ਨੀ ਨਵੇਂ ਸਾਲ ਦੀਏ ਹਵਾਏ
ਅਰਜ਼ ਕਰਨ ਦੀਪਕ ਆਏ
ਹਰ ਸੀਨੇ ਤੇ ਨਾਨਕ ਦਾ ਪੈਗਾਮ ਲਿਖ ਦੇ
ਉਦਾਸ ਚੰਦਰੇ ਜੇਹੇ ਦਿਨ
ਅਸੀਂ ਕੱਟ ਲਏ ਬਥੇਰੇ
ਇਕ ਛਣ 2 ਕਰਦੀ ਸ਼ਾਮ ਨਾਮ ਲਿਖ ਦੇ
ਲਿਖ ਦੇ ਗੋਬਿੰਦ ਦੇ ਪਰੀਵਾਰ ਦੀ ਕਹਾਣੀ
ਹਰ ਬੂਹੇ ਓਸ ਸੂਰਜ ਦਾ ਪੈਗਾਮ ਲਿਖ ਦੇ
ਹੋਰ ਕਿੰਨੀਆਂ ਅਜੇ ਤੱਤੀਆਂ ਨੇ
ਵਗਣੀਆਂ ਹਵਾਵਾਂ
ਕਾਲੇ ਜੰਗਲਾਂ ‘ਚ ਕੋਈ ਕੁਹਰਾਮ ਲਿਖ ਦੇ
ਜੱਗ ਦੇ ੳਧੜਦੇ ਫਿ਼ਰਕਿਆਂ ਦੀ ਮਾਂਗ ਭਰ
ਬੰਦਿਆਂ ਦੀਆਂ ਜੇਬਾਂ ਤੇ ਇਨਸਾਨ ਲਿਖ ਦੇ
ਨੇਕੀ ਦੇ ਬੀਅ ਜੇ ਮਿਲ ਜਾਣ ਕਿਤੋਂ ਲੱਪ
ਉਹਨਾਂ ਨਾਲ ਸਾਂਤੀ ਧਰਤ ਤੇ ਅਸਮਾਨ ਲਿਖ ਦੇ
ਸੁਪਨੇ ਕਸ਼ੀਦਦੇ ਪੋਟਿਆਂ ਵਾਲੀ ਸੂਈ ਦੀ ਅੱਖ ਚੋਂ
ਪੱਕੇ ਰੰਗਾਂ ਦੇ ਧਾਗੇ ਤਮਾਮ ਲਿਖ ਦੇ
ਕਲਮਾਂ ਦੇ ਹੋਠਾਂ ‘ਚੋਂ ਪਿਆਰ ਗੁੱਧੇ ਸ਼ਬਦ ਕੇਰ
ਅਰਸ਼ਾਂ ਦੇ ਮੇਚਦਾ ਕੋਈ ਪੈਗਾਮ ਲਿਖ ਦੇ
ਨਵੇਂ ਵਰ੍ਹੇ ਦੀਏ ਵਾਏ ਜਾਵੀਂ ਹਰ ਸੁੰਨ੍ਹੇ ਵਿਹੜੇ
ਲੈ ਸ਼ਬਦ ਦੀ ਲੋਅ ਸਤਿਨਾਮ ਲਿਖ ਦੇ
ਢੱਠੇ ਘਰਾਂ ਦੀਆਂ ਕਿੱਲੀਆਂ ਤੇ ਚਾਨਣ ਦੀ ਰਿਸ਼ਮ ਸਜਾ
ਰੱਟਣਾਂ ਵਾਲੀਆਂ ਹਥੇਲੀਆਂ ਤੇ ਇਲਹਾਮ ਲਿਖ ਦੇ
ਖੇਡਦੇ ਲਾਡਲਿਆਂ ਨੂੰ ਮੀਜ਼ਾਈਲਾਂ ਤੋਂ ਦੂਰ ਰੱਖੀਂ
ਵੈਣਾਂ ਵਾਲੀ ਰੁੱਤ ਨੂੰ ਕਿਤੇ ਆਰਾਮ ਲਿਖ ਦੇ
ਜਿਹੜੇ ਪਲ ਸੂਲੀ ਟੰਗੇ
ਜਾਣੇ ਨਦੀਆਂ ਤੋਂ ਨਹੀਂ ਮੰਗੇ
ਅਰਸ਼ ਦੇ ਬਨੇਰੇ ਪਰਣਾਮ ਲਿਖ ਦੇ
ਨਾ ਕੋਈ ਲਿਆਵੀਂ ਖ਼ੂਨੀ ਰੁੱਤ,
ਘਰੀਂ ਵਾਧੂ ਨਾ ਕੋਈ ਪੁੱਤ
ਸੂਰਜ ਪੂਰਬ ਦੇ ਮੱਥੇ
ਚੋਣ–ਨਿਸ਼ਾਨ ਲਿਖ ਦੇ
ਅਰਜ਼
This entry was posted in ਕਵਿਤਾਵਾਂ.