ਨਰਸਿੰਘਪੁਰ- ਮੱਧਪ੍ਰਦੇਸ਼ ਵਿਚ ਭਾਜਪਾ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿਧੂ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਅਰੋਪ ਕਰਕੇ ਐਫਆਈਆਰ ਦਰਜ ਕੀਤੀ ਗਈ ਹੈ। ਸਿਧੂ ਨੇ ਇਸ ਅਰੋਪ ਨੂੰ ਗਲਤ ਦਸਿਆ। ਸਿਧੂ ਤੇ ਅਰੋਪ ਹੈ ਕਿ 11 ਨਵੰਬਰ ਨੂੰ ਨਰਸਿੰਘਪੁਰ ਜਿਲ੍ਹੇ ਦੇ ਕਰੇਲੀ ਵਿਚ ਸਿਧੂ ਨੇ ਸਾਬਕਾ ਕੇਂਦਰੀ ਮੰਤਰੀ ਪ੍ਰਹਲਾਦ ਪਟੇਲ ਅਤੇ ਉਸਦੇ ਵਿਧਾਇਕ ਭਰਾ ਬੀਜੇਐਸ ਉਮੀਦਵਾਰ ਜਾਲਮ ਸਿੰਘ ਵਲ ਇਸ਼ਾਰਾ ਕਰਕੇ ਕਿਹਾ ਸੀ ਕਿ ਜੇ ਉਹ ਬੀਜੇਪੀ ਵਿਚ ਵਾਪਸ ਆ ਜਾਂਦੇ ਹਨ ਤਾਂ ਇਹ ਮਾਂ ਦੀ ਗੋਦ ਵਿਚ ਵਾਪਸ ਆਉਣ ਵਰਗਾ ਹੋਵੇਗਾ। ਸਿਧੂ ਨੇ ਕਥਿਤ ਰੂਪ ਵਿਚ ਇਹ ਵੀ ਕਿਹਾ ਕਿ ਜੇ ਤੁਸੀਂ ਉਨ੍ਹਾ ਨੂੰ(ਬੀਜੇਐਸ) ਨੂੰ ਵੋਟ ਦਿੰਦੇ ਹੋ ਤਾਂ ਇਹ ਗਾਂ ਦਾ ਮਾਸ ਖਾਣ ਦੇ ਬਰਾਬਰ ਪਾਪ ਹੋਵੇਗਾ। ਭੋਪਾਲ ਵਿਚ ਸਿਧੂ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਇਹ ਨਹੀ ਕਿਹਾ ਕਿ ਬੀਜੇਐਸ ਨੂੰ ਵੋਟ ਦੇਣਾ ਗਾਂ ਦਾ ਮਾਸ ਖਾਣ ਦੇ ਪਾਪ ਵਰਗਾ ਹੈ। ਮੈਂ ਤਾਂ ਸਿਰਫ ਇਹ ਕਿਹਾ ਸੀ ਕਿ ਜੋ ਲੋਕ ਪਹਿਲਾਂ ਕਿਹਾ ਕਰਦੇ ਸਨ ਕਿ ਕਾਂਗਰਸ ਨੂੰ ਵੋਟ ਦੇਣਾ ਗਾਂ ਦਾ ਮਾਸ ਖਾਣ ਵਰਗਾ ਹੈ, ਉਹੋ ਲੋਕ ਉਸ ਪਾਰਟੀ ਵਲ ਜਾ ਰਹੇ ਹਨ।
ਚੋਣ ਕਮਿਸ਼ਨ ਨੇ ਨਵਜੋਤ ਸਿੰਘ ਸਿਧੂ ਨੂੰ ਨੋਟਿਸ ਦੇ ਕੇ ਕਰੇਲੀ ਵਿਚ ਇਕ ਚੋਣ ਜਲਸੇ ਵਿਚ ਪਾਪ ਦਾ ਡਰ ਵਿਖਾ ਕੇ ਭਾਜਪਾ ਉਮੀਦਵਾਰ ਦੇ ਹੱਕ ਵਿਚ ਵੋਟ ਮੰਗਣ ਲਈ ਜਵਾਬ ਤਲਬ ਕੀਤਾ ਹੈ। ਉਸਨੂੰ ਮੰਗਲਵਾਰ ਸ਼ਾਮ ਤਕ ਜਵਾਬ ਦੇਣ ਲਈ ਕਿਹਾ ਗਿਆ ਹੈ। ਗੌਰਤਲਬ ਹੈ ਕਿ ਨਰਸਿੰਘਪੁਰ ਵਿਧਾਨ ਸਭਾਂ ਸੀਟ ਦੇ ਭਾਜਪਾ ਉਮੀਦਵਾਰ ਅਸ਼ਵਨੀ ਧੌਰੇਲੀਆ ਦੇ ਸਮਰਥਨ ਵਿਚ ਅਯੋਜਿਤ ਚੋਣ ਜਲਸੇ ਵਿਚ ਸਿਧੂ ਨੇ ਭਾਸ਼ਣ ਦਿੰਦੇ ਹੋਏ ਲੋਕਾਂ ਨੂੰ ਪਾਪ ਦਾ ਡਰ ਵਿਖਾਇਆ ਸੀ। ਕਰੇਲੀ ਪੁਲਿਸ ਨੇ ਸਿਧੂ ਦੇ ਖਿਲਾਫ ਧਾਰਾ 171 ਸੀ ਦੇ ਅਧੀਨ ਰਿਪੋਰਟ ਦਰਜ ਕੀਤੀ ਹੈ।