ਲੰਬੀ (ਮੁਕਤਸਰ)- ਪੱਤਰਕਾਰਾਂ ਨੂੰ ਪੰਜਾਬ ਸਰਕਾਰ ਹਰਿਆਣੇ ਤੋਂ ਵਧੇਰੇ ਸਹੂਲਤਾਂ ਦੇਵੇਗੀ। ਇਸ ਲਈ ਨੀਤੀ ਤਿਆਰ ਕਰਨ ਲਈ ਲੋਕ ਸੰਪਰਕ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਕਿਹਾ ਗਿਆ ਹੈ।
ਇਹ ਗੱਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ਦੇ ਪਿੰਡਾਂ ਵਿਚ ਸ਼ੁਕਰਵਾਰ ਨੂੰ ਸੰਗਤ ਦਰਸ਼ਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਵਲੋਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚ ਉਦਯੋਗਾਂ ਨੂੰ ਵਧੇਰੇ ਸਹੂਲਤਾਂ ਮਿਲਣ ਕਰਕੇ ਇਥੋਂ ਦੇ ਉਦਯੋਗਪਤੀ ਆਪਣੇ ਕਾਰੋਬਾਰ ਇਨ੍ਹਾਂ ਸੂਬਿਆਂ ਵਿਚ ਲਿਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਵੇਂ ਰਾਜ ਵਿਚ ਕੇਂਦਰ ਦੀਆਂ ਨੀਤੀਆਂ ਨਾਲ ਉਦਯੋਗ ਦਾ ਖੇਤਰ ਵੀ ਉਜੜਣ ਦੇ ਕੰਢੇ ਹੈ। ਉਨ੍ਹਾਂ ਅਨੁਸਾਰ ਅੰਦਾਜ਼ਨ 45 ਸਾਲ ਤੱਕ ਸੱਤਾ ਵਿਚ ਰਹੀ ਕਾਂਗਰਸ ਸਰਕਾਰ ਨੇ ਆਪਣੇ ਸਮੇਂ ਦੌਰਾਨ ਹਮੇਸ਼ਾਂ ਹੀ ਪੰਜਾਬ ਨਾਲ ਸੌਤੇਲਾ ਵਿਹਾਰ ਕੀਤਾ ਹੈ। ਜਿਸ ਕਰਕੇ ਦੇਸਲ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਕਰਜਿ਼ਆਂ ਹੇਠਾਂ ਦਬਿਆ ਪਿਆ ਹੈ।
ਮੁੱਖ ਮੰਤਰੀ ਨੇ ਲੰਬੀ ਹਲਕੇ ਦੇ ਪਿੰਡ ਸਰਾਵਾਂ ਬੋਦਲਾ, ਛਾਪਿਆਂਵਾਲੀ, ਮਾਹੂਆਣਾ, ਫਤਹਿਪੁਰ ਮਨੀਆਂਵਾਲਾ, ਚੱਕ ਮਿੱਡੂ ਸਿੰਘ ਵਾਲਾ, ਫਤਾ ਕੇਰਾ ਤੇ ਮਾਨਾ ਪਿੰਡਾਂ ਵਿਚ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਸਿ਼ਕਾਇਤਾਂ ਸੁਣੀਆਂ। ਉਨ੍ਹਾਂ ਨੇ ਪਿੰਡਵਾਸੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਠ ਕਰੋੜ ਰੁਪਏ ਦੀ ਰਕਮ ਪਿੰਡ ਦੇ ਵਿਕਾਸ ਕੰਮਾਂ ਲਈ ਪੰਚਾਇਤਾਂ ਨੂੰ ਵੰਡੀ। ਉਨ੍ਹਾਂ ਨੇ ਪਿੰਡ ਸਰਾਵਾਂ ਬੋਦਲਾ ਵਿਚ ਅਥਲੈਟਿਕਸ ਵਿੰਗ ਬਨਾਉਣ ਦੇ ਐਲਾਨ ਦੇ ਨਾਲ ਨੌਜਵਾਨਾਂ ਨੂੰ ਹਲਕੇ ਦੇ ਪਿਮਡ ਮਾਹੂਆਣਾ ਤੇ ਅਬੁਲ ਖੁਰਾਨਾ ਵਿਚ ਚਲ ਰਹੇ ਸਿਖਲਾਈ ਕੈਂਪਾਂ ਵਿਚ ਟ੍ਰੇਨਿੰਗ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਪੰਚਾਇਤੀ ਜ਼ਮੀਨਾਂ ‘ਤੇ ਘਰ ਬਣਾਕੇ ਰਹਿ ਰਹੇ ਲੋਕਾਂ ਨੂੰ ਮਾਲਕੀ ਦੇਣ ਦਾ ਫੈ਼ਸਲਾ ਕੀਤਾ ਹੈ, ਜਿਸ ਲਈ ਸਾਰੇ ਡੀਸੀਜ਼ ਨੂੰ ਹਿਦਾਇਤਾਂ ਦੇ ਦਿੱਤੀਆਂ ਗਈਆਂ ਹਨ।
ਕਾਂਗਰਸ ਨੇ ਪੰਜਾਬ ਦਾ ਸੌਤੇਲਾ ਵਿਹਾਰ ਕੀਤਾ
This entry was posted in ਪੰਜਾਬ.