ਭਾਰਤ ਦੇ ਮੁੰਬਈ ਸ਼ਹਿਰ ਦਾ ਦੁਖਾਂਤ ਸਭ ਲਈ ਕਾਫ਼ੀ ਦਰਦਨਾਕ ਸਾਬਤ ਹੋਇਆ। ਇਸ ਹਮਲੇ ਦਾ ਸੇਕ ਸਾਰੇ ਹੀ ਅਤਿਵਾਦ ਵਿਰੋਧੀ ਦੇਸ਼ਾਂ ਵਲੋਂ ਮਹਿਸੂਸ ਕੀਤਾ ਗਿਆ। ਦੁਨੀਆਂ ਭਰ ਦੇ ਸਾਰੇ ਹੀ ਦੇਸ਼ਾਂ ਵਲੋਂ ਮੁੰਬਈ ਵਿਚ ਹੋਏ ਇਨ੍ਹਾਂ ਹਮਲਿਆਂ ਦੀ ਨਿਖੇਧੀ ਕੀਤੀ ਗਈ। ਇਥੋਂ ਤੱਕ ਕਿ ਜਿਸ ਪਾਕਿਸਤਾਨ ਉਪਰ ਭਾਰਤ ਸਰਕਾਰ ਇਨ੍ਹਾਂ ਅਤਿਵਾਦੀਆਂ ਦੀ ਸਿਖਲਾਈ ਲਈ ਜ਼ਮੀਨ ਮੁਹੱਈਆ ਕਰਾਉਣ ਲਈ ਇਲਜ਼ਾਮ ਲਾ ਰਹੀ ਹੈ, ੳਨ੍ਹਾਂ ਵਲੋਂ ਵੀ ਇਸ ਦੁਖਦਾਈ ਘਟਨਾ ਉਪਰ ਹਮਦਰਦੀ ਪ੍ਰਗਟਾਈ ਗਈ।
ਇਨ੍ਹਾਂ ਹਮਲਿਆਂ ਦੌਰਾਨ ਅੰਦਾਜ਼ਨ 200 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਅਤੇ ਅੰਦਾਜ਼ਨ 300 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ। ਪਰੰਤੂ ਸਾਡੇ ਦੇਸ਼ ਵਿਚ ਇਕ ਅਜਿਹੀ ਪਾਰਟੀ ਵੀ ਮੌਜੂਦ ਹੈ ਜਿਸਨੇ ਇਨ੍ਹਾਂ ਮੌਤਾਂ ਉਪਰ ਵੀ ਆਪਣੀ ਸਿਆਸਤ ਦੀ ਸ਼ਤਰੰਜ ਦੇ ਮੋਹਰੇ ਵਿਛਾਕੇ ਆਪਣੀਆਂ ਚਾਲਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ। ਇਸ ਪਾਸੇ ਲੋਕੀਂ ਆਪਣੇ ਪ੍ਰਵਾਰ ਦੇ ਲੋਕਾਂ ਦੇ ਮਾਰੇ ਜਾਨ ਦਾ ਗ਼ਮ ਮਨਾ ਰਹੇ ਸਨ ਅਤੇ ਦੂਜੇ ਪਾਸੇ ਸਾਡੇ ਹੀ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਸ ਹਮਲੇ ਦਾ ਡਟਕੇ ਮੁਕਾਬਲਾ ਕਰਨ ਦੀ ਬਜਾਏ ਆਪਣੀ ਸਿਆਸਤ ਖੇਡਣ ਵਿਚ ਲੱਗੇ ਹੋਏ ਸਨ।
ਸਭ ਤੋਂ ਪਹਿਲਾ ਬਿਆਨ ਇਸ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਦਾਗਿਆ ਗਿਆ। ਜਿਸ ਵਿਚ ਉਨ੍ਹਾਂ ਨੇ ਦੇਸ਼ ਦੇ ਤਾਜ ਹੋਟਲ, ਓਬਰਾਏ ਹੋਟਲ ਅਤੇ ਨਰੀਮਨ ਹਾਊਸ ਵਿਚ ਫੱਸੇ ਲੋਕਾਂ ਦੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾ ਦੇਸ਼ ਦੀ ਹੁਕਮਰਾਨ ਸਰਕਾਰ ਉਪਰ ਚਿਕੱੜ ਸੁਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਉਪਰੰਤ ਭਾਰਤੀ ਜਨਤਾ ਪਾਰਟੀ ਦੇ ਹੀ ਪ੍ਰਧਾਨ ਰਾਜਨਾਥ ਸਿੰਘ ਵਲੋਂ ਇਹ ਬਿਆਨ ਦੇ ਦਿੱਤਾ ਗਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਸਿ਼ਵਰਾਜ ਪਾਟਿਲ ਵਲੋਂ ਦਿੱਤਾ ਗਿਆ ਅਸਤੀਫ਼ਾ ਨਾਕਾਫ਼ੀ ਹੈ। ਇਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਆਪਣੀ “ਨੈਤਿਕ ਜਿ਼ੰਮੇਵਾਰੀ” ਸਮਝਦੇ ਹੋਏ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਨ੍ਹਾਂ ਵਲੋਂ ਇਹ ਬਿਆਨ ਉਸ ਵੇਲੇ ਦਿੱਤੇ ਗਏ ਜਦੋਂ ਦੇਸ਼ ਦੇ ਲੋਕੀਂ ਦਹਿਸ਼ਤ ਦੇ ਸਾਏ ਹੇਠਾਂ ਬੈਠੇ ਹੋਏ ਇਨ੍ਹਾਂ ਥਾਵਾਂ ਵਿਚ ਫਸੇ ਲੋਕਾਂ ਦੀਆਂ ਜਾਨਾਂ ਦੀ ਸਲਾਮਤੀ ਲਈ ਦੁਆਵਾਂ ਕਰ ਰਹੇ ਸਨ।
ਇਥੇ ਇਸ ਗੱਲ ਦਾ ਜਿ਼ਕਰ ਕਰਨਾ ਵੀ ਜ਼ਰੂਰੀ ਹੈ ਕਿ ਜਦੋਂ ਅਮਰੀਕਾ ਵਿਚ 9/11 ਦਾ ਹਾਦਸਾ ਵਾਪਰਿਆ ਉਸ ਵੇਲੇ ਅਮਰੀਕਾ ਦੀ ਕਿਸੇ ਵੀ ਪਾਰਟੀ ਵਲੋਂ ਇਸ ਲਈ ਰਾਸ਼ਟਰਪਤੀ ਬੁੱਸ਼ ਨੂੰ ਦੋਸ਼ੀ ਮੰਨਦੇ ਹੋਏ ਉਨ੍ਹਾਂ ਪਾਸੋਂ ਅਸਤੀਫ਼ੇ ਦੀ ਮੰਗ ਨਹੀਂ ਸੀ ਕੀਤੀ ਗਈ ਸਗੋਂ ਉਸ ਔਖੀ ਘੜੀ ਮੌਕੇ ਸਾਰਾ ਦੇਸ਼ ਇਕ ਹੋ ਗਿਆ ਸੀ। ਇਥੋਂ ਤੱਕ ਕਿ ਇਨ੍ਹਾਂ ਪਾਰਟੀਆਂ ਵਲੋਂ ਇਰਾਕ ਦੇ ਖਿਲਾਫ਼ ਜੰਗ ਦੀ ਸਹਿਮਤੀ ਨਾ ਹੋਣ ਦੇ ਬਾਵਜੂਦ ਵੀ ਆਪਣੇ ਸਾਰੇ ਅਖ਼ਤਿਆਰ ਦੇਸ਼ ਦੇ ਰਾਸ਼ਟਰਪਤੀ ਜਾਰਜ ਡਬਲਿਊ ਬੁੱਸ਼ ਨੂੰ ਸੌਂਪ ਦਿੱਤੇ ਸਨ। ਜਿਨ੍ਹਾਂ ਦੀ ਵਰਤੋਂ ਕਰਦੇ ਹੋਏ ਰਾਸ਼ਟਰਪਤੀ ਬੁੱਸ਼ ਨੇ ਇਰਾਕ ਉਪਰ ਹਮਲਾ ਕਰ ਦਿੱਤਾ। ਇਹ ਸਹੀ ਸੀ ਜਾਂ ਠੀਕ ਇਸ ਬਾਰੇ ਚਰਚਾ ਕਰਨੀ ਇਸ ਲੇਖ ਦਾ ਵਿਸ਼ਾ ਨਹੀਂ।
ਇਸਤੋਂ ਬਾਅਦ ਜਦੋਂ ਕੁਝ ਦਿਨ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵਲੋਂ ਇਸ ਔਖੀ ਘੜੀ ਵਿਚ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੀ ਮੀਟਿੰਗ ਬੁਲਾਈ ਗਈ ਤਾਂ ਦੇਸ਼ ਦੇ ਇਹ ਦੋਵੇਂ ਹੀ ਮਹਾਨ ਨੇਤਾ ਉਸ ਸਰਬ ਪਾਰਟੀ ਮੀਟਿੰਗ ਵਿਚ ਸ਼ਾਮਲ ਹੀ ਨਾ ਹੋਏ ਸਗੋਂ ਇਨ੍ਹਾਂ ਵਲੋਂ ਆਪਣੇ ਨੁਮਾਇੰਦੇ ਭੇਜਕੇ ਆਪਣਾ ਫ਼ਰਜ਼ ਅਦਾ ਕਰ ਦਿੱਤਾ ਗਿਆ। ਕਿਉਂਕਿ ਉਸ ਵੇਲੇ ਇਹ ਦੋਵੇਂ ਹੀ ਲੀਡਰ ਆਪਣੀ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਚੋਣ ਪ੍ਰਚਾਰ ਵਿਚ ਮਸ਼ਗੂਲ ਸਨ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੀ ਵਾਗਡੋਰ ਸੰਭਾਲਣ ਦੇ ਦਾਅਵੇ ਕਰਨ ਵਾਲੇ ਇਹ ਮਹਾਨ ਲੀਡਰ ਅਜਿਹੀਆਂ ਜ਼ਰੂਰੀ ਮੀਟਿੰਗਾਂ ਵਿਚ ਹੀ ਨਾ ਪਹੁੰਚਣ। ਇਸਤੋਂ ਵੱਡੀ ਸ਼ਰਮ ਵਾਲੀ ਗੱਲ ਹੋ ਕੀ ਹੋ ਸਕਦੀ ਹੈ। ਇਹ ਹੀ ਨਹੀਂ ਉਧਰ ਦੇਸ਼ ਦੀਆਂ ਸੁਰੱਖਿਆ ਫੋਰਸਾਂ ਅਤੇ ਫੌਜਾਂ ਦੇ ਜਵਾਨ ਆਪਣੀਆਂ ਜਾਨਾਂ ਹਥੇਲੀ ‘ਤੇ ਧਰਕੇ ਕਮਾਂਡੋ ਕਾਰਵਾਈਆਂ ਕਰਨ ਵਿਚ ਲੱਗੇ ਹੋਏ ਸਨ ਅਤੇ ਇਸੇ ਹੀ ਪਾਰਟੀ ਵਲੋਂ ਦੇਸ਼ ਦੀ ਮੌਜੂਦਾ ਸਰਕਾਰ ਨੂੰ ਦੋਸ਼ੀ ਗਰਦਾਨਦੇ ਹੋਏ ਦਿੱਲੀ ਵਿਚ ਕੇਂਦਰੀ ਸਰਕਾਰ ਦੇ ਖਿਲਾਫ਼ ਭੰਡੀ ਪ੍ਰਚਾਰ ਕਰਦੇ ਹੋਏ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ। ਭਾਵ ਇਹ ਸਾਰੀਆਂ ਹੀ ਪਾਰਟੀਆਂ ਲਾਸ਼ਾਂ ਉਪਰ ਆਪਣੀ ਰਾਜਨੀਤੀ ਦੀ ਖੇਡ ਖੇਡਣੀ ਬਿਲਕੁਲ ਨਹੀਂ ਭੁੱਲਦੇ।
1984 ਦੌਰਾਨ ਇੰਦਰਾ ਦੀ ਮੌਤ ਉਪਰ ਰਾਜਨੀਤੀ ਖੇਡਦੇ ਹੋਏ ਸਿੱਖਾਂ ਉਪਰ ਜ਼ੁਲਮ ਢਾਉਂਦੇ ਹੋਏ ਉਨ੍ਹਾਂ ਦਾ ਵਹਿਸ਼ੀਆਨਾ ਢੰਗ ਕਤਲੇਆਮ ਕੀਤਾ ਗਿਆ ਅਤੇ ਉਸਤੋਂ ਕੁਝ ਮਹੀਨਿਆਂ ਬਾਅਦ ਹੀ ਦੇਸ਼ ਦੀਆਂ ਚੋਣਾਂ ਦੌਰਾਨ ਇੰਦਰਾ ਦੇ ਕਤਲ ਦੀ ਖੇਡ ਨੂੰ ਮੋਹਰਾ ਬਣਾਕੇ ਰਾਜਨੀਤੀ ਖੇਡੀ ਗਈ। ਇਸ ਵੇਲੇ ਕਾਂਗਰਸ ਨੇ ਤਾਂ ਕੀ ਇਸ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਲੀਡਰ ਵਲੋਂ ਆਹ ਦਾ ਨਾਅਰਾ ਮਾਰਿਆ ਗਿਆ। ਇਸਤੋਂ ਬਾਅਦ ਗੁਜਰਾਤ ਦੰਗਿਆਂ ਵਿਚ ਵੀ ਮੋਦੀ ਸਰਕਾਰ ਵਲੋਂ ਉਹੀ ਖੇਡ ਖੇਡਦੇ ਹੋਏ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ। ਪਰ ਦੇਸ਼ ਦੇ ਇਨ੍ਹਾਂ ਦੋਵੇਂ ਹੀ ਲੀਡਰਾਂ ਅਡਵਾਨੀ ਅਤੇ ਰਾਜਨਾਥ ਸਿੰਘ ਵਲੋਂ ਉਸ ਵੇਲੇ ਵੀ ਮੁਸਲਮਾਨਾਂ ਦੇ ਹੱਕ ਵਿਚ ਆਹ ਦਾ ਨਾਅਰਾ ਨਾ ਮਾਰਿਆ ਗਿਆ ਸਗੋਂ ਉਸ ਕਾਂਡ ਨੂੰ ਗੋਧਰਾ ਕਾਂਡ ਨਾਲ ਜੋੜਕੇ ਸਾਰਾ ਇਲਜ਼ਾਮ ਮੁਸਲਮਾਨਾਂ ਉਪਰ ਹੀ ਮੜ੍ਹ ਦਿੱਤਾ ਗਿਆ।
ਇਸ ਸੰਦਰਭ ਵਿਚ ਮੈਂ ਇਨ੍ਹਾਂ ਦੋਵੇਂ ਹੀ ਮਹਾਨ ਲੀਡਰਾਂ ਅਤੇ ਦੇਸ਼ਭਗਤਾਂ ਪਾਸੋਂ ਇਕ ਹੀ ਸਵਾਲ ਕਰਨਾ ਚਾਹਾਂਗਾ, ਕੀ ਉਸ ਵੇਲੇ ਇਨ੍ਹਾਂ ਦੀ ਕੋਈ “ਨੈਤਿਕ ਜਿ਼ੰਮੇਵਾਰੀ” ਨਹੀਂ ਸੀ ਬਣਦੀ? ਜੇ ਬਣਦੀ ਸੀ ਤਾਂ ਦੇਸ਼ ਦਾ ਗ੍ਰਹਿ ਮੰਤਰੀ ਹੁੰਦੇ ਹੋਏ ਉਸ ਵੇਲੇ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਕਿਉਂ ਨਾ ਦਿੱਤਾ ਗਿਆ ਜਾਂ ਇਸ ਰਾਜਨਾਥ ਸਿੰਘ ਨੇ ਅਟਲ ਬਿਹਾਰੀ ਵਾਜਪਈ ਨੂੰ ਇਹ ਸਲਾਹ ਕਿਉਂ ਨਾ ਦਿੱਤੀ ਕਿ ਮੋਦੀ ਨੇ ਗੁਜਰਾਤ ਵਿਚ ਜਿਹੜਾ ਕਤਲੇਆਮ ਕਰਕੇ ਮੁਸਲਮਾਨਾਂ ਨੂੰ ਮਾਰਿਆ ਹੈ, ਇਸ ਸਭ ਕਾਸੇ ਲਈ ਉਨ੍ਹਾਂ ਨੂੰ ਆਪਣੀ “ਨੈਤਿਕ ਜਿ਼ੰਮੇਵਾਰੀ” ਸਮਝਦੇ ਹੋਏ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇਸ ਵੇਲੇ ਦੇਸ਼ ਜਿਸ ਦੁਖਾਂਤ ਭਰੀ ਘੜੀ ਵਿਚੋਂ ਗੁਜ਼ਰ ਰਿਹਾ ਹੈ ਇਨ੍ਹਾਂ ਹਾਲਾਤ ਵਿਚ ਇਨ੍ਹਾਂ ਸਾਰੇ ਹੀ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਚਿਕੜ ਭਰੀ, ਦੂਸ਼ਣਬਾਜ਼ੀ ਵਾਲੀ ਸਿਆਸਤ ਨਾ ਖੇਡਣ ਸਗੋਂ ਇਕ ਮੁੱਠ ਹੋ ਕੇ ਇਸ ਅਤਿਵਾਦ ਨੂੰ ਠੱਲ ਪਾਉਣ ਲਈ ਉਪਰਾਲੇ ਕਰਨ। ਅਤਿਵਾਦ ਇਕ ਅਜਿਹਾ ਨਾਸੂਰ ਬਣ ਚੁਕਿਆ ਹੈ ਜੋ ਸਿਰਫ਼ ਭਾਰਤ ਜਾਂ ਪਾਕਿਸਤਾਨ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਆਪਣੇ ਪੈਰ ਪਸਾਰੀ ਖੜਾ ਹੈ। ਇਸ ਅਤਿਵਾਦ ਤੋਂ ਦੁਨੀਆਂ ਦਾ ਕੋਈ ਵੀ ਦੇਸ਼ ਬਚਿਆ ਹੋਇਆ ਨਹੀਂ ਹੈ। ਜੇਕਰ ਇਸ ਅਤਿਵਾਦ ਨੇ 9/11 ਦੇ ਸਮੇਂ ਅਮਰੀਕਾ ਵਰਗੇ ਤਾਕਤਵਰ ਦੇਸ਼ ਨੂੰ ਹਿਲਾਕੇ ਰੱਖ ਦਿੱਤਾ ਤਾਂ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਇਸਦੀ ਦਹਿਸ਼ਤ ਨੂੰ ਮਹਿਸੂਸ ਕਰਨਾ ਕਈ ਵੱਡੀ ਗੱਲ ਨਹੀਂ ਹੈ। ਅਜੇ ਕੁਝ ਮਹੀਨੇ ਹੀ ਹੋਏ ਭਾਰਤ ਦੇ ਦਿੱਲੀ ਸ਼ਹਿਰ ਵਿਚ ਹੋਏ ਬੰਬ ਧਮਾਕਿਆਂ ਨੇ ਦੇਸ਼ ਦੀ ਰਾਜਧਾਨੀ ਨੂੰ ਕੰਬਾ ਕੇ ਰੱਖ ਦਿੱਤਾ ਸੀ। ਇਹ ਹੀ ਨਹੀਂ ਗੁਆਂਢੀ ਦੇਸ਼ ਪਾਕਿਸਤਾਨ ਵਿਚ ਹੋਏ ਹੋਟਲ ਮੈਰੀਅਟ ਦੇ ਬੰਬ ਧਮਾਕੇ ਦੀ ਗੂੰਜ ਨਾਲ ਸਾਰੀ ਦੁਨੀਆਂ ਦੀ ਨੀਂਦ ਹਰਾਮ ਹੋ ਗਈ ਸੀ। ਅਫ਼ਗਾਨਿਸਤਾਨ, ਇਰਾਕ, ਇਸਰਾਈਲ, ਲੇਬਨਾਨ, ਇੰਡੋਨੇਸ਼ੀਆ ਭਾਵ ਕਿਹੜਾ ਅਜਿਹਾ ਏਸ਼ੀਆਈ ਦੇਸ਼ ਹੈ ਜੋ ਬਚਿਆ ਹੈ। ਇਸ ਤੋਂ ਬਾਅਦ ਦੁਨੀਆਂ ਦੇ ਵਿਕਸਿਤ ਦੇਸ਼ ਇੰਗਲੈਂਡ ਵਿਚ ਵੀ ਅਤਿਵਾਦ ਦਾ ਸੇਕ ਬੰਬ ਧਮਾਕਿਆਂ ਦੇ ਰੂਪ ਵਿਚ ਮਹਿਸੂਸ ਕੀਤਾ ਗਿਆ। ਸਪੇਨ ਦੇ ਮੈਡ੍ਰਿਡ ਵਿਚ ਹੋਏ ਧਮਾਕੇ ਵੀ ਦਿਲਾਂ ਨੂੰ ਕੰਬਾ ਦੇਣ ਵਾਲੇ ਸਨ। ਕਹਿਣ ਦਾ ਭਾਵ ਇਹੀ ਹੈ ਕਿ ਅਤਿਵਾਦੀਆਂ ਜਾਂ ਦਹਿਸ਼ਤਗਰਦਾਂ ਲਈ ਲੋਕਾਂ ਵਿਚ ਦਹਿਸ਼ਤ ਫੈਲਾਉਣ ਲਈ ਧਮਾਕੇ ਕਰਨੇ ਇਕ ਆਮ ਜਿਹੀ ਗੱਲ ਹੋ ਗਈ ਹੈ। ਇਨ੍ਹਾਂ ਧਮਾਕਿਆਂ ਵਿਚ ਉਹ ਇਹ ਨਹੀਂ ਵੇਖਦੇ ਕਿ ਉਨ੍ਹਾਂ ਵਿਚ ਕਿਨ੍ਹਾਂ ਲੋਕਾਂ ਦੀ ਜਾਨ ਗਈ ਹੈ। ਇਥੋਂ ਤੱਕ ਕਿ ਪਾਕਿਸਤਾਨ ਵਿਚ ਜਿਹਾਦ ਦੇ ਨਾਮ ‘ਤੇ ਜੰਗ ਲੜਣ ਵਾਲੀਆਂ ਜਥੇਬੰਦੀਆਂ ਵਲੋਂ ਉਥੋਂ ਦੀਆਂ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਮਸਜਿਦਾਂ ਵਿਚ ਉਨ੍ਹਾਂ ਦੇ ਆਪਣੇ ਹੀ ਮੁਸਲਮਾਨ ਭਾਈਚਾਰੇ ਦੇ ਲੋਕ ਮੌਤ ਦਾ ਸਿ਼ਕਾਰ ਹੋ ਰਹੇ ਹਨ। ਇਰਾਕ ਵਿਚ ਵੀ ਇਹੀ ਕੁਝ ਵਾਪਰ ਰਿਹਾ ਹੈ। ਇਨ੍ਹਾਂ ਦੇ ਨਾਲ ਹੀ ਪਾਕਿਸਤਾਨ ਦੇ ਆਪਣੇ ਗੁਆਂਢੀ ਦੇਸ਼ ਅਫ਼ਗਾਨਿਸਤਾਨ ਵਿਚ ਹੋਣ ਵਾਲੇ ਧਮਾਕਿਆਂ ਵਿਚ ਵੀ ਕੋਈ ਹੋਰ ਨਹੀਂ ਸਗੋਂ ਮੁਸਲਮਾਨ ਹੀ ਮਾਰੇ ਜਾ ਰਹੇ ਹਨ। ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਜਿਹਾਦੀ, ਦਹਿਸ਼ਤਗਰਦ ਜਾਂ ਅਤਿਵਾਦੀ ਆਪਣੇ ਭਰਾਵਾਂ ਜਾਂ ਆਪਣੇ ਧਰਮ ਦੇ ਭਲੇ ਲਈ ਆਪਣੀਆਂ ਹੀ ਮਸਜਿਦਾਂ ਨੂੰ ਉਡਾ ਰਹੇ ਹਨ।
ਇਸ ਲਈ ਮੈਂ ਤਾਂ ਸਿਰਫ਼ ਇੰਨਾ ਹੀ ਕਹਿਣਾ ਚਾਹਾਂਗਾ ਕਿ ਜਦੋਂ ਵੀ ਕਦੀ ਦੇਸ਼ ਜਾਂ ਕੌਮ ‘ਤੇ ਬਿਪਤਾ ਆਣ ਬਣਦੀ ਹੈ ਤਾਂ ਉਸ ਵੇਲੇ ਆਪਸੀ ਗਿਲੇ ਸਿ਼ਕਵੇ ਭੁੱਲ ਕੇ ਸਾਰਿਆਂ ਨੂੰ ਇਕ ਮੁੱਠ ਅਤੇ ਇਕ ਆਵਾਜ਼ ਹੋ ਕੇ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਨਾ ਕਿ ਮੁਸ਼ਕਲਾਂ ਅਤੇ ਮੁਸੀਬਤਾਂ ਵਿਚ ਫਸੇ ਲੋਕਾਂ ਨੂੰ ਛੱਡਕੇ ਪਿੱਠ ਵਿਖਾ ਜਾਣੀ ਚਾਹੀਦੀ ਹੈ। ਜੇਕਰ ਭਾਜਪਾ ਸਮਝਦੀ ਹੈ ਕਿ ਉਹ ਦੇਸ਼ ਦੀ ਬਹੁਤ ਵੱਡੀ ਹਿਤੈਸ਼ੀ ਹੈ ਤਾਂ ਉਨ੍ਹਾਂ ਨੂੰ ਇਸ ਵੇਲੇ ਪਾਰਟੀ ਦੀ ਸਿਆਸਤ ਤੋਂ ਉਪਰ ਉਠਕੇ ਦੇਸ਼ ਅਤੇ ਦੇਸ਼ਵਾਸੀਆਂ ਦੀ ਭਲਾਈ ਲਈ ਆਪਣਾ ਪੂਰਾ ਵਾਹ ਲਾ ਦੇਣਾ ਚਾਹੀਦਾ ਹੈ। ਇਹ ਮੌਕਾ ਵੋਟਾਂ ਦੀ ਸਿਆਸਤ ਖੇਡਣ ਦਾ ਨਹੀਂ ਸਗੋਂ ਦੇਸ਼ ਅਤੇ ਦੇਸ਼ ਦੀ ਆਰਥਿਕਤਾ ਨੂੰ ਖੋਖਲਾ ਕਰਨ ਵਾਲੇ ਦੁਸ਼ਮਣਾਂ ਦਾ ਸਾਹਮਣਾ ਕਰਨ ਦਾ ਹੈ।