ਸੱਜਣ ਨੇ ਨੱਨ ਨੂੰ ਇਸ ਬਲਾਤਕਾਰ ਤੋਂ ਬਚਾਇਆ। ਇਹ ਉਸ ਨਨ ਨੇ ਪੁਲਿਸ ਨੂੰ ਹੱਡਬੱਤੀ ਬਿਆਨ ਦਰਜ ਕਰਦਿਆਂ ਦਸਿਆ ਹੈ। ਉਸਨੇ ਇਹ ਵੀ ਕਿਹਾ ਹੈ ਕਿ ਮੈਂ ਨੀਮ ਬੇਹੋਸ਼ੀ ਵਿਚ ਸਾਂ-ਮੈਂ ਉਨ੍ਹਾਂ ਦੋ ਲੋਕਾਂ ਨੂੰ ਠੀਕ ਤਰੀਕੇ ਨਾਲ ਪਛਾਣ ਨਹੀਂ ਸਕਦੀ। ਇਸ ਮੌਕੇ ਫਾਦਰ ਥੋਮਸ ਚੇਲਨ ਤੇ ਭੀੜ ਨੇ ਹਮਲਾ ਕਰ ਦਿੱਤਾ ਸੀ। ਏਸੇ ਤਰ੍ਹਾਂ ਕੇਰਲਾ ਦੇ ਸੇਂਟ ਪੀਅਰਸ ਕਾਨਵੈਂਟ ਕੋਟਾਯਾਮ ਵਿਖੇ ਅਭਿਆ ਨਾਮੀ ਨਨ ਦੀ 16 ਸਾਲ ਪਹਿਲਾਂ ਹੋਈ ਮੌਤ ਵੀ ਰਹੱਸ ਬਣੀ ਹੋਈ ਹੈ। ਉਸ ਦਾ ਬਲਾਤਕਾਰ ਕਰਨ ਮਗਰੋਂ ਉਸ ਨੂੰ ਮਾਰ ਕੇ ਇਕ ਖੁਹ ਵਿਚ ਸੁੱਟ ਦਿੱਤਾ ਗਿਆ ਸੀ।
ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਂਰਾਸ਼ਟਰ ਵਿਚ ਇਸਾਈਆਂ ਦੇ ਗਿਰਜਿਆਂ ’ਤੇ ਹਮਲਿਆਂ ਦੀਆਂ ਖ਼ਬਰਾਂ ਅਕਸਰ ਹੀ ਮੀਡੀਆ ਵਿਚ ਆਉਂਦੀਆਂ ਰਹਿੰਦੀਆਂ ਹਨ। ਇਹ ਹਮਲੇ ਦੂਰ-ਦਰਾਜ਼ ਦੀਆਂ ਥਾਵਾਂ ’ਤੇ ਕੀਤੇ ਜਾਂਦੇ ਹਨ। ਇਨ੍ਹਾਂ ਇਲਾਕਿਆਂ ਵਿਚ ਬਹੁਤੀ ਵੱਸੋਂ ਗਰੀਬ ਹੈ ਅਤੇ ਕਬਾਇਲੀਆਂ ਵਾਲਾ ਜੀਵਨ ਜਿਉਂਦੀ ਹੈ। ਇਸਾਈ ਪ੍ਰਚਾਰਕਾਂ ਨੇ ਵਰ੍ਹਿਆਂ ਦੀ ਨਿਰੰਤਰ ਘਾਲਣਾ ਘਾਲ ਕੇ ਇਥੇ ਲੋਕਾਂ ਵਿਚ ਜਾਗ੍ਰਿਤੀ ਲਿਆਂਦੀ ਹੈ। ਉਨ੍ਹਾਂ ਲਈ ਸਿੱਖਿਆ ਸੰਸਥਾਵਾਂ ਖੋਲ੍ਹੀਆਂ ਹਨ ਅਤੇ ਹੋਰ ਅਨੇਕਾਂ ਤਰੀਕਿਆਂ ਨਾਲ ਉਨ੍ਹਾਂ ਦੀ ਸਹਾਇਤਾ ਕੀਤੀ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਇਲਾਕਿਆਂ ਵਿਚ ਲੋਕਾਂ ਨੇ ਇਸਾਈ ਧਰਮ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਉਥੇ ਕਾਫੀ ਵੱਡੀ ਮਾਤਰਾ ਵਿਚ ਲੋਕ ਇਸਾਈ ਬਣੇ ਹੋਏ ਹਨ। ਇਸ ਦੇ ਪ੍ਰਤੀਕਰਮ ਵਜੋਂ ਹੀ ਕੁਝ ਮੂਲਵਾਦੀ ਹਿੰਦੂ ਸੰਗਠਨਾਂ ਨੇ ਉਥੇ ਗੜਬੜ ਫੈਲਾਉਣ, ਲੋਕਾਂ ਨੂੰ ਡਰਾਉਣ ਅਤੇ ਇਸਾਈ ਪ੍ਰਚਾਰਕਾਂ ਨੂੰ ਭਜਾਉਣ ਦੀ ਨੀਤੀ ਅਖਤਿਆਰ ਕੀਤੀ ਹੈ। 1998 ਵਿਚ ਵੀ ਗੁਜਰਾਤ ਦੇ ਇਕ ਪਛੜੇ ਹੋਏ ਜ਼ਿਲ੍ਹੇ ਡਾਂਗ ਦੀ ਇਸੇ ਲਈ ਚਰਚਾ ਚੱਲੀ ਸੀ, ਕਿਉਂਕਿ ਉਥੇ ਇਨ੍ਹਾਂ ਸੰਗਠਨਾਂ ਵੱਲੋਂ ਗਿਰਜਿਆਂ ਨੂੰ ਅੱਗਾਂ ਲਾਈਆਂ ਗਈਆਂ ਅਤੇ ਲੋਕਾਂ ਨੂੰ ਮਾਰਿਆ-ਕੁੱਟਿਆ ਗਿਆ। ਇਨ੍ਹਾਂ ਘਟਨਾਵਾਂ ਦੀ ਇਸ ਲਈ ਵੱਡੀ ਪੱਧਰ ’ਤੇ ਚਰਚਾ ਹੋਈ ਸੀ ਕਿਉਂਕਿ ਉਥੇ ਭਾਜਪਾ ਦੀ ਪ੍ਰਾਂਤਕ ਸਰਕਾਰ ਕਾਇਮ ਹੈ। ਦੂਸਰੀਆਂ ਪਾਰਟੀਆਂ ਅਤੇ ਹੋਰ ਅਨੇਕਾਂ ਸੰਗਠਨ ਭਾਜਪਾ ’ਤੇ ਇਹ ਦੋਸ਼ ਲਾ ਰਹੇ ਹਨ ਕਿ ਉਹ ਇਨ੍ਹਾਂ ਮੂਲਵਾਦੀ ਅਨਸਰਾਂ ਦੀ ਲੁਕਵੀਂ ਹਮਾਇਤ ਕਰ ਰਹੀ ਹੈ ਅਤੇ ਇਹ ਵੀ ਉਸ ਦੇ ਪ੍ਰਸ਼ਾਸਨ ਵਿਚ ਇਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ। ਜਿਥੇ ਮੂਲਵਾਦੀ ਸੰਗਠਨ ਇਨ੍ਹਾਂ ਘਟਨਾਵਾਂ ਤੋਂ ਬਾਅਦ ਵੀ ਨਿਰਉਤਸ਼ਾਹਤ ਨਹੀਂ ਹੋਏ ਉਥੇ ਗੁਜਰਾਤ ਦੀ ਸਰਕਾਰ ਕਈ ਆਨੇ-ਬਹਾਨੇ ਕਰਦੀ ਹੋਈ ਇਨ੍ਹਾਂ ਗੱਲਾਂ ਤੋਂ ਮੁਕਰ ਰਹੀ ਹੈ। ਅਜੇ ਪਹਿਲੀਆਂ ਘਟਨਾਵਾਂ ਦਾ ਸੇਕ ਮੱਠਾ ਨਹੀਂ ਸੀ ਪਿਆ ਕਿ ਬਜਰੰਗ ਦਲ ਦੇ ਕੁਝ ਕਥਿਤ ਅਨਸਰਾਂ ਨੇ ਆਸਟਰੇਲੀਆ ਦੇ ਇਕ ਇਸਾਈ ਪ੍ਰਚਾਰਕ ਜੋ ਕੋਹੜ ਆਸ਼ਰਮ ਚਲਾਉਣ ਦੀ ਸੇਵਾ ਨਿਭਾ ਰਿਹਾ ਸੀ ’ਤੇ ਜਾਨ ਲੇਵਾ ਹਮਲਾ ਕਰਕੇ ਉਸ ਦੇ ਦੋ ਨੌਜਵਾਨ ਪੁੱਤਰਾਂ ਨੂੰ ਵੀ ਨਾਲ ਅੱਗ ਲਾ ਕੇ ਸ਼ਰ੍ਹੇਆਮ ਸਾੜ ਦਿੱਤਾ ਸੀ। ਇਸ ਅਨਮਨੁੱਖੀ ਤਸ਼ੱਦਦ ’ਤੇ ਖੌਫਨਾਕ ਹਮਲੇ ਨਾਲ ਈਸਾਈ ਭਾਈਚਾਰੇ ਅੰਦਰ ਭੈਅ, ਰੋਸ ਅਤੇ ਰੋਹ ਜਾਗਣਾ ਸੁਭਾਵਿਕ ਹੀ ਹੈ, ਪਰ ਬਜਰੰਗ ਦਲ ਨੂੰ ਅਜਿਹੀਆਂ ਕਾਰਵਾਈਆਂ ਲਈ ਖੁੱਲ ਦੇਣੀ ਇਹ ਨਿਸ਼ਚਿਤ ਕਰਦੀ ਹੈ ਕਿ ਪ੍ਰਾਂਤਕ ਸਰਕਾਰ ਅਤੇ ਕੇਂਦਰ ਸਰਕਾਰ ਇਨ੍ਹਾਂ ਘਟਨਾਵਾਂ ਪ੍ਰਤੀ ਜਾਗਰੂਕ ਨਹੀਂ ਹੈ ਅਤੇ ਨਾ ਹੀ ਉਹ ਅਜਿਹਾ ਕੁੱਝ ਕਰਨਾ ਚਾਹੁੰਦੀ ਹੈ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਇਨ੍ਹਾਂ ਇਲਾਕਿਆਂ ਦੇ ਦੌਰੇ ਅਤੇ ਉਸ ਵਕਤ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਫੇਰੀ ਨੇ ਇਸ ਘਟਨਾ ਚੱਕਰ ਵੱਲ ਹੋਰ ਵੀ ਧਿਆਨ ਖਿਚਿਆ ਸੀ। ਚਾਹੇ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ ਨੂੰ ਅਧਿਕਾਰ ਸੌਂਪੇ ਗਏ ਪਰ ਦੁਬਾਰਾ ਵਾਪਰੀਆਂ ਘਟਨਾਵਾਂ ਨੇ ਮੁੜ ਇਹ ਸਾਬਤ ਕਰ ਦਿੱਤਾ ਕਿ ਸ਼ਰਾਰਤੀਆਂ ਦੇ ਹੌਸਲੇ ਛੇਤੀ ਕੀਤਿਆਂ ਪਸਤ ਹੋਣ ਵਾਲੇ ਨਹੀਂ। ਪਿਛਲੇ ਦਿਨੀਂ ਗੁਜਰਾਤ ਦੇ ਹੀ ਹੋਰ ਦੂਰ ਦੇ ਇਲਾਕਿਆਂ ਵਿਚ ਦੋ ਹੋਰ ਗਿਰਜਿਆਂ ’ਤੇ ਹਮਲੇ ਕੀਤੇ ਗਏ। ਇਸ ਸਬੰਧੀ ਹਿੰਦੂ ਜਾਗਰਣ ਮੰਚ ਦੇ ਪ੍ਰਧਾਨ ਨੇ ਦਾਅਵਾ ਕੀਤਾ ਸੀ ਕਿ ਇਸਾਈ ਮਿਸ਼ਨਰੀਆਂ ਦੇ ਖਿਲਾਫ ਇਹ ਅੰਦੋਲਨ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਇਸਾਈ ਪ੍ਰਚਾਰਕ ਇਨ੍ਹਾ ਇਲਾਕਿਆਂ ’ਚੋਂ ਚਲੇ ਨਹੀਂ ਜਾਂਦੇ। ਦੂਸਰੇ ਪਾਸੇ ਉਸ ਸਮੇਂ ਦੇ ਸੀ. ਬੀ. ਆਈ. ਅਧਿਕਾਰੀ ਗਾਇਕਵਾੜ ਨੇ ਇਹ ਮੰਨਿਆ ਕਿ ਇਹ ਹਮਲੇ ਇਨ੍ਹਾਂ ਮੂਲਵਾਦੀ ਸੰਗਠਨਾਂ ਵੱਲੋਂ ਹੀ ਕੀਤੇ ਗਏ ਸਨ। ਗਾਇਕਵਾੜ ਨੇ ਇਹ ਵੀ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਇਨ੍ਹਾਂ ਮੂਲਵਾਦੀ ਗੁਟਾਂ ਦੇ ਹੌਸਲੇ ਬੁਲੰਦ ਹੀ ਹੋਏ ਹਨ ਅਤੇ ਉਨ੍ਹਾਂ ਨੇ ਆਪਣੀਆਂ ਕਾਰਵਾਈਆਂ ਸਗੋਂ ਹੋਰ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਇਸਾਈਆਂ ਵਿਰੋਧੀ ਇਹ ਅੰਦੋਲਨ ਗੁਜਰਾਤ ਦੇ ਗੁਆਂਢੀ ਰਾਜ ਮਹਾਂਰਾਸ਼ਟਰ ਦੇ ਕਈ ਹਿੱਸਿਆਂ ਵਿਚ ਵੀ ਫੈਲਣ ਲੱਗਾ। ਇਹ ਵੀ ਪਤਾ ਲੱਗਾ ਕਿ ਇਨ੍ਹਾਂ ਸੰਗਠਨਾਂ ਨੇ ਆਪਣੀਆਂ ਅਜਿਹੀਆਂ ਹੀ ਕਾਰਵਾਈਆਂ ਮੱਧ ਪ੍ਰਦੇਸ਼ ਦੇ ਉਨ੍ਹਾਂ ਆਦਿਵਾਸੀ ਇਲਾਕਿਆਂ ਵਿਚ ਸ਼ੁਰੂ ਕਰ ਦਿੱਤੀਆਂ ਜਿਥੇ ਇਸਾਈ ਮਿਸ਼ਨਰੀ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਸਨ ਤੇ ਜੋ । ਉਸ ਵਕਤ ਕੇਂਦਰ ਦੀ ਭਾਜਪਾ ਸਰਕਾਰ ਲਈ ਇਹ ਬਹੁਤ ਵੱਡੀ ਚੁਨੌਤੀ ਸੀ। ਅੱਜ ਕਾਂਗਰਸ ਲਈ ਵੀ ਉਵੇਂ ਹੀ ਹੈ। ਜੇਕਰ ਸਰਕਾਰ ਸਖ਼ਤੀ ਨਾਲ ਇਨ੍ਹਾਂ ਕਾਰਵਾਈਆਂ ਨੂੰ ਰੋਕਣ ਤੋਂ ਅਸਮਰੱਥ ਰਹਿੰਦੀ ਹੈ ਤਾਂ ਬਿਨਾਂ ਸ਼ੱਕ ਉਹ ਦੇਸ਼ ਦੇ ਸੰਵਿਧਾਨ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਹੋਵੇਗੀ। ਇਸ ਵਿਚ ਸ਼ੱਕ ਨਹੀਂ ਕਿ ਜੇਕਰ ਪੈਦਾ ਹੋਈ ਇਸ ਧਾਰਨਾ ਨੂੰ ਵਧਣ ਦਿੱਤਾ ਗਿਆ ਤਾਂ ਦੇਸ਼ ਹੋਰ ਵੀ ਵੱਡੀਆਂ ਸਮੱਸਿਆਵਾਂ ਵਿਚ ਉਲਝ ਕੇ ਰਹਿ ਜਾਵੇਗਾ।ਭਾਰਤ ਦੇ ਗੁਜਰਾਤ ਰਾਜ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਉਸ ਦੀਆਂ ਸਹਾਇਕ ਪਾਰਟੀਆਂ ਵੱਲੋਂ ਇਸਾਈ ਪ੍ਰਚਾਰਕਾਂ ਦੀ ਕੀਤੀ ਬੇਹੁਰਮਤੀ ਵਾਲੀਆਂ ਹਿੰਸਕ ਕਾਰਵਾਈਆਂ, ਇਕ ਸਾਜ਼ਿਸ਼ ਅਧੀਨ ਹਿੰਦੂ ਬਹੁ-ਸੰਮਤੀ ਦਾ ਗਲਬਾ ਵਧਾਉਣ ਦੇ ਮਨੋਰਥ ਨਾਲ ਕੀਤੀਆਂ ਜਾ ਰਹੀਆਂ ਹਨ।ਇਹ ਅਤਿ ਨਿੰਦਕ ਕਾਰਵਾਈਆਂ ਦੇਸ਼ ਦੇ ਵਿਧਾਨ, ਇਸ ਦੇ ਬਹੁ-ਧਰਮੀ ਸਰੂਪ ਦੇ ਖਿਲਾਫ ਕਾਰਵਾਈਆਂ ਹਨ, ਜੋ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਵਿੱਖਤ ਲਈ ਗੰਭੀਰ ਚੈਲੰਜ ਹਨ। ਭਾਰਤ ਸਰਕਾਰ ਵੱਲੋਂ ਇਨ੍ਹਾਂ ਵਿਰੁੱਧ ਅਜੇ ਤੀਕ ਕੋਈ ਠੋਸ ਕਰਾਵਾਈ ਨਾ ਕਰ ਸਕਣੀ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਵਿਚ ਕੁਤਾਹੀ ਦੀਆਂ ਸੂਚਕ ਹਨ।ਭਾਰਤ ਸਰਕਾਰ ਨੂੰ ਇਨ੍ਹਾਂ ਫਿਰਕਾਦਾਰਾਨਾਂ ਕਾਰਵਾਈਆਂ ਨੂੰ ਰੋਕਣ ਲਈ ਦੋਸ਼ੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਠੋਸ ਕਾਰਵਾਈ ਕਰਨੀ ਚਾਹਿਦੀ ਹੈ । ਜਿਸ ਨਾਲ ਘੱਟ ਗਿਣਤੀਆਂ ਦੀ ਧਾਰਮਿਕ ਅਜ਼ਾਦੀ ਨੂੰ ਯਕੀਨੀ ਬਣਾਇਆ ਜਾ ਸਕੇ।ਦੇਰ ਨਾਲ ਕੀਤੀ ਕਾਰਵਾਈ ਚਾਹੇ ਸੀ. ਬੀ ਆਈ ਰਾਹੀ ਚਾਹੇ ਕਿਸੇ ਹੋਰ ਐਜੰਸੀ ਰਾਹੀ ਹੋਵੇ ਉਸ ਨਾਲ ਸਬੂਤ ਤੇ ਇਨਸਾਫ ਮਿਲਣ ਦੇ ਚਾਂਸ ਮੱਧਮ ਪੈ ਜਾਂਦੇ ਹਨ। ਇਹਨਾਂ ਏਜੰਸੀਆਂ ਵਲੋਂ ਦਹਾਕਿਆ ਬਦੀ ਕੇਸ ਦੀ ਪੜਤਾਲ ਤੇ ਫਿਰ ਸਾਲਾਂ ਬਦੀ ਅਦਾਲਤਾਂ ਦੀ ਕਾਰਵਾਈ। ਕਈ ਵਾਰ ਇਨਸਾਫ ਮੰਗਣ ਵਾਲੇ ਤਾਂ ਜ਼ਹਾਨ ਤੋਂ ਵੀ ਤੁਰ ਜਾਂਦੇ ਹਨ।ਅਜਿਹੇ ਮਾਮਲਿਆ ਨਾਲ ਸੰਬੰਧਿਤ ਕੋਈ ਵੀ ਮਾਮਲਾ ਦਿਨਾਂ, ਮਹੀਨਿਆਂ ਜਾਂ ਸਾਲ ਵਿਚ ਨਹੀਂ ਨਿਬੜਿਆ, ਦਹਾਕਿਆ ਦੀ ਬਾਤ ਪੈਂਦੀ ਹੈ । ਈਸਾਇਆ ਨਾਲ ਹੋਈਆਂ ਬੇਇੰਸਾਫੀਆਂ, ਧੱਕੇਸ਼ਾਹੀਆਂ ਦੇ ਕੇਸ ਅਦਾਲਤਾਂ ਵਿਚ ਹੁਣ ਵੀ ਰੁਲ ਰਹੇ ਹਨ। ਇਨਸਾਫ ਉਡੀਕ ਦੀਆਂ ਅੱਖਾਂ ਦੇ ਝਿੰਮਣ ਕਾਲਿਆਂ ਤੋਂ ਚਿੱਟੇ ਹੋ ਜਾਂਦੇ ਹਨ।