ਢਾਕਾ-ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਅਵਾਮੀ ਲੀਗ ਵਾਲੀ ਮਹਾਗਠਜੋੜ ਨੇ ਬੰਗਲਾਦੇਸ਼ ਵਿਚ ਹੋਈਆਂ ਨੌਵੀਂਆਂ ਆਮ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਲ ਕਰਦੇ ਹੋਏ 300 ਸੀਟਾਂ ਵਾਲੀ ਸੰਸਦ ਵਿਚ 258 ਸੀਟਾਂ ‘ਤੇ ਕਬਜ਼ਾ ਕਰ ਲਿਆ ਹੈ।
ਇਸ ਆਮ ਚੋਣਾਂ ਅੰਦਾਜ਼ਨ ਦੋ ਸਾਲ ਦੇ ਐਮਰਜੰਸੀ ਸ਼ਾਸਨ ਤੋਂ ਬਾਅਦ ਨਿਰਪੱਖ ਕੰਮ ਚਲਾਊ ਸਰਕਾਰ ਨੇ ਕਰਾਈਆਂ। ਚੋਣ ਕਮਿਸ਼ਨ ਨੇ ਦਸਿਆ ਕਿ ਸੇ਼ਖ਼ ਹਸੀਨਾ ਵਾਲੇ ਗਠਜੋੜ ਨੇ ਸੋਮਵਾਰ ਨੂੰ ਹੋਈਆਂ ਆਮ ਚੋਣਾਂ ਵਿਚ 300 ਸੀਟਾਂ ਵਾਲੀ ਸੰਸਦ ਵਿਚ 258 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਹਸੀਨਾ ਨੇ ਆਪਣੀ ਵਿਰੋਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਅਗਵਾਈ ਵਾਲੀਆਂ ਚਾਰ ਪਾਰਟੀਆਂ ਦੇ ਗਠਜੋੜ ਨੂੰ ਬੁਰੀ ਤਰ੍ਹਾਂ ਹਰਾਇਆ ਹੈ। ਬੀਐਨਪੀ ਨੀਤ ਗਠਜੋੜ ਨੂੰ ਸਿਰਫ਼ 38 ਸੀਟਾਂ ਨਾਲ ਹੀ ਸਬਰ ਕਰਨਾ ਪਿਆ।
ਮਾਹਿਰਾਂ ਦਾ ਕਹਿਣਾ ਹੈ ਕਿ ਅਜੇ ਇਹ ਸਪਸ਼ਟ ਨਹੀਂ ਹੋਇਆ ਕਿ ਹਾਰੀਆਂ ਹੋਈਆਂ ਪਾਰਟੀਆਂ ਚੋਣ ਨਤੀਜਿਆਂ ਨੂੰ ਮਨਜ਼ੂਰ ਕਰਨਗੀਆਂ ਜਾਂ ਫਿਰ ਵਿਰੋਧ ਵਿਚ ਸੜਕਾਂ ‘ਤੇ ਅੰਦੋਲਨ ਛੇੜਣਗੀਆਂ। ਬੰਗਲਾਦੇਸ਼ ਦੇ ਸਿਆਸੀ ਇਤਿਹਾਸ ਵਿਚ ਇਹੀ ਸਭ ਹੁੰਦਾ ਆਇਆ ਹੈ। ਬੀਐਨਪੀ ਦੇ ਇਕ ਲੀਡਰ ਵਲੋਂ ਇਲਜ਼ਾਮ ਲਾਇਆ ਗਿਆ ਹੈ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਉਨ੍ਹਾਂ ਦੇ ਹਿਮਾਇਤੀਆਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਗਈਆਂ। ਪਾਰਟੀ ਨੇ ਚੋਣ ਕਮਿਸ਼ਨ ਵਿਚ ਸਿ਼ਕਾਇਤ ਦਰਜ ਕਰਨ ਦੀ ਯੋਜਨਾ ਵੀ ਬਣਾਈ ਹੈ।
ਬੰਗਲਾਦੇਸ਼ ਦੀਆਂ ਇਹ ਸੰਸਦੀ ਚੋਣਾਂ ਕੁਝ ਛੋਟੀਆਂ ਘਟਨਾਵਾਂ ਨੂੰ ਛੱਡਕੇ ਮੁਮਕਿਨ ਹੈ ਪਹਿਲੀ ਵਾਰ ਸ਼ਾਂਤੀਪੂਰਨ ਢੰਗ ਨਾਲ ਹੋਈਆਂ। ਵਿਦੇਸ਼ੀ ਅਤੇ ਦੇਸੀ ਆਬਜ਼ਰਵਰ ਵੀ ਚੋਣਾਂ ਤੋਂ ਸੰਤੁਸ਼ਟ ਹਨ। ਅਮਰੀਕਾ ਨੇ ਵੀ ਬੰਗਲਾਦੇਸ਼ ਵਿਚ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਸੰਪੰਨ ਹੋਣ ‘ਤੇ ਸੰਤੋਖ ਪ੍ਰਗਟਾਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਸਾਰੇ ਬੰਗਲਾਦੇਸ਼ ਨਾਗਰਿਕ ਚੋਣਾਂ ਦੀ ਕਾਮਯਾਬੀ ‘ਤੇ ਮਾਣ ਕਰ ਸਕਦੇ ਹਾਂ। ਵੱਡੀ ਗਿਣਤੀ ਵਿਚ ਲੋਕਾਂ ਦਾ ਵੋਟਾਂ ਵਿਚ ਹਿੱਸਾ ਲੈਣਾ ਉਨ੍ਹਾਂ ਦੀ ਲੋਕਤੰਤਰ ਪ੍ਰਤੀ ਆਸਥਾ ਦਾ ਸੂਚਕ ਹੈ।