ਕਹਿੰਦੇ ਆ ਕਿ ਸਮਾਂ ਬਲਵਾਨ ਹੁੰਦਾ ਹੈ, ਕੁੱਝ ਵੀ ਸਮੇ ਦੀ ਮਾਰ ਹੱਥੋਂ ਨਹੀਂ ਬੱਚਦਾ। ਸਾਡੇ ਪਿੰਡ ਤਰੱਕੀ ਕਰ ਰਹੇ ਹਨ। ਟਿੰਡਾਂ ਵਾਲੇ ਖੂਹ ਤਾਂ ਜਿਵੇਂ ਕਿੱਸੇ-ਕਹਾਣੀਆਂ ਦੀ ਬਾਤ ਹੋ ਗਏ ਹਨ। ਚਰਖਾ ਜੋ ਹਰ ਘਰ ਦੀ ਰੌਣਕ ਹੁੰਦਾ ਸੀ ਅੱਜ ਟਾਂਵੇ-ਟਾਂਵੇ ਡਰਾਇੰਗ-ਰੂਮਾਂ ਦੀ ਸ਼ੋਭਾ ਵਧਾ ਰਿਹਾ ਹੈ। ਸਫਾਈ ਦੇ ਝੰਝਟ ਨੇ ਵੱਡੇ-ਵੱਡੇ ਵਿਹੜੀਆਂ ਨੂੰ ਖਾ ਲਿਆ ਹੈ। ਕੌਣ ਗੋਹੇ ‘ਚ ਹੱਥ ਮਾਰੇ, ਸਵੇਰੇ-ਸਵੇਰੇ ਪੱਠੇ ਕੌਣ ਵੱਡ ਕੇ ਲਿਆਏ, ‘ਸਮੇ ਦੀ ਵਿਹਲ ਨਾ ਹੋਣ ਕਾਰਨ’ ਅੱਜ ਦਿਨੋ-ਦਿਨ ਘੱਟ ਰਹੇ ਮਾਲ-ਡੰਗਰ (ਗਾਵਾਂ-ਮੱਝਾਂ) ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬੀਆਂ ਨੂੰ ਸੁੱਕਾ ਦੁੱਧ ਪੀਣ ਤੇ ਮਜਬੂਰ ਕਰ ਦੇਣਾ ਹੈ।
ਪੱਛਮੀ ਪਹਿਰਾਵੇ ਨੇ ਪੰਜਾਬੀ ਮੁਟਿਆਰ ਤਾਂ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਅੱਜ ਦੀਆਂ ਕੁੜੀਆਂ ਕੌਲ ਦਾਜ ਲਈ ਫੁਲਕਾਰੀ ਕੱਢਣ ਦਾ ਸਮਾ ਹੀ ਨਹੀਂ ਰਿਹਾ, ਦਰੀਆਂ ਬਨਾ ਕੇ ਦੇਣ ਲਈ ਕੌਣ ਦਾਦੀ-ਭੂਆ ਦੀਆਂ ਮਿੰਨਤਾਂ ਕਰੂ। ਗੋਟੇ-ਸਿਤਾਰੀ ਵਾਲੀ ਚੁੰਨੀ ਲੈਣ ਲੱਗਿਆਂ ਅੱਜ ਸ਼ਰਮ ਮਹਿਸੂਸ ਹੁੰਦੀ ਹੈ। ਖੁੱਲੇ ਵਾਲਾਂ ਦੇ ਫੈਸ਼ਨ ਨੇ ਪਰਾਂਦੀਆਂ ਤਾਂ ਕਿ ਲੰਮੀ ਗੁੱਤ ਵੀ ਖਤਮ ਕਰ ਦਿੱਤੀ ਹੈ। ‘ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ’ ਗੀਤ ਸੁਣ ਕੇ ਜੁਆਕ ਪੁੱਛਦੇ ਹਨ-ਇਹ ਕੀ ਹੁੰਦਾ ਸੀ? ਗੈਸ ਤੇ ਰੋਟੀ ਪਕਾਉਣ ਵਾਲੀ ਸੁਆਣੀ ਨੂੰ ਹੁਣ ਕੀ ਲੋੜ ਏ ਤੌੜੀ ਵਿੱਚ ਸਾਗ ਬਨਾਉਣਾ ਸਿੱਖਣ ਦੀ। ਦੌਰੀ-ਡੰਡੇ ਨਾਲ ਕੁੱਟੀ ਚਟਨੀ ਹੁਣ ਕਿੱਥੇ ਮਿਲੂ।
ਪੰਜਾਬੀ ਗੱਭਰੂ ਹੁਣ ਏ.ਸੀ. ਹੇਠਾਂ ਬਹਿ ਕੇ ਕੰਮ ਕਰਨਾ ਚਾਹੁੰਦਾ ਹੈ। ਸੜਕ ਨਾਲ ਲੱਗਦੀਆਂ ਜਮੀਨਾਂ ਤੇ ਹੁਣ ਮੈਰਿਜ ਪੈਲਿਸ ਜਾਂ ਕਲੋਨੀਆਂ ਬਣ ਰਹਿਆਂ ਹਨ। ਪੜ੍ਹਾਈ ਵੀ ਇੱਥੇ ਇਸਨੂੰ ਚੰਗੀ ਨਹੀਂ ਜਾਪਦੀ, ਵਿਦੇਸ਼ ਜਾ ਕੇ ਪੜ੍ਹਣ ਦੀ ਤਾਂਘ ਸਮਾਈ ਗੱਭਰੂ ਨੂੰ ਮੋਟਰ-ਸਾਇਕਲ ਵੀ ਹੁਣ ਸੈਲਫ-ਸਟਾਰਟ ਚਾਹੀਦਾ ਹੈ, ਪੈਦਲ ਕੌਣ ਤੁਰੇ, ਵਕਤ ਨਹੀਂ ਕਿ ਥਕਾਵਟ ਹੋ ਜਾਂਦੀ ਹੈ। ਪੰਜਾਬੀਆਂ ਦਾ ਜੋਰ ਸਾਰੇ ਵਿਸ਼ਵ ਵਿੱਚ ਮਸ਼ਹੂਰ ਹੈ, ਪਰ ਜਦੋਂ ਅੱਜ ਜੁਆਕਾਂ ਨੂੰ ਦੱਸੀ ਦਾ ਹੈ ਕਿ ਤੇਰੇ ਦਾਦਾ ਜੀ ਬੱਲਦ ਦੀ ਥਾਂ ਤੇ ਹਲ ਵਹਾਉਂਦੇ ਸਨ, ਤੇ ਪੰਜ-ਪੰਜ ਪੰਡਾਂ ਪੱਠੇ ਆਪ ਟੋਕਾ ਗੇੜ ਕੇ ਕੁਤਰਦੇ ਸਨ, ਉਹ ਗੱਪ ਹੀ ਮੰਨਦੇ ਹਨ। ਅੱਜ ਦਾ ਗੱਭਰੂ ਤਾਂ ਵਾਹੀ ਕਰ ਕੇ ਹੀ ਰਾਜੀ ਨਹੀਂ। ਉਸ ਦੀ ਸੁਣੋ ਤਾਂ ਸੀਰੀ ਨਹੀਂ ਮਿਲ ਰਿਹਾ ਸੀ, ਪਿੱਛੇ ਦਾਣੇ ਘੱਟ ਨਿਕਲੇ ਸਨ, ਐਤਕੀਂ ਜਮੀਨ ਠੇਕੇ ਦਿੱਤੀ ਹੈ, ਪਰ ਅਗਾਂਹ ਠੇਕੇ ਤੇ ਵੀ ਕੌਣ ਲਊ? ਕਿਸੇ ਸੋਚਿਆ ਹੀ ਨਹੀਂ।
ਅੱਜ ਲੋੜ ਹੈ ਉਪਰਾਲੇ ਦੀ ਪਰ ਕਰੇ ਕੌਣ? ਤਰੱਕੀ ਤਾਂ ਅਸੀਂ ਕੀਤੀ ਜਾ ਰਹੇ ਹਾਂ ਪਰ ਸਾਨੂੰ ਆਪਣਾ ਵਿਰਸਾ ਵੀ ਸਹੇਜ ਕੇ ਰੱਖਣਾ ਚਾਹੀਦਾ ਹੈ।