ਅਬਾਦੀ ਦੇ ਲਿਹਾਜ ਨਾਲ ਦੂਜੀ ਥਾਂ ਤੇ ਕਹੇ ਜਾਨ ਵਾਲਾ ਸਾਡਾ ਦੇਸ਼ ਅੱਜ ‘ਅਸੀਂ ਦੋ ਅਸਾਡਾ ਇੱਕ’ ਦੇ ਨਾਰ੍ਹੇ ਨੂੰ ਭਰਵਾਂ ਹੁੰਗਾਰਾ ਭਰ ਰਿਹਾ ਹੈ। ਜਿਸਨੂੰ ਵੀ ਪੁੱਛੋ ਬਸ ਉਸਦਾ ਇੱਕੋ ਜਿਹਾ ਹੀ ਜਵਾਬ ਏ- ਮਹਿੰਗਾਈ ਦੇ ਇਸ ਦੌਰ ਵਿੱਚ ਇੱਕੋ ਬੱਚੇ ਨੂੰ ਹੀ ਵੱਧੀਆ ਤਰਬੀਅਤ ਦਿੱਤੀ ਜਾ ਸੱਕਦੀ ਹੈ। ਚੰਗੇ ਸਕੂਲਾਂ ਵਿੱਚ ਪੜਾਉਣਾ ਹੈ ਤਾਂ ਇੱਕੋ ਹੀ ਬੱਚਾ ਰੱਖਣਾ ਪਊ। ਗੱਲ ਤਾਂ ਉਹਨਾਂ ਦੀ ਸਹੀ ਜਾਪਦੀ ਹੈ। ਜੇਕਰ ਅਸੀਂ ਵੱਧਦੀ ਅਬਾਦੀ ਦੀ ਸਮੱਸਿਆ ਨਾਲ ਜੂਝਣਾ ਹੈ ਤਾਂ ਉਪਰਾਲੇ ਤਾਂ ਸਾਨੂੰ ਕਰਨੇ ਹੀ ਪੈਣਗੇ ਪਰ ਅੱਜ ਦੇ ਸਮੇਂ ਵਿਦੇਸ਼ ਜਾਣ ਦੇ ਵੱਧ ਰਹੇ ਰੁਝਾਣ ਵੱਲ ਕੋਈ ਧਿਆਨ ਨਹੀਂ ਕਰ ਰਿਹਾ। ਜੋ ਵੇਖੋ ਵਿਦੇਸ਼ ਵਿੱਚ ਪੜ੍ਹਣ ਲਈ ਕੋਸ਼ਿਸ਼ ਕਰ ਰਿਹਾ ਹੈ, ਤਾਂਕਿ ਬਾਅਦ ਵਿੱਚ ਉੱਥੋਂ ਦਾ ਹੀ ਸਥਾਈ ਵਸਨੀਕ ਬਨ ਜਾਵੇ। ਮਾਪੇ ਵੀ ਧੀ-ਪੁੱਤਰ ਨੂੰ ਬਾਹਰ ਪੜ੍ਹਨੇ ਭੇਜਣ ਨੂੰ ਆਪਣੀ ਸ਼ਾਨ ਸਮਝਦੇ ਹਨ।
ਸਮੱਸਿਆ ਤਾਂ ਅਜੇ ਖੜੀ ਹੋਣੀ ਹੈ, ਇੱਕਲੇ ਰਹਿ ਗਏ ਬਜੁਰਗ ਮਾਪਿਆਂ ਦਾ ਸਹਾਰਾ ਕੌਣ ਬਣੂ? ਬੁੜਾਪੇ ਵਿੱਚ ਕੌਣ ਉਹਨਾਂ ਦੀ ਸੇਵਾ ਕਰੂ? ਸ਼ਾਇਦ ਸਾਨੂੰ ਲੌੜ ਹੈ ‘ਉੱਚ ਪੱਧਰੀ ਤੇ ਮਿਆਰੀ ਬਜੁਰਗ ਸੇਵਾ ਅਤੇ ਸੰਭਾਲ ਕੇਂਦਰਾਂ’ ਦੀ ਸਥਾਪਨਾ ਦੀ। ਕਿਉਂ ਕਿ ਪੈਸੇ ਕਮਾਉਣ ਦੀ ਦੌੜ ਵਿੱਚ ਦਿਨ-ਰਾਤ ਇੱਕ ਕਰ ਰਹੀ ਨੌਜਵਾਨ ਪੀੜੀ ਪਾਸ ਮਾਪਿਆਂ ਲਈ ਘੱਟ ਰਿਹਾ ਹੈ ਸਮਾਂ। ਬੰਦਾ ਪੁੱਛੇ ਅੱਗੇ ਅਸੀਂ ਚੰਗੀ ਰੋਟੀ ਨਹੀਂ ਖਾਂਦੇ ਸਾਂ, ਜੱਦ ਸਾਡੇ ਕੋਲ ਨ ਹੀ ਫੋਨ ਸਨ ਤੇ ਨ ਹੀ ਕਾਰਾਂ, ਕਿਹੜੇ ਪੀਜ਼ੇ ਤੇ ਪਾਸਤੇ ਸਾਡੇ ਭੁੱਖ ਮਿਟਾਉਂਦੇ ਸਨ? ਸਰਕਾਰੀ ਸਕੂਲਾਂ ਵਿੱਚ ਪੜ ਕੇ ਅਫਸਰ ਬਣਦੇ ਸਨ ਪਰ ਨਹੀਂ ਹਨ ਤਾਂ ਸਾਡੇ ਦੇਸ਼ ਪਾਸ ‘ਨੌਕਰੀਆਂ’ ਜੋ ਵਿਦੇਸ਼ ਜਾਂਦੀ ਨੌਜਵਾਨ ਪੀੜੀ ਨੂੰ ਏਥੇ ਹੀ ਡੱਕ ਸਕਣ। ਕਿਸੇ ਸਮੇਂ ਫਿਰੰਗੀ ਸਾਡੇ ਦੇਸ਼ ਵੱਲ ਮੁਹਾੜ ਕਰਦੇ ਸਨ ਅਤੇ ਅੱਜ ਅਸੀਂ ਉਹਨਾਂ ਵੱਲ।
‘ਸੋਨੇ ਦੀ ਚਿੜਿਆ’ ਕਹਾਉਣ ਵਾਲੇ ਦੇਸ਼ ‘ਚੋਂ ਹੋ ਰਿਹਾ ਪਲਾਇਨ ਚਿੰਤਾਜਨਕ ਹੈ। ਕੰਮ-ਕਾਰ ਦੇ ਘੱਟਦੇ ਸੋਮੇ, ਵੱਧ ਰਹੀ ਬੇਰੋਜਗਾਰੀ ਬਦਅਮਨੀ ਤਾਂ ਫੈਲਾਉਂਦੇ ਹੀ ਹਨ। ਪਰ ਸਾਡੇ ਨੌਜਵਾਨ ਅੱਜ ਖੁਦ ਹੀ ਮਿਹਨਤ ਕਰਨ ਨੂੰ ਤਿਆਰ ਹੀ ਨਹੀਂ ਹਨ। ਉਹ ਆਪਣੇ ਲਈ ਕੋਈ ਵਿਉਂਤ ਲੜਾਉਣ ਦੀ ਕੋਸ਼ਿਸ਼ ਕਰਦੇ ਨਹੀਂ ਜਾਪਦੇ ਬਸ ਇੱਕੋ ਹੀ ਸੁਫਨਾ ਵੇਖ ਰਹੇ ਹਨ- ਵਿਦੇਸ਼ ਜਾਕੇ ਪੈਸੇ ਕਮਾਉਣ ਦਾ। ਪਿਤਾ-ਪੁਰਖੀ ਕੰਮ ਤਾਂ ਨੱਕ ਤੇ ਹੀ ਨਹੀਂ ਚੜ੍ਹਦਾ। ਸਾਨੂੰ ਲੋੜ ਹੈ ਰੋਜਗਾਰ ਵਧਾਉਣ ਸੰਬੰਧੀ ਉਪਰਾਲੇ ਕਰਨ ਦੀ ਅਤੇ ਮੁੱਢਲੀ ਸਿੱਖਿਆ ਦੇ ਨਾਲ-ਨਾਲ ਹੀ ਅਜਿਹੀ ਪੜ੍ਹਾਈ ਸ਼ੁਰੂ ਕਰਨ ਦੀ ਕਿ ਪੜਦੇ-ਪੜਦੇ ਹੀ ਯੁਵਾ ਪੀੜੀ ਆਪਣੇ ਦੇਸ਼ ਵਿੱਚ ਹੀ ਰਹਿ ਕੇ ਕੰਮ ਸ਼ੁਰੂ ਕਰ ਸਕੇ। ਵਿਗਿਆਨ ਜਿਹੇ ਵਿਸ਼ੇ ਦੇ ਨਾਲ ਨੈਤਿਕ ਸਿੱਖਿਆ ਨੂੰ ਵੀ ਲਾਜ਼ਮੀ ਵਿਸ਼ਾ ਬਣਾ ਦੇਣਾ ਚਾਹੀਦਾ ਹੈ ਤਾਕਿ ਅੱਜ ਦਾ ‘ਨੌਜਵਾਨ ਉੱਚੀ ਸੋਚ ‘ਤੇ ਸਾਧਾਰਨ ਜੀਵਨ’ ਦੇ ਨਾਰ੍ਹੇ ਨੂੰ ਆਪਣੀ ਜਿੰਦਗੀ ਵਿੱਚ ਅਮਲੀ ਜਾਮਾ ਪਹਿਨਾ ਸੱਕਣ।
ਸਾਰਾ ਦੋਸ਼ ਤਾਂ ਅਸੀਂ ਆਪਣੀਆਂ ਸਰਕਾਰਾਂ ਤੇ ਮੜ੍ਹਦੇ ਹਾਂ, ਸਰਕਾਰ ਚੁਣਦਾ ਕੌਣ ਹੈ? ਪਰ ਕੀ ਅਸੀਂ ਕੁੱਝ ਕਰ ਰਹੇ ਹਾਂ? ਵੋਟ ਪਾਉਣ ਲਈ ਲਾਇਨ ਵਿੱਚ ਖੜੇ ਹੋਨਾ ਆਪਾਂ ਨੂੰ ਚੰਗਾ ਨਹੀਂ ਲੱਗਦਾ। ਜੋਰ-ਸ਼ੋਰ ਨਾਲ ਅਸੀਂ ਕਹਿੰਦੇ ਹਾਂ ਕਿ ਵਿਦੇਸ਼ ਦਾ ਸਿਸਟਮ ਵੇਖੋ-ਸਫਾਈ ਪਸੰਦ, ਕੁਰਪਸ਼ਨ ਤੋਂ ਰਹਿਤ, ਪਾਰਦਰਸ਼ੀ ਅਤੇ ਸਾਡੇ ਏਥੇ- ਜਿੱਥੇ ਦਿਲ ਕੀਤਾ ਰਾਹ ਵਿੱਚ ਕਾਰ ਖੜੀ ਕਰ ਦਿੰਦੇ ਹਾਂ, ਆਪਣਾ ਕੰਮ ਜਲਦੀ ਕਰਾਉਣ ਲਈ ਖੁਦ ਪੈਸੇ ਵਿਖਾਉਂਦੇ ਹਾਂ, ‘ਜੀ’ ਕਹਿ ਕੇ ਬੋਲਣਾ ਕਿਸੇ ਨੂੰ ਚੰਗਾ ਨਹੀਂ ਜਾਪਦਾ, ਸਿਸਟਮ ਤੋੜਣਾ ਅਸੀਂ ਆਪਣੀ ਸ਼ਾਨ ਸਮਝਦੇ ਹਾਂ। ਵਿਦੇਸ਼ ਜਾਕੇ ਸਾਰੇ ਨਿਯਮਾਂ ਦੀ ਪਾਲਨਾ ਕਰਨ ਵਾਲਾ ਆਪਣੇ ਦੇਸ਼ ਵਿੱਚ ਸਿਸਟਮ ਬਨਾਉਣ ਦਾ ਉਪਰਾਲਾ ਕਿਉਂ ਨਹੀਂ ਕਰ ਰਿਹਾ? ਦੇਸ਼ ਨੂੰ ‘ਮਾਂ’ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਮਾਂ ਪ੍ਰਤਿ ਫਰਜ਼ ਅਸੀਂ ਭੁੱਲਦੇ ਜਾ ਰਹੇ ਹਾਂ। ਲੋੜ ਹੈ ਅੱਜ ਨੋਜਵਾਨਾਂ ਨੂੰ ਆਪਣੀ ਸੋਚ ਬਦਲਣ ਦੀ, ਆਪਣਾ ਟੀਚਾ ਮਿੱਥਣ ਦੀ ਅਤੇ ਇੱਕ ਨਵੀਂ ਸੇਧ ਦੇਣ ਦੀ ਵਿਦੇਸ਼ ਜਾ ਕੇ ਨਹੀਂ- ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨ ਬੁਖਾਰੇ।
ਵਿਦੇਸ਼ ਜਾਣ ਦੀ ਲਾਲਸਾ………ਤਰਕ ਦੀ ਕਸੌਟੀ ਤੇ।
This entry was posted in ਲੇਖ.