ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਵਿਚ ਦੁਨੀਆਂ ਦੇ ਸਾਰੇ ਹੀ ਅਹਿਮ ਧਰਮਾਂ ਦੇ ਲੋਕ ਵਸਦੇ ਹਨ। ਇਨ੍ਹਾਂ ਵਿਚ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬੋਧੀ, ਜੈਨੀ ਸਾਰੇ ਹੀ ਧਰਮਾਂ ਦੇ ਨਾਮ ਵਰਣਨਯੋਗ ਹਨ। ਇਨ੍ਹਾਂ ਸਭ ਦੀਆਂ ਆਪੋ ਆਪਣੇ ਸੂਬਿਆਂ ਦੇ ਹਿਸਾਬ ਨਾਲ ਆਪੋ ਆਪਣੀਆਂ ਬੋਲੀਆਂ ਹਨ। ਇਥੋਂ ਤੱਕ ਕਿ ਉੱਤਰੀ ਭਾਰਤ ਦੇ ਲੋਕ ਜੇਕਰ ਦੱਖਣ ਵਿਚ ਚਲੇ ਜਾਣ ਤਾਂ ਉਨ੍ਹਾਂ ਲਈ ਉਨ੍ਹਾਂ ਦੀ ਬੋਲੀ ਸਮਝਣੀ ਔਖੀ ਹੋ ਜਾਂਦੀ ਹੈ। ਇਹ ਹੀ ਨਹੀਂ ਜੇਕਰ ਅਸੀਂ ਇਹ ਕਹੀਏ ਕਿ ਇਨ੍ਹਾਂ ਧਰਮਾਂ ਅਤੇ ਬੋਲੀਆਂ ਦੀ ਖੇਡ ਦੇ ਨਾਲ ਸਾਰੇ ਹੀ ਭਾਰਤ ਨੂੰ ਜਾਤਾਂ ਵਿਚ ਵੀ ਵੰਡਿਆ ਹੋਇਆ ਹੈ। ਪਰ ਫਿਰ ਵੀ ਇਹ ਦੇਸ਼ ਰੱਬ ਆਸਰੇ ਚਲੀ ਜਾ ਰਿਹਾ ਹੈ। ਕਿਉਂਕਿ ਇਸ ਦੇਸ਼ ਦੀ ਬੇੜੀ ਨੂੰ ਚਲਾਉਣ ਵਾਲੇ ਇਸਦੇ ਮਲਾਹ ਭਾਵ ਸਾਡੇ ਦੇਸ਼ ਦੇ ਲੀਡਰ ਵੀ ਇਨ੍ਹਾਂ ਧਰਮਾਂ, ਜਾਤੀਆਂ ਅਤੇ ਬੋਲੀਆਂ ਦੀ ਵੰਡ ਦੀ ਖੇਡ ਖੇਡਦੇ ਹੋਏ ਹੀ ਦੇਸ਼ ਨੂੰ ਚਲਾਉਣ ਦੇ ਦਾਅਵੇ ਕਰਦੇ ਰਹੇ ਆ ਰਹੇ ਹਨ।
1977 ਵਿਚ ਜਦੋਂ ਕਾਂਗਰਸ ਵਲੋਂ ਐਮਰਜੰਸੀ ਲਾਈ ਗਈ ਤਾਂ ਪੂਰਾ ਦੇਸ਼ ਇਸ ਐਮਰਜੰਸੀ ਦੇ ਖਿਲਾਫ਼ ਹੋ ਗਿਆ ਅਤੇ ਸਾਰੇ ਦੇਸ਼ ਦੀਆਂ ਵੱਡੀਆਂ ਨਿੱਕੀਆਂ ਪਾਰਟੀਆਂ ਨੇ ਰਲਕੇ ਜਨਤਾ ਪਾਰਟੀ ਨਾਮ ਦੀ ਖਿਚੜੀ ਸਰਕਾਰ ਬਣਾਈ ਜੋ ਭਾਂਤ ਭਾਂਤ ਦੇ ਲੀਡਰਾਂ ਕਰਕੇ ਕੁਝ ਸਮਾਂ ਹੀ ਚਲ ਸਕੀ। ਕਿਉਂਕਿ ਉਸ ਸਮੇਂ ਵੀ ਦੇਸ਼ ਦੇ ਇਨ੍ਹਾਂ ਖੁਦਗਰਜ਼ ਲੀਡਰਾਂ ਨੂੰ ਦੇਸ਼ ਦੇ ਹਿਤਾਂ ਨਾਲੋਂ ਆਪਣੇ ਹਿੱਤ ਪਿਆਰੇ ਸਨ। ਇਸ ਲਈ ਇਹ ਪਾਰਟੀ ਆਮ ਲੋਕਾਂ ਉਪਰ ਮੱਧਕਾਲੀ ਚੋਣਾਂ ਦੇ ਕਰੋੜਾਂ ਰੁਪਈਆਂ ਦਾ ਭਾਰ ਲੋਕਾਂ ‘ਤੇ ਪਾਕੇ ਟੋਟੇ ਟੋਟੇ ਹੋ ਗਈ। ਜਿਸ ਦੀਆਂ ਧੱਜੀਆਂ ਉਡਾਉਣ ਦਾ ਸਿਹਰਾ ਉਸ ਵੇਲੇ ਆਪਣੇ ਆਪ ਨੂੰ ਕਿਸਾਨ ਲੀਡਰ ਅਖਵਾਉਣ ਵਾਲੇ ਚਰਨ ਸਿੰਘ ਸਿਰ ਬੱਝਿਆ। ਜਨਤਾ ਪਾਰਟੀ ਵਿਚ ਉਸ ਵੇਲੇ ਦੀ ਕੱਟੜ ਫਿਰਕੂ ਪਾਰਟੀ ਜਨਸੰਘ ਨੇ ਵੀ ਆਪਣੇ ਆਪ ਨੂੰ ਜਨਤਾ ਪਾਰਟੀ ਵਿਚ ਰਲਾ ਲਿਆ। ਪਰ ਜਦੋਂ ਜਨਤਾ ਪਾਰਟੀ ਦੇ ਟੁਕੜੇ ਹੋਏ ਤਾਂ ਇਸ ਪਾਰਟੀ ਨੇ ਆਪਣਾ ਚੋਲਾ ਬਦਲਕੇ ਆਪਣਾ ਨਾਮ ਭਾਰਤੀ ਜਨਤਾ ਪਾਰਟੀ ਰੱਖ ਲਿਆ। ਇਸ ਨੂੰ ਕਈ ਹਿੰਦੂ ਗਰੁੱਪਾਂ ਜਿਨ੍ਹਾਂ ਵਿਚ ਆਰਐਸਐਸ, ਵਿਸ਼ਵ ਹਿੰਦੂ ਪਰੀਸ਼ਦ, ਸਿ਼ਵਸੈਨਾ, ਬਜਰੰਗ ਦਲ ਆਦਿ ਪਾਰਟੀਆਂ ਦੀ ਹਿਮਾਇਤ ਹਾਸਲ ਰਹੀ ਅਤੇ ਇਸੇ ਹਿਮਾਇਤ ਨੂੰ ਬਰਕਰਾਰ ਰੱਖਣ ਲਈ ਇਸ ਪਾਰਟੀ ਵਲੋਂ ਸਮੇਂ ਸਮੇਂ ਕੁਝ ਅਜਿਹੇ ਤੀਰ ਵੀ ਚਲਾਏ ਜਾਂਦੇ ਰਹੇ, ਜੋ ਮਨੁੱਖੀ ਹਿਰਦਿਆਂ ਨੂੰ ਵਿੰਨਣ ਦਾ ਕੰਮ ਕਰਦੇ ਰਹੇ।
ਇਸ ਵਿਸ਼ੇ ਬਾਰੇ ਕਿਸੇ ਹੋਰ ਲੇਖ ਵਿਚ ਲਿਖਾਂਗਾ। ਇਸ ਲੇਖ ਦਾ ਵਿਸ਼ਾ ਮੈਂ ਸਿਰਫ਼ “ਨੈਤਿਕ ਜਿ਼ੰਮੇਵਾਰੀ” ਦੇ ਕੇਂਦਰ ਬਿੰਦੂ ਤੱਕ ਹੀ ਸੀਮਤ ਰਖਣਾ ਚਾਹਾਂਗਾ। ਜਦੋਂ ਵੀ ਕਦੀ ਸਾਡੀਆਂ ਇਨ੍ਹਾਂ ਪਾਰਟੀਆਂ ਵਲੋਂ ਕੋਈ ਗੱਲ ਵੱਸੋਂ ਬਾਹਰ ਹੋਈ ਦਿਸਦੀ ਹੈ ਤਾਂ ਉਹ ਉਸਦਾ ਭਾਂਡਾ ਦੂਜੀ ਪਾਰਟੀ ਉਪਰ ਇਹ ਕਹਿਕੇ ਭੰਨ ਦਿੰਦੇ ਹਨ ਕਿ ਇਸ ਲਈ ਵਿਰੋਧੀ ਪਾਰਟੀ ਨੂੰ ਆਪਣੀ ਨੈਤਿਕ ਜਿ਼ੰਮੇਵਾਰੀ ਸਮਝਣੀ ਚਾਹੀਦੀ ਹੈ। ਕੁਝ ਲੋਕ ਇਸਨੂੰ ਜ਼ਮੀਰ ਦੀ ਆਵਾਜ਼ ਕਹਿ ਦਿੰਦੇ ਹਨ ਪਰ ਗੱਲ ਆਕੇ ਇਕ ਥਾਂ ‘ਤੇ ਹੀ ਟਿਕਦੀ ਹੈ ਕਿ ਇਹ ਲੀਡਰ ਆਪਣੀਆਂ ਇਨ੍ਹਾਂ ਜਜ਼ਬਾਤੀ ਗੱਲਾਂ ਜਾਂ ਤਕਰੀਰਾਂ ਰਾਹੀਂ ਆਪਣਾ ਉੱਲੂ ਸਿੱਧਾ ਕਰ ਰਹੇ ਹੁੰਦੇ ਹਨ। ਇਹ ਲੀਡਰ ਕੁਰਸੀ ਖੇਡ ਨੂੰ ਖੇਡਦੇ ਹੋਏ ਹੁਕਮਰਾਨ ਪਾਰਟੀ ਉਪਰ ਅਜਿਹੇ ਇਲਜ਼ਾਮ ਲਾ ਕੇ ਆਪਣਾ ਸਿਆਸੀ ਲਾਹਾ ਖੱਟਣ ਦੀਆਂ ਖੇਡਾਂ ਖੇਡ ਰਹੇ ਹੁੰਦੇ ਹਨ।
ਸਭ ਤੋਂ ਪਹਿਲਾਂ ਮੈਂ ਗੱਲ ਸ਼ੁਰੂ ਕਰਦਾ ਹਾਂ। 1984 ਸਮੇਂ ਕਾਂਗਰਸ ਵਲੋਂ ਕੀਤੇ ਗਏ ਸਿੱਖ ਕਤਲੇਆਮ ਦੀ ਗੱਲ ਤੋਂ ਸ਼ੁਰੂ ਕਰਦਾ ਹਾਂ। ਉਸ ਵੇਲੇ ਕੀ ਕਾਂਗਰਸ ਜਾਂ ਭਾਰਤ ਦੀਆਂ ਹੋਰਨਾਂ ਪਾਰਟੀਆਂ ਦਾ ਇਹ ਨੈਤਿਕ ਫ਼ਰਜ਼ ਨਹੀਂ ਸੀ ਬਣਦਾ ਕਿ ਉਹ ਸਿੱਖ ਭਾਈਚਾਰੇ ਪਾਸੋਂ ਇਸ ਫਿਰਕੂ ਅਤੇ ਬਦਲਾ ਲਊ ਕਰਤੂਤ ਲਈ ਮੁਆਫ਼ੀ ਮੰਗੇ। ਜਾਂ ਵਿਰੋਧੀ ਪਾਰਟੀਆਂ ਵਲੋਂ ਸਿੱਖਾਂ ਉਪਰ ਹੋਏ ਇਸ ਅਨਿਆਂ ਲਈ ਕਾਂਗਰਸ ਨੂੰ ਲਾਹਨਤਾਂ ਪਾਉਂਦੀਆਂ। ਸਗੋਂ ਇਸਤੋਂ ਕੁਝ ਮਹੀਨਿਆਂ ਬਾਅਦ ਹੀ ਜਦੋਂ ਵੋਟਾਂ ਪਈਆਂ ਤਾਂ ਫਿਰਕੂ ਸੋਚ ਦੇ ਲੋਕਾਂ ਵਲੋਂ ਵੀ ਸਿੱਖਾਂ ਦੇ ਕਤਲੇਆਮ ਦੇ ਇਨਾਮ ਵਜੋਂ ਕਾਂਗਰਸ ਨੂੰ ਦੇਸ਼ ਭਰ ਵਿਚ ਭਾਰੀ ਬਹੁਮਤ ਦੇ ਕੇ ਜਿਤਾਇਆ ਗਿਆ। ਕੀ ਉਸ ਵੇਲੇ ਇਨ੍ਹਾਂ ਲੀਡਰਾਂ ਦੀ ਕੋਈ “ਨੈਤਿਕ ਜਿ਼ੰਮੇਵਾਰੀ” ਨਹੀਂ ਸੀ ਬਣਦੀ ਕਿ ਇਸ ਕਤਲੇਆਮ ਦੀ ਜਿ਼ੰਮੇਵਾਰੀ ਲੈਂਦੇ ਹੋਏ ਸਰਕਾਰ ਆਪਣਾ ਅਸਤੀਫ਼ਾ ਦਿੰਦੀ।
ਇਸ ਵਾਰ ਮੁੰਬਈ ਵਿਚ ਹੋਏ ਹਮਲੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੁਝ ਲੀਡਰਾਂ ਵਲੋਂ ਫਿਰ ਆਪਣੀ ਫਿਰਕੂ ਸੋਚ ਨੂੰ ਹਵਾ ਦਿੰਦੇ ਹੋਏ ਇਕ ਸਿੱਖ ਪ੍ਰਧਾਨ ਮੰਤਰੀ ਨੂੰ ਉਸਦੀ “ਨੈਤਿਕ ਜਿ਼ੰਮੇਵਾਰੀ” ਦਾ ਅਹਿਸਾਸ ਕਰਾਉਂਦੇ ਹੋਏ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਧਮਾਕਿਆਂ ਤੋਂ ਪਹਿਲਾਂ ਕੀ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਇਨ੍ਹਾਂ ਨੇ ਰਾਜੀਵ ਗਾਂਧੀ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਆਦਿ ਪਾਸੋਂ ਅਸਤੀਫ਼ੇ ਦੀ ਮੰਗ ਕੀਤੀ? ਜਵਾਬ ਨਹੀਂ।
ਇਸੇ ਸੰਦਰਭ ਵਿਚ ਮੈਂ ਕੁਝ ਗੱਲਾਂ ਲਿਖਣੀਆਂ ਚਾਹਾਂਗਾ ਜਿਸਤੋਂ ਸਾਫ਼ ਜ਼ਾਹਰ ਹੋ ਜਾਵੇਗਾ ਕਿ ਇਨ੍ਹਾਂ ਨੇ ਆਪਣੀ ਕਿੰਨੀ ਕੁਝ “ਨੈਤਿਕ ਜਿ਼ੰਮੇਵਾਰੀ” ਨਿਭਾਉਂਦੇ ਹੋਏ ਅਸਤੀਫ਼ੇ ਦਿੱਤੇ ਜਦੋਂ ਭਾਜਪਾ ਦੀ ਆਪਣੀ ਸਰਕਾਰ ਕੇਂਦਰ ਵਿਚ ਬਿਰਾਜਮਾਨ ਸੀ। ਦੇਸ਼ ਦੇ ਉਸ ਵੇਲੇ ਰਹਿ ਚੁੱਕੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਅਤੇ ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਵਲੋਂ ਹੁਣ ਨੈਤਿਕ ਜਿ਼ੰਮੇਵਾਰੀ ਦਾ ਹਊਆ ਵਿਖਾਉਂਦੇ ਹੋਏ ਦੇਸ਼ ਦੇ ਲੀਡਰਾਂ ਪਾਸੋਂ ਅਸਤੀਫ਼ੇ ਮੰਗੇ ਜਾ ਰਹੇ ਹਨ। ਉਸ ਵੇਲੇ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਕਿਉਂ ਨਾ ਦਿੱਤਾ ਜਦੋਂ ਉਹ ਕੰਧਾਰ ਵਿਚ ਅਤਿਵਾਦੀਆਂ ਦੇ ਵੱਟੇ ਲੋਕਾਂ ਨੂੰ ਛੁਡਾਕੇ ਲਿਆਏ ਸਨ। ਕੀ ਉਨ੍ਹਾਂ ਨੇ ਉਸ ਵੇਲੇ ਪ੍ਰਧਾਨ ਮੰਤਰੀ ਦੀ ਕੁਰਸੀ ਨਾਲ ਚਿੰਬੜੇ ਬੈਠੇ ਅਟਲ ਬਿਹਾਰੀ ਵਾਜਪਈ ਨੂੰ ਅਸਤੀਫ਼ਾ ਦੇਣ ਦੀ ਸਲਾਹ ਦਿੱਤੀ ਸੀ। ਭਾਵੇਂ ਉਹੀ ਅਤਿਵਾਦੀ ਹੁਣ ਇਨ੍ਹਾਂ ਹਮਲਿਆਂ ਵਿਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਆਪਣੀ ਕੋਈ ਭੂਮਿਕਾ ਨਿਭਾ ਰਿਹਾ ਹੋਵੇ। ਕੀ ਇਹ ਅਡਵਾਨੀ ਉਸ ਵੇਲੇ ਆਪਣੇ ਕਮਾਂਡੋ ਭੇਜਕੇ ਉਨ੍ਹਾਂ ਅਗਵਾ ਮੁਸਾਫ਼ਰਾਂ ਨੂੰ ਨਹੀਂ ਸੀ ਛੁਡਵਾ ਸਕਦਾ?
ਇਸਤੋਂ ਬਾਅਦ ਜਦੋਂ ਉਨ੍ਹਾਂ ਦੇ ਆਪਣੇ ਹੀ ਮੰਦਰ ਅਕਸ਼ਰਧਾਮ ਉਪਰ ਹਮਲਾ ਹੋਇਆ ਉਦੋਂ ਉਨ੍ਹਾਂ ਨੇ ਹਿੰਦੂ ਧਾਰਮਕ ਲੋਕਾਂ ਦੇ ਕਤਲੇਆਮ ਸਬੰਧੀ ਆਪਣੀ ਕੋਈ ਜਿ਼ੰਮੇਵਾਰੀ ਨਿਭਾਈ? ਇਸਤੋਂ ਬਾਅਦ ਮੁੰਬਈ ਵਾਲੇ ਹਮਲੇ ਤਾਂ ਪਬਲਿਕ ਸਥਾਨਾ ‘ਤੇ ਹੋਏ। ਜਦੋਂ ਸਕਿਊਰਿਟੀ ਨਾਲ ਪੂਰੀ ਤਰ੍ਹਾਂ ਛਾਉਣੀ ਬਣੇ ਹੋਏ ਸੰਸਦ ਉਪਰ ਜਦੋਂ ਅਤਿਵਾਦੀ ਹਮਲਾ ਹੋਇਆ ਤਾਂ ਇਨ੍ਹਾਂ ਨੇ ਆਪਣੇ ਸੁਰੱਖਿਆ ਪ੍ਰਬੰਧਾਂ ਦੀ ਨਾਕਾਮੀ ਦੀ ਜਿ਼ੰਮੇਵਾਰੀ ਲੈਂਦੇ ਹੋਏ ਗ੍ਰਹਿ ਮੰਤਰੀ ਜਾਂ ਅਟਲ ਬਿਹਾਰੀ ਵਾਜਪਈ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ? 1980 ਦੇ ਅੰਤ ਤੱਕ ਇਸ ਸੰਸਦ ਭਵਨ ਦੇ ਨਜ਼ਦੀਕ ਕੋਈ ਬਹੁਤੀ ਸਕਿਊਰਿਟੀ ਨਹੀਂ ਸੀ ਹੁੰਦੀ। ਮੈਨੂੰ ਅਜੇ ਵੀ ਯਾਦ ਹੈ ਕਿ ਮੈਂ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਮੱਥਾ ਟੇਕੇ ਉਸ ਬਿਲਡਿੰਗ ਦੇ ਨਾਲ ਨਾਲ ਤੁਰਦਾ ਹੋਇਆ ਪਾਰਲੀਮੈਂਟ ਸਟਰੀਟ ‘ਤੇ ਆਪਣੇ ਦਫ਼ਤਰ ਪਹੁੰਚ ਜਾਂਦਾ ਹੁੰਦਾ ਸਾਂ। ਪਰੰਤੂ ਹੁਣ ਹਾਲਾਤ ਇਹ ਹਨ ਕਿ ਉਸ ਪਾਰਲੀਮੈਂਟ ਜਾਂ ਸੰਸਦ ਭਵਨ ਦੇ ਨਜ਼ਦੀਕ ਘੁੰਮਣ ਵਾਲੇ ਨੂੰ ਵੀ ਸ਼ੱਕ ਕਰਕੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਫਿਰ ਉਸੇ ਹੀ ਸੰਸਦ ਭਵਨ ਵਿਚ ਕੁਝ ਲੋਕ ਬੇਖੌ਼ਫ਼ ਹੋ ਕੇ ਆਟੋਮੈਟਿਕ ਹਥਿਆਰਾਂ ਨਾਲ ਲੈਸ ਹੋ ਕੇ ਉਸ ਸੰਸਦ ਭਵਨ ਦੇ ਅਹਾਤੇ ਵਿਚ ਕਿਵੇਂ ਪਹੁੰਚ ਗਏ। ਉਹ ਸੰਸਦ ਭਵਨ ਜਿਸ ਵਿਚ ਪਹੁੰਚ ਲਈ ਪੁਲਿਸ ਦੇ ਅਨੇਕਾਂ ਨਾਕਿਆਂ ਨੂੰ ਟੱਪਕੇ ਆਪਣੇ ਪਛਾਣ ਪੱਤਰਾਂ ਅਤੇ ਕਈ ਪ੍ਰਕਾਰ ਦੀਆਂ ਜਾਂਚ ਪੜਤਾਲ ਤੋਂ ਬਾਅਦ ਪਹੁੰਚਿਆ ਜਾ ਸਕਦਾ ਹੈ। ਮੈਨੂੰ ਅਜੇ ਤੱਕ ਇਹ ਸਮਝ ਨਹੀਂ ਆਉਂਦਾ ਕਿ ਮੁੰਬਈ ਦੇ ਤਾਜ ਹੋਟਲ ਵਿਚ ਪਹੁੰਚਣਾ ਸੌਖਾ ਹੈ ਜਾਂ ਫਿਰ ਸੰਸਦ ਭਵਨ ਵਿੱਚ? ਫਿਰ ਉਸ ਵੇਲੇ ਭਾਜਪਾ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਗ੍ਰਹਿ ਮੰਤਰੀ (ਉਪ ਪ੍ਰਧਾਨ ਮੰਤਰੀ) ਲਾਲ ਕ੍ਰਿਸ਼ਨ ਅਡਵਾਨੀ ਵਲੋਂ ਆਪਣੀ ਅਸਤੀਫ਼ੇ ਦੇਣ ਵਾਲੀ ਇਹ ਜਿ਼ੰਮੇਵਾਰੀ ਕਿਉਂ ਨਾ ਨਿਭਾਈ ਗਈ?
ਇਸਤੋਂ ਬਾਅਦ ਜਦੋਂ ਗੁਜਰਾਤ ਵਿਚ ਨਰਿੰਦਰ ਮੋਦੀ ਵਲੋਂ ਨਿਰਦੋਸ਼ ਮੁਸਲਾਮਾਨਾਂ ਨੂੰ ਸਾੜਿਆ, ਮਾਰਿਆ ਅਤੇ ਲੁਟਿਆ-ਪੁੱਟਿਆ ਗਿਆ ਉਸ ਵੇਲੇ ਵੀ ਕੇਂਦਰ ਵਿਚ ਵੀ ਭਾਜਪਾ ਦੀ ਸਰਕਾਰ ਸੀ ਅਤੇ ਗੁਜਰਾਤ ਵਿਚ ਵੀ ਭਾਜਪਾ ਦੀ ਸਰਕਾਰ ਹੀ ਸੀ। ਇਨ੍ਹਾਂ ਦੰਗਿਆਂ ਦੌਰਾਨ ਕੋਈ ਸੌ ਪੰਜਾਹ ਨਹੀਂ ਸਗੋਂ ਹਜ਼ਾਰਾਂ ਮਾਸੂਮ ਮੁਸਲਮਾਨ ਮੌਤ ਦੀ ਘਾਟ ਉਤਾਰ ਦਿੱਤੇ ਗਏ। ਉਦੋਂ ਇਨ੍ਹਾਂ ਕੇਂਦਰੀ ਮੰਤਰੀਆਂ ਅਤੇ ਸੂਬੇ ਦੀ ਸਰਕਾਰ ਨੂੰ ਆਪਣੀ ਕੋਈ ਨੈਤਿਕ ਜਿ਼ੰਮੇਵਾਰੀ ਚੇਤੇ ਨਹੀਂ ਆਈ।
ਇਥੇ ਹੀ ਬਸ ਨਹੀਂ ਹੁੰਦੀ ਜਦੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਭਾਰਤ ਦੇ ਦੌਰੇ ‘ਤੇ ਗਏ ਤਾਂ ਉਨ੍ਹਾਂ ਨੂੰ ਆਪਣੀ ਦਹਿਸ਼ਤ ਦੇ ਨਾਲ ਭੈਭੀਤ ਕਰਨ ਵਾਲੇ ਦਹਿਸ਼ਤਗਰਦਾਂ ਵਲੋਂ ਜੰਮੂ-ਕਸ਼ਮੀਰ ਵਿਚ ਨਿਰਦੋਸ਼ ਅਤੇ ਨਿਹੱਥੇ ਸਿੱਖ ਪ੍ਰਵਾਰਾਂ ਨੂੰ ਘਰਾਂ ਚੋਂ ਕੱਢਕੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਕੀ ਉਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਇਨ੍ਹਾਂ ਲੀਡਰਾਂ ਨੇ ਆਪਣੀ ਕੋਈ ਨੈਤਿਕਤਾ ਵਿਖਾਉਂਦੇ ਹੋਏ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਸਨ। ਜੋ ਹੁਣ ਇਹ ਰੌਲਾ ਪਾ ਰਹੇ ਹਨ। ਇਹ ਤਾਂ ਸਿਰਫ਼ ਕੁਝ ਉਦਾਹਰਣਾਂ ਹਨ ਜੇਕਰ ਪੂਰਾ ਕੱਚਾ ਚਿੱਠਾ ਫੋਲਣ ਲੱਗੀਏ ਤਾਂ ਇਨ੍ਹਾਂ ਸਾਰੇ ਹੀ ਲੀਡਰਾਂ ਦੇ ਕਿਰਦਾਰ ਦੀਆਂ ਧੱਜੀਆਂ ਉਡ ਜਾਣਗੀਆਂ।
ਅਸਤੀਫ਼ੇ ਦੇਣ ਨਾਲ ਇਸ ਸਮਸਿਆ ਦਾ ਹੱਲ ਨਹੀਂ ਲਭਣਾ। ਇਸ ਸਮਸਿਆ ਦਾ ਹੱਲ ਸਾਰੇ ਹੀ ਲੀਡਰਾਂ ਵਲੋਂ ਆਪਣੇ ਪ੍ਰਸ਼ਾਸਨਿਕ ਢਾਂਚੇ ਵਿਚ ਲੋੜੀਦੀਆਂ ਤਬਦੀਲੀਆਂ ਕਰਕੇ ਅਤੇ ਆਪਣੇ ਸੁਰੱਖਿਆ ਪ੍ਰਬੰਧਾਂ ਵਿਚ ਹੋਰ ਮੁਸਤੈਦੀ ਲਿਆਉਣ ਤੋਂ ਬਾਅਦ ਇਸਨੂੰ ਸੁਲਝਾਇਆ ਜਾ ਸਕਦਾ ਹੈ।
ਇਸ ਤੋਂ ਬਾਅਦ ਮੁੰਬਈ ਨੂੰ ਮਰਾਠਿਆਂ ਦੀ ਰਾਜਧਾਨੀ ਕਹਿਣ ਵਾਲੇ ਅਤੇ ਪੂਰੇ ਮਹਾਰਾਸ਼ਟਰਾ ਵਿਚ ਮਰਾਠੀਆਂ ਦੇ ਹੱਕਾਂ ਦੇ ਦਾਅਵੇ ਕਰਨ ਵਾਲੇ ਸਿ਼ਵਸੈਨਾ ਦੇ ਮੁੱਖੀ ਬਾਲ ਠਾਕਰੇ ਅਤੇ ਮਾਨਸੇ ਦੇ ਰਾਜ ਠਾਕਰੇ ਬਾਰੇ ਵੀ ਇਥੇ ਜਿ਼ਕਰ ਕਰਨਾ ਅਤਿ ਜ਼ਰੂਰੀ ਬਣਦਾ ਹੈ। ਇਹ ਦੋਵੇਂ ਹੀ ਲੀਡਰ ਉੱਤਰ ਭਾਰਤੀਆਂ ਨੂੰ ਇਸ ਲਈ ਆਪਣਾ ਦੁਸ਼ਮਣ ਬਣਾਈ ਬੈਠੇ ਨਹੀਂ ਹਨ ਕਿਉਂਕਿ ਉਹ ਦੂਜੇ ਸੂਬਿਆਂ ਤੋਂ ਆਕੇ ਇਥੇ ਵਸੇ ਹੋਏ ਹਨ। ਜੇਕਰ ਇਹ ਦੋਵੇਂ ਨੇਤਾ ਸਮਝਦੇ ਹਨ ਕਿ ਮਹਾਰਾਸ਼ਟਰ ਸਿਰਫ਼ ਮਰਾਠਿਆਂ ਦਾ ਹੀ ਹੈ ਅਤੇ ਇਸਦੀ ਰੱਖਿਆ ਕਰਨੀ ਸਿਰਫ਼ ਮਰਾਠਿਆਂ ਦੇ ਹੀ ਜਿ਼ੰਮੇਵਾਰੀ ਹੈ ਤਾਂ ਫਿਰ ਇਨ੍ਹਾਂ ਦੋਵੇਂ ਲੀਡਰਾਂ ਵਲੋਂ ਆਪਣੇ ਪਾਰਟੀ ਦੇ ਕਾਰਕੁੰਨਾਂ ਨੂੰ ਤਾਜ ਹੋਟਲ, ਓਬਰਾਏ ਹੋਟਲ ਅਤੇ ਨਰੀਮਨ ਹਾਊਸ ਵਿਖੇ ਉਥੇ ਫਸੇ ਲੋਕਾਂ ਦੀ ਰੱਖਿਆ ਲਈ ਕਿਉਂ ਨਾ ਭੇਜਿਆ ਗਿਆ। ਕੀ ਇਥੇ ਉਨ੍ਹਾਂ ਦੀ ਨੈਤਿਕ ਜਿ਼ੰਮੇਵਾਰੀ ਨਹੀਂ ਸੀ ਬਣਦੀ ਕਿ ਉਹ ਆਪਣੇ ਮੁੰਬਈ ਸ਼ਹਿਰ ਉਪਰ ਹੋਏ ਹਮਲਿਆਂ ਦੇ ਦੋਸ਼ੀਆਂ ਨੂੰ ਫੜਕੇ ਆਪਣੀਆਂ ਮਰਾਠਾ ਫੌਜਾਂ ( ਬਾਲ ਠਾਕਰੇ ਅਤੇ ਰਾਜ ਠਾਕਰੇ ਦੀਆਂ ਦੋਵੇਂ ਸੈਨਾਵਾਂ) ਰਾਹੀਂ ਇਹ ਚਾਚਾ ਭਤੀਜਾ ਮੁੰਬਈ ਨੂੰ ਆਜ਼ਾਦ ਕਰਾਉਂਦੇ।
ਇਹ ਸਭ ਕੁਝ ਲਿਖਣ ਦਾ ਮੇਰਾ ਮਕਸਦ ਕਿਸੇ ਪ੍ਰਕਾਰ ਦੀ ਨਫਰਤ ਫੈਲਾਉਣਾ ਨਹੀਂ ਸਗੋਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਅਤੇ ਇਨ੍ਹਾਂ ਸੈਨਾਵਾਂ ਅਤੇ ਬਜਰੰਗ ਦਲਾਂ ਆਦਿ ਦੇ ਲੀਡਰਾਂ ਨੂੰ ਸਿਰਫ਼ ਇਹ ਜਤਾਉਣਾ ਹੈ ਕਿ ਅਤਿਵਾਦ ਦੀ ਲੜਾਈ ਇਸ ਵੇਲੇ ਸਿਰਫ਼ ਭਾਰਤ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਕੋਨੇ ਵਿਚ ਫੈਲੀ ਹੋਈ ਹੈ। ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੀ ਨਿੱਕੀਆਂ ਨਿੱਕੀਆਂ ਪਾਰਟੀਆਂ ਦੇ ਹਿਤਾਂ ਨੂੰ ਅੱਗੇ ਰੱਖਕੇ ਦੇਸ਼ ਵਿਚ ਧਰਮਾਂ ਦੀ ਵੰਡੀ ਨਾ ਪਾਈਏ ਸਗੋਂ ਇਕ ਮੁੱਠ ਹੋ ਕੇ ਉਨ੍ਹਾਂ ਲੋਕਾਂ ਨੂੰ ਠੱਲ ਪਾਈਏ ਜਿਹੜੇ ਦਿਨ ਤਿਉਹਾਰਾਂ ਦੀਆਂ ਖੁਸ਼ੀਆਂ ਨੂੰ ਆਪਣੇ ਦਰਿੰਦਗ਼ੀ ਭਰੇ ਕਾਰਨਾਮਿਆਂ ਨਾਲ ਗਮਾਂ ਵਿਚ ਬਦਲ ਦਿੰਦੇ ਹਨ। ਜੇਕਰ ਸਾਰੇ ਹੀ ਰਾਜਾਂ ਦੇ ਲੀਡਰ ਭਾਵੇਂ ਉਹ ਸਿਆਸੀ ਹੋਣ ਜਾਂ ਧਾਰਮਕ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਇਕ ਇਕ ਕਰਕੇ ਸਾਰੇ ਹੀ ਆਪਣੀ ਡਫਲੀ ਵਜਾਉਂਦੇ ਹੋਏ ਸਾਰੇ ਭਾਰਤ ਨੂੰ ਲਹੂ ਨਾਲ ਲਾਲ ਕਰ ਦੇਣਗੇ। ਮੌਜੂਦਾ ਸਮਾਂ ਅਤੇ ਇਤਿਹਾਸ ਗਵਾਹ ਹੈ ਨਫ਼ਰਤਾਂ ਨਾਲ ਕਦੀ ਵੀ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ ਨਫਰਤਾਂ ਨਾਲ ਸਿਰਫ਼ ਤਬਾਹੀ ਹੀ ਹੁੰਦੀ ਹੈ।
ਦੂਰ ਕੀ ਜਾਣੇ ਜੇ ਦੋ ਭਰਾ ਕ੍ਰਿਪਾਨਾਂ ਅਤੇ ਬੰਦੂਕਾਂ ਸੂਤਕੇ ਆਪਣੀ ਜ਼ਮੀਨ ਦੀ ਵੰਡ ਕਰਨੀ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਇਸ ਨਫ਼ਰਤ ਦਾ ਅੰਤ ਕੋਰਟ ਕਚਹਿਰੀਆਂ ਵਿਚ ਹੀ ਜਾਕੇ ਹੁੰਦਾ ਹੈ ਅਤੇ ਦੋਵੇਂ ਹੀ ਭਰਾ ਇਸ ਨਫਰਤ ਦੀ ਅੱਗ ਵਿਚ ਆਪਣੇ ਘਰ ਦੇ ਜੀਆਂ ਅਤੇ ਪੈਸੇ ਦੇ ਨੁਕਸਾਨ ਤੋਂ ਸਿਵਾਏ ਹੋਰ ਕੁਝ ਨਹੀਂ ਖੱਟਦੇ। ਪਰ ਜੇਕਰ ਉਹ ਦੋਵੇਂ ਭਰਾ ਆਪਣੀ ਪਿਆਰ ਅਤੇ ਸੂਝਬੂਝ ਨਾਲ ਘਰ ਬਾਰ ਅਤੇ ਪੈਲੀ ਦੀ ਵੰਡ ਵੰਡਾਈ ਕਰ ਲੈਂਦੇ ਹਨ ਤਾਂ ਦੋਵੇਂ ਹੀ ਪ੍ਰਵਾਰ ਇਕ ਦੂਜੇ ਨੂੰ ਮਿਲਦੇ ਵਰਤਦੇ ਵੀ ਰਹਿੰਦੇ ਹਨ ਤੇ ਇਕ ਦੂਜੇ ਦੀਆਂ ਖੁਸ਼ੀਆਂ ਗਮੀਆਂ ਨੂੰ ਵੀ ਵੰਡਦੇ ਰਹਿੰਦੇ ਹਨ।
ਗੱਲ ਚਲੀ ਸੀ “ਨੈਤਿਕ ਜਿ਼ੰਮੇਵਾਰੀ” ਦੀ ਅਤਿਵਾਦ ਇਕ ਅਜਿਹਾ ਨਾਸੂਰ ਬਣਕੇ ਸਾਰੀ ਦੁਨੀਆਂ ਨੂੰ ਚਿੰਬੜਿਆ ਹੋਇਆ ਹੈ ਜਿਥੇ ਕਿਸੇ ਨੂੰ ਵੀ ਨਹੀਂ ਪਤਾ ਇਕ ਇਨ੍ਹਾਂ ਲੋਕਾਂ ਦਾ ਅਗਲਾ ਨਿਸ਼ਾਨਾ ਕੀ ਹੋਵੇਗਾ। ਜਿਵੇਂ ਮੈਂ ਪਹਿਲਾਂ ਵੀ ਜਿ਼ਕਰ ਕੀਤਾ ਸੀ ਜਦੋਂ ਅਮਰੀਕਾ ਉਪਰ ਸਤੰਬਰ 11 ਵਾਲਾ ਹਮਲਾ ਹੋਇਆ ਤਾਂ ਉਸ ਵੇਲੇ ਅਮਰੀਕਾ ਦੀਆਂ ਦੂਜੀਆਂ ਪਾਰਟੀਆਂ ਨੇ ਰਾਸ਼ਟਰਪਤੀ ਬੁੱਸ਼ ਨੂੰ ਉਸਦਾ ਨੈਤਿਕ ਫਰਜ਼ ਯਾਦ ਨਹੀਂ ਸੀ ਕਰਾਇਆ ਕਿ ਉਹ ਆਪਣੀ ਨੈਤਿਕ ਜਿ਼ੰਮੇਵਾਰੀ ਨੂੰ ਮਹਿਸੂਸਦਾ ਹੋਇਆ ਅਸਤੀਫ਼ਾ ਦੇ ਦੇਵੇ ਸਗੋਂ ਸਾਰਿਆਂ ਨੇ ਇਕ ਆਵਾਜ਼ ਵਿਚ ਉਸਦੇ ਨਾਲ ਖੜੇ ਹੋ ਕੇ ਉਸ ਤ੍ਰਾਸਦੀ ਨਾਲ ਨਜਿੱਠਣ ਲਈ ਮੋਢੇ ਨਾਲ ਮੋਢਾ ਜੋੜ ਲਿਆ ਸੀ।
ਅੰਤ ਵਿਚ ਲਾਲ ਕ੍ਰਿਸ਼ਨ ਅਡਵਾਨੀ ਅਤੇ ਰਾਜਨਾਥ ਸਿੰਘ ਦੀ ਨੈਤਿਕ ਜਿ਼ੰਮੇਵਾਰੀ ਦੀ ਗੱਲ ਕਰਦਾ ਹੋਇਆ ਮੈਂ ਇਸ ਲੇਖ ਨੂੰ ਖ਼ਤਮ ਕਰਦਾ ਹਾਂ। ਉਹ ਇਹ ਕਿ ਜਦੋਂ ਮੁੰਬਈ ਵਿਚ ਹਮਲਾ ਹੋਇਆ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਆਪਣੀ “ਨੈਤਿਕ ਜਿ਼ੰਮੇਵਾਰੀ” ਸਮਝਦੇ ਹੋਏ ਸਾਰੀਆਂ ਪਾਰਟੀਆਂ ਦੀ ਇਕ ਮੀਟਿੰਗ ਬੁਲਾਈ। ਜਿਸ ਵਿਚ ਇਨ੍ਹਾਂ ਲੀਡਰਾਂ ਨੇ ਵਿਚਾਰ ਵਟਾਂਦਰਾ ਕਰਨਾ ਸੀ ਕਿ ਅਤਿਵਾਦ ਜਾਂ ਦਹਿਸ਼ਤਵਾਦ ਨਾਲ ਨਜਿੱਠਣ ਲਈ ਕਿਹੋ ਜਿਹੇ ਕਦਮ ਚੁੱਕੇ ਹਨ।
ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਅਤੇ ਲੋਕਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ “ਨੈਤਿਕ ਜਿ਼ੰਮੇਵਾਰੀ” ਨੂੰ ਵਿਸਾਰਦੇ ਹੋਏ ਉਸ ਸਰਬ ਪਾਰਟੀ ਮੀਟਿੰਗ ਵਿਚ ਆਪ ਜਾਣ ਦੀ ਬਜਾਏ ਆਪਣੇ ਹੋਰ ਸਾਥੀਆਂ ਨੂੰ ਭੇਜ ਦਿੱਤਾ। ਹੋਰਨਾਂ ਨੂੰ “ਨੈਤਿਕ ਜਿ਼ੰਮੇਵਾਰੀ” ਸਿਖਾਉਣ ਅਤੇ ਮਰਨ ਵਾਲਿਆਂ ਨਾਲ ਹਮਦਰਦੀ ਲਈ ਘੜਿਆਲੀ ਹੱਝੂ ਕੇਰਨ ਵਾਲੇ ਇਨ੍ਹਾਂ ਲੀਡਰਾਂ ਨੂੰ ਇਸ ਮੀਟਿੰਗ ਸਮੇਂ ਆਪਣਾ ਕੋਈ ਫਰਜ਼ ਚੇਤੇ ਕਿਉਂ ਨਾ ਰਿਹਾ। ਅੰਤ ਵਿਚ ਮੈਂ ਸਿਰਫ਼ ਇਨ੍ਹਾਂ ਨੂੰ ਹੀ ਨਹੀਂ ਸਗੋਂ ਸਾਰੇ ਹੀ ਲੀਡਰਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਲੋਕਾਂ ਦੀਆਂ ਲਾਸ਼ਾਂ ‘ਤੇ ਆਪਣੀ ਸਿਆਸਤ ਖੇਡਣ ਵਾਲੀ ਇਸ ਮਾੜੀ ਖੇਡ ਨੂੰ ਬੰਦ ਕਰਨ ਅਤੇ ਸਾਰੇ ਲੋਕਾਂ ਦੇ ਹਿਤਾਂ ਦੀ ਰਾਖੀ ਲਈ ਆਪਣੇ ਭਵਿੱਖਤ ਪ੍ਰੋਗਰਾਮ ਉਲੀਕਣ। ਜੇਕਰ ਉਹ ਇੰਜ ਕਰਦੇ ਹਨ ਤਾਂ ਇਨ੍ਹਾਂ ਲੀਡਰਾਂ ਨੂੰ ਖੁਦ ਬਖੁਦ ਪਤਾ ਚਲ ਜਾਵੇਗਾ ਕਿ ਨੈਤਿਕ ਜਿ਼ੰਮੇਵਾਰੀਆਂ ਜਾਂ ਫਰਜ਼ ਕੀ ਹੁੰਦੇ ਹਨ।
ਇਥੇ ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਇਹ ਲੀਡਰ ਆਪਣੀਆਂ ਨਾਕਾਮੀਆਂ ਅਤੇ ਖੁਦਗਰਜ਼ੀਆਂ ਨੂੰ ਲੁਕਾਉਂਦੇ ਹੋਏ ਆਪਣੇ ਅਸਲ ਫਰਜ਼ਾਂ ਤੋਂ ਪਿੱਠ ਨਹੀਂ ਮੋੜ ਰਹੇ। ਇਹ ਹੀ ਨਹੀਂ ਅੰਦਾਜ਼ਨ ਤਿੰਨ ਦਹਾਕਿਆਂ ਤੱਕ ਪੂਰਾ ਪੰਜਾਬ ਇਨ੍ਹਾਂ ਲੀਡਰਾਂ ਵਲੋਂ ਆਪਣੀ ਕੁਰਸੀ ਭੁੱਖ ਲਈ ਲਾਈ ਹੋਈ ਅੱਗ ਵਿਚ ਭੱਖਦਾ ਰਿਹਾ। ਦੇਸ਼ ਦਾ ਨੰਬਰ ਇਕ ਸੂਬਾ ਅਖਵਾਉਣ ਵਾਲਾ ਸੂਬਾ ਪੰਜਾਬ ਤਿਲਕਦਾ ਹੋਇਆ ਆਮ ਸੂਬਿਆਂ ਦੀ ਕਤਾਰ ਵਿਚ ਜਾ ਖੜਾ ਹੋਇਆ। ਕੀ ਸਾਡੇ ਇਨ੍ਹਾਂ “ਧਰਮਯੁੱਧ ਮੋਰਚਾ” ਲਾਉਣ ਵਾਲੇ ਅਕਾਲੀ ਲੀਡਰਾਂ ਨੇ ਇਸ ਮੌਕੇ ਸ਼ਹੀਦ ਹੋਏ ਲੋਕਾਂ ਦੀ ਕਦੀ ਸਾਰ ਲਈ? ਇਸਤੋਂ ਇਹ ਹੀ ਸਾਬਤ ਹੁੰਦਾ ਹੈ ਕਿ ਇਹ ਸਾਰੀ ਲੜਾਈ ਕੁਰਸੀ ਦੀ ਲੜਾਈ ਹੈ। ਇਸ ਵਿਚ “ਨੈਤਿਕ ਜਿ਼ੰਮੇਵਾਰੀ” ਦਾ ਇਹ ਪਾਠ ਪੜ੍ਹਾਉਣ ਜਾਂ ਚੇਤੇ ਕਰਾਉਣ ਵਾਲੇ ਇਹ ਲੀਡਰ ਪਾਖੰਡ ਦਾ ਚੋਲਾ ਪਾਈ ਆਮ ਲੋਕਾਂ ਨੂੰ ਜਜ਼ਬਾਤੀ ਬਣਾਕੇ ਜਾਂ ਮੂਰਖ ਬਣਾਕੇ ਆਪਣੀ ਕੁਰਸੀ ਹਾਸਲ ਕਰਨਾ ਚਾਹੁੰਦੇ ਹਨ। ਇਨ੍ਹਾਂ ਲਈ ਇਹ ਸਾਰੇ ਹੀ ਸ਼ਬਦ ਲੋਕਾਂ ਦੀਆਂ ਮਾਸੂਮ ਭਾਵਨਾਵਾਂ ਦਾ ਫਾਇਦਾ ਚੁੱਕਦੇ ਹੋਏ ਵਿਧਾਨਸਭਾ ਜਾਂ ਲੋਕਸਭਾ ਤੱਕ ਪਹੁੰਚਣ ਦਾ ਇਹ ਰਾਹ ਮਾਤਰ ਹਨ। ਇਥੇ ਸਿਆਸੀ ਪਾਰਟੀ ਭਾਵੇਂ ਕਾਂਗਰਸ, ਭਾਜਪਾ, ਅਕਾਲੀ ਦਲ, ਜਨਤਾ ਪਾਰਟੀ, ਜਨਤਾ ਦਲ, ਕਮਿਊਨਿਸਟ ਜਾਂ ਕੋਈ ਵੀ ਹੋਣ ਰਾਹ ਸਾਰਿਆਂ ਦਾ ਆਮ ਜਨਤਾ ਦੀਆ ਲਾਸ਼ਾਂ ਉਪਰ ਦੀ ਹੁੰਦਾ ਹੋਇਆ ਆਪਣਾ ਉੱਲੂ ਸਿੱਧਾ ਕਰਨ ‘ਤੇ ਹੀ ਜਾਕੇ ਖ਼ਤਮ ਹੁੰਦਾ ਹੈ।