ਝੋਟੂ

ਅੱਜ ਝੋਟੂ ਦਾ ਜੁਗਾਲੀ ਕਰਨ ਦਾ ਮਨ ਨਹੀਂ ਸੀ ਉਹ ਬਹੁਤ ਉਦਾਸ ਸੀ ਅੱਖਾਂ ਵਿੱਚੋਂ ਤਰਿਪ-ਤਰਿਪ ਹੰਝੂ ਕਿਰੀ ਜਾ ਰਹੇ ਸਨ ਅੱਜ ਉਸਨੂੰ ਆਪਣੇ “ਝੋਟਾ” ਹੋਣ ਦਾ ਬਹੁਤ ਦੁੱਖ ਮਹਿਸੂਸ ਹੋ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਕਾਸ਼ ਉਹ ਬੇਜ਼ੁਬਾਨ ਨਾਂ ਹੁੰਦਾ ਤਾਂ ਅਰਜਨ ਸਿੰਘ ਨੂੰ ਖਰੀਆਂ ਖੋਟੀਆਂ ਸੁਣਾਉਂਦਾ  ਪਰ ਰੱਬ ਦੀ ਮਰਜ਼ੀ ਦੇ ਖਿਲਾਫ਼ ਉਹ ਕੀ ਕਰ ਸਕਦਾ ਸੀ ਉਹ ਕੇਵਲ ਕਲਪ ਹੀ ਸਕਦਾ ਸੀ ਤੇ ਕਲਪੀ ਜਾਂਦਾ ਸੀ ਅਰਜਨ ਸਿੰਘ ਨੇ ਅੱਜ ਉਹਦੇ ਗਿੱਟੇ ਚੰਗੀ ਤਰਾਂ ਕੁੱਟੇ ਸਨ ਉਹਦਾ ਕਸੂਰ ਵੀ ਕੀ ਸੀ ? ਕੇਵਲ ਏਨਾਂ ਕਿ ਉਹ ਨਾਜ਼ਰ ਕੀ ਬੁੱਢੀ ਮੱਝ ਨੂੰ “ਨਵੇਂ ਦੁੱਧ” ਨਹੀਂ ਕਰਨਾਂ ਚਾਹੁੰਦਾ ਸੀ ਨਾਜ਼ਰ ਵੀ ਉਸੇ ਬੁੱਢੜ ਨੂੰ ਲਈ ਫਿਰਦਾ ਹੈ ਕਿੰਨੇ ਸਾਲ ਹੋ ਗਏ ਝੋਟੂ ਨੂੰ ਮਨੇ-ਅਣਮਨੇ ਉਹਦੇ ਨਾਲ ਟੱਕਰਾਂ ਮਾਰਦੇ ਨੂੰ ਜੇ ਨਾਜ਼ਰ ਕੀ ਮੱਝ ਵਿੱਚ ਮਾਂ ਬਨਣ ਦਾ ਸੁੱਖ ਨਹੀਂ ਲਿਖਿਆ ਤਾਂ ਇਸ ਵਿੱਚ ਉਸਦਾ ਕੀ ਕਸੂਰ ਸੀ ? ਉਹ ਨਾਜ਼ਰ ਤਾਂ ਕੀ, ਹਰ ਉਸ ਕਿਸਾਨ ਦੀ ਮੱਝ ਨਾਲ “ਸੌਣ” ਲਈ ਅਰਜਨ ਸਿੰਘ ਦਾ ਹੁਕਮ ਮੰਨਦਾ ਸੀ, ਜਿਹੜਾ ਅਰਜਨ ਨੂੰ ਹਰੇ-ਹਰੇ ਨੋਟ ਦਿਖਾਉਂਦਾ ਸੀ ਨਾਜ਼ਰ ਦੀ ਵੀ ਸ਼ਾਇਦ ਮਜ਼ਬੂਰੀ ਸੀ, ਉਸ ਬੁੱਢੀ ਮੱਝ ਨੂੰ ਰੱਖੀ ਰੱਖਣ ਦੀ, ਕਿਉਂਕਿ ਕਈ ਸਾਲਾਂ ਤੋਂ ਕਵੇਲੇ ਮੀਂਹ ਤੇ ਫਸਲ ਦੇ ਸੁੰਡੀਆਂ ਦੀ ਮਾਰ ਹੇਠ ਆਉਣ ਕਰਕੇ ਉਹ ਲੱਕ-ਲੱਕ ਤੱਕ ਕਰਜ਼ੇ ਹੇਠ ਨੱਪਿਆ ਪਿਆ ਸੀ ਤੇ ਨਵੀਂ ਝੋਟੀ ਲੈਣ ਦੇ ਕਾਬਲ ਨਹੀਂ ਸੀ ਅਰਜਨ ਨੂੰ ਇਹ “ਬਿਜ਼ਨਿਸ” ਬਹੁਤ ਫਲਿਆ ਸੀ ਉਹਦਾ ਕਿਹੜਾ ਪੈਟਰੌਲ ਖ਼ਰਚ ਹੁੰਦਾ ਸੀ ਹਾਂ ! ਇੱਕ ਗੱਲ ਤਾਂ ਸੀ ਕਿ ਉਹ ਆਪਣੇ ਝੋਟੇ ਨੂੰ ਚੰਗੀ ਖੁਰਾਕ ਜ਼ਰੂਰ ਦਿੰਦਾ ਸੀ ਦਿੰਦਾ ਵੀ ਕਿਉਂ ਨਾਂ, ਆਖਿਰ ਝੋਟਾ ਉਹਦਾ ਇੱਕੋ ਇੱਕ ਕਮਾਊ ਪੁੱਤ ਜੋ ਸੀ ਨਿਘਾਰ ਵੱਲ ਜਾ ਰਹੀ ਕਿਰਸਾਨੀ ਦੇ ਦੌਰ ਵਿੱਚ ਉਸਨੂੰ ਝੋਟੇ ਦੇ ਬਿਜ਼ਨਿਸ ਨੇ ਕਾਫ਼ੀ ਸਹਾਰਾ ਦਿੱਤਾ ਸੀ ਚੰਗੇ ਦਿਨਾਂ ਵਿੱਚ ਅਰਜਨ ਨੇ ਉਹਨੂੰ ਬੜੇ ਸ਼ੌਂਕ ਨਾਲ ਪਾਲਿਆ ਸੀ ਉਹ ਸੋਚਦਾ ਸੀ ਕਿ ਉਹਦੇ ਵਿਹੜੇ ਵਿੱਚ ਜੋ ਮੱਝਾਂ ਦੀ ਲਾਈਨ ਲੱਗੀ ਹੋਈ ਹੈ, ਉਹਨਾਂ ਲਈ ਉਸਨੂੰ ਬਾਹਰ ਨਹੀਂ ਭਟਕਣਾਂ ਪਵੇਗਾ ਹਾਲਾਂਕਿ ਬਦਲਦੇ ਹਾਲਾਤਾਂ ਕਰਕੇ ਝੋਟੂ ਦੀ ਖੁਰਾਕ ਵਿੱਚ ਕਮੀ ਤੇ ਤਬਦੀਲੀ ਆ ਗਈ ਸੀ ਪਰ ਉਹ ਆਪਣੇ ਮਾਲਕ ਦੇ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਸਦਾ ਪੂਰਾ ਸਾਥ ਦੇਈ ਜਾ ਰਿਹਾ ਸੀ

ਹੁਣ ਤੱਕ ਅਰਜਨ ਦੇ ਸੁਭਾਅ ਵਿੱਚ ਵੀ ਦਿਨ ਰਾਤ ਦਾ ਫ਼ਰਕ ਆ ਗਿਆ ਸੀ ਉਹ ਚੌਵੀ ਘੰਟੇ ਖਿਝਿਆ ਰਹਿੰਦਾ ਸੀ ਕਾਰਨ ਸੀ ਕਿ ਉਸਦੇ ਘਰ ਉਤੋ-ਥੱਲੀ ਤਿੰਨ ਕੁੜੀਆਂ ਜੰਮ ਪਈਆਂ ਸਨ ਚਾਰ-ਪੰਜ ਮਹੀਨੇ ਪਹਿਲਾਂ ਜਦੋਂ ਨਿੱਕੀ ਕੁੜੀ ਨੇ ਜਨਮ ਲਿਆ ਸੀ ਤਾਂ ਉਹ ਅੱਧੀ ਰਾਤ ਤੱਕ ਖੌਰੂ ਪਾਈ ਗਿਆ ਸੀ ਝੋਟਾ ਉਸ ਦਿਨ ਕਿੰਨਾਂ ਦੁਖੀ ਸੀ, ਆਪਣੇ ਮਾਲਕ ਨੂੰ ਇੰਝ ਦੁਖੀ ਦੇਖ ਕੇ ਉਹਨਾਂ ਦਿਨਾਂ ਵਿੱਚ ਹੀ ਅਰਜਨ ਦੀ ਝੋਟੀ ਵੀ ਸੂਣ ਵਾਲੀ ਸੀ ਅਰਜਨ ਦੇ ਮੁੰਡਾ ਨਾਂ ਹੋਣ ਦੇ ਦੁੱਖ ਨੂੰ ਦੇਖ ਕੇ ਝੋਟੂ ਸਾਰੀ ਰਾਤ ਹੰਝੂ ਕੇਰੀ ਗਿਆ ਸੀ ਤੇ ਨਾਲੇ ਰੱਬ ਨੂੰ ਅਰਦਾਸਾਂ ਕਰੀ ਗਿਆ ਸੀ

“ਹੇ ਰੱਬਾ ! ਜੇ ਅਰਜਨ ਨੂੰ ਮੁੰਡਾ ਨਹੀਂ ਦਿੱਤਾ ਤਾਂ ਮੇਰੇ ਘਰ ਜ਼ਰੂਰ ਮੁੰਡਾ ਦੇ ਦੇਈਂ ਤਾਂ ਜੋ ਅਰਜਨ ਨੂੰ ਮੇਰੇ ਘਰ ਮੁੰਡਾ ਦੇਖਕੇ ਹੀ ਹੌਸਲਾ ਹੋ ਜਾਵੇ ”

ਤੇ ਰੱਬ ਨੇ ਝੋਟੂ ਦੀ ਅਰਦਾਸ ਸੁਣ ਲਈ ਸੀ ਅਰਜਨ ਦੀ ਝੋਟੀ ਨੂੰ ਕੱਟਾ ਹੋਇਆ ਸੀ ਉਸ ਦਿਨ ਅਰਜਨ ਨੇ ਪਹਿਲੀ ਵਾਰੀ ਝੋਟੂ ਨੂੰ ਕੁੱਟਿਆ ਸੀ

“ਸਾਲਿਆ, ਮੇਰੇ ਕੁੜੀਆਂ ਹੋਈ ਜਾਂਦੀਐਂ ਤੇ ਤੂੰ ਕੱਟੇ ਜੰਮਣ ਤੇ ਲੱਕ ਬੰਨਿਐਂ ”

ਝੋਟੂ ਨੂੰ ਅੱਜ ਤੱਕ ਸਮਝ ਨਹੀਂ ਆ ਸਕੀ ਕਿ ਉਹਦੇ ਤੇ ਮੇਰੇ ਮੁੰਡੇ ਵਿੱਚ ਕੀ ਫ਼ਰਕ ਹੈ

“ਘਰ ਵਾਲੀ ਨੂੰ ਕੁੜੀਆਂ ਜੰਮਣ ਪਿੱਛੇ ਅਵਾ-ਤਵਾ ਬੋਲਦਾ ਰਹੂ, ਤੇ ਮੈਨੂੰ ਮੁੰਡੇ ਪਿੱਛੇ ਕੁੱਟੀ ਜਾਂਦੈ ” ਝੋਟੂ ਬੈਠਾ ਕਲਪੀ ਜਾਂਦਾ ਸੀ
“ਮੇਰੇ ਜੁਆਕ ਹਮੇਸ਼ਾਂ ਮੇਰੇ ਕੋਲੋਂ ਵਿਛੜਦੇ ਰਹੇ ਪਰ ਹੈ ਤਾਂ ਮੇਰਾ ਆਪਣਾ ਹੀ ਖੂਨ ਭਾਵੇਂ ਮੈਂ ਉਹਨਾਂ ਦੀ ਬਰਾਤ ਲੈ ਕੇ ਨਹੀਂ ਢੁੱਕਣਾਂ ਪਰ ਕੀ ਮੈਨੂੰ ਆਪਣੇ ਪੁੱਤ ਦੀ ਜੰÖ ਤੇ ਆਪਣੇ ਪੋਤਰੇ ਪੋਤਰੀਆਂ ਦੇ ਸੁਪਨੇ ਤੱਕਣ ਦਾ ਵੀ ਅਧਿਕਾਰ ਨਹੀਂ ?”

ਜਦੋਂ ਝੋਟੇ ਦੀ ਬੇਚੈਨੀ ਵਧ ਗਈ ਤਾਂ ਉਹਨੇ ਨਾਲ ਬੈਠੀ ਜੁਗਾਲੀ ਕਰੀ ਜਾਂਦੀ ਪਹਿਲੇ ਸੂਏ ਪਈ ਝੋਟੀ ਨੂੰ ਗਹਿਰੀ ਨਜ਼ਰ ਨਾਲ ਤੱਕਦਿਆਂ ਪੁੱਛਿਆ “ਰਾਣੋ, ਆਪਣਾਂ ਕਟਰੂ ਕਿੱਥੇ ਗਿਆ ?”

ਰਾਣੋ ਜੋ ਕਿ ਅੱਖਾਂ ਬੰਦ ਕਰੀ ਪਹਿਲੀ ਵਾਰੀ ਮਾਂ ਬਨਣ ਦੇ ਸੁੱਖ ਨੂੰ ਮਾਣਦੀ ਹੋਈ ਪਤਾ ਨਹੀਂ ਕੀ-ਕੀ ਸੋਚ ਮੁਸਕਰਾਉਂਦੀ ਜੁਗਾਲੀ ਕਰੀ ਜਾਂਦੀ ਸੀ, ਨੇ ਪਿਆਰ ਨਾਲ ਝੋਟੇ ਨੂੰ ਤੱਕਦਿਆਂ ਜੁਆਬ ਦਿੱਤਾ “ਵੇ ਝੋਟੂ, ਤੈਨੂੰ ਕਾਹਦਾ ਮੋਹ ਜਾਗ ਪਿਆ, ਮੇਰੇ ਕਟਰੂ ਪੁੱਤ ਦਾ ? ਤੈਨੂੰ ਕਾਹਦਾ ਬੋਝ ਆਪਣੀ ਔਲਾਦ ਦਾ ? ਤੈਨੂੰ ਕਾਹਦਾ ਪਿਆਰ ਕਿਸੇ ਰਾਣੋ ਜਾਂ ਸ਼ਾਮੋਂ ਦਾ ? ਤੁੰ ਤਾਂ ਖੁਰਲੀ ਵਿੱਚ ਮੂੰਹ ਮਾਰ ਕੇ ਪਾਸੇ ਹੋਣ ਵਾਲਿਆਂ ਵਿੱਚੋਂ ਐਂ ” “

“ਨਾਂ ਰਾਣੋਂ, ਐਂ ਨਾਂ ਆਖ, ਉਹ ਮੇਰਾ ਵੀ ਤਾਂ ਪੁੱਤ ਐ”

“ਪਤਾ ਨਹੀਂ ਕਿੱਥੇ-ਕਿੱਥੇ ਤੇਰੇ ਪੁੱਤ ਤੁਰੇ ਫਿਰਦੇ ਹੋਣੇ ਐਂ ? ਪਰ ਅੱਜ ਤੈਨੂੰ ਕਾਹਦਾ ਵੈਰਾਗ ਪੈ ਗਿਆ ?” ਰਾਣੋ ਝੋਟੀ ਨੇ ਮੁਸ਼ਕੜੀਏਂ ਹੱਸਦਿਆਂ ਪੁੱਛਿਆ

“ਮੈਨੂੰ ਤਾਂ ਇਹਨਾਂ ਇਨਸਾਨਾਂ ਨੇ ਰੋਲ ਰੱਖਿਐ ਮੇਰੇ ਤਾਂ ਕਦੇ ਜ਼ਜ਼ਬਾਤ ਸਮਝੇ ਹੀ ਨਹੀਂ ਅਰਜਨ ਸਿਉਂ ਨੇ ਅੱਜ ਉਸੇ “ਕੁੱਤਖਾਨੇ” ਤੋਂ ਮੈਂ ਨਾਂਹ ਕੀ ਕੀਤੀ ਕਿ ਅਰਜਨ ਨੇ ਮਾਰ-ਮਾਰ ਕੇ ਮੇਰੇ ਗਿੱਟੇ ਸੇਕ ਦਿੱਤੇ ਤੂੰ ਹੀ ਦੱਸ ਰਾਣੋ, ਮੈਂ ਕੀ ਕਰਾਂ ? ਜੇ ਮੈਂ ਦੋ-ਚਾਰ ਵਾਰੀ ਹੋਰ ਅਰਜਨ ਨੂੰ ਨਾਂਹ ਕਰ ਦਿੱਤੀ ਤਾਂ ਓਹਨੇ ਮੈਨੂੰ ਘਰੋਂ ਕੱਢ ਦੇਣਾ ਹੈ ਫੇਰ ਢਲਦੀ ਉਮਰ ਵਿੱਚ ਮੈਂ ਕਿੱਥੇ ਜਾਊਂ ? ਬਾਹਰ ਤਾਂ ਕੁੱਤੇ ਹੀ ਮਗਰ ਪੈ-ਪੈ ਕੇ ਮੇਰਾ ਬੁਰਾ ਹਾਲ ਕਰ ਦੇਣਗੇ ਤੇ ਜੇ ਬੁੱਚੜਖਾਨੇ ਵਾਲਿਆਂ ਦੇ ਧੱਕੇ ਚੜ ਗਿਆ ਤਾਂ ਅਣਿਆਈ ਮੌਤ ਮਰੂੰ ਜਿਹੜੇ ਮੈਨੂੰ ਖਾਣਗੇ, ਜਿਉਂਦਾ ਤਾਂ ਮੈਂ ਚਾਰਾ-ਪੰਜਾਂ ਨੂੰ ‘ਕੱਲਾ ਹੀ ਦਵਾਲ ਨੀਂ ਤੇ ਮੁੜ ਕੇ ਮੈਨੂੰ ਕੂਕਰ ਵਿੱਚ ਪਾ ਕੇ ਸੀਟੀਆਂ ਦਵਾਉਣਗੇ” ਝੋਟੂ ਤਾਂ ਰਾਣੋ ਅੱਗੇ ਜਵਾਂ ਹੀ ਫਿਸ ਗਿਆ ਸੀ

“ਰਾਣੋ ਤੂੰ ਕੀ ਸਮਝਦੀ ਐਂ, ਮੈਂ ਐਸ਼ ਕਰਦੈਂ ਨਿੱਤ ? ਚਾਰ ਪੰਜ ਰੋਟੀਆਂ ਖਾ ਕੇ ਢਿੱਡ ਭਰਿਆ ਹੋਵੇ ਤਾਂ ਬੰਦੇ ਦਾ ਆਈਸ ਕਰੀਮ ਖਾਣ ਨੂੰ ਵੀ ਜੀ ਨਹੀਂ ਕਰਦਾ ਅਰਜਨ ਤਾਂ ਮੇਰੇ ਬਾਰੇ ਸੋਚਦਾ ਹੀ ਨਹੀਂ, ਮੈਂ ਕਿੰਨੀਆਂ ਰੋਟੀਆਂ ਖਾਧੀਆਂ ? ਉਹ ਵੀ ਬੇਹੀਆਂ ਤਰਬੇਹੀਆਂ ਹੁਣ ਨਾਜ਼ਰ ਕੀ ਬੁੱਢੜ ਮੱਝ ਤਾਂ ਤਰਬੇਹੀਆਂ ਤੋਂ ਵੀ ਗਈ ਗੁਜ਼ਰੀ ਐ ”

“ਚੱਲ ਝੋਟੂ, ਹੌਸਲਾ ਰੱਖ” ਰਾਣੋ ਨੇ ਅੱਖਾਂ ਭਰਦਿਆਂ ਝੋਟੂ ਨੂੰ ਹੌਸਲਾ ਦਿੱਤਾ

“ਰਾਣੋਂ, ਐਂ ਦੱਸ ਪਈ ਕਟਰੂ ਨੂੰ ਦੁੱਧ ਪਿਆਇਆ ਕਿ ਨਹੀਂ ?”

“ਵੇ ਮੈਂ ਮਰਜਾਂ, ਕਟਰੂ ਨੂੰ ਦੁੱਧ ਪਿਆਉਣਾਂ ਸੀ ? ਮੈਨੂੰ ਤਾਂ ਪਤਾ ਹੀ ਨਹੀਂ ਸੀ ਅਰਜਨ ਨੇ ਤਾਂ ਸਾਰਾ ਦੁੱਧ ਬੌਹਲੀ ਬਣਾਉਣ ਲਈ ਗੁਆਂਢੀਆਂ ਨੂੰ ਦੇ ਦਿੱਤਾ ” ਰਾਣੋ ਨੇ ਹੈਰਾਨ ਹੁੰਦਿਆਂ ਕਿਹਾ

“ਕੀ ਕਿਹਾ, ਕਟਰੂ ਨੂੰ ਤੂੰ ਦੁੱਧ ਨਹੀਂ ਦਿੱਤਾ” ਝੋਟੂ ਦਾ ਪਾਰਾ ਚੜਨ ਲੱਗਾ

“ਵੇ ਝੋਟੂ ਮੇਰਾ ਤਾਂ ਪਹਿਲਾ ਚਾਂਸ ਹੈਗਾ, ਮੈਨੂੰ ਕੀ ਪਤਾ ਸੀ”

“ਰੋਜ਼ ਤਾਂ ਅਖ਼ਬਾਰਾਂ ਵਿੱਚ ਆਉਂਦੈ ਤੇ ਟੈਲੀਬੀਜਨ ਵਾਲੇ ਵੀ ਕਹਿੰਦੇ ਐ, ਪਈ ਬੱਚੇ ਨੂੰ ਮਾਂ ਦਾ ਪਹਿਲਾ ਦੁੱਧ ਜ਼ਰੂਰ ਦੇਣਾ ਚਾਹੀਦਾ ਹੈ, ਤੈਨੂੰ ਪਤਾ ਈ ਨੀਂ ਵੱਡੀ ਝੋਟੀ ਨੂੰ” ਝੋਟੂ ਨੇ ਝੁੰਜਲਾਉਂਦਿਆਂ ਹੋਇਆਂ ਕਿੱਲੇ ਨਾਲ ਠੁੱਡਾ ਮਾਰਿਆ ਤੇ ਚੀਕਿਆ “ਹਾਏ ਓਏ ਮਰ ਗਿਆ” ਪੈਰ ਵਿੱਚੋਂ ਦਰਦ ਦੀ ਤੇਜ਼ ਲਹਿਰ ਨਿੱਕਲੀ ਸੀ

“ਵੇ ਮੈਨੂੰ ਕਿਹੜੇ ਭੜੂਏ ਨੇ ਸਕੂਲ ਭੇਜਿਆ ਸੀ ? ਤੇਰੇ ਵਰਗਾ ਈ ਸੀ ਮੇਰਾ ਪਿਉ ਵੀ, ਪਤਾ ਨਹੀਂ ਕਿੱਥੇ ਹੋਊ ਨਾਲੇ ਤੂੰ ਵੀ ਸਾਰੇ ਕਟਰੂਆਂ ਕਟਰੀਆਂ ਨੂੰ ਸਕੂਲ ਭੇਜਦਾ ਹੋਏਂਗਾ” ਰਾਣੋ ਨੂੰ ਸ਼ਾਇਦ ਯੁੱਗਾਂ ਯੁੱਗਾਂ ਤੋਂ ਚਲੀ ਆ ਰਹੀ ਰਿਵਾਇਤ ਦਾ ਅਹਿਸਾਸ ਹੋ ਗਿਆ ਸੀ

“ਜ਼ੁਬਾਨ ਨੂੰ ਲਗਾਮ ਦੇ ਝੋਟੀ, ਜੇ ਜੁਆਕ ਪਾਲ ਹੀ ਨਹੀਂ ਸਕਦੀ ਤਾਂ ਪੈਦਾ ਹੀ ਕਿਉਂ ਕੀਤੇ ? ਸਾਰੀ ਦੁਨੀਆਂ ਅਕਲ ਵੇਖਦੀ ਹੈ ਤੇਰੀ ਕਾਲੀ ਚਮੜੀ ਤੇ ਕੁੰਢੇ ਸਿੰਗ ਕਿਸੇ ਨੇ ਚੱਟਣੇ ਨਹੀਂ ਹੁਣ ਇੱਕ ਜੁਆਕ ਦੀ ਮਾਂ ਬਣ ਗਈ ਐਂ, ਦੁਨੀਆਂ ਦਾਰੀ ਸਿੱਖ ਲੈ ”

“ਤੂੰ ਅਰਜਨ ਨੂੰ ਆਖ, ਮੈਨੂੰ ਕਿਉਂ ਗੁੱਸੇ ਹੋਈ ਜਾਨੈਂ ?”

“ਰਾਣੋਂ ਤੂੰ ਅਕਲ ਤੋਂ ਕੰਮ ਲੈ, ਅਰਜਨ ਤੋਂ ਚੋਰੀ ਕਟਰੂ ਨੂੰ ਦੁੱਧ ਚੁੰਘਾਇਆ ਕਰ ” ਝੋਟੂ ਨੇ ਰਾਣੋ ਨੂੰ ਦੁਨੀਆਂਦਾਰੀ ਸਿਖਾਉਂਦਿਆਂ ਕਿਹਾ

ਦਰਵਾਜ਼ੇ ਵਿੱਚੋਂ ਅਰਜਨ ਨੂੰ ਆਉਂਦਿਆਂ ਦੇਖਕੇ ਝੋਟੂ ਆਰਾਮ ਨਾਲ ਬੈਠ ਕੇ ਜੁਗਾਲੀ ਕਰਨ ਲੱਗ ਗਿਆ ਜਿਵੇਂ ਕੁਝ ਹੋਇਆ ਹੀ ਨਾਂ ਹੋਵੇ ਅਰਜਨ ਨੇ ਆ ਕੇ ਝੋਟੇ ਦੇ ਸਿਰ ਤੇ ਪਿੱਠ ਤੇ ਹੱਥ ਫੇਰਿਆ ਤੇ ਖੁਰਲੀ ਵਿੱਚ ਹਰੇ ਪੱਠੇ ਹੋਰ ਸਿੱਟ ਦਿੱਤੇ ਝੋਟੇ ਨੂੰ ਲੱਗਾ ਜਿਵੇਂ ਅਰਜਨ ਆਪਣੀ ਗਲਤੀ ਤੇ ਸ਼ਰਮਿੰਦਾ ਹੋਵੇ ਉਹ ਵੀ ਅੱਖਾਂ ਬੰਦ ਕਰਕੇ ਅਰਜਨ ਦੇ ਪਲੋਸਣ ਦੇ ਨਿੱਘ ਨੂੰ ਮਹਿਸੂਸ ਕਰਨ ਲੱਗਾ

“ਅਰਜਨ ਸਿਆਂ ਘਰੇ ਈ ਐਂ ?”

ਆਵਾਜ਼ ਸੁਣ ਕੇ ਝੋਟੂ ਨੇ ਦਰਵਾਜ਼ੇ ਵੱਲ ਦੇਖਿਆ ਨਾਜ਼ਰ ਆਪਣੀ ਬੁੱਢੀ ਮੱਝ ਅੰਦਰ ਲਈ ਆਉਂਦਾ ਸੀ

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>