ਦੋਵਾਂ ਨਾਵਾਂ ਦੇ ਵਿਅਕਤੀਤਵ ‘ਚ ਕਾਫ਼ੀ ਅੰਤਰ ਹੈ ਭਾਵੇਂ ਦੋਵੇਂ ਨਾਵਾਂ ਦੇ ਅੱਖਰਾਂ ਅਤੇ ਉਚਾਰਣ ‘ਚ ਬਹੁਤਾ ਫਰਕ ਨਹੀਂ ਲੱਗ ਰਿਹਾ। ਬਰਾਕ ਓਬਾਮਾ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੈ ਤੇ ਉਸਾਮਾ ਬਿਨ-ਲਾਦੇਨ ਦੁਨੀਆ ਦੇ ਅੱਤਵਾਦ ਜਗਤ ਦਾ ਤਾਕਤਵਰ ਸਰਗਨਾ । ਦੋਵੇਂ ਸ਼ਕਤੀਸ਼ਾਲੀ ਮੰਨੇ ਜਾ ਰਹੇ ਹਨ ਇਨ੍ਹਾਂ ‘ਚੋਂ ਇਕ ਰਾਸ਼ਟਰਪਤੀ ਹੈ ਤੇ ਦੂਜਾ ਅੱਤਵਾਦੀ। ਓਬਾਮਾ ਸਾਹਮਣੇ ਉਸਾਮਾ ਇਕ ਵੱਡੀ ਚੁਣੌਤੀ ਹੋਵੇਗਾ। ਯਾਦ ਰਹੇ ਕਿ ਕਦੇ ਅਮਰੀਕਾ ਦਾ ਹੀ ਪਾਲਿਆ ਹੋਇਆ ਉਸਾਮਾ ਉਸੇ ਦੇ ਲਈ ਸਭ ਵੱਡਾ ਖ਼ਤਰਾ ਬਣਿਆ ਹੋਇਆ ਹੈ। ਅਮਰੀਕਾ ਨੇ ਓਸਾਮਾ ਨੂੰ ਖ਼ਤਮ ਕਰਨ ਲਈ ਅਫ਼ਗਾਨਿਸਤਾਨ ਦੀ ਧਰਤੀ ਨੂੰ ਬੰਬ ਮਾਰ-ਮਾਰ ਕੇ ਪੋਲੀ ਕਰ ਦਿੱਤਾ ਸੀ ਫਿਰ ਵੀ ਉਸਨੂੰ ਉਸਾਮਾ ਨਹੀਂ ਸੀ ਲੱਭਾ। ਅਮਰੀਕਾ ਨੇ ਦੁਨੀਆ ‘ਚ ਜਿੱਥੇ ਵੀ ਜ਼ਬਰੀ ਜੰਗ ਠੋਸੀ, ਉੱਥੇ ਹੀ ਉਸਨੂੰ ਮੂੰਹ ਦੀ ਖਾਣੀ ਪਈ।
ਰਿਪਬਲੀਕਨ ਸੈਨੇਟਰ ਚੱਕ ਹੈਜਲ ਤੇ ਮੌਜੂਦਾ ਰੱਖਿਆ ਮੰਤਰੀ ਰਾਬਰਟ ਗੇਟਸ ਤੇ ਕੁਝ ਹੋਰਾਂ ਦੇ ਨਾਂ ਸੁਣਨ ਵਿਚ ਆ ਰਹੇ ਹਨ ਓਬਾਮਾ ਦੀ ਕੌਮੀ ਸੁਰੱਖਿਆ ਟੀਮ ਲਈ। ਓਬਾਮਾ ਨੇ ਸੱਤਾ ਤਬਾਦਲੇ ਦੀ ਟੀਮ ਦਾ ਰਸਮੀ ਐਲਾਨ ਕਰ ਦਿੱਤਾ ਹੈ, ਜਿਸ ਦੀ ਅਗਵਾਈ ਕਲਿੰਟਨ ਪ੍ਰਸ਼ਾਸਨ ਦੇ ਚੀਫ ਆਫ ਸਟਾਫ ਜੌਹਨ ਪੋਡੈਸਟਾ ਕਰਨਗੇ ਤੇ ਇਸ ਵਿਚ ਓਬਾਮਾ ਦੇ ਪੁਰਾਣੇ ਮਿੱਤਰ ਵੈਲਰੀ ਜੈਰੇਟ ਅਤੇ ਪੀਟ ਰੂਸੋ ਸ਼ਾਮਲ ਹੋਣਗੇ। ਇਸ ਟੀਮ ਦੀ ਸਹਾਇਤਾ ਲਈ ਇਕ ਸਲਾਹਕਾਰ ਬੋਰਡ ਕਾਇਮ ਕੀਤਾ ਗਿਆ ਹੈ, ਜਿਸ ਵਿਚ ਪ੍ਰਾਈਵੇਟ ਤੇ ਸਰਕਾਰੀ ਖੇਤਰ ਦਾ ਤਜਰਬਾ ਰੱਖਣ ਵਾਲੀਆਂ ਸ਼ਖ਼ਸੀਅਤਾਂ ਸ਼ਾਮਲ ਕੀਤੀਆਂ ਗਈਆਂ ਹਨ।
ਇਸ ਦੌਰਾਨ ਪਾਕਿਸਤਾਨੀ ਅਖਬਾਰਾਂ ਨੇ ਬਰਾਕ ਓਬਾਮਾ ਦੀ ਜਿੱਤ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਇਸ ਘਟਨਾ ਦੀ ਬਹੁਤ ਲੋੜ ਸੀ। ਬਰਤਾਨਵੀ ਅਖਬਾਰਾਂ ਨੇ ਵੀ ਓਬਾਮਾ ਦੀ ਜਿੱਤ ਨੂੰ ਲੋਕਤੰਤਰ ਦਾ ਸ਼ਾਹਕਾਰ ਕਰਾਰ ਦਿੰਦਿਆਂ ਚਿਤਾਵਨੀ ਵੀ ਦਿੱਤੀ ਹੈ ਕਿ ਕਿਸੇ ਨੂੰ ਵੀ ਉਨ੍ਹਾਂ ਦਰਪੇਸ਼ ਵੰਗਾਰਾਂ ਨੂੰ ਘਟਾ ਕੇ ਨਹੀਂ ਵੇਖਣਾ ਚਾਹੀਦਾ। ਤਾਲਿਬਾਨ ਨੇ ਬਰਾਕ ਹੁਸੈਨ ਓਬਾਮਾ ਦੀ ਅਮਰੀਕੀ ਰਾਸ਼ਟਰਪਤੀ ਵਜੋਂ ਚੋਣ ‘ਤੇ ਪ੍ਰਤੀਕਰਮ ਦਿੰਦਿਆਂ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਪ੍ਰਤੀ ਅਮਰੀਕਾ ਦੀਆਂ ਨੀਤੀਆਂ ਬਦਲਣ ਅਤੇ ਅਫਗਾਨਿਸਤਾਨ ਵਿਚ ਜੰਗ ਬੰਦ ਕਰਾਉਣ। ਤਾਲਿਬਾਨ ਤਰਜਮਾਨ ਕਾਰੀ ਮੁਹੰਮਦ ਯੂਸਫ ਅਹਿਮਦ ਦਾ ਇਹ ਕਹਿਣਾ ਹੈ ਕਿ ”ਅਸੀਂ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪੱਛਮੀ ਦੇਸ਼ ਅਫਗਾਨਿਸਤਾਨ ਵਿਚੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਕਿਉਂਕਿ ਜਾਰਜ ਬੁਸ਼ ਦੀ ਪਾਰਟੀ ਦੀਆਂ ਗਲਤ ਨੀਤੀਆਂ ਦੀ ਹਾਰ ਹੋਈ ਹੈ। ਤਾਲਿਬਾਨ ਦੇ ਇਕ ਹੋਰ ਬੁਲਾਰੇ ਜ਼ਜੀਹੁੱਲਾ ਮੁਜਾਹਿਦ ਨੇ ਕਿਹਾ ਕਿ ਜੇ ਓਬਾਮਾ ਨੇ ਅਫਗਾਨ ਸਮੱਸਿਆ ਨੂੰ ਫੌਜੀ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਉਹਨਾਂ ਦੀ ਭੁੱਲ ਹੋਵੇਗੀ।‘‘
ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਸੋਨਲ ਸ਼ਾਹ ਨੂੰ ਆਪਣੇ ਸਲਾਹਕਾਰ ਬੋਰਡ ਵਿਚ ਸ਼ਾਮਲ ਕੀਤਾ ਹੈ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਨੇ। ਸੋਨਲ ਤੋਂ ਇਲਾਵਾ ਕਈ ਹੋਰ ਭਾਰਤੀ ਅਮਰੀਕਨਾਂ ਨੂੰ ਓਬਾਮਾ ਪ੍ਰਸ਼ਾਸਨ ਵਿਚ ਅਹਿਮ ਅਹੁਦੇ ਮਿਲਣ ਦੀ ਸੰਭਾਵਨਾ ਹੈ। ਸੋਨਲ ਸ਼ਾਹ ਇਕ ਅਰਥ ਸ਼ਾਸਤਰੀ ਹੈ। ਉਹ ਇਸ ਸਮੇਂ ਗੂਗਲ ਕੰਪਨੀ ਵਿਚ ਡਾਇਰੈਕਟਰ (ਆਲਮੀ ਵਿਕਾਸ) ਦੇ ਅਹੁਦੇ ‘ਤੇ ਹੈ। ਇਸ ਤੋਂ ਇਲਾਵਾ ਇਕ ਹੋਰ ਭਾਰਤੀ ਪ੍ਰੀਤਾ ਬਾਂਸਲ ਨੂੰ ਵੀ ਓਬਾਮਾ ਪ੍ਰਸ਼ਾਸਨ ਵਿਚ ਪ੍ਰਮੁੱਖ ਅਹੁਦਾ ਮਿਲਣ ਦੀ ਚਰਚਾ ਹੈ। ਬਾਂਸਲ ਨੇ ਓਬਾਮਾ ਦੀ ਚੋਣ ਪ੍ਰਚਾਰ ਮੁਹਿੰਮ ਦੀ ਲਾਮਬੰਦੀ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵੱਲ ਪਹਿਲਾ ਕਦਮ ਪੁੱਟਦਿਆਂ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ 15 ਮੈਂਬਰੀ ਟੀਮ ਤਿਆਰ ਕਰ ਲਈ, ਜਿਸ ਵਿਚ ਤਕਨੀਕੀ ਮੁਹਾਰਤ ਦੀ ਮਾਲਕ ਇਕ ਭਾਰਤੀ ਮਹਿਲਾ ਦਾ ਨਾਂ ਵੀ ਸ਼ਾਮਲ ਹੈ। ਇਹ ਟੀਮ ਸੱਤਾ ਦਾ ਤਬਾਦਲਾ ਦੇ ਅਮਲ ਸੁਚਾਰੂ ਢੰਗ ਨਾਲ ਸਿਰੇ ਚਾੜ੍ਹੇਗੀ।
ਹੁਣ ਕਾਮੇਡੀਅਨਾਂ ਦਾ ਮੁੱਖ ਨਿਸ਼ਾਨਾ ਓਬਾਮਾ ਹੋਣਗੇ। ਨਿਊਯਾਰਕ ਕਾਮੇਡੀ ਮੇਲੇ ਦੇ ਪਹਿਲੇ ਦਿਨ ਹੋਈ ਚਰਚਾ ਦੌਰਾਨ ਕਾਮੇਡੀਅਨ ਰੋਸੀਆਨ ਬਾਰ ਨੇ ਕਿਹਾ ਕਿ ਓਬਾਮਾ ਤੋਂ ਵੱਡੀਆਂ ਆਸਾਂ ਅਤੇ ਭਰਪੂਰ ਚੁਣੌਤੀਆਂ ਵਿਅੰਗ ਲਈ ਚੰਗਾ ਮਸਾਲਾ ਬਣੇਗਾ। ਅਮਰੀਕਾ ਦੇ ਤਿੱਖੀ ਜ਼ੁਬਾਨ ਵਾਲੇ ਮਸਕਰਿਆਂ ਦਾ ਕਹਿਣਾ ਹੈ ਕਿ ਜਲਦ ਹੀ ਬਰਾਕ ਓਬਾਮਾ ਉਨ੍ਹਾਂ ਦੇ ਵਿਅੰਗ ਦਾ ਮੁੱਖ ਵਿਸ਼ਾ ਹੋਵੇਗਾ। ਕਾਰਟੂਨਿਸਟ ਟੱਡ ਰਾਲ ਦਾ ਕਹਿਣਾ ਹੈ ਕਿ ਉਹ ਜਾਰਜ ਬੁਸ਼ ‘ਤੇ ਹੋਰ ਕਾਮੇਡੀ ਨਹੀਂ ਕਰਨਗੇ। ਚੋਣਾਂ ਤੋਂ ਬਾਅਦ ਬੀਤੇ ਦਿਨ ਕਾਮੇਡੀ ਬਾਰੇ ਹੋਈ ਚਰਚਾ ਦੌਰਾਨ ਰਾਲ ਨੇ ਸ਼ਿਕਾਇਤ ਕਰਦਿਆਂ ਕਿਹਾ, ”ਬੁਸ਼ ਦਾ ਮਜ਼ਾਕ ਉਡਾਉਣਾ ਬਹੁਤ ਅਸਾਨ ਹੈ… ਇਹ ਬੱਚਿਆਂ ਵਾਲਾ ਕੰਮ ਹੈ।‘‘ ਉਨ੍ਹਾਂ ਕਿਹਾ ਕਿ ਹੁਣ ਓਬਾਮਾ ‘ਤੇ ਵਿਅੰਗ ਕਰਨਾ ਮਜ਼ੇਦਾਰ ਹੋਵੇਗਾ।
ਅਮਰੀਕਾ ਵਿਚ ਸਿਆਸੀ ਮਸਕਰੇ ਰਾਸ਼ਟਰਪਤੀ ਮੁਹਿੰਮ ਤੋਂ ਬਾਅਦ ਵਿਅੰਗ ਕਸਣ ਵਿਚ ਖੂਬ ਆਨੰਦ ਲੈਂਦੇ ਹਨ।ਜ਼ਿਆਦਾਤਰ ਮਸਕਰੇ ਡੈਮੋਕਰੇਟਿਕ ਹੋਣ ਕਾਰਨ ਉਨ੍ਹਾਂ ਦਾ ਪਸੰਦੀਦਾ ਨਿਸ਼ਾਨਾ ਰਿਪਬਲਿਕਨ ਹਨ, ਜਿਨ੍ਹਾਂ ਵਿਚੋਂ ਮੱਖ ਸੇਰ੍ਹਾ ਪਾਲਿਨ ਹੈ।
ਅਮਰੀਕਾ ਵਿਚ ਪਿਛਲੇ ਦਿਨੀਂ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਬਰਾਕ ਓਬਾਮਾ ਦੀ ਜਿੱਤ ਤੋਂ ਬਾਅਦ ਜਸ਼ਨ ਮਨਾਏ ਜਾ ਰਹੇ ਹਨ, ਉਥੇ ਕੀਨੀਆ ਦੇ ਲੋਕਾਂ ਨੇ ਉਨ੍ਹਾਂ ਦੀ ਜਿੱਤ ਨੂੰ ਯਾਦਗਾਰ ਬਣਾਉਣ ਲਈ ਇਕ ਵੱਖਰਾ ਢੰਗ ਲੱਭਿਆ ਹੈ।
ਕੀਨੀਆ ਵਿਚ ਪੈਦਾ ਹੋਏ ਨਵਜੰਮੇ ਬੱਚਿਆਂ ਦੇ ਨਾਂ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਦੇ ਨਾਂ ‘ਤੇ ਨਾਮ ਰੱਖੇ ਜਾ ਰਹੇ ਹਨ। ਸਥਿਤੀ ਇਹ ਹੈ ਕਿ ਕੀਨੀਆ ਦੇ ਕੁਸੁਮ ਹਸਪਤਾਲ ਵਿਚ ਅਮਰੀਕੀ ਰਾਸ਼ਟਰਪਤੀ ਓਬਾਮਾ ਦੀ ਜਿੱਤ ਤੋਂ ਬਾਅਦ ਅੱਜ ਤੱਕ ਜਿੰਨੇ ਬੱਚਿਆਂ ਨੇ ਜਨਮ ਲਿਆ ਹੈ ਉਨ੍ਹਾਂ ਵਿਚੋਂ ਅੱਧਿਆ ਤੋਂ ਜ਼ਿਆਦਾ ਬੱਚਿਆਂ ਦੇ ਨਾਂ ਉਨ੍ਹਾਂ ਦੀ ਮਾਂ ਬਰਾਕ ਜਾਂ ਫਿਰ ਮਿਸ਼ੇਲ ਓਬਾਮਾ ਦੇ ਨਾਂ ‘ਤੇ ਰੱਖੇ ਗਏ ਹਨ।