ਮਿਸ਼ੀਗਨ- ਜੌੜੇ ਦਾ ਸ਼ਬਦ ਸੁਣਦੇ ਹੀ ਮਨ ਵਿਚ ਪਹਿਲਾ ਖਿਆਲ ਇਹੀ ਆਉਂਦਾ ਹੈ ਕਿ ਦੋਵੇਂ ਬੱਚੇ ਇਕ ਹੀ ਦਿਨ ਇਕੱਠੇ ਪੈਦਾ ਹੋਏ ਹੋਣਗੇ। ਪਰ ਮਿਸ਼ੀਗਨ ਵਿਚ ਪੈਦਾ ਹੋਏ ਜੌੜੇ ਬੱਚਿਆਂ ਦੇ ਨਾਲ ਤਾਂ ਬਿਲਕੁਲ ਹੀ ਉਲਟਾ ਹੋ ਗਿਆ।
ਦੋਵਾਂ ਦੇ ਪੈਦਾ ਹੋਣ ਵਿਚ ਸਿਰਫ਼ 26 ਮਿੰਟ ਦਾ ਫਰਕ ਸੀ। ਪਰ ਕੁਝ ਮਿੰਟਾਂ ਦੇ ਫਰਕ ਨੇ ਸਿਰਫ਼ ਤਰੀਕ ਹੀ ਨਹੀਂ, ਮਹੀਨਾ ਅਤੇ ਸਾਲ ਤੱਕ ਵਿਚ ਫਰਕ ਪਾ ਦਿੱਤਾ। ਘਟਨਾ ਬੀਤੀ 31 ਦਸੰਬਰ, 2008 ਦੀ ਹੈ। ਜਦ ਮਿਸ਼ੀਗਨ ਦੇ ਰੋਚੇਸਟਰ ਵਿਖੇ ਕ੍ਰਿਟੇਨਟਨ ਹਸਪਤਾਲ ਵਿਚ ਦੋ ਜੌੜੇ ਬੱਚੇ ਪੈਦਾ ਹੋਏ। ਰੋਚਕ ਗੱਲ ਇਹ ਸੀ ਕਿ ਇਕ ਬੱਚਾ ਤਾਰਿਕ ਗ੍ਰਿਫਿਨ 12:17 ਮਿੰਟ ‘ਤੇ 1 ਜਨਵਰੀ, 2009 ਦਿਨ ਵੀਰਵਾਰ ਨੂੰ ਦੁਨੀਆਂ ਵਿਚ ਆਇਆ ਜਦਕਿ ਦੂਜਾ ਬੱਚਾ ਟੇਰੇਂਸ ਉਸਤੋਂ ਠੀਕ 26 ਮਿੰਟ ਪਹਿਲਾਂ ਭਾਵ 31 ਦਸੰਬਰ, 2008 ਦਿਨ ਬੁੱਧਵਾਰ ਨੂੰ 11:51 ਵਜੇ ਰਾਤੀਂ ਪੈਦਾ ਹੋਇਆ ਸੀ। ਟੈਰੇਂਸ ਦਾ ਭਾਰ ਪੰਜ ਪੌਂਡ 7 ਔਂਜ਼ ਅਤੇ ਤਾਰਿਕ ਦਾ ਭਾਰ ਪੰਜ ਪੌਂਡ 15 ਔਂਜ਼ ਹੈ। ਕੁਝ ਮਿੰਟਾਂ ਦੇ ਫਾਸਲੇ ਨੇ ਦੋਵਾਂ ਦੇ ਜਨਮ ਦੇ ਪ੍ਰਮਾਣ ਪੱਤਰ ਵਿਚ ਫਰਕ ਪਾ ਦਿੱਤਾ। ਵੱਖ ਵੱਖ ਸਾਲ ਵਿਚ ਪੈਦਾ ਹੋਣ ਵਾਲੇ ਇਨ੍ਹਾਂ ਬੱਚਿਆਂ ਵਿਚ ਕੁਝ ਖਾਸ ਗੱਲ ਹੈ। ਸੰਜੋਗ ਨਾਲ ਤਾਰਿਕ ਅਤੇ ਟੈਰੇਂਸ ਦੇ ਪਿਤਾ ਸੀਨੀਅਰ ਟੇਰੇਂਸ ਵੀ ਜੌੜੇ ਹਨ। ਉਨ੍ਹਾਂ ਦੇ ਮਾਤਾ ਟੈਂਗਰਿੰਨਕਾ ਵੁੱਡਜ਼ ਅਤੇ ਪਿਤਾ ਟੈਰੇਂਸ ਸੀਨੀਅਰ ਵੁੱਡਜ਼ ਬਸ ਇਸੇ ਗੱਲ ਤੋਂ ਸੰਤੁਸ਼ਟ ਹਨ ਕਿ ਦੋਵੇਂ ਬੱਚੇ ਤੰਦਰੁਸਤ ਹਨ। ਇਨ੍ਹਾਂ ਦੀ ਇਕ ਸੱਤ ਸਾਲ ਦੀ ਲੜਕੀ ਅਤੇ 11 ਮਹੀਨਿਆਂ ਦਾ ਬੇਟਾ ਵੀ ਹੈ।
ਬੱਚੇ ਜੌੜੇ ਪਰ ਤਰੀਕ, ਮਹੀਨਾ, ਸਾਲ ਵਖ ਵੱਖ
This entry was posted in ਅੰਤਰਰਾਸ਼ਟਰੀ.