ਨਵੀ ਦਿਲੀ- ਅਮਰੀਕਾ ਦੀ ਵਿਦੇਸ਼ ਮੰਤਰੀ ਕੋਂਡੋਲਿਜਾ ਰਾਈਸ ਨੇ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਮੁੰਬਈ ਵਿਚ ਹੋਏ ਅਤਵਾਦੀ ਹਮਲਿਆਂ ਦੀ ਜਾਂਚ ਵਿਚ ਉਸਨੂੰ ਸਹਿਯੋਗ ਦੇਣਾ ਹੀ ਹੋਵੇਗਾ ਅਤੇ ਇਸ ਲਈ ਸਖਤ ਕਦਮ ਉਠਾਉਣੇ ਹੋਣਗੇ। ਪਾਕਿਸਤਾਨ ਦੇ ਮੁੰਬਈ ਹਮਲਿਆਂ ਵਿਚ ਗੈਰ ਸਰਕਾਰੀ ਤੱਤਾਂ ਦਾ ਹੱਥ ਹੋਣ ਬਾਰੇ ਦਾਅਵਿਆਂ ਨੂੰ ਖਾਰਿਜ ਕਰਦੇ ਹੋਏ ਰਾਈਸ ਨੇ ਕਿਹਾ ਕਿ ਅਜਿਹੇ ਤੱਤ ਵੀ ਪਾਕਿਸਤਾਨ ਦੀ ਹੀ ਜਿੰਮੇਵਾਰੀ ਹੈ। ਭਾਰਤ ਦੀ ਪਾਕਿਸਤਾਨ ਤੋਂ ਅਤਵਾਦੀਆਂ ਦੀ ਮੰਗ ਬਾਰੇ ਰਾਈਸ ਚੁਪ ਹੀ ਰਹੀ। ਉਸਦਾ ਇਹ ਵੀ ਕਹਿਣਾ ਸੀ ਕਿ ਰਾਸ਼ਟਰਪਤੀ ਜਰਦਾਰੀ ਆਪਣੇ ਵਾਅਦੇ ਤੋਂ ਪਿੱਛੇ ਨਹੀ ਹਟ ਸਕਦੇ।
ਕੋਂਡੋਲੀਜਾ ਰਾਈਸ ਨੇ ਕਿਹਾ ਕਿ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਵਿਸ਼ਵ ਭਾਈਚਾਰੇ ਨਾਲ ਅਤਵਾਦ ਦੇ ਖਿਲਾਫ ਲੜਾਈ ਵਿਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਉਹ ਇਸ ਵਾਅਦੇ ਤੋਂ ਪਿੱਛੇ ਨਹੀ ਹਟ ਸਕਦੇ। ਇਸ ਲਈ ਪਾਕਿਸਤਾਨ ਨੂੰ ਅਤਵਾਦੀਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸਲਾਮਾਬਾਦ ਨੂੰ ਜਾਂਚ ਵਿਚ ਪਾਰਦਰਸ਼ੀ ਸਹਿਯੋਗ ਕਰਨਾ ਚਾਹੀਦਾ ਹੈ। ਰਾਈਸ ਨੇ ਭਾਰਤ ਨੂੰ ਵੀ ਅਤਵਾਦੀਆਂ ਦੇ ਟਿਕਾਣਿਆਂ ਤੇ ਕਾਰਵਾਈ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਵਿਚਾਰ ਕਰਨ ਦੀ ਸਲਾਹ ਦਿਤੀ ਤਾਂ ਜੋ ਬਾਅਦ ਵਿਚ ਉਸਦੇ ਕੋਈ ਖਰਾਬ ਸਿਟੇ ਨਾਂ ਨਿਕਲਣ। ਰਾਈਸ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਇਲਾਵਾ ਗ੍ਰਹਿ ਮੰਤਰੀ ਪੀ ਚਿੰਦਬਰਮ, ਰਾਸ਼ਟਰੀ ਸੁਰੱਖਿਆ ਸਲਾਹਕਾਰ ਐਮਕੇ ਨਰਾਇਣਨ ਅਤੇ ਅਡਵਾਨੀ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਮੁੰਬਈ ਹਮਲਿਆਂ ਬਾਰੇ ਵੀ ਚਰਚਾ ਕੀਤੀ।
ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਭਾਰਤ ਨੂੰ ਆਪਣੀ ਅਖੰਡਤਾ ਦੀ ਰੱਖਿਆ ਲਈ ਨਿਰਣਾਇਕ ਕਾਰਵਾਈ ਕਰਨ ਦਾ ਹੱਕ ਹੈ।ਉਨ੍ਹਾਂ ਨੇ ਕਿਹਾ ਕਿ ਮੁੰਬਈ ਵਿਚ ਹਮਲਾ ਕਰਨ ਵਾਲੇ ਅਤਵਾਦੀਆਂ ਦੇ ਪਾਕਿਸਤਾਨ ਨਾਲ ਸਬੰਧਾਂ ਦੇ ਸਬੂਤ ਅੰਤਰ ਰਾਸ਼ਟਰੀ ਭਾਈਚਾਰੇ ਨੂੰ ਵਿਖਾ ਦਿਤੇ ਗਏ ਹਨ। ਹੁਣ ਅੰਤਰ ਰਾਸ਼ਟਰੀ ਭਾਈਚਾਰੇ ਤੋਂ ਇਹ ਉਮੀਦ ਕਰਦੇ ਹਾਂ ਕਿ ਉਹ ਹਮਲੇ ਨੂੰ ਅੰਜਾਮ ਦੇਣ ਵਾਲਿਆਂ ਤੇ ਪਾਕਿਸਤਾਨ ਸਰਕਾਰ ਦੁਆਰਾ ਗ੍ਰਿਫਤਾਰੀ ਅਤੇ ਕਾਰਵਾਈ ਨਿਸ਼ਚਿਤ ਕਰਵਾਏ। ਮੁਖਰਜੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਵਿਚ ਦਹਿਸ਼ਤਗਰਦੀ ਫੈਲਾਉਣ ਵਾਲਿਆਂ ਨੂੰ ਭਾਰਤ ਹਵਾਲੇ ਕੀਤਾ ਜਾਵੇ ਅਤੇ ਭਾਰਤੀ ਕਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।