ਮੋਗੇ ਬੱਸ ਅੱਡੇ ਤੇ ਖੜਾ ਮੈਂ ਫਿਰੋਜ਼ਪੁਰ ਦੀ ਬਸ ਉਡੀਕ ਹੀ ਰਿਹਾ ਸੀ ਕਿ ਤਿੰਨ-ਚਾਰ ਮੁੰਡਿਆਂ ਦੇ ਹਾਸੇ ਨੇ ਮੇਰਾ ਧਿਆਨ ਖਿੱਚ ਲਿਆ। ਉਹ ਇਕ ਬਜੁਰਗ ਨੂੰ ਘੇਰੀ ਖੜੇ ਸਨ ਜੋ ਰੋਟੀ ਦੇ ਲਈ ਉਨ੍ਹਾਂ ਦੇ ਅੱਗੇ ਤਰਲੇ ਕਰ ਰਿਹਾ ਸੀ-”ਪੁੱਤਰ ਜੀ, ਸਵੇਰ ਦੀ ਰੋੇਟੀ ਖਾਣੀ ਏ, ਜੇ ਤੁਸੀਂ ਕੁੱਝ ਮਦਦ ਕਰੋ, ਕੋਈ ਧੇਲੀ-ਰੁੱਪਈਆ ਈ ਦੇ ਦਿਓ!” ਇਕ ਮੁੰਡਾ ਝੇਡ ਕਰਦਾ ਬੋਲਿਆ-”ਬਾਬਾ, ਅਸੀਂ ਤਾਂ ਆਪ ਸਦੀਆਂ ਤੋਂ ਭੁੱਖੇ ਆਂ, ਤੈਨੂੰ ਕਿਵੇਂ ਰਜਾ ਦੇਈਏ।” “ਜੇ ਜਵਾਨੀ ਵਿੱਚ ਜੋੜਦੋਂ ਤਾਂ ਅੱਜ ਮੰਗਣਾ ਤਾਂ ਨਹੀਂ ਪੈਂਦਾ, ਹੁਣ ਕਿਵੇਂ ਦਿਮਾਗ ਚੱਟੀ ਜਾਨੈ, ਜਾ ਕੋਈ ਹੋਰ ਅਸਾਮੀ ਵੇਖ, ਮੇਰਾ ਸੁਆਦ ਨ ਗਵਾ, ਚੱਲ ਅੱਗੇ ਹੋ”-ਦੂਜੇ ਮੁੰਡੇ ਨੇ ਭੁੱਜੇ ਛੋਲਿਆਂ ਦਾ ਫੱਕਾ ਮਾਰਦੇ ਹੋਏ ਕਿਹਾ। ਬਾਬਾ ਅੱਖਾਂ ਪੂੰਝਦਾ ਅੱਗੇ ਤੁਰ ਪਿਆ।
ਮੈਥੋਂ ਰਿਹਾ ਨ ਗਿਆ, ਮੈਂ ਬਾਬੇ ਦਾ ਹੱਥ ਫੜ ਉਹਨੂੰ ਲਾਗਲੇ ਢਾਬੇ ਤੇ ਲੈ ਗਿਆ ਤੇ ਰੋਟੀ ਲਿਆਉਣ ਲਈ ਕਿਹਾ। ਬਾਬਾ ਹਾਲੇ ਵੀ ਅੱਖਾਂ ਪੂੰਝ ਰਿਹਾ ਸੀ। “ਬਾਬਾ ਐਵੇਂ ਇਹਨਾਂ ਜੁਆਕਾਂ ਦੀ ਗੱਲ ਦਿਲ ਨੂੰ ਨਹੀਂ ਲਾਈਦਾ, ਇਹਨਾਂ ਨੂੰ ਹਾਲੇ ਸਮਝ ਹੀ ਕੀ ਐ, ਲੈ ਰੋਟੀ ਖਾ,” ਮੈਂ ਰੋਟੀ ਬਾਬੇ ਅੱਗੇ ਕਰਦਿਆਂ ਕਿਹਾ। “ਨਹੀਂ ਪੁੱਤਰ, ਉਹ ਠੀਕ ਹੀ ਕਹਿ ਰਹੇ ਸਨ, ਕਰਜਾ ਲੈ ਕੇ ਮੈਂ ਆਪਣੇ ਇਕਲੋਤੇ ਪੁੱਤਰ ਨੂੰ ਪੜ੍ਹਾਇਆ। ਉਹਦੀ ਕਨੇਡਾ ਜਾਣ ਦੀ ਜਿੱਦ ਨੇ ਪੈਲੀ ਤਾਂ ਕਿ ਮੇਰਾ ਘਰ ਵੀ ਗਿਰਵੀ ਰੱਖਵਾ ਦਿੱਤਾ। ਉਹ ਕਨੇਡਾ ਤੁਰ ਗਿਆ ਤੇ ਪੁੱਤਰ ਮਿਲਨੇ ਨੂੰ ਲੋਚਦੀ ਉਸ ਦੀ ਮਾਂ ਸਵਰਗਾਂ ਨੂੰ। ਹਰ ਖ਼ਤ ਵਿੱਚ ਸਨ ਉਸਦੀ ਤੰਗੀ ਦੇ ਰੋਣੇ, ਪਰ ਕਰਜਾ ਕੀ ਵੇਖਦੈ ਮੇਰੀ ਤੰਗੀ ਨੂੰ, ਸਭ ਕੁੱਝ ਵਿਕ ਗਿਆ, ਸਭ ਕੁੱਝ………”- ਬਾਬੇ ਨੇ ਹੋਕਾ ਖਿੱਚਦਿਆਂ ਕਿਹਾ-”…………
ਸੁਆਰ ਲਿਆ ਏ ਮੈਂ ਆਪਣਾ ਭਵਿੱਖ, ਜੇ ਮੈਂ ਆਪਣੇ ਬਾਰੇ ਸੋਚਦਾ ਤਾਂ………………” ਹਾਲੇ ਉਸ ਦੀ ਗੱਲ ਵੀ ਪੂਰੀ ਨਹੀਂ ਹੋਈ ਸੀ ਕਿ ਮੂੰਹ ‘ਚ ਪਾਉਣ ਲਈ ਤੋੜੀ ਬੁਰਕੀ ਉਸ ਦੇ ਹੱਥ ਵਿੱਚ ਹੀ ਰਹਿ ਗਈ ਤੇ ਮੈਂ ਖੜਾ ਬਾਬੇ ਦੇ ਬੇਜਾਨ ਹੱਥ ਵਿੱਚ ਫੜੀ ਰੋਟੀ ਨੂੰ ਵੇਖ ਰਿਹਾ ਸਾਂ, ਅਤੇ ਹੇਠਾਂ ਪਏ ਸਨ ਛੋਟੇ-ਛੋਟੇ ਟੁਕੜਿਆਂ ‘ਚ ਤਬਦੀਲ ਹੋਏ ਮੇਰੇ ਵੀਜੇ ਦੇ ਕਾਗਜ਼।
ਉਡੀਕ
December 10, 2008
by: ਸੰਜੀਵ ਸ਼ਰਮਾ (ਫਿਰੋਜਪੁਰ)
by: ਸੰਜੀਵ ਸ਼ਰਮਾ (ਫਿਰੋਜਪੁਰ)
This entry was posted in ਕਹਾਣੀਆਂ.