ਲੁਧਿਆਣਾ: ਕਾਮੇਡੀ ਕਿੰਗ ਵਜੋਂ ਵਿਸ਼ਵ ਪ੍ਰਸਿੱਧੀ ਪ੍ਰਾਪਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਗਿਆਨੀ ਡਾ: ਜਸਵਿੰਦਰ ਸਿੰਘ ਭੱਲਾ ਨੇ ਪ੍ਰੋਫੈਸਰ ਵਜੋਂ ਆਪਣਾ ਅਹੁਦਾ ਅੱਜ ਸਵੇਰੇ ਸੰਭਾਲ ਲਿਆ ਹੈ। ਡਾ: ਭੱਲਾ ਇਸੇ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਰਹੇ ਹਨ ਅਤੇ 1989 ਤੋਂ ਇਸ ਯੂਨੀਵਰਸਿਟੀ ਦੇ ਅਧਿਆਪਕ ਵਰਗ ਵਿੱਚ ਸ਼ਾਮਿਲ ਹੋ ਕੇ ਹੁਣ ਪ੍ਰੋਫੈਸਰ ਬਣੇ ਹਨ।
ਡਾ: ਜਸਵਿੰਦਰ ਭੱਲਾ ਜਿਥੇ ਹਾਸ ਵਿਅੰਗ ਦੇ ਖੇਤਰ ਵਿੱਚ ਸਿਰਮੌਰ ਰੁਤਬਾ ਰੱਖਦੇ ਹਨ ਉਥੇ ਕੈਰੋਂ ਕਿਸਾਨ ਘਰ ਦੇ ਇੰਚਾਰਜ ਦੀਆਂ ਚਾਰ ਵਰ੍ਹੇ ਲਗਾਤਾਰ ਜਿੰਮੇਂਵਾਰੀਆਂ ਨਿਭਾਉਣ ਦੇ ਨਾਲ-ਨਾਲ ਸਿਖਲਾਈ ਯੂਨਿਟ ਦੇ ਵੀ ਕੋਆਰਡੀਨੇਟਰ ਰਹੇ ਹਨ। ਕਿਸਾਨ ਕਲੱਬ, ਮੱਛੀ ਪਾਲਣ ਕਲੱਬ ਅਤੇ ਮਧੂ ਮੱਖੀ ਪਾਲਕਾਂ ਦੀ ਕਲੱਬ ਦੇ ਇੰਚਾਰਜ ਵਜੋਂ ਵੀ ਆਪ ਨੇ ਚੰਗਾ ਨਾਮਣਾ ਖੱਟਿਆ ਹੈ। ਪਸਾਰ ਸਿੱਖਿਆ ਸੰਬੰਧੀ ਲੇਖ ਲਿਖਣ ਕਰਕੇ ਆਪ ਨੂੰ ਵਧੀਆ ਪਸਾਰ ਮਾਹਿਰ ਦੇ ਤੌਰ ਤੇ ਕਿਸਾਨਾਂ ਵਿਚ ਹਰਮਨ ਪਿਆਰਤਾ ਹਾਸਿਲ ਹੈ। ਪਿਛਲੇ ਕੁਝ ਸਾਲਾਂ ਤੋਂ ਕਿਸਾਨ ਮੇਲਿਆਂ ਵਿੱਚ ਵਿਗਿਆਨਕ ਸੁਨੇਹੇ ਪਹੁੰਚਾਉਣ ਵਾਲੇ ਡਾ: ਜਸਵਿੰਦਰ ਭੱਲਾ ਨੇ 1985 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਫ਼ਸਲਾਂ ਬਾਰੇ ਬਣਾਈਆਂ ਆਡੀਓ ਕੈਸਿਟਾਂ ਵਿੱਚ ਵਿਦਿਆਰਥੀ ਕਾਲ ਵੇਲੇ ਹੀ ਆਵਾਜ਼ ਦਿੱਤੀ ਸੀ। ਸ਼ਹੀਦੇ-ਆਜ਼ਮ ਸ:ਭਗਤ ਸਿੰਘ ਸਟੇਟ ਯੂਥ ਅਵਾਰਡ ਜੇਤੂ ਡਾ: ਜਸਵਿੰਦਰ ਭੱਲਾ ਦੀ ਫੀਚਰ ਫਿਲਮ ‘ਚੱਕ ਦੇ ਫੱਟੇ’ ਅੱਜ ਕੱਲ੍ਹ ਸਿਨੇਮਾ ਘਰਾਂ ਦਾ ਸ਼ਿੰਗਾਰ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਨਛੱਤਰ ਸਿੰਘ ਮੱਲ੍ਹੀ ਨੇ ਡਾ: ਜਸਵਿੰਦਰ ਭੱਲਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਹੈ ਕਿ ਹੁਣ ਉਹ ਪਹਿਲਾਂ ਨਾਲੋਂ ਵੀ ਵੱਧ ਸ਼ਕਤੀ ਨਾਲ ਗਿਆਨ ਵਿਗਿਆਨ ਦਾ ਸੁਨੇਹਾ ਪਹੁੰਚਾਉਣ ਦੀ ਜਿੰਮੇਂਵਾਰੀ ਨਿਭਾਏਗਾ ਕਿਉਂਕਿ ਉਸ ਕੋਲ ਵਿਗਿਆਨ ਵੀ ਹੈ ਅਤੇ ਸੰਚਾਰ ਯੋਗਤਾ ਦਾ ਸਿਖ਼ਰਲਾ ਅੰਦਾਜ਼ ਵੀ।
ਡਾ: ਜਸਵਿੰਦਰ ਭੱਲਾ ਨੇ ਅਹੁਦਾ ਸੰਭਾਲਿਆ
This entry was posted in ਪੰਜਾਬ.