ਲੜਾਈ!
ਇਹ ਸ਼ਬਦ ਹੀ ਅਜਿਹਾ ਹੈ ਜਿਥੇ ਵੀ ਇਸਦਾ ਵਾਸਾ ਹੋਇਆ ਹੈ ਇਸਨੂੰ ਤਬਾਹੀ ਹੀ ਮਚਾਈ ਹੈ। ਇਹ ਲੜਾਈ ਭਾਵੇਂ ਕਿਸੇ ਪੱਧਰ ਦੀ ਵੀ ਕਿਉਂ ਨਾ ਹੋਵੇ। ਇਥੋਂ ਤੱਕ ਕਿ ਘਰ ਦੀ ਚਾਰ ਦੀਵਾਰੀ ਦੇ ਅੰਦਰ ਪਤੀ ਪਤਨੀ ਵਿਚਲੀ ਲੜਾਈ ਦਾ ਅੰਤ ਵੀ ਤਲਾਕ ‘ਤੇ ਜਾਕੇ ਹੁੰਦਾ ਹੈ। ਇਸ ਤਲਾਕ ਨਾਲ ਪਤੀ ਪਤਨੀ ਤਾਂ ਭਾਵੇਂ ਸੁਖਾਲੇ ਹੋ ਜਾਣ ਪਰ ਉਨ੍ਹਾਂ ਦੀ ਔਲਾਦ ਇਸ ਲੜਾਈ ਤੋਂ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦੀ। ਪਿੰਡਾਂ ਵਿਚ ਸ਼ਰੀਕੇ ਭਾਈਚਾਰੇ ਦੀ ਲੜਾਈ ਕੋਰਟ ਕਚਹਿਰੀਆਂ ਵਿਚ ਵਕੀਲਾਂ ਦੇ ਘਰ ਭਰਨ ਅਤੇ ਘਰ ਦੀ ਬਰਬਾਦੀ ‘ਤੇ ਜਾਕੇ ਖ਼ਤਮ ਹੁੰਦੀ ਹੈ।
ਇਵੇਂ ਹੀ ਜਦੋਂ ਵੀ ਕਦੀ ਦੇਸ਼ਾਂ ਦੀ ਲੜਾਈ ਹੋਈ ਉਸ ਨਾਲ ਇਨ੍ਹਾਂ ਲੜਾਈਆਂ ਕਰਾਉਣ ਵਾਲੇ ਲੀਡਰਾਂ ਦਾ ਭਾਵੇਂ ਕੁਝ ਵਿਗੜਿਆ ਹੋਵੇ ਭਾਵੇਂ ਨਾ ਪਰ ਆਮ ਲੋਕ ਜਿਹੜੇ ਇਸ ਤ੍ਰਾਸਦੀ ਚੋਂ ਗੁਜ਼ਰੇ ਹੋਣਗੇ ਇਹ ਉਨ੍ਹਾਂ ਦਾ ਦਿਲ ਹੀ ਜਾਣਦਾ ਹੋਵੇਗਾ। ਇਹੀ ਤ੍ਰਾਸਦੀ ਕਈ ਸ਼ਤਾਬਦੀਆਂ ਤੋਂ ਪੰਜਾਬ ਦੀ ਖੁਸ਼ਹਾਲ ਜਿ਼ੰਦਗ਼ੀ ਨੂੰ ਤਬਾਹੋ ਬਰਬਾਦ ਕਰਦੀ ਰਹੀ ਹੈ। ਪੰਜਾਬ ਮੌਜੂਦਾ ਸਮੇਂ ਜੋ ਹਿੰਦ-ਪਾਕਿਸਤਾਨ ਸਰਹੱਦ ਦੇ ਨਾਲ ਲਗਦਾ ਇਲਾਕਾ ਹੈ। ਇਸਨੇ 1947 ਤੋਂ ਲੈਕੇ 1965 ਅਤੇ 1970-71 ਵਾਲੀਆਂ ਲੜਾਈਆਂ ਵਿਚ ਜਿਹੜੇ ਦੁੱਖ ਸਹੇ ਹਨ ਇਹ ਉਥੋਂ ਦੇ ਵਸਨੀਕ ਹੀ ਜਾਣਦੇ ਹਨ। 1947 ਦੀ ਵੰਡ ਬਾਰੇ ਤਾਂ ਆਪਣੇ ਬਜ਼ੁਰਗਾਂ ਪਾਸੋਂ ਸਿਰਫ਼ ਸੁਣਿਆਂ ਹੀ ਸੀ ਕਿ ਉਸ ਵੇਲੇ ਕਿਵੇਂ ਲੋਕਾਂ ਦੀ ਬਰਬਾਦੀ ਹੋਈ। ਉਸ ਵੇਲੇ ਨਵੇਂ ਨਵੇਂ ਬਣੇ ਪਾਕਿਸਤਾਨ ਦੀ ਧਰਤੀ ਤੋਂ ਉਜੜਕੇ ਆਏ ਲੋਕਾਂ ਦੀਆਂ ਅੱਖਾਂ ਵਿਚ ਉਸ ਕਹਾਣੀ ਨੂੰ ਬਿਆਨ ਕਰਦਿਆਂ ਅਜੇ ਵੀ ਨਮੀ ਆ ਜਾਂਦੀ ਹੈ ਅਤੇ ਉਨ੍ਹਾਂ ਦੇ ਚੇਹਰੇ ‘ਤੇ ਇਕ ਸ਼ਾਂਤ ਖਾਮੋਸ਼ੀ ਛਾ ਜਾਂਦੀ ਹੈ। ਇਹੀ ਹਾਲ ਸਾਡੇ ਬਜ਼ਰਗਾਂ ਨੇ ਦਸਿਆ ਕਿ ਜਿਹੜੇ ਮੁਸਲਮਾਨ ਭਾਰਤ ਤੋਂ ਪਾਕਿਸਤਾਨ ਨੂੰ ਗਏ ਉਨ੍ਹਾਂ ਨੇ ਸ਼ਰਾਰਤੀ ਅਨਸਰਾਂ ਨੇ ਕਿਵੇਂ ਲੁਟਿਆ ਅਤੇ ਕੋਹਿਆ।
ਇਸਤੋਂ ਬਾਅਦ ਜਦੋਂ 1965 ਦੀ ਲੜਾਈ ਹੋਈ ਤਾਂ ਉਸ ਵੇਲੇ ਸਾਡਾ ਇਲਾਕਾ ਬਾਰਡਰ ਦੇ ਨਜ਼ਦੀਕ ਹੋਣ ਕਰਕੇ ਉਥੇ ਭਾਂਤ ਭਾਂਤ ਦੀਆਂ ਖ਼ਬਰਾਂ ਪਹੁੰਚਦੀਆਂ ਰਹਿੰਦੀਆਂ ਸਨ। ਇਥੋਂ ਤੱਕ ਕਿ ਬਾਰਡਰ ਦੇ ਨਾਲ ਲਗਦੀਆਂ ਪੈਲੀਆਂ ਅਤੇ ਪਿੰਡਾਂ ਵਾਲੇ ਸਾਡੇ ਰਿਸ਼ਤੇਦਾਰ ਆਪਣੇ ਨਾਲ ਕੁਝ ਕਪੜੇ ਅਤੇ ਡੰਗਰ ਵੱਛਾ ਲੈ ਕੇ ਗੱਡਿਆਂ ‘ਤੇ ਆਪਣਾ ਕੁਝ ਹੋਰ ਲੋੜੀਂਦਾ ਸਾਮਾਨ ਲੈਕੇ ਲੜਾਈ ਖ਼ਤਮ ਹੋਣ ਤੱਕ ਸਾਡੇ ਪਿੰਡ ਹੀ ਰਹੇ। ਜਦੋਂ ਉਹ ਵਾਪਸ ਪਰਤੇ ਤਾਂ ਪਾਕਿਸਤਾਨੀ ਫੌਜੀਆਂ ਵਲੋਂ ਉਨ੍ਹਾਂ ਦੇ ਘਰ ਢਾਏ ਜਾ ਚੁੱਕੇ ਸਨ ਅਤੇ ਉਨ੍ਹਾਂ ਨੂੰ ਲੁੱਟ ਕੇ ਖੰਡਰ ਬਣਾ ਦਿੱਤਾ ਗਿਆ ਸੀ। ਇਸਤੋਂ ਬਾਅਦ 1970-71 ਵਾਲੀ ਲੜਾਈ ਦੌਰਾਨ ਵੀ ਇਹੀ ਹੋਣੀ ਉਨ੍ਹਾਂ ਉਪਰ ਵਾਪਰੀ। ਆਪਣੇ ਭਰੇ ਭਰਾਏ ਘਰ ਘਾਟ ਛਡਕੇ ਆਉਣ ਦਾ ਕਿਸਦਾ ਜੀਅ ਕਰਦਾ ਹੈ? ਪਰ ਆਪਣੀ ਅਤੇ ਪ੍ਰਵਾਰ ਦੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਹਰ ਲੜਾਈ ਦੌਰਾਨ ਆਪਣੀ ਖੁਸ਼ਹਾਲ ਜਿ਼ੰਦਗ਼ੀ ਨੂੰ ਖੰਡਰ ਬਣੇ ਘਰਾਂ ਵਿਚ ਤਬਦੀਲ ਹੁੰਦੇ ਵੇਖਣ ਦੀ ਤ੍ਰਾਸਦੀ ਝਲਣੀ ਪੈਂਦੀ ਰਹੀ ਹੈ।
ਉਨ੍ਹਾਂ ਦੀਆਂ ਫ਼ਸਲਾਂ ਫੌਜੀ ਟੈਂਕਾਂ ਅਤੇ ਫੌਜੀਆਂ ਦੇ ਬੂਟਾਂ ਹੇਠਾਂ ਮਿਧੀਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਦੀਆਂ ਪੈਲੀਆਂ ਜਿਥੇ ਲਹਿਰਾਉਂਦੀਆਂ ਫਸਲਾਂ ਦੀ ਖੇਤੀ ਹੁੰਦੀ ਹੈ ਉਥੇ ਮਾਈਨਜ਼ ਵਿਛਾ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਹ ਸਿਰਫ਼ ਇਕ ਘਰ ਦੀ ਕਹਾਣੀ ਨਹੀਂ ਸਗੋਂ ਪੂਰੀ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਘਰਾਂ ਦੀ ਕਹਾਣੀ ਹੈ। ਫਿਰ ਇਹ ਲੋਕ ਕਿਵੇਂ ਚਾਹੁੰਣਗੇ ਕਿ ਲੀਡਰਾਂ ਦੀ ਆਪਣੀ ਜਿ਼ੱਦਬਾਜ਼ੀ ਪਿੱਛੇ ਉਨ੍ਹਾਂ ਨੂ ਤਬਾਹੀ ਹੋਵੇ। ਇਥੋਂ ਤੱਕ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਅੱਖਾਂ ਪੂੰਝਣ ਲਈ ਹੀ ਇਨ੍ਹਾਂ ਦੀ ਮਦਦ ਦੇ ਨਾਮ ‘ਤੇ ਕੁਝ ਪੈਸੇ ਉਨ੍ਹਾਂ ਨੂੰ ਫੜਾ ਦਿੱਤੇ ਜਾਂਦੇ ਰਹੇ ਹਨ। ਉਹ ਵੀ ਸਰਕਾਰੀ ਖ਼ਜ਼ਾਨੇ ਚੋਂ ਨਿਕਲਣ ਵੇਲੇ ਤਾਂ ਕਰੋੜਾਂ ਦੇ ਨਾਮ ਨਾਲ ਜਾਣੇ ਜਾਂਦੇ ਹਨ ਪਰ ਜਦੋਂ ਉਹ ਆਮ ਆਦਮੀ ਦੇ ਹੱਥਾਂ ਵਿਚ ਪਹੁੰਚਦੇ ਹਨ ਤਾਂ ਉਹ ਮੰਤਰੀਆਂ, ਵੱਡੇ ਅਫ਼ਸਰ, ਤਹਿਸੀਲਦਾਰਾਂ, ਪਟਵਾਰੀਆਂ ਦੇ ਹੱਥਾਂ ਵਿਚੋਂ ਦੀ ਹੁੰਦੇ ਹੋਏ ਭੁਰ ਕੇ ਗਿਣਤੀ ਦੇ ਛਿਲੜ ਹੀ ਰਹਿ ਜਾਂਦੇ ਹਨ। ਕਹਿਣ ਦਾ ਮਤਲਬ ਇਹ ਕਿ ਸਾਡੇ ਇਨ੍ਹਾਂ ਲੀਡਰਾਂ ਅਤੇ ਸਰਕਾਰੀ ਮਹਿਕਮਿਆਂ ਵਾਲਿਆਂ ਨੂੰ ਸਰਹੱਦੀ ਪਿੰਡਾਂ ਵਿਚ ਪਏ ਉਜਾੜੇ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਉਸ ਵੇਲੇ ਵੀ ਉਹ ਆਪਣੀ ਜੇਬਾਂ ਗਰਮ ਕਰਨ ਵਿਚ ਲੱਗੇ ਹੋਏ ਹੁੰਦੇ ਹਨ।
ਇਸਤੋਂ ਬਾਅਦ ਗੱਲ ਆਉਂਦੀ ਹੈ ਮਾਵਾਂ ਦੇ ਪੁੱਤਾਂ, ਭਾਵ ਫੌਜੀਆਂ ਦੀਆਂ ਮੌਤਾਂ ਜਾਂ ਉਨ੍ਹਾਂ ਦਾ ਅੰਗਹੀਣ ਹੋ ਜਾਣਾ। ਇਹੋ ਜਿਹੀਆਂ ਅਣਹੋਣੀਆਂ ਤੋਂ ਬੇਫਿਕਰ ਸਾਡੇ ਇਹ ਲੀਡਰ ਆਪਣੀਆਂ ਜਿ਼ੱਦਾਂ ਪੂਰੀਆਂ ਕਰਨ ਲਈ ਜਾਂ ਆਪਣੀ ਕੁਰਸੀ ਬਚਾਈ ਰੱਖਣ ਲਈ ਹਜ਼ਾਰਾਂ ਲੋਕਾਂ ਦੀ ਮੌਤ ਦਾ ਕਾਰਨ ਬਣ ਜਾਂਦੇ ਹਨ। ਪਹਿਲੇ ਵੇਲਿਆਂ ਵਿਚ ਬਹੁਤਾ ਜ਼ੋਰ ਜ਼ਮੀਨ ਲੜਾਈ ਜਾਂ ਹਵਾਈ ਹਮਲਿਆਂ ਉਪਰ ਦਿੱਤਾ ਜਾਂਦਾ ਰਿਹਾ ਹੈ, ਪਰ ਅਜੋਕੇ ਤੱਰਕੀ ਭਰੇ ਜ਼ਮਾਨੇ ਵਿਚ ਮਿਸਾਈਲਾਂ ਅਤੇ ਐਟਮ ਬੰਬਾਂ ਦੀ ਲੜਾਈ ਹੋਰ ਵੀ ਵੱਧ ਖ਼ਤਰਨਾਕ ਹੋ ਗਈ ਹੈ। ਇਨ੍ਹਾਂ ਮਿਸਾਈਲਾਂ ਦੀ ਲੜਾਈ ਵਿਚ ਭਾਰਤ ਅਤੇ ਪਾਕਿਸਤਾਨ ਕੋਈ ਵੀ ਦੇਸ਼ ਇਨ੍ਹਾਂ ਦੀ ਮਾਰ ਤੋਂ ਬਚਿਆ ਹੋਇਆ ਨਹੀਂ ਹੈ। ਇਸ ਲਈ ਜੇਕਰ ਹਿੰਦ ਪਾਕਿਸਤਾਨ ਵਿਚ ਲੜਾਈ ਛਿੜਦੀ ਹੈ ਤਾਂ ਇਹ ਕਾਫ਼ੀ ਖ਼ਤਰਨਾਕ ਰੂਪ ਧਾਰਨ ਕਰਦੀ ਹੋਈ ਹਜ਼ਾਰਾਂ ਨਹੀਂ ਸਗੋਂ ਲੱਖਾਂ ਲੋਕਾਂ ਦੀ ਬਰਬਾਦੀ ਦਾ ਕਾਰਨ ਬਣੇਗੀ।
ਇਨ੍ਹਾਂ ਹਾਲਾਤ ਵਿਚ ਦੋਵੇਂ ਦੇਸ਼ਾਂ ਦੇ ਲੀਡਰਾਂ ਨੂੰ ਆਪਸੀ ਸੂਝ ਬੂਝ ਅਤੇ ਦਿਆਨਤਦਾਰੀ ਤੋਂ ਕੰਮ ਲੈਣਾ ਬਣਦਾ ਹੈ। ਮੁੰਬਈ ਵਿਚ ਹੋਏ ਅਤਿਵਾਦੀ ਹਮਲੇ ਵਿਚ ਫੜਿਆ ਗਿਆ ਸ਼ਖ਼ਸ ਕਸਾਬ ਜਾਂ ਇਸ ਦੌਰਾਨ ਮਾਰੇ ਗਏ ਹੋਰ ਨੌ ਦਹਿਸ਼ਤਗਰਦਾਂ ਦੀ ਪਛਾਣ ਪਾਕਿਸਤਾਨੀਆਂ ਵਜੋਂ ਹੋਈ ਹੈ। ਇਸ ਤੋਂ ਪਾਕਿਸਤਾਨ ਬਿਲਕੁਲ ਵੀ ਮੁੱਕਰ ਨਹੀਂ ਸਕਦਾ ਕਿਉਂਕਿ ਕਸਾਬ ਦੀ ਲਈ ਗਈ ਤਸਵੀਰ ਤੋਂ ਪਤਾ ਲਗਦਾ ਹੈ ਕਿ ਉਸਦੇ ਇਰਾਦੇ ਨੇਕ ਨਹੀਂ। ਜਿਸ ਵਿਚ ਉਹ ਹੱਥ ਵਿਚ ਆਟੋਮੈਟਿਕ ਹਥਿਆਰ ਫੜੀ ਘੁੰਮਦਾ ਵਿਖਾਇਆ ਗਿਆ ਹੈ। ਇਨ੍ਹਾਂ ਹਾਲਾਤ ਵਿਚ ਪਾਕਿਸਤਾਨੀ ਸਰਕਾਰ ਨੂੰ ਆਪਣੇ ਦੇਸ਼ ਵਿਚ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਨੂੰ ਰੋਕਣਾ ਚਾਹੀਦਾ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਿਰਫ਼ ਭਾਰਤੀ ਖੁਫ਼ੀਆ ਏਜੰਸੀਆਂ ਹੀ ਇਹ ਕਹਿੰਦੀਆਂ ਰਹੀਆਂ ਹਨ ਕਿ ਇਨ੍ਹਾਂ ਹਮਲਿਆਂ ਪਿੱਛੇ ਪਾਕਿਸਤਾਨੀ ਹੱਥ ਹੈ ਪਰ ਹੁਣ ਤਾਂ ਅਮਰੀਕੀ ਏਜੰਸੀ ਐਫਬੀਆਈ ਵਲੋਂ ਵੀ ਇਹੀ ਕਿਹਾ ਜਾ ਰਿਹਾ ਹੈ।
ਹੱਥ ਵਿਚ ਐਟਮ ਬੰਬ ਫੜੀ ਦੋਵੇਂ ਦੇਸ਼ ਇਕ ਦੂਜੇ ਦੀਆਂ ਧਮਕੀਆਂ ਦਾ ਜਵਾਬ ਧਮਕੀਆਂ ਵਿਚ ਹੀ ਦੇ ਰਹੇ ਹਨ। ਇਸਤੋਂ ਇਹੀ ਸਾਬਤ ਹੁੰਦਾ ਹੈ ਕਿ ਜਾਂ ਤਾਂ ਇਹ ਆਪਣੀ ਹੈਂਕੜ ਵਿਚ ਇਹ ਸਭ ਬਿਆਨਬਾਜ਼ੀ ਕਰੀ ਜਾ ਰਹੇ ਹਨ, ਜਿਸਨੂੰ ਅਸੀਂ ਗਿੱਦੜ ਭੱਬਕੀਆਂ ਦਾ ਨਾਮ ਵੀ ਦੇ ਦਿੰਦੇ ਹਾਂ। ਜਾਂ ਫਿਰ ਇਸ ਵਾਰ ਦੋਵੇਂ ਹੀ ਦੇਸ਼ਾਂ ਦਾ ਇਰਾਦਾ ਫਿਰ ਇਕ ਦੂਜੇ ਨਾਲ ਦੋ ਦੋ ਹੱਥ ਕਰਨ ਦਾ ਹੈ। ਗਿੱਦੜ ਭੱਬਕੀਆਂ ਵਾਲੀ ਗੱਲ ਤਾਂ ਸੰਸਦ ਵੇਲੇ ਵੀ ਹੋਈ ਸੀ। ਉਸ ਵੇਲੇ ਵੀ ਇਨ੍ਹਾਂ ਲੀਡਰਾਂ ਨੇ ਰੌਲਾ ਰੱਪਾ ਪਾਕੇ ਆਪਣੀ ਹਉਮੈ ਨੂੰ ਪੱਠੇ ਪਾ ਲਏ ਸਨ। ਪਰ ਜੇਕਰ ਦੋਵੇਂ ਦੇਸ਼ਾਂ ਦਾ ਇਰਾਦਾ ਲੜਾਈ ਕਰਨ ਦਾ ਹੈ ਤਾਂ ਮੇਰੀ ਜਾਚੇ ਦੋਵਾਂ ਨੂੰ ਇਸਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਦੋਵੇਂ ਦੇਸ਼ਾਂ ਨੂੰ ਰਲ ਮਿਲਕੇ ਇਹ ਸੋਚਣਾ ਚਾਹੀਦਾ ਹੈ ਕਿ ਇਹ ਦੂਜੇ ਦੀਆਂ ਜੜ੍ਹਾਂ ਨੂੰ ਖੋਖਲਿਆਂ ਕਰਨ ਲਈ ਅਤਿਵਾਦ ਦੇ ਬੂਟੇ ਨੂੰ ਪਾਣੀ ਪਾਉਣਾ ਕੋਈ ਵਧੀਆ ਗੱਲ ਨਹੀਂ ਹੈ। ਕਿਉਂਕਿ ਜਦੋਂ ਵੀ ਕਦੀ ਭਾਰਤ ਵਿਚ ਕੋਈ ਅਤਿਵਾਦੀ ਵਾਰਦਾਤ ਹੁੰਦੀ ਹੈ ਤਾਂ ਉਸਦਾ ਇਲਜ਼ਾਮ ਪਾਕਿਸਤਾਨ ਉਪਰ ਲਾ ਦਿੱਤਾ ਜਾਂਦਾ ਹੈ। ਜੇਕਰ ਪਾਕਿਸਤਾਨ ਵਿਚ ਕੋਈ ਵਾਰਦਾਤ ਹੁੰਦੀ ਹੈ ਤਾਂ ਪਾਕਿਸਤਾਨੀ ਸਰਕਾਰ ਉਸਦਾ ਇਲਜ਼ਾਮ ਭਾਰਤ, ਅਫ਼ਗਾਨਿਸਤਾਨ ਆਦਿ ਉਪਰ ਲਾਕੇ ਆਪਣਾ ਪੱਲਾ ਝਾੜ ਲੈਂਦੀ ਹੈ। ਕਸ਼ਮੀਰ ਦੇ ਬਹਾਨੇ ਨਾਲ ਦੋਵੇਂ ਦੇਸ਼ 1948 ਤੋਂ ਲੈ ਕੇ ਹੁਣ ਤੱਕ ਇਕ ਦੂਜੇ ਨੂੰ ਕਹਿਰੀਆਂ ਅੱਖਾਂ ਨਾਲ ਵੇਖਦੇ ਆ ਰਹੇ ਹਨ ਪਰ ਇਸਦਾ ਕੌਮਾਂਤਰੀ ਪੱਧਰ ‘ਤੇ ਕੋਈ ਹੱਲ ਕੱਢਣ ਦੀ ਗੱਲ ਕਿਸੇ ਨੇ ਨਹੀਂ ਸੋਚੀ।
ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਦੁਨੀਆਂ ਬੰਬਾਂ, ਮਿਸਾਈਲਾਂ ਅਤੇ ਐਟਮੀ ਹਥਿਆਰਾਂ ਦੀ ਛਾਂ ਹੇਠ ਬੈਠੀ ਹੋਈ ਆਰਾਮ ਕਰ ਰਹੀ ਹੈ। ਇਹ ਨਹੀਂ ਕਿ ਇਨ੍ਹਾਂ ਮੁਲਕਾਂ ਨੂੰ ਇਹ ਅਹਿਸਾਸ ਨਹੀਂ ਕਿ ਜਦੋਂ ਵੀ ਇਹ ਅਸਲ੍ਹਾ ਚਲੇਗਾ ਤਾਂ ਦੁਨੀਆਂ ਦੀ ਤਬਾਹੀ ਦਾ ਕਾਰਨ ਹੀ ਬਣੇਗਾ। ਪਰੰਤੂ ਫਿਰ ਵੀ ਦੁਨੀਆਂ ਦੇ ਸਾਰੇ ਦੇਸ਼ ਆਪਣੀ ਸੁਰੱਖਿਆ ਦਾ ਬਹਾਨਾ ਲਾਕੇ ਇਨ੍ਹਾਂ ਹਥਿਆਰਾਂ ਦੇ ਜ਼ਖ਼ੀਰੇ ਜਮ੍ਹਾਂ ਕਰੀ ਜਾ ਰਹੇ ਹਨ।
ਇਸ ਲਈ ਇਨ੍ਹਾਂ ਦੋਵੇਂ ਹੀ ਦੇਸ਼ਾਂ ਨੂੰ ਠੰਡੇ ਦਿਮਾਗ ਨਾਲ ਸੋਚਣ ਦੀ ਲੋੜ ਹੈ ਨਾ ਕਿ ਆਪੋ ਆਪਣੇ ਦੇਸ਼ਾਂ ਦੇ ਨਾਗਰਿਕਾਂ ਸਾਹਮਣੇ ਚੰਗੇ ਬਣਨ ਲਈ ਬਿਆਨਬਾਜ਼ੀ ਕਰਨ ਦੀ। ਇਸਦੇ ਨਾਲ ਹੀ ਇਨ੍ਹਾਂ ਲੀਡਰਾਂ ਨੂੰ ਹੁਣ ਇਹ ਵੀ ਸੋਚਕੇ ਲੜਾਈ ਲੜਣੀ ਚਾਹੀਦੀ ਹੈ ਕਿ ਦੇਸ਼ ਦੇ ਸੁਰੱਖਿਅਤ ਸ਼ਹਿਰਾਂ ਵਿਚ ਬੈਠਕੇ ਪਹਿਲਾਂ ਉਹ ਜਿਹੜੇ ਬਿਆਨ ਦੇ ਸਕਦੇ ਸਨ ਹੁਣ ਉਹ ਜ਼ਮਾਨਾ ਨਹੀਂ ਰਿਹਾ। ਕੋਈ ਮਿਸਾਈਲ ਉਨ੍ਹਾਂ ਦੇ ਘਰ ‘ਤੇ ਵੀ ਆਕੇ ਡਿੱਗ ਸਕਦੀ ਹੈ। ਸੋ ਜਿਹੜਾ ਵੀ ਕਦਮ ਚੁੱਕਣ ਸੋਚ ਸਮਝਕੇ ਚੁੱਕਣ।