ਚਰਿਤਰਹੀਣ ਸਿੱਖਿਆ, ਮਨੁੱਖਤਾ ਰਹਿਤ ਵਿਗਿਆਨ ਅਤੇ ਨੈਤਿਕਤਾ ਰਹਿਤ ਵਿਉਪਾਰ ਤੇ ਰਾਜਨੀਤੀ ਸਭ ਤੋਂ ਜ਼ਿਆਦਾ ਖ਼ਤਰਨਾਕ ਸਾਬਤ ਹੁੰਦੇ ਹਨ। ਪੈਸੇ ਦੇ ਜ਼ੋਰ ਅਤੇ ਬਾਹੂਬਲ ਦੇ ਵੱਧਦੇ ਗਲਬੇ ਕਾਰਨ ਸ਼ਰੀਫ ਲੋਕ ਸਿਆਸਤ ਵਿਚ ਆਉਣ ਤੋਂ ਹੁਣ ਕਤਰਾਉਣ ਲਗ ਪਏ ਹਨ।ਹੱਕਾਂ ਲਈ ਯੁੱਧ ਤੇ ਨਿਆਂ ਲਈ ਕਰਬਾਨੀ ਵਾਲਾ ਮਾਰਗ ਸਿਆਸੀ ਪਿੜ ਵਿਚੋਂ ਮਰਦਾਂ ਮੁਕਦਾ ਨਜਰ ਆ ਰਿਹਾ ਹੈ । ਹੁਣ ਪੈਸਾ ਤੇ ਬਾਹੂਬਲ ਦਾ ਰਾਜਸੀ ਖੇਤਰ ਵਿਚ ਪਸਾਰ ਹੋਇਆ ਹੈ। ਪਰਿਵਾਰਵਾਦ ਨੇ ਚੰਗੇ ਤੇ ਇਮਾਨਦਾਰ ਸਿਆਸਤਦਾਨਾਂ ਨੂੰ ਰਾਜਸੀ ਪਗਡੰਡੀ ਤੋਂ ਪਰ੍ਹਾ ਧਕੇਲ ਦਿੱਤਾ ਹੈ। ਰਾਜਸੀ ਆਮ ਵੋਟ ਬਲ ਪ੍ਰਾਪਤ ਕਰ ਲੈਣ ਉਪਰੰਤ ਆਮ ਲੋਕਾਂ ਨੂੰ ਭੈਭੀਤ ਕਰਨ ਲੱਗ ਪਏ ਹਨ।ਹੁਣ ਸਿਆਸਤ ਨਿਜੀ ਫਾਇਦਿਆ ਨੂੰ ਤੋਲ ਕੇ ਕਿਤੀ ਜਾ ਰਹੀ ਹੈ।
ਦੇਸ਼ ਦੀ ਵੰਡ ਤੋਂ ਬਾਅਦ ਪੰਡਤ ਜਵਾਹਰ ਲਾਲ ਨਹਿਰੂ ਰਾਜਸੀ ਮੰਚ ਤੇ ਪੂਰੀ ਤਰ੍ਹਾਂ ਪ੍ਰਭਾਵੀ ਰਹੇ। ਸਿੱਖ ਕੌਮ ਨਾਲ ਉਸ ਦੇ ਰਲੇ ਮਿਲੇ ਜਿਹੇ ਸੰਬੰਧ ਰਹੇ ਹਨ, ਉਨ੍ਹਾਂ ਦੀ ਛਤਰ-ਛਾਇਆ ਹੇਠ ਹੀ ਇੰਦਰਾ ਗਾਂਧੀ ਨੇ ਰਾਜਸੀ ਦਾਅ ਪੇਚ ਸਿੱਖੇ ਅਤੇ ਨਹਿਰੂ ਦੀ 1964 ਵਿਚ ਮੌਤ ਤੋਂ ਬਾਅਦ ਉਹ ਕਾਂਗਰਸ ਦੇ ਮੁਖੀਆਂ ਵਿਚ ਸ਼ਾਮਲ ਹੋ ਗਈ। ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਨੇ ਆਪਣੇ ਰਾਜਕਾਲ ਵਿਚ ਇੰਦਰਾ ਗਾਂਧੀ ਨੂੰ ਕੇਂਦਰੀ ਜੂਨੀਅਰ ਮੰਤਰੀ ਲੈ ਲਿਆ। ਥੋੜ੍ਹੇ ਜਿਹੇ ਵਕਫੇ ਬਾਅਦ ਹੀ 1966 ਵਿਚ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਵੀ ਇਸ ਫਾਨੀ ਜਹਾਨ ਤੋਂ ਕੂਚ ਕਰ ਗਏ ਤੇ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਇਸਤਰੀ ਪ੍ਰਧਾਨ ਮੰਤਰੀ ਬਣ ਗਈ।
ਭਾਰਤੀ ਲੋਕਤੰਤਰ ਦੀ ਤ੍ਰਾਸਦੀ ਹੈ ਕਿ 1990 ਤੋਂ ਬਾਅਦ ਭਾਰਤ ਦੇ ਰਾਜਸੀ ਨਕਸ਼ੇ ’ਤੇ ਪਰਿਵਾਰਵਾਦ ਬਹੁਤ ਜ਼ੋਰਦਾਰ ਤਰੀਕੇ ਨਾਲ ਛਾਇਆ ਹੈ। ਰਾਜਸੀ ਨੇਤਾਵਾਂ ਵੱਲੋਂ ਆਪਣੇ ਹੀ ਧੀਆਂ, ਪੁੱਤਰਾਂ ਤੇ ਰਿਸ਼ਤੇਦਾਰਾਂ ਨੂੰ ਸੱਤਾ ਵਿਚ ਅੱਗੇ ਲਿਆਉਣ ਲਈ ਹਰ ਤਰ੍ਹਾਂ ਦੇ ਯਤਨ ਆਰੰਭੇ ਹੋਏ ਹਨ। ਅਸਲ ਵਿਚ ਇਹ ਰੁਝਾਨ ਕਾਂਗਰਸ ਦੀ ਹੀ ਦੇਣ ਹੈ। ਜਵਾਹਰ ਲਾਲ ਨਹਿਰੂ ਨੇ ਇੰਦਰਾ ਗਾਂਧੀ ਤੇ ਫਿਰ ਇੰਦਰਾ ਗਾਂਧੀ ਨੇ ਆਪਣੇ ਸਿਆਸੀ ਜਾਨਸ਼ੀਨਾਂ ਦੇ ਰੂਪ ਵਿਚ ਸਭ ਤੋਂ ਪਹਿਲਾਂ ਸੰਜੇ ਗਾਂਧੀ ਨੂੰ ਆਵਾਮ ਮੂਹਰੇ ਪੇਸ਼ ਕੀਤਾ। ਸੰਨ 1975-77 ਦੀ ਐਮਰਜੈਂਸੀ ਸਮੇਂ ਉਹ ਆਪਣੀ ਮਾਂ ਦੇ ਸਾਏ ਹੇਠ ਹੀ ਤੇਜ਼ੀ ਨਾਲ ਸ਼ਕਤੀਸ਼ਾਲੀ ਆਗੂ ਬਣਨ ਦੀ ਕਾਹਲ ਵਿਚ ਸੀ। ਉਸ ਨੇ 1977 ਵਿਚ ਚੋਣ ਲੜੀ ਤੇ ਲੋਕਾਂ ਨੇ ਬੁਰੀ ਤਰ੍ਹਾਂ ਉਸ ਨੂੰ ਪਛਾੜ ਦਿੱਤਾ।ਪਰ ਭਵਿੱਖ ਨੂੰ ਸਕਾਰ ਕਰ ਦੇਣਾ ਹੀ ਸਭ ਤੋ ਵਧੀਆਂ ਪਸ਼ੀਗੋਈ ਹੁੰਦੀ ਹੈ ਹੁਕਮਰਾਨ ਨੂੰ ਜਨਤਾ ਦਾ ਪਹਿਲਾ ਸੇਵਕ ਹੋਣਾ ਚਾਹਿਦਾ ਹੈ। ਇਥੇ ਯਾਸਮੀਨ ਮਲਿਕ ਦਾ ਸ਼ੇਅਰ ਕਹਿਣਾ ਕੁਥਾਂ ਨਹੀਂ ਹੋਵੇਗਾ,
“ਹਮ ਤੋ ਦੁਸ਼ਮਣ ਕੋ ਭੀ ਸ਼ਾਇਸਤਾ ਸਜ਼ਾ ਦੇਤੇ ਹੈਂ,
ਵਾਰ ਕਰਤੇ ਨਹੀਂ ਨਜ਼ਰੋਂ ਮੇਂ ਗਿਰਾ ਦੇਤੇ ਹੈਂ”
ਤਿੰਨ ਸਾਲ ਬਾਅਦ ਉਹ ਆਪਣੀ ਮਾਂ ਦੇ ਅਸ਼ੀਰਵਾਦ ਸਦੱਕਾ 1980 ਵਿਚ ਸੰਸਦ ਮੈਂਬਰ ਵੀ ਬਣ ਗਿਆ ਤੇ ਕਾਂਗਰਸ ਦਾ ਜਨਰਲ ਸਕੱਤਰ ਵੀ। ਇਹ ਇਕ ਚਿੱਟੇ ਦਿਨ ਵਰਗੀ ਪ੍ਰਭਾਵੀ ਸਿਆਸੀ ਜੁਗਤ ਸੀ ਕਿ ਉਸ ਦੀ ਮਾਂ ਉਸ ਨੂੰ ਆਪਣੇ ਜਾਨਸ਼ੀਨ ਵਜੋਂ ਜਲਦ ਦੇਖਣਾ ਚਾਹੁੰਦੀ ਸੀ ਪਰ ਅੱਧੇ ਕੁ ਸਾਲ ਬਾਅਦ ਹੀ ਸੰਜੇ ਗਾਂਧੀ ਇਕ ਜਹਾਜ ਹਾਦਸੇ ਵਿਚ ਇਸ ਜਹਾਨ ਤੋਂ ਕੂਚ ਕਰ ਗਿਆ। ਉਸ ਦੇ ਅੰਤ ਨਾਲ ਇੰਦਰਾ ਗਾਂਧੀ ਦਾ ਸੰਜੇ ਨੂੰ ਪ੍ਰਧਾਨ ਮੰਤਰੀ ਬਨਾਉਣ ਦਾ ਸੁਪਨਾ ਚਕਨਾਚੂਰ ਹੋ ਗਿਆ। ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਫੌਜੀ ਹਮਲੇ ਦੇ ਉਤਰਫਲ ਵਜੋਂ ਇੰਦਰਾ ਗਾਂਧੀ ਵੀ ਗੋਲੀਆਂ ਦਾ ਸ਼ਿਕਾਰ ਹੋ ਗਈ ਤੇ ਉਸ ਦਾ ਪੁੱਤਰ ਰਾਜੀਵ ਗਾਂਧੀ ਦੇਸ਼ ਦੀ ਵਾਗਡੋਰ ਸੰਭਾਲਣ ਲਈ ਅੱਗੇ ਆਇਆ। ਪ੍ਰਧਾਨ ਮੰਤਰੀ ਪਦ ’ਤੇ ਰਹਿੰਦਿਆਂ ਉਸ ਨੇ ਪੰਜਾਬ ਵਿਚ ਲੱਗੇ ਲਾਂਬੂ ਨੂੰ ਸ਼ਾਂਤ ਕਰਨ ਲਈ ਪੰਜਾਬ ਦੀਆਂ ਸਮੱਸਿਆਵਾਂ ਦੇ ਸਨਮੁੱਖ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਸਮਝੌਤਾ ਤਾਂ ਕੀਤਾ ਪਰ ਉਹ ਦੋਹਾਂ ਆਗੂਆਂ ਦੀ ਮੌਤ ਹੋ ਜਾਣ ਕਾਰਨ ਲਾਗੂ ਨਾ ਹੋ ਸਕਿਆ। ਜਲਦੀ ਹੀ ਰਾਜੀਵ ਗਾਂਧੀ ਵੀ ਇਕ ਹਾਦਸੇ ਵਿਚ ਰੱਬ ਦੇ ਦਰਬਾਰ ਜਾ ਪਹੁੰਚਿਆ। ਮੇਨਕਾ ਗਾਂਧੀ ਨੇ ਰਾਜਸੀ ਪਿੜ ਵਿਚ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸੰਭਲ ਨਾ ਸਕੀ ਤੇ ਉਸ ਨੂੰ ਰਾਜਸੀ ਖੇਤਰ ਤੋਂ ਸ਼ਾਂਤਮਈ ਬਨਵਾਸ ਲੈਣਾ ਪਿਆ। ਪਰ ਸੋਨੀਆ ਗਾਂਧੀ ਪ੍ਰਭਾਵੀ ਨੇਤਾ ਦੇ ਤੌਰ ’ਤੇ ਉਭਰੀ। ਅੱਜ ਉਹ ਕਾਂਗਰਸ ਪਾਰਟੀ ਦੀ ਚੇਅਰਪਰਸਨ ਹੈ ਅਤੇ ਉਸ ਦਾ ਪੁੱਤਰ ਰਾਹੁਲ ਗਾਂਧੀ ਪਾਰਟੀ ਦਾ ਜਨਰਲ ਸਕੱਤਰ ਹੈ।ਇੰਦਰਾ ਗਾਂਧੀ ਜੋ ਆਪਣੇ ਪੁੱਤਰਾਂ ਵਿਚ ਦੇਖਣਾ ਚਾਹੁੰਦੀ ਸੀ ਉਸ ਦੇ ਜਿਉਂਦਿਆ ਜੀਅ ਹੋ ਨਹੀ ਸਕਿਆ ਪਰ ਸੋਨੀਆਂ ਗਾਂਧੀ ਨੇ ਉੇਸ ਨੇ ਆਪਣੀ ਧਰਮ ਮਾਂ ( ਸੱਸ) ਵਰਗੀ ਛਵੀ ਜਰੂਰ ਲਗਭਗ ਤਿਆਰ ਕਰ ਲਈ ਹੈ । ਉਸ ਨੇ ਵੱਡੇ ਕਾਂਗਰਸੀ ਧੰਨਤਰਾਂ ਨੂੰ ਖੁਡੇ ਆਪਣੇ ਇਸਤਰੀ ਹੱਠ ਦਾ ਪ੍ਰਗਟਾਵਾ ਕਰ ਦਿੱਤਾ ਹੈ। ਪ੍ਰਿਅੰਕਾ ਵਡੇਰਾ ਕਿਸੇ ਸਮੇਂ ਵੀ ਰਾਜਸੀ ਮੈਦਾਨ ਵਿਚ ਕੁਦ ਸਕਦੀ ਹੈ ਹਰਿਆਣੇ ਦੇ ਮੁੱਖ ਮੰਤਰੀ ਰਹੇ ਸ਼੍ਰੀ ਭਜਨ ਲਾਲ ਦੇ ਪੁੱਤਰ ਚੰਦਰ ਮੋਹਨ ਜੋ ਹੋਡਾ ਸਰਕਾਰ ਵਿਚ ਉੱਪ ਮੁੱਖ ਮੰਤਰੀ ਸੀ ਪ੍ਰੇਮ ਜਾਲ ਵਿਚ ਧਰਮ ਤਬਦੀਲ ਕਰ ਬੈਠਾ ਹੈ ਉਸ ਨੇ ਆਪਣੀ ਸਿਆਸੀ ਬਾਪ ਲਈ ਨਵੀ ਸਿਆਸੀ ਚੁਨੌਤੀ ਪੈਦਾ ਕਰ ਦਿੱਤੀ ਹੈ।
ਜਦੋਂ ਭਾਰਤ ਦੀ ਸਭ ਤੋਂ ਪੁਰਾਣੀ ਤੇ ਕੌਮੀ ਪੱਧਰ ਦੀ ਪਾਰਟੀ ਨੇ ਪਿਤਾ ਪੁਰਖੀ ਸਿਆਸਤ ਲਈ ਆਦਰਸ਼ਾਂ ਨੂੰ ਪਿੱਛੇ ਧਕੇਲ ਕੇ ਰੱਖ ਦਿੱਤਾ। ਫਿਰ ਛੋਟੀਆਂ ਤੇ ਪ੍ਰਾਂਤਿਕ ਪਾਰਟੀਆਂ ਅਜਿਹਾ ਕਿਉਂ ਨਾ ਹਥਕੰਡਾ ਵਰਤਦੀਆਂ। ਹੁਣ ਪਿਤਾ-ਪੁਰਖੀ ਤੇ ਕੁਨਬਾਪ੍ਰਵਰੀ ਦੇ ਗਰਮੋ ਗਰਮ ਸਿਆਸਤੀ ਮਾਹੌਲ ਵਿਚ ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ ਆਪਣੇ ਪੁੱਤਰ ਊਧਵ ਠਾਕਰੇ ਨੂੰ ਕਿਹੜੇ ਰਾਜਸੀ ਪੱਖ ਵਿਚ ਉਤਾਰੂ ਰੱਖਦੇ ਹਨ, ਇਸ ਦਾ ਜਵਾਬ ਤਾਂ ਹੁਣ ਉਹ ਹੀ ਦੇਣਗੇ! ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸ. ਸੁਖਬੀਰ ਸਿੰਘ ਬਾਦਲ ਨੂੰ ਆਪਣਾ ਜਾਨਸ਼ੀਨ ਬਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹਸਲਾਰ ਪ੍ਰਧਾਨ ਬਣਾਇਆ ਤੇ ਨਿਕਟ ਭਵਿਖ ਵਿਚ ਉਹ ਹੀ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ। ਹਰਿਆਣਾ ਵਿਚ ਚੌਧਰੀ ਦੇਵੀ ਲਾਲ ਦੇ ਸਪੁੱਤਰ ਸ੍ਰੀ ਓਮ ਪ੍ਰਕਾਸ਼ ਚੋਟਾਲਾ ਜੋ ਹਰਿਆਣਾ ਪ੍ਰਾਂਤ ਦੇ ਮੁੱਖ ਮੰਤਰੀ ਰਹੇ ਤੇ ਏਨੈਲੋ ਪਾਰਟੀ ਦੇ ਮੁਖੀ ਵੀ ਹਨ, ਉਨ੍ਹਾਂ ਨੇ ਆਪਣੇ ਪੁੱਤਰ ਸ੍ਰੀ ਅਭੈ ਚੌਟਾਲਾ ਨੂੰ ਆਪਣਾ ਜਾਨਸ਼ੀਨ ਬਨਾਉਣ ਲਈ ਪੈਂਤੜੇਬਾਜ਼ੀ ਅਰੰਭੀ ਹੋਈ ਹੈ। ਸ. ਬਾਦਲ ਤੇ ਚੌਟਾਲਾ ਦੀ ਆਪਸੀ ਸਾਂਝ ਵੀ ਗੂੜ੍ਹੀ ਹੈ ਫਿਰ ਪੁੱਤਰ ਵੀ ਰੀਸ ਕਿਉਂ ਨਾ ਕਰਨ। ਮਲਾਇਮ ਸਿੰਘ ਵੀ ਆਪਣੇ ਬੇਟੇ ਅਖਿਲੇਸ਼ ਨੂੰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਨਟਵਰ ਸਿੰਘ ਤੇ ਉਨ੍ਹਾਂ ਦਾ ਲੜਕਾ ਜਗਤ ਸਿੰਘ ਨਾ ਘਰ ਤੇ ਨਾ ਘਾਟ ਦੇ ਰਹੇ ਹਨ। ਮਾਰਗਰੇਟ ਅਲਵਾ ਸੀਨੀਅਰ ਅਤੇ ਵਕਾਰੀ ਨੇਤਾ ਹੈ, ਉਨ੍ਹਾਂ ਪਿਛਲੇ ਦਿਨੀਂ ਹੀ ਆਪਣੇ ਪੁੱਤਰ ਲਈ ਕਰਨਾਟਕ ਵਿਧਾਨ ਸਭਾ ਦੀ ਟਿਕਟ ਲੈਣ ਦੀ ਕੀਤੀ ਮੰਗ ਨੂੰ ਨਾਂਹ-ਪੱਖੀ ਜਵਾਬ ਮਿਲਣ ’ਤੇ ਜੋ ਪਾਰਟੀ ਅੰਦਰ ਭ੍ਰਿਸ਼ਟਾਚਾਰ ਹੈ ਉਸ ਦਾ ਪੋਲ ਖੋਲ੍ਹ ਦਿੱਤਾ। ਅਲਵਾ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਸੀ ਤੇ ਨਹਿਰੂ ਪਰਿਵਾਰ ਨਾਲ ਉਸ ਦੇ ਪੁਰਾਣੇ ਨਜ਼ਦੀਕੀ ਸੰਬੰਧ ਹਨ। ਅਜਿਹਾ ਮਹਿਸੂਸ ਹੁੰਦਾ ਹੈ ਕਿ ਸਾਲ 2008 ਸਿਆਸੀ ਮਹਾਂਰਥੀਆਂ ਲਈ ਧਨ-ਰਾਸ਼ੀ ਵਾਲਾ ਹੀ ਸਾਲ ਹੈ। ਸੰਸਦ ਵਿਚ ਭਰੋਸੇ ਦੀ ਵੋਟ ਹਾਸਲ ਕਰਨ ਲਈ ਧਨ ਲੈਣ ਦੇਣ ਲਈ ਜੋ ਇਕ ਦੂਜੇ ’ਤੇ ਦੋਸ਼ ਲੱਗੇ ਉਸ ਨੂੰ ਮੀਡੀਆ ਸਾਹਮਣੇ ਵੀ ਪ੍ਰਗਟ ਕੀਤਾ ਗਿਆ, ਜਿਸ ਨੇ ਸਮੁੱਚੇ ਦੇਸ਼ ਦੇ ਵੋਟਰਾਂ ਨੂੰ ਇਕ ਵਾਰ ਤਾਂ ਹੈਰਾਨ ਪ੍ਰੇਸ਼ਾਨ ਕਰ ਦਿੱਤਾ। ਹੁਣ ਵੀ ਪੰਜ ਸੂਬਿਆਂ ਵਿਚ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਕਿੰਨਾ ਲੈਣ ਦੇਣ ਹੋਇਆ ਇਸ ਦੀ ਅਸਲ ਸੱਚਾਈ ਸਾਹਮਣੇ ਨਹੀਂ ਆਈ। ਹੁਣ ਤਾਂ ਇਮਾਨਦਾਰੀ, ਨਿਸ਼ਠਾ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਧਨ-ਰਹਿਤ ਵਰਕਰ ਦੇ ਅੱਗੇ ਆਉਣ ਦੇ ਦਿਨ ਪੁੱਗ ਗਏ ਨਹੀਂ ਲੱਗਦੇ? ਕੀ ਸਾਡੀ ਸਿਆਸੀ ਪ੍ਰਣਾਲੀ ਤੇ ਲੋਕਤੰਤਰ ਵਿਕਾਊ ਜਿਹਾ ਹੋ ਗਿਆ ਨਹੀਂ ਲੱਗਦਾ? ਅਜਿਹਾ ਰੌਲਾ ਕਾਂਗਰਸ ਵਿਚ ਹੀ ਨਹੀਂ ਭਾਜਪਾ ਤੇ ਹੋਰ ਪਾਰਟੀਆਂ ਵਿਚ ਵੀ ਹੈ।
ਪੰਜਾਬ ਵਿਚ ਅਕਾਲੀ ਤੇ ਕਾਂਗਰਸੀ ਨੇਤਾਵਾਂ ਨੇ ਕੇਂਦਰ ਵਿਚਲੀ ਕਾਂਗਰਸ ਵੱਲੋਂ ਪਾਏ ਪੂਰਨਿਆਂ ਤੋਂ ਆਪਣੇ ਸਿੱਕੇ ਦੀ ਨੋਕ ਜਰਾ ਵੀ ਇੱਧਰ ਉਧਰ ਨਹੀ ਕੀਤੀ। ਪੰਜਾਬ ਤੇ ਸਿੱਖ ਰਾਜਨੀਤੀ ਵਿਚ ਇਕ ਸਮੇਂ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਰਣਜੀਤ ਸਿੰਘ ਤਲਵੰਡੀ ਵਧਾਇਕ ਬਣੇ ਤੇ ਉਹ ਸਮਾਲ ਸਕੇਲ ਇੰਡਸਟਰੀ ਦੇ ਚੇਅਰਮੈਨ ਵੀ ਰਹੇ ਤੇ ਦੂਜਾ ਪੁੱਤਰ ਸ. ਜਗਜੀਤ ਸਿੰਘ ਵੀ ਰਾਜਸੀ ਸੂਝ ਵਾਲਾ ਹੈ। ਜਥੇਦਾਰ ਮੋਹਨ ਸਿੰਘ ਤੁੜ ਦੇ ਦੋਵੇਂ ਪੁੱਤਰ ਸ. ਲਹਿਣਾ ਸਿੰਘ ਤੇ ਸ. ਤਰਲੋਚਨ ਸਿੰਘ ਤੁੜ ਵੀ ਮੈਂਬਰ ਪਾਰਲੀਮੈਂਟ ਦਾ ਸੁਆਦ ਦੇਖ ਚੁਕੇ ਹਨ। ਜਥੇਦਾਰ ਉਜਾਗਰ ਸਿੰਘ ਸੇਖਵਾਂ ਦਾ ਸਪੁੱਤਰ ਸ. ਸੇਵਾ ਸਿੰਘ ਸੇਖਵਾਂ ਵੀ ਸਰਗਰਮ ਰਾਜਨੀਤੀ ਵਿਚ ਸ਼ਾਮਲ ਹੈ। ਸ. ਸੁਖਦੇਵ ਸਿੰਘ ਢੀਂਡਸਾ ਦਾ ਸਪੁੱਤਰ ਸ. ਪਰਮਿੰਦਰ ਸਿੰਘ ਢੀਂਡਸਾ ਮੌਜੂਦਾ ਸਰਕਾਰ ਵਿਚ ਮੰਤਰੀ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪੁੱਤਰਨੁਮਾ ਜਵਾਈ ਸ. ਹਰਮੇਲ ਸਿੰਘ ਵੀ ਮੰਤਰੀ ਰਹਿ ਚੁਕੇ ਹਨ। ਸ. ਸਰਦਾਰਾ ਸਿੰਘ ਕੋਹਲੀ ਦੇ ਪੁੱਤਰ ਸ. ਸੁਰਜੀਤ ਸਿੰਘ ਕੋਹਲੀ ਵੀ ਬਾਦਲ ਸਰਕਾਰ ’ਚ ਮੰਤਰੀ ਪਦ ਦਾ ਅਨੰਦ ਮਾਣ ਚੁੱਕੇ ਹਨ।ਸ. ਚਰਨਜੀਤ ਸਿੰਘ ਅਟਵਾਲ ਸੰਸਦ ਦੇ ਡਿਪਟੀ ਸਪੀਕਰ ਹਨ ਤੇ ਉਹਨਾਂ ਦਾ ਲੜਕਾ ਸ. ਇੰਦਰਇਕਬਾਲ ਸਿੰਘ ਅਟਵਾਲ, ਮਰਹੂਮ ਸ. ਆਤਮਾ ਸਿੰਘ ਤੋਂ ਉਹਨਾਂ ਦੀ ਧੀ ਡਾ. ਉਪਿੰਦਰਜੀਤ ਕੌਰ ਅੱਜ ਸਿੱਖਿਆ ਮੰਤਰੀ ਹਨ, ਸ. ਬਸੰਤ ਸਿੰਘ ਖਾਲਸਾ ਦਾ ਲੜਕਾ ਸ. ਬਿਕਰਮਜੀਤ ਸਿੰਘ ਖਾਲਸਾ ਵਧਾਇਕ ਹੈ। ਸ. ਸੁਰਜੀਤ ਸਿੰਘ ਬਰਨਾਲਾ ਜੋ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ, ਕਈ ਸੂਬਿਆਂ ਦੇ ਗਵਰਨਰ ਵੀ ਬਣੇ, ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਸੁਰਜੀਤ ਕੌਰ ਬਰਨਾਲਾ ਤੇ ਪੁੱਤਰ ਗਗਨਦੀਪ ਸਿੰਘ ਬਰਨਾਲਾ ਵੀ ਸਿਆਸੀ ਪਿੜ ਵਿਚ ਹਨ। ਬਾਵਾ ਹਰਨਾਮ ਸਿੰਘ ਦੇ ਪੁੱਤਰ ਬਾਵਾ ਚਰਨਜੀਤ ਸਿੰਘ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਬੀਬੀ ਜਗੀਰ ਕੌਰ ਤੇ ਉਨ੍ਹਾਂ ਦਾ ਦਮਾਦ ਸ. ਯੁਵਰਾਜ ਸਿੰਘ, ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਦੋਵੇਂ ਪੁੱਤਰ, ਸ. ਧੰਨਾ ਸਿੰਘ ਗੁਲਸ਼ਨ ਦੀ ਪੁੱਤਰੀ ਬੀਬਾ ਪਰਮਜੀਤ ਕੌਰ ਮੈਂਬਰ ਪਾਰਲੀਮੈਂਟ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹੈ। ਡਾ. ਰਤਨ ਸਿੰਘ ਅਜਨਾਲਾ ਮੈਂਬਰ ਪਾਰਲੀਮੈਂਟ ਤੇ ਜ਼ਿਲ੍ਹਾ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ ਦੇ ਸਪੁੱਤਰ ਸ. ਅਮਰਪਾਲ ਸਿੰਘ ਬੋਨੀ ਵਿਧਾਇਕ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦਾ ਆਪਣਾ ਪੁੱਤਰ ਇਮਾਨ ਸਿੰਘ ਮਾਨ ਵੀ ਸਰਗਰਮ ਸਿਆਸਤ ਵਿਚ ਹੈ। ਸ. ਗੁਰਦੇਵ ਸਿੰਘ ਬਾਦਲ ਦਾ ਬੇਟਾ ਸ. ਕੇਵਲ ਸਿੰਘ ਬਾਦਲ ਪਿਛਲੇ 12 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਜੂਨੀਅਰ ਮੀਤ ਪ੍ਰਧਾਨ ਚਲੇ ਆ ਰਹੇ ਹਨ। ਅਟਾਰੀ ਹਲਕੇ ਤੋਂ ਵਧਾਇਕ ਰਹੇ ਸ. ਦਲਬੀਰ ਸਿੰਘ ਰਣੀਕੇ ਦੇ ਭਰਾਤਾ ਸ. ਗੁਲਜ਼ਾਰ ਸਿੰਘ ਰਣੀਕੇ ਅੱਜ ਮੰਤਰੀ ਹਨ ਤੇ ਉਨ੍ਹਾਂ ਦਾ ਬੇਟਾ ਲਾਲੀ ਵੀ ਸਿਆਸੀ ਮੋਰਚਾਬੰਦੀ ’ਤੇ ਹੈ। ਪੰਥ ਦੇ ਨਿਸ਼ਕਾਮ ਸੇਵਕ ਜਥੇ. ਤਾਰਾ ਸਿੰਘ (ਜਥੇ. ਲੰਗਰ) ਅਟਾਰੀ ਹਲਕੇ ਤੋਂ ਹੀ ਵਿਧਾਇਕ ਬਣੇ ਤੇ ਹੁਣ ਉਨ੍ਹਾਂ ਦੇ ਪੁੱਤਰ ਮਲਕੀਤ ਸਿੰਘ ਏ.ਆਰ. ਵਿਧਾਇਕ ਹਨ। ਸ. ਤੋਤਾ ਸਿੰਘ ਆਪ ਮੰਡੀਕਰਨ ਬੋਰਡ ਦੇ ਚੇਅਰਮੈਨ ਤੇ ਮੰਤਰੀ ਰਹੇ ਹਨ ਦਾ ਲੜਕਾ ਸ. ਸੁਖਜਿੰਦਰ ਸਿੰਘ ਬਰਾੜ ਮੱਖਣ ਆਦਿ ਅਜਿਹੇ ਨਾਂ ਹਨ।
ਕਾਂਗਰਸੀ ਨੇਤਾਵਾਂ ਵਿਚ ਮਰਹੂਮ ਸ. ਬੇਅੰਤ ਸਿੰਘ ਜੋ ਮੁਖ ਮੰਤਰੀ ਪੰਜਾਬ ਸਨ ਦੀ ਪੁੱਤਰੀ ਤੇ ਪੁੱਤਰ ਸ. ਤੇਜਪ੍ਰਕਾਸ਼ ਸਿੰਘ ਤੇ ਅੱਗੋਂ ਉਸ ਦਾ ਪੁੱਤਰ ਗੁਰਕੀਰਤ ਸਿੰਘ ਕੋਟਲੀ, ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਦਾ ਭਰਾਤਾ ਸ. ਕੁਲਦੀਪ ਸਿੰਘ ਭੱਠਲ ਵਿਧਾਇਕ ਅੱਜ ਵੀ ਸਿਆਸਤ ਵਿਚ ਹੈ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਅਕਾਲੀ ਸਰਕਾਰ ਵਿਚ ਵੀ ਵਜ਼ੀਰ ਰਹੇ ਫਿਰ ਕਾਂਗਰਸ ਦੇ ਮੁੱਖ ਮੰਤਰੀ ਬਣੇ, ਉਨ੍ਹਾਂ ਦੀ ਪਤਨੀ ਸ੍ਰੀਮਤੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਤੇ ਪੁੱਤਰ ਰਣਇੰਦਰ ਸਿੰਘ ਵਿਧਾਇਕ ਹਨ। ਘਰ ਦੇ ਤਿੰਨੇ ਜੀਅ ਹੀ ਨੇਤਾ ਹਨ। ਮਰਹੂਮ ਸ. ਸਤਨਾਮ ਸਿੰਘ ਬਾਜਵਾ ਦੇ ਪੁੱਤਰ ਸ. ਪ੍ਰਤਾਪ ਸਿੰਘ ਬਾਜਵਾ ਮੰਤਰੀ ਰਹਿ ਚੁਕੇ ਹਨ ਦੇ ਭਰਾ ਸ. ਫਤਹਿਜੰਗ ਸਿੰਘ ਬਟਾਲਾ ਤੋਂ ਚੋਣ ਹਾਰ ਗਏ ਸਨ। ਆਪਣੇ ਸਮੇਂ ਕਹਿੰਦੇ ਕਹਾਉਂਦੇ ਸ. ਪ੍ਰਤਾਪ ਸਿੰਘ ਕੈਰੋਂ ਜੋ ਮੁੱਖ ਮੰਤਰੀ ਪੰਜਾਬ ਰਹੇ ਦੇ ਦੋਵੇਂ ਪੁੱਤਰ ਤੇ ਅੱਜ ਪੋਤਰਾ ਸ. ਆਦੇਸ਼ਪ੍ਰਤਾਪ ਸਿੰਘ ਅਕਾਲੀ ਵਜ਼ਾਰਤ ’ਚ ਮੰਤਰੀ ਹੈ। ਸਮੇਂ-ਸਮੇਂ ਅਕਾਲੀ ਸਰਕਾਰਾਂ ਵਿਚ ਮੰਤਰੀ ਰਹੇ ਸ. ਸੁਖਜਿੰਦਰ ਸਿੰਘ ਦੇ ਪੁੱਤਰ ਸ. ਸੁਖਪਾਲ ਸਿੰਘ ਖਹਿਰਾ ਅੱਜ ਵਿਧਾਇਕ ਹੈ। ਸ. ਗੁਰਚੇਤ ਸਿੰਘ ਭੁੱਲਰ ਮੈਂਬਰ ਪਾਰਲੀਮੈਂਟ ਦੇ ਦੋਵੇਂ ਲੜਕੇ ਸਿਆਸਤ ਵਿਚ ਹਿੱਸੇਦਾਰ ਹਨ। ਸ. ਸੰਤੋਖ ਸਿੰਘ ਰੰਧਾਵਾ ਜੋ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਦਾ ਲੜਕਾ ਸ. ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਸਰਕਾਰ ਸਮੇਂ ਪਾਰਲੀਮਾਨੀ ਸਕੱਤਰ ਰਿਹਾ ਹੈ। ਸ਼੍ਰੀਮਤੀ ਸੁਖਵੰਤ ਕੌਰ ਭਿੰਡਰ ਤੋਂ ਬਾਅਦ ਉਨ੍ਹਾਂ ਦੇ ਪਤੀ ਸ. ਪ੍ਰੀਤਮ ਸਿੰਘ ਭਿੰਡਰ, ਸ. ਲਾਲ ਸਿੰਘ ਜੋ ਕੈਪਟਨ ਸਰਕਾਰ ਵਿਚ ਪ੍ਰਭਾਵੀ ਮੰਤਰੀ ਸਨ ਨੇ ਆਪਣੀ ਬੇਟੀ ਨੂੰ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਬਣਵਾਇਆ। ਖੁਸ਼ਹਾਲ ਬਹਿਲ ਤੇ ਚੌਧਰੀ ਜਗਜੀਤ ਸਿੰਘ ਦੇ ਲੜਕੇ ਵੀ ਇਸੇ ਦੌੜ ਵਿਚ ਹਨ। ਕਾਂਗਰਸ ਵਿਚ ਪਰਿਵਾਰਵਾਦ ਜਾਂ ਕੁਨਬਾਪ੍ਰਵਰੀ ਦੇ ਝਮੇਲੇ ਤੋਂ ਦੂਰ ਰਹੇ ਤਾਂ ਮਰਹੂਮ ਸ੍ਰੀ ਵਲਭ ਭਾਈ ਪਟੇਲ, ਰਜਿੰਦਰ ਪ੍ਰਸਾਦ ਤੇ ਹੁਣ ਉੱਤਰ ਪ੍ਰਦੇਸ਼ ਦੀ ਮੁਖ ਮੰਤਰੀ ਮਾਇਆਵਤੀ, ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ, ਸ੍ਰੀ ਰਘੁਨੰਦਨ ਲਾਲ ਭਾਟੀਆ ਆਦਿ ਦੇ ਨਾਂ ਹਨ। ਭਾਜਪਾ ਤੇ ਬਸਪਾ ਦੀ ਗਲ਼ ਫੇਰ ਕਰਾਂਗੇ।
ਜੈਸਾ ਦਰਦ ਹੋਤਾ ਹੈ ਵੈਸਾ ਮੰਜ਼ਰ ਹੋਤਾ ਹੈ
ਮੌਸਮ ਇਨਸਾਨ ਕੇ ਅੰਦਰ ਹੋਤਾ ਹੈ।