ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸੁਫ਼ ਰਜ਼ਾ ਗਿਲਾਨੀ ਅਤੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਵਿਚਕਾਰ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨੀ ਅਖ਼ਬਾਰ ਦ ਨਿਊਜ਼ ਵਿਚ ਛਪੀ ਰਿਪੋਰਟ ਮੁਤਾਬਕ ਗਿਲਾਨੀ ਦਾ ਰਵਈਆ ਸਖ਼ਤ ਹੈ ਅਤੇ ਉਹ ਸਰਕਾਰ ਨੂੰ ਅਸਲ ਵਿਚ ਇਕ ਪ੍ਰਧਾਨਮੰਤਰੀ ਵਜੋਂ ਚਲਾਉਣਾ ਚਾਹੁੰਦੇ ਹਨ। ਜਦਕਿ, ਰਾਸ਼ਟਰਪਤੀ ਜ਼ਰਦਾਰੀ ਸਾਰੇ ਵਿਸ਼ੇਸ਼ ਅਧਿਕਾਰਾਂ ਨੂੰ ਸੰਵਿਧਾਨਿਕ ਤੌਰ ‘ਤੇ ਪ੍ਰਧਾਨ ਮੰਤਰੀ ਅਹੁਦੇ ਵਿਚ ਤਬਦੀਲ ਕਰਕੇ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਬਨਾਉਣਾ ਚਾਹੁੰਦੇ ਹਨ।
ਸੂਤਰਾਂ ਦੇ ਹਵਾਲੇ ਨਾਲ ਅਖ਼ਬਾਰ ਨੇ ਲਿਖਿਆ ਹੈ ਕਿ ਰੋਜ਼ਨਾ ਦੇ ਕੰਮਕਾਰ ਵਿਚ ਰਾਸ਼ਟਰਪਤੀ ਦਫ਼ਤਰ ਦੀ ਵਧਦੀ ਦਖ਼ਲਅੰਦਾਜ਼ੀ ਕਰਕੇ ਗਿਲਾਨੀ ਦਾ ਸਬਰ ਟੁੱਟਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਦੇਸ਼ ਦੇ ਦੋ ਉੱਚ ਅਹੁਦਿਆਂ ਵਿਚਕਾਰ ਤਨਾਅ ਪੈਦਾ ਹੋ ਗਿਆ ਹੈ। ਸਤਾਧਾਰੀ ਪਾਕਿਸਤਾਨ ਪੀਪੁਲਜ਼ ਪਾਰਟੀ (ਪੀਪੀਪੀ) ਦੇ ਇਕ ਸੀਨੀਅਰ ਮੈਂਬਰ ਨੇ ਕਿਹਾ ਹੈ ਕਿ ਵਿਵਾਦ ਤੋਂ ਬਚਣ ਲਈ ਜ਼ਰਦਾਰੀ ਆਪਣੇ ਪਿਤਾ ਹਕੀਮ ਅਲੀ ਜ਼ਰਦਾਰੀ ਜਾਂ ਪੀਪੀਪੀ ਦੇ ਕਿਸੇ ਵਫਾਦਾਰ ਨੂੰ ਰਾਸ਼ਟਰਪਤੀ ਬਣਾ ਸਕਦੇ ਹਨ। ਪੀਪੀਪੀ ਦੇ ਦੇ ਇਸ ਲੀਡਰ ਨੇ ਦਸਿਆ ਕਿ ਪਾਰਟੀ ਅੰਦਰ ਹੀ ਕੁਝ ਲੋਕਾਂ ਨੇ ਹੀ ਜ਼ਰਦਾਰੀ ਨੂੰ ਸਲਾਹ ਦਿੱਤੀ ਸੀ, ਜਿਸ ਤੋਂ ਉਹ ਪੂਰੀ ਤਰ੍ਹਾਂ ਸਹਿਮਤ ਦਿਸੇ। ਸਲਾਹ ਦੇਣ ਵਾਲਿਆਂ ਨੇ ਜ਼ਰਦਾਰੀ ਦੇ ਸਨਮੁੱਖ ਇਹ ਤਰਕ ਦਿੱਤਾ ਕਿ ਜਦ ਸ੍ਰੀਲੰਕਾ ਵਿਚ ਮਾਂ ਬੇਟੀ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਹਨ ਤਾਂ ਪਾਕਿਸਤਾਨ ਵਿਚ ਭਰਾ-ਭਰਾ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਬਣ ਕਦੇ ਹਨ ਤਾਂ ਪਿਤਾ-ਪੁੱਤਰ ਕਿਉਂ ਨਹੀਂ, ਦੇਸ਼ ਦੇ ਉੱਚ ਅਹੁਦਿਆਂ ‘ਤੇ ਬੈਠ ਸਕਦੇ। ਮਤਭੇਦ ਵਧਣ ਦਾ ਇਕ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਗਾਰਡਨ ਬਰਾਊਨ ਦੀ ਹਾਲੀਆ ਪਾਕਿਸਤਾਨੀ ਯਾਤਰਾ ਵੀ ਰਹੀ, ਜਦ ਜਾਂਇੰਟ ਪ੍ਰੈਸ ਕਾਨਫਰੰਸ ਵਿਚ ਗਿਲਾਨੀ ਦੀ ਬਜਾਏ ਰਾਸ਼ਟਰਪਤੀ ਜ਼ਰਦਾਰੀ ਨੇ ਪਾਕਿਸਤਾਨ ਦੀ ਅਗਵਾਈ ਕੀਤੀ। ਅਖ਼ਬਾਰ ਅਨੁਸਾਰ ਗਿਲਾਨੀ ਨੇ ਇਸ ਮਾਮਲੇ ਨੂੰ ਚੁੱਕਦੇ ਹੋਏ ਜ਼ੋਰ ਦਿੱਤਾ ਕਿ ਪ੍ਰੋਟੋਕਾਲ ਮੁਤਾਬਕ ਦੋਵੇਂ ਪ੍ਰਧਾਨ ਮੰਤਰੀਆਂ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਨਾ ਚਾਹੀਦਾ ਹੈ।
ਚਰਚਾ ਹੈ ਜ਼ਰਦਾਰੀ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਦੇ ਵਿਵਾਦਪੂਰਨ 17ਵੀਂ ਸੰਵਿਧਾਨ ਸੋਧ ਨੂੰ ਖਤਮ ਕਰਵਾਕੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ। ਮੁਸ਼ਰੱਫ਼ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਾਰੇ ਵਿਸ਼ੇਸ਼ ਅਧਿਕਾਰੀ ਰਾਸ਼ਟਰਪਤੀ ਅਹੁਦੇ ਪਾਸ ਤਬਦੀਲ ਕਰ ਦਿੱਤੇ ਸਨ। ਸਭ ਤੋਂ ਅਹਿਮ ਹੈ ਸਿਰਫ਼ ਗਰੈਜੂਏਟਸ ਨੂੰ ਹੀ ਸੰਸਦੀ ਚੋਣਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਵਾਲੀ ਗੱਲ ਨੂੰ ਖਤਮ ਕਰਨਾ। ਜ਼ਰਦਾਰੀ ਦੇ ਕੋਲ ਸਿਰਫ਼ ਹਾਈ ਸਕੂਲ ਦਾ ਪ੍ਰਮਾਣ ਪੱਤਰ ਹੈ।