ਲੋਕ ਸਭਾ ਚੋਣਾਂ ਦੀ ਅਗਵਾਈ ਚ ਕੈਪਟਨ ਅੱਛੇ ਲੀਡਰ

    ਕੈਪਟਨ ਅਮਰਿੰਦਰ ਸਿੰਘ ਦੀਆਂ ਮੀਟਿੰਗਾਂ ਪਿਛੋਂ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਹਾਈ ਕਮਾਨ ਨੇ ਉਨ੍ਹਾਂ ਨੂੰ ਪੰਜਾਬ ‘ਚ ਕਾਂਗਰਸੀ ਵਰਕਰਾਂ ਨਾਲ ਸੰਪਰਕ ਮੀਟਿੰਗਾਂ ਕਰਨ ਤੋਂ ਰੋਕਣ ਲਈ ਕੋਈ ਹੁਕਮ ਜਾਰੀ ਨਹੀਂ ਸਨ ਕੀਤੇ ਭਾਵੇਂ ਕਿ ਸੂਬਾ ਕਾਂਗਰਸ ਦੇ ਵਿਰੋਧੀ ਧੜਿਆਂ ਵਲੋਂ ਕਈ ਕੋਸਿ਼ਸ਼ਾਂ ਕੀਤੀਆਂ ਗਈਆਂ। ਦੂਜਾ ਅਮਰਿੰਦਰ ਸਿੰਘ ਨੇ ਸਾਬਤ ਕਰ ਦਿਤਾ ਕਿ ਅੱਜ ਵੀ ਪੰਜਾਬ ਦੇ ਕਾਂਗਰਸੀ ਆਗੂ ਅਤੇ ਵਰਕਰ ਉਨ੍ਹਾਂ ਦੀ ਲੀਡਰਸਿ਼ਪ ਪ੍ਰਵਾਨ ਕਰਦੇ ਹਨ ਅਤੇ ਉਹ ਅਕਾਲੀ-ਭਾਜਪਾ ਗਠਜੋੜ ਦਾ ਮੁਕਾਬਲਾ ਕਰਨ ਦੇ ਸਮਰਥ ਹਨ। ਸੂਬਾ ਕਾਂਗਰਸ ‘ਚ ਉਨ੍ਹਾਂ ਦੇ ਵਿਰੋਧੀ ਮੰਨੇ ਜਾਂਦੇ ਆਗੂਆਂ ਨੇ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ ਤਿੰਨ ਵਾਰ ਕੋਸਿ਼ਸ਼ ਕੀਤੀ।
        
ਕੈਪਟਨ 8 ਦਸੰਬਰ ਤੋਂ 13 ਦਸੰਬਰ ਤੱਕ ਰਾਜ ਦੇ ਵੱਖ-ਵੱਖ ਇਲਾਕਿਆਂ ਵਿਚ ਜਨ ਸੰਪਰਕ ਪ੍ਰੋਗਰਾਮ ਤਹਿਤ ਰੈਲੀਆਂ ਕਰਕੇ ਲੋਕਾਂ ਨੂੰ ਲਾਮਬੰਦ ਕਰਨ ਵਿਚ ਜੁਟੇ ਰਹੇ। ਕੈਪਟਨ ਦੇ ਕੱਟੜ ਵਿਰੋਧੀ ਰਹੇ ਉਨ੍ਹਾਂ ਦੇ ਹੀ ਪਾਰਟੀ ਦੇ ਸੀਨੀਅਰ ਨੇਤਾ ਜਗਮੀਤ ਸਿੰਘ ਬਰਾੜ ਦਾ ਉਨ੍ਹਾਂ ਦੀ ਹਮਾਇਤ ‘ਤੇ ਆਉਣ ਅਤੇ ਚੋਣ ਮੁਹਿੰਮ ‘ਚ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਦੇ ਫੈਸਲੇ ਨੇ ਉਨ੍ਹਾਂ ਦੇ ਆਪਣੀ ਹੀ ਪਾਰਟੀ ਦੇ ਵਿਰੋਧੀਆਂ ਦੇ ਮੂੰਹ ਬੰਦ ਕਰਕੇ ਰੱਖ ਦਿੱਤੇ ਹਨ। ਸਾਬਕਾ ਕਾਂਗਰਸੀ ਐਮ ਪੀ ਜਗਮੀਤ ਸਿੰਘ ਬਰਾੜ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ‘ਤੇ ਆਉਣਾ, ਉਨ੍ਹਾਂ ਦੀ ਪੰਜਾਬ ਕਾਂਗਰਸ ਵਿਚ ਸਰਦਾਰੀ ਦਾ ਸਬੂਤ ਹੈ। ਜਗਮੀਤ ਬਰਾੜ ਨੇ ਬੀਤੇ ਦਿਨੀਂ ਕੈਪਟਨ ਦੇ ਫਿਰੋਜ਼ਪੁਰ ਵਿਖੇ ਜਨ ਸੰਪਰਕ ਪ੍ਰੋਗਰਾਮ ਵਿਚ ਹਿੱਸਾ ਲਿਆ।ਕੈਪਟਨ ਅਮਰਿੰਦਰ ਸਿੰਘ ਦੀਆਂ ਪੰਜਾਬ ‘ਚ ਨਵੇਂ ਸਿਰਿਓਂ ਸਰਗਰਮੀਆਂ ਨੂੰ ਜਿੱਥੇ ਕਾਂਗਰਸੀ ਹਲਕਿਆਂ ਵਲੋਂ ਕਾਫ਼ੀ ਸਰਾਹਿਆ ਜਾ ਰਿਹਾ ਹੈ, ਉੱਥੇ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੀ ਹੇਠਲੇ ਪੱਧਰ ਦੀ ਧੜੇਬੰਦੀ ਨੂੰ ਖਤਮ ਕਰਨ ਅਤੇ ਪਾਰਟੀ ਨੇਤਾਵਾਂ ਤੇ ਵਰਕਰਾਂ ਨੂੰ ਇਕ ਮੰਚ ‘ਚ ਲਿਆਉਣ ਵਿਚ ਵੀ ਕਾਫ਼ੀ ਹੱਦ ਤੱਕ ਕਾਮਯਾਬ ਦਿਖਾਈ ਦੇ ਰਹੇ ਹਨ। ਉਧਰ ਦੂਜੇ ਪਾਸੇ ਕੈਪਟਨ ਦੇ ਚੋਣ ਸ਼ੋਅ ਨੇ ਅਕਾਲੀਆਂ ਦੇ ਹੋਸ਼ ਉਡਾ ਦਿੱਤੇ ਹਨ।
 
              
ਕੈਪਟਨ ਦੀ ਹਕੂਮਤ ਵੇਲੇ ਜਗਮੀਤ ਬਰਾੜ ਨੇ ਹਰ ਪੱਧਰ ‘ਤੇ ਉਨ੍ਹਾਂ ਲਈ ਪ੍ਰੇਸ਼ਾਨੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੇ ਇਹ ਕਿਹਾ ਜਾਵੇ ਕਿ ਜਗਮੀਤ ਬਰਾੜ ਉਨ੍ਹਾਂ ਦੇ ਕੱਟੜ ਵਿਰੋਧੀ ਸਨ ਤਾਂ ਇਹ ਗਲਤ ਨਹੀਂ ਹੋਵੇਗਾ। ਉਨ੍ਹਾਂ ਨੇ ਕੇਵਲ ਹਿੱਸਾ ਹੀ ਨਹੀਂ ਲਿਆ ਬਲਕਿ ਐਲਾਨੀਆਂ ਤੌਰ ‘ਤੇ ਆਖਿਆ ਕਿ ਕੈਪਟਨ ਹੀ ਅਜਿਹੇ ਲੀਡਰ ਹਨ ਜੋ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਅਗਵਾਈ ਕਰ ਸਕਦੇ ਹਨ।ਸਿਆਸੀ ਹਲਕਿਆਂ ਅਨੁਸਾਰ ਜਗਮੀਤ ਬਰਾੜ ਦਾ ਲੋਕ ਸਭਾ ਚੋਣਾਂ ਮੌਕੇ ਕੈਪਟਨ ਨਾਲ ਜੁੜਨਾ ਇਹ ਤਾਂ ਦਰਸਾਉਂਦਾ ਹੈ ਕਿ ਕੈਪਟਨ ਦਾ ਪੰਜਾਬ ਕਾਂਗਰਸ ਵਿਚ ਕੋਈ ਬਦਲ ਨਹੀਂ ਹੈ, ਪਰ ਇਸ ਦੇ ਨਾਲ ਇਹ ਵੀ ਸੰਕੇਤ ਦਿੰਦਾ ਹੈ ਕਿ ਜਗਮੀਤ ਬਰਾੜ ਦਾ ਇਹ ਫੈਸਲਾ ਨਿੱਜੀ ਅਤੇ ਸਿਆਸੀ ਮਜਬੂਰੀ ਤੇ ਹਾਲਾਤ ਨਾਲ ਬੱਝਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਜਗਮੀਤ ਬਰਾੜ ਦਾ ਨਾਂ ਪੰਜਾਬ ਦੇ ਸਿਰਕੱਢ ਕਾਂਗਰਸੀ ਲੀਡਰਾਂ ਵਿਚ ਆਉਂਦਾ ਹੈ। ਅਜਿਹੀ ਸੂਰਤ ਵਿਚ ਉਨ੍ਹਾਂ ਵਲੋਂ ਟਿਕਟ ਲੈਣ ਲਈ ਕਿਸੇ ਮੁਨਾਸਬ ਵਿਅਕਤੀ ਦੀ ਤਲਾਸ਼ ਕਰਨਾ ਸਿਆਸੀ ਦ੍ਰਿਸ਼ਟੀਕੋਣ ਤੋਂ ਬਿਲਕੁਲ ਉਚਿਤ ਹੈ, ਭਾਵੇਂ ਕਿ ਇਸ ਨੂੰ ਦੂਜੇ ਸ਼ਬਦਾਂ ਵਿਚ ਮੌਕਾਪ੍ਰਸਤੀ ਕਹਿ ਕੇ ਨਿੰਦਿਆ ਜਾ ਸਕਦਾ ਹੈ।ਕੈਪਟਨ ਸਿੰਘ ਵਲੋਂ ਲੋਕ ਸਭਾ ਚੋਣਾਂ ਦੇ ਲਈ ਸ਼ੁਰੂ ਕੀਤੀ ਗਈ ਚੋਣ ਮੁਹਿੰਮ ਨੂੰ ਹਰ ਪਾਸਿਓਂ ਭਰਵਾਂ ਹੁੰਗਰਾ ਮਿਲ ਰਿਹਾ ਹੈ।
 
ਸ੍ਰੀਮਤੀ ਰਾਜਿੰਦਰ ਕੌਰ ਭੱਠਲ ਜੋ ਸ਼ੁਰੂ ਤੋਂ ਹੀ ਕੈਪਟਨ ਤੋਂ ਦੂਰ ਰਹੇ ਹਨ। ਉਨ੍ਹਾਂ ਨੇ ਪਾਰਟੀ ਪ੍ਰਧਾਨ ਮਹਿੰਦਰ ਸਿੰਘ ਕੇ ਪੀ ਨੂੰ ਚਾਹੇ ਆਪਣੇ ਖੇਮੇ ਵਲ ਖਿੱਚ ਕੇ ਪਾਰਟੀ ‘ਚ ਏਕਤਾ ਦੀਆਂ ਸੰਭਾਵਨਾਵਾਂ ਘਟਾ ਦਿੱਤੀਆਂ ਸਨ। ਪਰ ਕੈਪਟਨ ਸਿੰਘ ਦੇ ਪ੍ਰੋਗਰਾਮ ਨੂੰ ਹਾਈਕਮਾਂਡ ਦਾ ਆਸ਼ੀਰਵਾਦ ਜਿਸ ਨਿੱਘ ਨਾਲ ਪ੍ਰਾਪਤ ਹੋਇਆ ਹੈ,ਉਸ ਕਾਰਨ ਸ੍ਰੀਮਤੀ ਭੱਠਲ ਨੂੰ ਵੀ ਆਪਣੀ ਰਣਨੀਤੀ ਮੁੜ ਤੋਂ ਵਿਚਾਰਨੀ ਪੈ ਸਕਦੀ ਹੈ। ਖਾਸ ਕਰਕੇ ਉਦੋਂ ਜਦੋਂ ਮਹਿੰਦਰ ਸਿੰਘ ਕੇ ਪੀ ਹਾਈਕਮਾਂਡ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਇਹ ਸਪਸ਼ਟ ਕਹਿ ਚੁੱਕੇ ਹਨ ਕਿ ਉਹ ਕੈਪਟਨ ਦਾ ਸਾਥ ਦੇਣ ਲਈ ਹਰ ਕਿਸਮ ਦੇ ਪ੍ਰੋਗਰਾਮਾਂ ਵਿਚ ਜਾਣਗੇ। ਉਹ ਜਿੱਥੇ ਵੀ ਜਾ ਰਹੇ ਹਨ ਉੱਥੇ ਹੀ ਸਾਰੇ ਕਾਂਗਰਸੀ ਧੜੇ ਇਕ ਮੰਚ ‘ਤੇ ਇਕੱਠੇ ਹੋ ਕੇ ਸਾਹਮਣੇ ਆ ਰਹੇ ਹਨ। ਪਾਰਟੀ ਲਈ ਇਸ ਨੂੰ ਇਕ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ। ਕਾਂਗਰਸੀ ਹਲਕਿਆਂ ਦਾ ਕਹਿਣਾ ਹੈ ਕਿ ਕੈਪਟਨ ਵਲੋਂ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤੀ ਗਈ ਚੋਣ ਮੁਹਿੰਮ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਵੀ ਹੁਣ ਆਪਣੇ ਆਪ ਵਿਚ ਨਵਾਂ ਉਤਸ਼ਾਹ ਮਹਿਸੂਸ ਕਰ ਰਹੇ ਹਨ। ਅਜੋਕੀ ਸਥਿਤੀ ਵਿਚ ਕੈਪਟਨ ਦੇ ਪ੍ਰੋਗਰਾਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਉਨ੍ਹਾਂ ਤੋਂ ਦੂਰ ਜਾ ਚੁੱਕੇ ਕਾਂਗਰਸੀਆਂ ਨੂੰ ਉਸਦੇ ਨੇੜੇ ਲਿਆਉਣ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ।
              
ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਨੇ ਇਕੱਲਿਆਂ ਹੀ ਅਪਣੀ ਸੰਪਰਕ ਮੁਹਿੰਮ ਅਰੰਭ ਕਰ ਕੇ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਪਹਿਲਾ ਗੇੜ ਜਿੱਤ ਲਿਆ ਹੈ ਅਤੇ ਇਹ ਸਾਬਤ ਕਰ ਦਿਤਾ ਹੈ ਕਿ ਬਹੁਤ ਕਾਂਗਰਸੀ ਵਿਧਾਇਕ, ਆਗੂ ਅਤੇ ਵਰਕਰ ਉਨ੍ਹਾਂ ਨਾਲ ਹਨ। ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਹਰ ਜਿ਼ਲ੍ਹੇ ‘ਚ ਸਿਵਾਏ ਇਕ ਦੋ ਕਾਂਗਰਸੀ ਆਗੂਆਂ ਦੇ, ਸਮੁੱਚੇ ਕਾਂਗਰਸੀ ਕਾਡਰ ਨੇ ਅਮਰਿੰਦਰ ਸਿੰਘ ਦੀਆਂ ਸੰਪਰਕ ਮੁਹਿੰਮਾਂ ਨੂੰ ਹੁੰਗਾਰਾ ਭਰਿਆ ਅਤੇ ਉਨ੍ਹਾਂ ਦੀ ਲੀਡਰਸਿ਼ਪ ਵਿਚ ਵਿਸ਼ਵਾਸ ਪ੍ਰਗਟ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ 12 ਦਸੰਬਰ ਦੀਆਂ ਜਿ਼ਲ੍ਹਾ ਰੋਪੜ ਵਿਚਲੀਆਂ ਮੀਟਿੰਗਾਂ ਨਾਲ ਸੰਪਰਕ ਮੀਟਿੰਗਾਂ ਦਾ ਪਹਿਲਾ ਗੇੜ ਖ਼ਤਮ ਹੋ ਗਿਆ ਹੈ। ਅਖ਼ੀਰ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀਆਂ ਨੇ ਖ਼ਾਮੋਸ਼ ਰਹਿਣਾ ਹੀ ਬਿਹਤਰ ਸਮਝਿਆ। ਹਾਈ ਕਮਾਨ ਵੀ ਸਿੱਧੇ ਰੂਪ ‘ਚ ਕੈਪਟਨ ਦੀਆਂ ਮੀਟਿੰਗਾਂ ਰੱਦ ਕਰਨ ਲਈ ਕੋਈ ਕਾਰਵਾਈ ਨਹੀਂ ਸੀ ਕਰ ਰਿਹਾ। ਹੁਣ ਬੀਬੀ ਭੱਠਲ ਵੀ ਇਹ ਕਹਿ ਰਹੇ ਹਨ ਕਿ ਸਾਰਿਆਂ ਨੂੰ ਚੋਣਾਂ ਮਿਲ ਕੇ ਲੜਣੀਆਂ ਚਾਹੀਦੀਆਂ ਹਨ ਤਾਂ ਹੀ ਜਿੱਤ ਪ੍ਰਾਪਤ ਹੋ ਸਕਦੀ ਹੈ।
         
ਪਹਿਲਾਂ ਤਾਂ ਉਨ੍ਹਾਂ ਨੂੰ ਬਲਾਕ ਜਾਂ ਹਲਕਾ ਪੱਧਰ ਤੋਂ ਵਖਰੀਆਂ ਚੋਣ ਮੁਹਿੰਮ ਕਮੇਟੀਆਂ ਬਣਾਉਣ ਤੋਂ ਰੋਕਿਆ। ਫਿਰ ਜਦ ਉਨ੍ਹਾਂ ਚੋਣ ਮੁਹਿੰਮ ਲਈ ਵੱਖ-ਵੱਖ ਜਿ਼ਲ੍ਹਿਆਂ ‘ਚ ਮੀਟਿੰਗਾਂ ਦੀਆਂ ਤਰੀਕਾਂ ਦਾ ਐਲਾਨ ਸੂਬਾ ਕਾਂਗਰਸ ਨੂੰ ਭਰੋਸੇ ‘ਚ ਲਏ ਬਗ਼ੈਰ ਹੀ ਕਰ ਦਿਤਾ ਤਾਂ ਪ੍ਰਦੇਸ਼ ਕਾਂਗਰਸ ਨੇ ਮਜਬੂਰ ਹੋ ਕੇ ਉਸ ਨੂੰ ਪਾਰਟੀ ਦਾ ਪ੍ਰੋਗਰਾਮ ਬਣਾ ਲਿਆ। ਫਿਰ ਅਗਲੇ ਹੀ ਦਿਨ ਅਮਰਿੰਦਰ ਸਿੰਘ ਦਾ ਪ੍ਰੋਗਰਾਮ ਰੱਦ ਕਰਾਉਣ ਦੀਆਂ ਕੋਸਿ਼ਸ਼ਾਂ ਹੋਈਆਂ। ਪਹਿਲਾਂ ਇਹ ਕਿਹਾ ਗਿਆ ਕਿ ਯੂਥ ਕਾਂਗਰਸ ਦੀਆਂ ਚੋਣਾਂ ਕਾਰਨ ਪ੍ਰੋਗਰਾਮ ਰੱਦ ਕੀਤੇ ਜਾਂਦੇ ਹਨ। ਫਿਰ ਸੂਬਾ ਕਾਂਗਰਸ ਵਲੋਂ ਇਕ ਪੱਤਰ ਜਾਰੀ ਕਰ ਕੇ ਸਾਰਿਆਂ ਨੂੰ ਸੂਚਿਤ ਕੀਤਾ ਗਿਆ ਕਿ ਅਮਰਿੰਦਰ ਸਿੰਘ, ਬੀਬੀ ਭੱਠਲ, ਸ੍ਰੀ ਕੇ.ਪੀ. ਅਤੇ ਅਸ਼ਵਨੀ ਸੇਖੜੀ ਸਣੇ ਸਾਰਿਆਂ ਦੀਆਂ ਡਿਊਟੀਆਂ ਹਾਈ ਕਮਾਨ ਨੇ ਜੰਮੂ-ਕਸ਼ਮੀਰ ‘ਚ ਚੋਣ ਪ੍ਰਚਾਰ ਲਈ ਲਗਾ ਦਿਤੀਆਂ ਹਨ ਪਰ ਅਮਰਿੰਦਰ ਸਿੰਘ ਅਪਣੇ ਪ੍ਰੋਗਰਾਮ ‘ਤੇ ਅਡਿੱਗ ਰਹੇ ਅਤੇ ਸਪੱਸ਼ਟ ਕਰ ਦਿਤਾ ਕਿ ਹਾਈ ਕਮਾਨ ਨੇ ਉਨ੍ਹਾਂ ਨੂੰ ਪ੍ਰੋਗਰਾਮ ਰੱਦ ਕਰਨ ਲਈ ਨਹੀਂ ਕਿਹਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>