ਡਾ: ਮਨਮੋਹਨ ਸਿੰਘ ਦੇ ਆਪਣੇ ਜਮ੍ਹਾਂ ਖਰਚ ਹਨ। ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਤੁਲਨਾ ਕਰਨੀ ਜ਼ਰੂਰੀ ਹੈ। ਸ੍ਰੀ ਨਹਿਰੂ ਦੇ ਪਿਤਾ ਅਮੀਰ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਹੈਰੋ ਅਤੇ ਕੈਂਬਰਿਜ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਭੇਜਿਆ। ਮਨਮੋਹਨ ਸਿੰਘ ਇਕ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਕੈਂਬਰਿਜ ਤੱਕ ਦਾ ਰਸਤਾ ਉਨ੍ਹਾਂ ਨੇ ਸਕਾਲਰਸ਼ਿਪ ਨਾਲ ਤੈਅ ਕੀਤਾ ਅਤੇ ਪਹਿਲੇ ਨੰਬਰ ’ਤੇ ਰਹੇ। ਨਹਿਰੂ ਦਾ ਕੋਈ ਪ੍ਰਸ਼ਾਸਨਿਕ ਤਜਰਬਾ ਨਹੀਂ ਸੀ। ਡਾ: ਮਨਮੋਹਨ ਸਿੰਘ ਇਕ ਮੰਨੇ-ਪ੍ਰਮੰਨੇ ਅਰਥ-ਸ਼ਾਸਤਰੀ ਹਨ, ਅਧਿਆਪਕ ਰਹੇ ਹਨ, ਵਿਸ਼ਵ ਬੈਂਕ ਲਈ ਕੰਮ ਕੀਤਾ, ਰਿਜ਼ਰਵ ਬੈਂਕ ਦੇ ਗਵਰਨਰ ਸਨ, ਯੋਜਨਾ ਕਮਿਸ਼ਨ ਦੇ ਪ੍ਰਮੁੱਖ ਅਤੇ ਵਿੱਤ ਮੰਤਰੀ ਰਹੇ। ਸ੍ਰੀ ਨਹਿਰੂ ਨੇ ਆਪਣੀਆਂ ਆਰਥਿਕ ਯੋਜਨਾਵਾਂ ਬਣਾਉਣ ਵਿਚ ਗ਼ਲਤੀਆਂ ਕੀਤੀਆਂ ਸਨ। ਡਾ: ਮਨਮੋਹਨ ਸਿੰਘ ਦਾ ਦੇਸ਼ ਦੀਆਂ ਜ਼ਰੂਰਤਾਂ ਸਬੰਧੀ ਸਪੱਸ਼ਟ ਨਜ਼ਰੀਆ ਹੈ ਅਤੇ ਉਨ੍ਹਾਂ ਨੇ ਉਸ ’ਤੇ ਅਮਲ ਵੀ ਕੀਤਾ ਹੈ। ਸ੍ਰੀ ਨਹਿਰੂ ਭਾਈ-ਭਤੀਜਾਵਾਦ ਅਤੇ ਚਮਚਿਆਂ ਨੂੰ ਸ਼ਰਨ ਦਿੰਦੇ ਸਨ। ਉਨ੍ਹਾਂ ਨੇ ਦੇਸ਼ ’ਤੇ ਕ੍ਰਿਸ਼ਨਾ ਮੈਨਨ ਵਰਗੇ ਲੋਕਾਂ ਨੂੰ ਥੋਪਿਆ। ਆਪਣੀ ਭੈਣ ਵਿਜੇ ਲਕਸ਼ਮੀ ਪੰਡਿਤ ਨੂੰ ਰਾਜਪਾਲ ਅਤੇ ਰਾਜਦੂਤ ਬਣਾਇਆ। ਉਨ੍ਹਾਂ ਨੇ ਪਦਮਜਾ ਨਾਇਡੂ ਨੂੰ ਰਾਜਪਾਲ ਨਿਯੁਕਤ ਕੀਤਾ। ਡਾ: ਮਨਮੋਹਨ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਦਾ ਕੋਈ ਪੱਖ ਨਹੀਂ ਲਿਆ ਅਤੇ ਉਨ੍ਹਾਂ ਦਾ ਕੋਈ ਚਮਚਾ ਨਹੀਂ। ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੀਆਂ ਤਿੰਨ ਬੇਟੀਆਂ ਹਨ, ਜੋ ਉ¤ਚ ਸਿੱਖਿਆ ਪ੍ਰਾਪਤ ਹਨ। ਉਨ੍ਹਾਂ ਦੇ ਨਾਂਅ ਨਾਲ ਕਿਸੇ ਵੀ ਘੁਟਾਲੇ ਦੀ ਹਵਾ ਤੱਕ ਨਹੀਂ ਜੁੜੀ।ਡਾ: ਮਨਮੋਹਨ ਸਿੰਘ ਨੇ ਠੀਕ ਹੀ ਕਿਹਾ ਹੈ ਕਿ ਹਾਲੇ ਇਹ ਫ਼ੈਸਲਾ ਕਰਨ ਦਾ ਸਮਾਂ ਨਹੀਂ ਹੈ ਕਿ ਉਹ ਦੂਜੀ ਵਾਰ ਪ੍ਰਧਾਨ ਮੰਤਰੀ ਦੀ ਦੌੜ ਵਿਚ ਸ਼ਾਮਿਲ ਹੋਣਗੇ ਜਾਂ ਨਹੀਂ। ਅਗਲੀਆਂ ਆਮ ਚੋਣਾਂ ਹੋਣ ਵਿਚ ਹਾਲੇ ਕੁਝ ਮਹੀਨੇ ਬਾਕੀ ਹਨ ਅਤੇ ਰਾਜਨੀਤਕ ਦ੍ਰਿਸ਼ ਬਦਲ ਸਕਦਾ ਹੈ। ਉਨ੍ਹਾਂ ਨੇ ਇਹ ਕਹਿ ਕੇ ਹੋਰ ਵੀ ਚੰਗਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਵਿਚ ਹੋਰ ਵੀ ਲੋਕ ਹਨ। ਜੇਕਰ ਉਹ ਬਿਹਤਰ ਨਹੀਂ ਹਨ, ਤਾਂ ਵੀ ਪ੍ਰਧਾਨ ਮੰਤਰੀ ਬਣਨ ਲਈ ਉਨ੍ਹਾਂ ਤੋਂ ਜ਼ਿਆਦਾ ਯੋਗ ਹਨ। ਉਹ ਇਕ ਸਾਧਾਰਨ ਵਿਅਕਤੀ ਹਨ ਅਤੇ ਵਧਾ-ਚੜ੍ਹਾ ਕੇ ਗੱਲ ਨਹੀਂ ਕਰਦੇ। ਪ੍ਰਣਾਬ ਮੁਖਰਜੀ, ਚਿਦੰਬਰਮ, ਕਮਲ ਨਾਥ, ਅਰਜਨ ਸਿੰਘ ਅਤੇ ਕਪਿਲ ਸਿੱਬਲ ਹਨ, ਜਿਨ੍ਹਾਂ ਦਾ ਉ¤ਚ ਅਹੁਦੇ ’ਤੇ ਉਨ੍ਹਾਂ ਵਾਂਗ ਦਾਅਵਾ ਕਰਨ ਦਾ ਓਨਾ ਹੀ ਅਧਿਕਾਰ ਹੈ। ਬਾਹਰੀ ਲੋਕ ਵੀ ਹਨ, ਜਿਵੇਂ ਦਿਗਵਿਜੈ ਸਿੰਘ, ਜਿਨ੍ਹਾਂ ਨੂੰ ਦੌੜ ਵਿਚ ਸ਼ਾਮਿਲ ਕਰਨਾ ਹੀ ਪਵੇਗਾ। ਅਸੀਂ ਸਾਰੇ ਜਾਣਦੇ ਹਾਂ ਕਿ ਆਖਰੀ ਫ਼ੈਸਲਾ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਲਿਆ ਜਾਵੇਗਾ। ਉਹ ਜਾਣਦੇ ਹਨ ਕਿ ਸਾਡੇ ਦੇਸ਼ ਵਾਸੀ ਵਿਦੇਸ਼ ਵਿਚ ਜੰਮੇ ਭਾਰਤੀ ਨੂੰ ਉ¤ਚ ਅਹੁਦੇ ’ਤੇ ਬਿਠਾਉਣ ਲਈ ਹਾਲੇ ਵੀ ਤਿਆਰ ਨਹੀਂ ਹਨ। ਇਹ ਬਦਕਿਸਮਤੀ ਹੈ ਪਰ ਸੱਚ ਹੈ। ਇਸ ਦੀ ਸੰਭਾਵਨਾ ਜ਼ਿਆਦਾ ਹੈ ਕਿ ਉਹ ਦੂਜੀ ਵਾਰ ਮਨਮੋਹਨ ਸਿੰਘ ਦੀ ਚੋਣ ਕਰਨਗੇ, ਕਿਉਂਕਿ ਉਹ ਉਨ੍ਹਾਂ ’ਤੇ ਵਿਸ਼ਵਾਸ ਕਰ ਸਕਦੇ ਹਨ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ਦੀ ਕਦਰ ਵੀ ਕਰਦੇ ਹਨ। ਉਨ੍ਹਾਂ ਨੂੰ ਡਾ: ਮਨਮੋਹਨ ਸਿੰਘ ਲਈ ਇਕ ਸੁਰੱਖਿਅਤ ਚੋਣ ਖੇਤਰ ਲੱਭਣਾ ਪਵੇਗਾ, ਜਿਥੋਂ ਉਹ ਲੋਕ ਸਭਾ ਲਈ ਚੁਣੇ ਜਾ ਸਕਣ।
ਉਨ੍ਹਾਂ ਦੀਆਂ ਕਮੀਆਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਆਪਣਾ ਕੋਈ ਚੋਣ ਖੇਤਰ ਜਾਂ ਰਾਜਨੀਤਕ ਆਧਾਰ ਨਹੀਂ ਹੈ। ਉਨ੍ਹਾਂ ਨੂੰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ’ਤੇ ਪੂਰੀ ਤਰ੍ਹਾਂ ਨਿਰਭਰ ਰਹਿਣਾ ਹੋਵੇਗਾ ਤਾਂ ਕਿ ਕਾਂਗਰਸ ਪਾਰਟੀ ਲਈ ਵੋਟ ਲੈ ਸਕਣ ਅਤੇ ਦੁਬਾਰਾ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬੈਠ ਸਕਣ। ਉਨ੍ਹਾਂ ਅੰਦਰ ਕੋਈ ਕ੍ਰਿਸ਼ਮਾ ਨਹੀਂ ਹੈ ਅਤੇ ਨਾ ਹੀ ਉਹ ਲੜਾਕੇ ਸਰਦਾਰਾਂ ਦੇ ਪ੍ਰਤੀਕ ਹਨ। ਉਹ ਕੋਈ ਮਹਾਨ ਬੁਲਾਰੇ ਵੀ ਨਹੀਂ ਹਨ। ਉਨ੍ਹਾਂ ਦਾ ਭਾਸ਼ਣ ਬਹੁਤ ਨਪਿਆ-ਤੁਲਿਆ ਹੁੰਦਾ ਹੈ। ਉਹ ਕਦੇ ਵੀ ਜ਼ੋਰ ਨਾਲ ਨਹੀਂ ਬੋਲਦੇ, ਨਾਅਰੇ ਨਹੀਂ ਲਗਾਉਂਦੇ ਅਤੇ ਨਾ ਹੀ ਜ਼ਿਆਦਾ ਜੋਸ਼ ਦਿਖਾਉਂਦੇ ਹਨ, ਜਿਵੇਂ ਜ਼ਿਆਦਾਤਰ ਰਾਜਨੇਤਾ ਕਰਦੇ ਹਨ। ਇਸ ਸਮੇਂ ਲਗਦਾ ਹੈ ਕਿ ਪ੍ਰਧਾਨ ਮੰਤਰੀ ਦੇ ਰੂਪ ਵਿਚ ਡਾ: ਮਨਮੋਹਨ ਸਿੰਘ ਨੂੰ ਦੂਜਾ ਮੌਕਾ ਮਿਲ ਸਕਦਾ ਹੈ। ਜਦੋਂ ਤੋਂ ਡਾ: ਮਨਮੋਹਨ ਸਿੰਘ ਦੇ ਵੱਕਾਰ ਨੂੰ ਚਾਰ-ਚੰਨ ਲੱਗੇ ਹਨ ਅਤੇ ਦੇਸ਼ ਦੇ ਨੇਤਾ ਵਜੋਂ ਉਨ੍ਹਾਂ ਦਾ ਕੰਮ ਸਾਹਮਣੇ ਆਇਆ ਹੈ ਤਾਂ ਸਰਦਾਰ ਜੀ ਚੁਟਕਲਿਆਂ ਵਿਚ ਵੀ ਬਹੁਤ ਕਮੀ ਆ ਗਈ ਹੈ, ਜਿਨ੍ਹਾਂ ਵਿਚ ਉਨ੍ਹਾਂ ਨੂੰ ਸਿੱਧੇ-ਸਾਦੇ ਅਨਪੜ੍ਹ ਵਜੋਂ ਦਿਖਾਇਆ ਜਾਂਦਾ ਰਿਹਾ ਹੈ ਅਤੇ ਇਹ ਵੀ ਸਮਝਿਆ ਜਾਂਦਾ ਰਿਹਾ ਹੈ ਕਿ ਉਹ ਸਿਰਫ਼ ਖੇਤੀਬਾੜੀ ਕਰਨ ਜਾਂ ਫੌਜੀ ਬਣਨ ਦੇ ਹੀ ਕਾਬਿਲ ਹਨ। ਆਪਣੇ ਹੀ ਅੰਦਾਜ਼ ਵਿਚ ਉਨ੍ਹਾਂ ਨੇ ਆਪਣੇ ਸਮਾਜ ਲਈ ਵੀ ਆਦਰ-ਸਨਮਾਨ ਹਾਸਲ ਕੀਤਾ ਹੈ।
ਖੱਬੇ-ਪੱਖੀਆਂ ਵੱਲੋਂ ਆਪਣਾ ਕੋਈ ਉਮੀਦਵਾਰ ਖੜ੍ਹਾ ਕਰਨ ਦੀ ਸੰਭਾਵਨਾ ਨਹੀਂ ਹੈ ਪਰ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਸੋਮਨਾਥ ਚੈਟਰਜੀ ਨੂੰ ਸਭ ਤੋਂ ਜ਼ਿਆਦਾ ਪਹਿਲ ਦੇ ਆਧਾਰ ’ਤੇ ਉਮੀਦਵਾਰ ਦੇ ਰੂਪ ਵਿਚ ਖੜ੍ਹਾ ਕਰ ਸਕਦੇ ਹਨ ਅਤੇ ਅੰਤ ਵਿਚ ਦੋ ਔਰਤਾਂ ਮਾਇਆਵਤੀ ਅਤੇ ਜੈਲਲਿਤਾ ਹਨ, ਜੋ ਬਹੁਤ ਇੱਛਾਵਾਂ ਨਾਲ ਭਰਪੂਰ ਹਨ ਅਤੇ ਉਨ੍ਹਾਂ ਦਾ ਮਜ਼ਬੂਤ ਰਾਜਨੀਤਕ ਆਧਾਰ ਹੈ। ਇਹ ਦੋਵੇਂ ਔਰਤਾਂ ਹਉਮੈ ਦੀ ਸਮੱਸਿਆ ਤੋਂ ਪੀੜਤ ਹਨ ਅਤੇ ਇਨ੍ਹਾਂ ਵਿਚ ਰਾਸ਼ਟਰੀ ਦ੍ਰਿਸ਼ਟੀ ਦੀ ਵੀ ਘਾਟ ਹੈ। ਆਪਣੇ-ਆਪ ਨੂੰ ਸਭ ਤੋਂ ਜ਼ਿਆਦਾ ਮਹੱਤਵ ਦੇਣ ਦੀ ਉਨ੍ਹਾਂ ਦੀ ਇੱਛਾ ਹੀ ਉਨ੍ਹਾਂ ਦੇ ਖਿਲਾਫ਼ ਜਾ ਸਕਦੀ ਹੈ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪ੍ਰਮੁੱਖ ਉਮੀਦਵਾਰ ਸਾਬਕ ਉਪ-ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਹੋਣਗੇ। ਜਦੋਂ ਤੋਂ ਪਿਛਲੀਆਂ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਹਾਰੀ ਹੈ, ਉਹ ਮਨਮੋਹਨ ਸਿੰਘ ਨੂੰ ਗੱਦੀ ਤੋਂ ਲਾਹ ਦੇਣ ਦੀਆਂ ਭਵਿੱਖਬਾਣੀਆਂ ਕਰਦੇ ਰਹੇ ਹਨ ਅਤੇ ਉਨ੍ਹਾਂ ਨੂੰ ਨਿਕੰਮਾ ਕਹਿੰਦੇ ਰਹੇ ਹਨ। ਜਿਥੋਂ ਤੱਕ ਕਿ ਪੈਸਾ ਬਣਾਉਣ ਅਤੇ ਪਰਿਵਾਰਵਾਦ ਦੀ ਗੱਲ ਹੈ, ਉਹ ਉਸ ਤੋਂ ਉ¤ਪਰ ਹਨ। ਉਹ ਇਕ ਚੰਗੇ ਬੁਲਾਰੇ ਵੀ ਹਨ। ਉਹ ਦੇਸ਼ ਦਾ ਫ਼ਿਰਕਾਪ੍ਰਸਤ ਮਾਹੌਲ ਖਰਾਬ ਕਰਨ ਦੇ ਸਬੰਧ ਵਿਚ ਹੈ। ਉਹ ਬਾਬਰੀ ਮਸਜਿਦ ਢਾਹੁਣ ਵਾਲਿਆਂ ਵਿਚੋਂ ਮੁੱਖ ਸਨ। ਉਸ ਤੋਂ ਬਾਅਦ ਆਮ ਥਾਵਾਂ ’ਤੇ ਬੰਬ ਧਮਾਕੇ ਅਤੇ ਰੇਲ ਗੱਡੀਆਂ ’ਤੇ ਹਮਲਿਆਂ ਦੀਆਂ ਘਟਨਾਵਾਂ ਹੋਈਆਂ। ਅਯੁੱਧਿਆ ਵਿਚ ਬਾਬਰੀ ਮਸਜਿਦ ਦਾ ਗਿਰਾਇਆ ਜਾਣਾ ਅਤੇ ਗੁਜਰਾਤ ਵਿਚ ਮੁਸਲਮਾਨਾਂ ਵਿਰੁੱਧ ਦੰਗੇ ਆਦਿ ਖ਼ਤਰਨਾਕ ਘਟਨਾਵਾਂ ਵਾਪਰੀਆਂ। ਇਹ ਇਕ ਤੱਥ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਸਭ ਕੁਝ ਕੀਤਾ, ਉਨ੍ਹਾਂ ਨੂੰ ਸਜ਼ਾਵਾਂ ਨਹੀਂ ਹੋਈਆਂ। ਅਪਰਾਧ ਦੀ ਸਜ਼ਾ ਨਾ ਮਿਲੇ ਤਾਂ ਅਪਰਾਧੀ ਪੈਦਾ ਹੁੰਦੇ ਹਨ। ਬਾਬਰੀ ਮਸਜਿਦ ਡਿਗਣ ਨਾਲ ਹਿੰਦੂ ਅਤੇ ਮੁਸਲਮਾਨ ਦੋਵਾਂ ਹੀ ਤਰ੍ਹਾਂ ਦੇ ਅਪਰਾਧੀ ਪੈਦਾ ਹੋਏ। ਅਡਵਾਨੀ ਨੂੰ ਆਪਣੇ ਪਾਪਾਂ ਦਾ ਪਛਤਾਵਾ ਕਰਨਾ ਹੋਵੇਗਾ। ਭਾਜਪਾ ਆਗੂਆਂ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਜਿਹੜੇ ਦੂਜੇ ਉਮੀਦਵਾਰ ਹੋ ਸਕਦੇ ਹਨ, ਉਨ੍ਹਾਂ ਵਿਚ ਨਰਿੰਦਰ ਮੋਦੀ, ਅਰੁਣ ਜੇਤਲੀ, ਵਸੁੰਧਰਾ ਰਾਜੇ, ਜਸਵੰਤ ਸਿੰਘ ਅਤੇ ਯਸ਼ਵੰਤ ਸਿਨਹਾ ਆਦਿ ਹੋ ਸਕਦੇ ਹਨ। ਇਨ੍ਹਾਂ ਸਾਰਿਆਂ ਨੂੰ ਅਡਵਾਨੀ ਵਾਂਗ ਘੱਟ-ਗਿਣਤੀਆਂ ਦੇ ਗੁੱਸੇ ਦਾ ਨਿਸ਼ਾਨਾ ਬਣਨਾ ਪਵੇਗਾ।
ਮੰਨੇ ਪ੍ਰਮੰਨੇ ਅਰਥ ਸ਼ਾਸਤਰੀ – ਡਾ:ਮਨਮੋਹਨ ਸਿੰਘ
This entry was posted in ਲੇਖ.