ਲੋਕੋ ਬਾਝ ਆ ਜਾਉ ਝੂਠੇ ਲੀਡਰਾਂ ਤੋਂ
ਇਨ੍ਹਾਂ ਕੌਮ ਨੂੰ ਵਿਲੇ ਲਗਾ ਛੱਡਣਾ
ਪਹਿਲਾਂ ਦੇਸ਼ ਦਾ ਕੁੱਝ ਵੀ ਛੱਡਿਆ ਨਹੀਂ
ਹੁਣ ਥੋਨੂੰ ਵੀ ਵੇਚ ਕੇ ਖਾ ਛੱਡਣਾ
ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਇਹ ਸਤਰਾਂ ਕਿੰਨ੍ਹਾਂ ਜ਼ਿਆਦਾ ਸੱਚ ਵਿਖਿਆਨ ਕਰ ਰਹੀਆਂ ਹਨ। ਇਤਿਹਾਸ ਗਵਾਹ ਹੈ ਕਿ ਲੋਕਾਈ ਨੂੰ ਜਦੋਂ ਵੀ ਮਾਰ ਪਈ ਹੈ ਹਮੇਸ਼ਾ ਉਨ੍ਹਾਂ ਦੁਆਰਾ ਚੁਣੇ ਹੋਏ ਲੀਡਰਾਂ ਦੁਆਰਾ ਹੀ ਪਈ ਹੈ। ਜਾਂ ਤਾਂ ਲੀਡਰ ਹਮੇਸ਼ਾ ਵਿਕ ਜਾਂਦੇ ਰਹੇ ਨੇ ਜਾਂ ਐਨ ਮੌਕੇ ਤੇ ਆ ਕੇ ਦਗਾ ਦੇ ਜਾਂਦੇ ਹਨ। ਇਕ ਜ਼ਮਾਨਾ ਬੀਤ ਗਿਆ ਸਾਨੂੰ ਅਜੇ ਵੀ ਸਮਝ ਨਹੀਂ ਆਈ ਅਸੀਂ ਆਪਣੇ ਭਾਈਚਾਰੇ ਦੀ, ਆਪਣੀ ਕੌਮ ਦੀ, ਆਪਣੇ ਦੇਸ਼ ਦੀ ਵਾਗਡੋਰ ਹਮੇਸ਼ਾ ਅੱਖਾਂ ਬੰਦ ਕਰ ਕੇ ਕੁੱਝ ਅਜਿਹੇ ਬੰਦਿਆਂ ਦੇ ਹੱਥ ਫੜਾ ਦਿੰਦੇ ਹਾਂ ਜਿਹੜੇ ਅਕਸਰ ਬਹੁਤ ਥੋੜੇ ਜਿਗਰੇ ਵਾਲੇ, ਸੌੜੀ ਸੋਚ ਦੇ ਮਾਲਕ ਤੇ ਅੱਖ ਝਪਕਦਿਆਂ ਦਲ ਬਦਲਣ ਵਾਲੇ ਹੁੰਦੇ ਹਨ। ਜਿਹੜੇ ਤਾਕਤ ਹੱਥਾਂ ਵਿੱਚ ਆਉਂਦਿਆਂ ਹੀ ਲੋਕਾਈ ਨੂੰ ਹੱਥਾਂ ਦਾ ਖਿਡਾਉਣਾ ਸਮਝ ਕੇ ਟਪਾਉਣਾ ਸ਼ੁਰੂ ਕਰ ਦਿੰਦੇ ਹਨ। ਇਹ ਭੁੱਲ ਜਾਂਦੇ ਨੇ ਕਿ ਸਮੇਂ ਦਾ ਨਿਯਮ ਹੈ ਉਸ ਨੇ ਬਦਲਣਾ ਜ਼ਰੂਰ ਹੁੰਦਾ ਹੈ। ਅੱਜ ਜੋ ਵੀ ਇਨਸਾਨ ਆਪਣੇ ਆਪ ਨੂੰ ਤਾਕਤਵਾਰ ਸਮਝਦਾ ਹੈ ਉਸ ਨੇ ਆਉਣ ਵਾਲੇ ਕੱਲ੍ਹ ਵਿੱਚ ਤਾਕਤਹੀਣ ਜ਼ਰੂਰ ਹੋਣਾ ਹੈ। ਹਰ ਚੀਜ਼ ਦੇ 2 ਪੱਖ ਹੁੰਦੇ ਹਨ। ਚੜ੍ਹਾਈ ਤੋਂ ਬਾਅਦ ਉਤਰਾਈ ਤੇ ਜਨਮ ਤੋਂ ਬਾਅਦ ਮੌਤ ਲਾਜ਼ਮੀ ਹੈ। ਚੜ੍ਹੇ ਸੂਰਜ ਨੇ ਆਪਣੀ ਸ਼ਿਖਰ ਦੁਪਹਿਰ ਤੋਂ ਬਾਅਦ ਰਾਤ ਰਾਣੀ ਦੀ ਕੁੱਖ ਵਿੱਚ ਵਿਸ਼ਰਾਮ ਜ਼ਰੂਰ ਕਰਨਾ ਹੁੰਦਾ ਹੈ।
ਵੱਡੇ ਵੱਡਿਆਂ ਨੂੰ ਖਾਕ ਦੀ ਢੇਰੀ ਕਰ ਦਿੰਦਾ
ਵਕਤ ਬੜਾ ਬਲਵਾਨ ਹੈ
ਖੂਹ ਵੀ ਭਰ ਦਿੰਦਾ ਹੈ।
ਆਪਸ ਕਉ ਦੀਰਘੁ ਕਰ ਜਾਨੈ ਅਉਰਨ ਕਉ ਲਗ ਮਾਤ॥
ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ॥
ਮਾਰੂ ਕਬੀਰ ਸਾਹਿਬ – ਪੰਨਾ 1105
ਤਾਕਤ ਦਾ ਨਸ਼ਾ ਸਾਰੇ ਨਸ਼ਿਆਂ ਨਾਲੋਂ ਭੈੜਾ ਹੁੰਦਾ ਹੈ। ਬੰਦਾ ਆਪਣੀ ਤਾਕਤ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਜੋਖਮ ਤੋਲਦਾ ਹੈ। ਬਹੁਤ ਵਾਰੀ ਆਪਣਿਆਂ ਨੂੰ ਵੀ ਲਤਾੜ ਕਿ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਹੁੰਦਾ ਕੀ ਹੈ ਇਹੋ ਜਿਹੇ ਲੋਕ ਆਖਰੀ ਉਮਰੇ ਮੰਜੇ ਤੇ ਪਏ ਹਾਏ ਹਾਏ ਕਰਦੇ ਹੁੰਦੇ ਹਨ ਤੇ ਦੂਜਾ ਚੋਰ ਅੱਖ ਨਾਲ ਦਰਵਾਜ਼ੇ ਵੱਲ ਵੀ ਵੇਖਦੇ ਹਨ ਕੋਈ ਖ਼ਬਰਸਾਰ ਲੈਣ ਨਹੀਂ ਆਇਆ। ਖ਼ਬਰ ਕਿਸੇ ਨੇ ਸੁਆਹ ਲੈਣੀ ਹੈ ਕਿਸੇ ਨੂੰ ਡੰਗ ਮਾਰਨੋਂ ਤਾਂ ਛਡਿਆ ਨਹੀਂ ਹੁੰਦਾ। ਆਪਣੀ ਚੌਧਰ ਦੀ ਕੁਰਸੀ ਸੰਭਾਲਦਿਆਂ ਸਾਰਾ ਕੁੱਝ ਗੁਆ ਲਿਆ ਹੁੰਦਾ ਹੈ। ਦੁਨੀਆਂਭਰ ਵਿੱਚ ਰਾਜਨੀਤੀ ਦੀ ਖੇਡ ਹਮੇਸ਼ਾ ਧਰਮ ਦੀ ਆੜ ਵਿੱਚ ਖੇਡੀ ਜਾਂਦੀ ਹੈ। ਹਮੇਸ਼ਾ ਧਰਮ ਨੂੰ ਅੱਗੇ ਰੱਖ ਕੇ ਸਿਆਸਤ ਦੀਆਂ ਕੋਝੀਆਂ ਤੇ ਗੰਦੀਆਂ ਚਾਲਾਂ ਚਲੀਆਂ ਜਾਂਦੀਆਂ ਹਨ। ਰੱਜ ਕੇ ਝੂਠ ਬੋਲਿਆ ਜਾਂਦਾ ਹੈ ਤੇ ਆਮ ਜਨਤਾ ਨੂੰ ਗੁਮਰਾਹ ਕੀਤਾ ਜਾਂਦਾ ਹੈ। ਪਰ ਸਾਡੇ ਧਰਮ ਤਾਂ ਇਹ ਗੱਲ ਨਹੀਂ ਸਿਖਾਉਂਦੇ।
ਕੂੜੁ ਬੋਲਿ ਮੁਰਦਾਰੁ ਖਾਇ॥
ਅਵਰੀ ਨੋ ਸਮਝਾਵਣਿ ਜਾਇ॥
ਮੁਠਾ ਆਪਿ ਮੁਹਾਏ ਸਾਥੈ॥
ਨਾਨਕ ਐਸਾ ਆਗੂ ਜਾਪੈ॥
ਆਦਿ ਗ੍ਰੰਥ – ਪੰਨਾ 232 (ਗਉੜੀ ਮਹਲਾ 3, ਅਸਟਪਦੀ 6)
ਸਾਡੇ ਸਮਾਜ ਦੇ ਵਿੱਚ ਇਕ ਆਮ ਕਹਾਵਤ ਹੈ ਕਿ ਕੁੱਤੇ ਦੀ ਪੂਛ 12 ਸਾਲ ਨਲਕੀ ਵਿੱਚ ਪਾਈ ਰੱਖੋ ਤਾਂ ਵੀ ਸਿੱਧੀ ਨਹੀਂ ਹੁੰਦੀ। ਪਰ ਸਾਡੇ ਬਜ਼ੁਰਗ ਜਾਣਦੇ ਨੇ ਜਾਂ ਕੁੱਝ ਸੂਝਵਾਨ ਪਾਠਕ ਜਾਣਦੇ ਹੋਣਗੇ ਕਿ ਕੁੱਤੇ ਦੀ ਪੂਛ ਇਕ ਦਿਨ ਜ਼ਰੂਰ ਸਿੱਧੀ ਹੁੰਦੀ ਹੈ। ਕਦੋਂ? ਜਦੋਂ ਕੁੱਤਾ ਹਲ੍ਹਕ ਜਾਂਦਾ ਹੈ। ਉਸ ਦਾ ਆਖਰੀ ਵਕਤ ਨੇੜੇ ਆਉਂਦਾ ਹੈ ਫਿਰ ਉਹ ਆਪਣੇ ਮਾਲਕ ਨੂੰ ਵੀ ਵੱਢਣਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਸਾਡੇ ਹੀ ਕੁੱਝ ਵੀਰ ਸਾਡੇ ਦੁਆਰਾ ਸਾਡੇ ਸਮਾਜ ਦੇ ਪ੍ਰਤਿਨਿਧ ਬਣ ਕੇ ਆਪਣੇ ਆਪ ਨੂੰ ਆਮ ਬੰਦੇ ਤੋਂ ਅਲਗ ਅਤੇ ਤਾਕਤਵਰ ਸਮਝਣ ਲੱਗ ਪੈਂਦੇ ਹਨ। ਹੋਲੀ ਹੋਲੀ ਤਾਕਤ ਦੇ ਨਸ਼ੇ ਵਿੱਚ ਇਨ੍ਹੇ ਹਲਕ ਜਾਂਦੇ ਨੇ ਕਿ ਲੋਕਾਈ ਨੂੰ ਹੀ ਵੱਢਣਾ ਸ਼ੁਰੂ ਕਰ ਦਿੰਦੇ ਹਨ। ਇਹ ਉਨ੍ਹਾਂ ਦੇ ਪਤਨ ਦੀ ਗੂੜ੍ਹੀ ਨਿਸ਼ਾਨੀ ਹੁੰਦੀ ਹੈ।
ਕਬੀਰ ਗਰਬੁ ਨ ਕੀਜੀਐ। ਰੰਕੁ ਨ ਹਸੀਐ ਕੋਇ॥
ਅਜਹੁ ਸੁ ਨਾਉ ਸਮੁੰਦ੍ਰ ਮਹਿ, ਕਿਆ ਜਾਨਹੁ ਕਿਆ ਹੋਇ॥
ਸਲੋਕ ਕਬੀਰ – ਪੰਨਾ 1366
ਸਾਡਾ ਦੇਸ਼ ਪੰਜਾਬ ਪੰਜਾਂ ਦਰਿਆਵਾਂ, ਪੀਰਾਂ-ਫਕੀਰਾਂ ਤੇ ਗੁਰੂਆਂ ਦੀ ਧਰਤੀ ਹੈ। ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਅਸੀਂ ਮਿਲਾਪੜੇ ਸੁਭਾਅ ਦੇ ਲੋਕ ਸੇਵਾ ਕਰਨ ਵਾਲੇ ਤੇ ਦੂਜੇ ਦੇ ਦੁੱਖ ਸੁੱਖ ਵੇਲੇ ਹਾਜ਼ਰ ਹੁੰਦੇ ਹਾਂ। ਦੂਜੇ ਪਾਸੇ ਅਸੀਂ ਸਾਰੇ ਚੌਧਰੀ ਹਾਂ, ਇਕ ਦੂਜੇ ਨੂੰ ਈਰਖਾ ਵੀ ਰੱਜ ਕੇ ਕਰਦੇ ਹਾਂ। ਪਰ ਜਦੋਂ ਵੀ ਦੇਸ਼ ਤੇ ਜਾਂ ਲੋਕਾਈ ਤੇ ਭੀੜ ਬਣੀ ਹੈ। ਸਾਡੇ ਪੁਰਖਿਆਂ ਨੇ ਜਾਨਾਂ ਤਲੀ ਤੇ ਰੱਖ ਕੇ ਕੁਰਬਾਨੀਆਂ ਦਿੱਤੀਆਂ ਹਨ। ਇਤਿਹਾਸ ਗਵਾਹ ਹੈ ਕਿ ਅਸੀਂ ਹਿੰਦੋਸਤਾਨ ਦੀ ਆਬਾਦੀ ਦਾ 2% ਹੁੰਦੇ ਹੋਏ ਵੀ ਦੇਸ਼ ਆਜ਼ਾਦ ਕਰਾਉਣ ਲਈ 80% ਕੁਰਬਾਨੀਆਂ ਕੀਤੀਆਂ ਹਨ ਤੇ ਅਜੇ ਤੱਕ ਇਹ ਸਿਲਸਿਲਾ ਜਾਰੀ ਹੈ ਤੇ ਜਾਰੀ ਰਹੇਗਾ ਕਿਉਂਕਿ ਪੰਜਾਬੀ ਬਣੇ ਹੀ ਕੁਰਬਾਨੀਆਂ ਦੇਣ ਨੂੰ ਹਨ ਤੇ ਸਾਨੂੰ ਇਸ ਗੱਲ ਤੇ ਪੂਰਾ ਮਾਣ ਵੀ ਹੈ।
ਸਭ ਤੋਂ ਵੱਧ ਕੁਰਬਾਨੀਆਂ ਦੇ ਕੇ
ਦੇਸ਼ ਆਜ਼ਾਦ ਕਰਾਇਆ ਸੀ
ਆਪਣੇ ਖੂਨ ਦਾ ਇਕ ਇਕ ਕਤਰਾ
ਦੇਸ਼ ਦੀ ਭੇਟ ਚੜਾਇਆ ਸੀ
ਫਿਰ ਵੀ ਹੱਕ ਨਹੀਂ ਮਿਲਿਆ
ਸਾਨੂੰ ਆਜ਼ਾਦ ਕਹਾਉਣ ਦਾ
ਸਾਨੂੰ ਮਾਣ ਰਹੂਗਾ ਸਦੀਆਂ ਤੱਕ ਪੰਜਾਬੀ ਹੋਣ ਦਾ
ਅੱਜ ਪੰਜਾਬੀ ਦੁਨੀਆਂ ਭਰ ਦੇ ਹਰ ਦੇਸ਼ ਵਿੱਚ ਫੈਲੇ ਹੋਏ ਹਨ ਸਾਡੀ ਖਾਸ ਗੱਲ ਇਹ ਹੈ ਕਿ ਅਸੀਂ ਜਿੱਥੇ ਵੀ ਜਾਂਦੇ ਹਾਂ ਆਪਣੀਆਂ ਜੜ੍ਹਾਂ ਜ਼ਰੂਰ ਨਾਲ ਲੈ ਕੇ ਜਾਂਦੇ ਹਾਂ। ਮਤਲਬ ਅਸੀਂ ਆਪਣੀ ਬੋਲੀ,ਆਪਣਾ ਸਭਿਆਚਾਰ, ਆਪਣੀਆਂ ਖੇਡਾਂ ਦਾ ਬੀਜ ਸਾਰੇ ਦੇਸ਼ਾਂ ਵਿੱਚ ਬੀਜਿਆ ਹੈ ਤੇ ਬੀਜ ਰਹੇ ਹਾਂ। ਸਾਡੇ ਬੱਚੇ ਸਾਡੇ ਚਿਰਾਗ, ਸਾਡਾ ਭਵਿੱਖ, ਸਾਡੀਆਂ ਪੈੜਾਂ, ਜਿਨ੍ਹਾਂ ਦੀ ਖਾਤਰ ਅਸੀਂ ਆਪਣਾ ਪੰਜਾਂ ਦਰਿਆਵਾਂ ਦੀ ਧਰਤੀ ਵਾਲਾ ਹਰਿਆ ਭਰਿਆ ਮਹਿਕਾਂ ਵੰਡਦਾ ਦੇਸ਼ ਪੰਜਾਬ ਛੱਡ ਕੇ ਪਰਦੇਸਾਂ ਵਿੱਚ ਬੈਠੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਪੰਜਾਬੀਅਤ ਦੀ ਪਛਾਣ ਦੁਨੀਆਂ ਭਰ ਵਿੱਚ ਬਣੀ ਰਹੇ। ਅਸੀਂ ਤੇ ਸਾਡੇ ਬੱਚੇ ਫਖਰ ਨਾਲ ਕਹਿ ਸਕੀਏ ਕਿ ਅਸੀਂ ਪੰਜਾਬੀ ਹਾਂ। ਪਰ ਉਸ ਵੇਲੇ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਜਦੋਂ ਸਾਡੇ ਹੀ ਕੁੱਝ ਭਟਕੇ ਹੋਏ ਵੀਰ ਸਾਡੇ ਸਮਾਜਿਕ ਕੰਮ ਜਿਹੜੇ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੋਹਫੇ ਵਜੋਂ ਸੰਭਾਲਣ ਲਈ ਦਿੰਦੇ ਹਾਂ। ਉਹਦੇ ਵਿੱਚ ਰੁਕਾਵਟਾਂ ਖੜੀਆਂ ਕਰਦੇ ਹਨ। ਇਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਨੁਕਸਾਨ ਕਿਸਦਾ ਕਰ ਰਹੇ ਹਨ। ਇਹ ਆਪਣਾ, ਆਪਣੇ ਬੱਚਿਆਂ ਦਾ ਹੀ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਸਤਿਆਨਾਸ ਕਰ ਰਹੇ ਹਨ। ਅਕਸਰ ਸਮਾਜ ਵਿੱਚ ਰਹਿੰਦਿਆਂ ਇਕ ਦੂਜੇ ਨਾਲ ਗਿਲ੍ਹੇ ਸ਼ਿਕਵੇ ਰੰਜਸ਼ਾਂ ਹੋ ਜਾਂਦੀਆਂ ਹਨ ਉਹ ਬੈਠ ਕੇ ਨਿਜਿੱਠੀਆਂ ਜਾ ਸਕਦੀਆਂ ਹਨ ਤੇ ਕਿਸੇ ਪ੍ਰੋਗਰਾਮ ਨੂੰ ਰੋਕਣ ਨਾਲ ਨਹੀਂ। ਤੇ ਨਾਂ ਹੀ ਸਮਾਜ ਦੇ ਕੰਮ ਕੁੱਝ ਬੰਦਿਆਂ ਦੇ ਰੋਕਣ ਨਾਲ ਰੁਕਦੇ ਨੇ। ਸਗੋਂ ਇਹ ਦੂਣੇ ਚੌਣੇ ਜੋਸ਼ ਨਾਲ ਸੰਪੂਰਨ ਹੁੰਦੇ ਹਨ। ਜਿਸ ਦਾ ਤਜ਼ਰਬਾ ਅਸੀਂ ਪਿਛਲੇ ਦਿਨੀਂ ਆਪਣੀ ਅੱਖੀਂ ਵੇਖਿਆ ਹੈ। ਨਿਊਜ਼ੀਲੈਂਡ ਵਿੱਚ ਰਹਿੰਦਿਆਂ ਮੇਰੇ 23 ਸਾਲਾ ਦੇ ਲੰਮੇ ਸਮੇਂ ਵਿੱਚ ਇਹ ਪਹਿਲੀ ਘਟਨਾ ਸੀ ਜਿਸ ਵਿੱਚ ਸਾਡੇ ਕੁੱਝ ਵੀਰਾਂ ਨੇ ਇਥੇ ਹੋਣ ਵਾਲੀਆਂ ਖੇਡਾਂ ਨੂੰ ਰੋਕਣ ਦਾ ਪੂਰਾ ਜੋਰ ਲਾਇਆ ਘਰੇਲੂ ਟੀਮਾਂ ਨੂੰ ਤਾਂ ਰੋਕਿਆਂ ਹੀ ਆਸਟਰੇਲੀਆ ਤੋਂ ਆਉਣ ਵਾਲੀਆਂ ਟੀਮਾਂ ਨੂੰ ਵੀ ਰੋਕਣ ਦਾ ਪੂਰਾ ਯਤਨ ਕੀਤਾ ਗਿਆ। ਪਰ ਇਹ ਬੁਰੀ ਤਰ੍ਹਾਂ ਅਸਫਲ ਰਹੇ। ਕੋਈ ਵੀ ਟੀਮ ਉਨ੍ਹਾਂ ਦੇ ਕਹਿਣ ਦੇ ਰੁਕੀ ਨਹੀਂ ਤੇ ਦੇਸ਼ ਪੰਜਾਬ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਟੂਰਨਾਮੈਂਟ ਕੁੱਝ ਸ਼ਰਾਰਤੀ ਅੰਨਸਰਾਂ ਵੱਲੋਂ ਮੁਸ਼ਕਲਾਂ ਖੜੀਆਂ ਕਰਨ ਦੇ ਬਾਵਜੂਦ ਵੀ ਬਹੁਤ ਸਫਲਤਾ ਨਾਲ ਨੇਪਰੇ ਚੜ੍ਹਿਆ। ਰੌਲਾ ਕੀ ਸੀ? ਬਸ ਉਹੀ ਚੌਧਰ ਦਾ, ਸਾਡੀ ਪੰਜਾਬੀਆਂ ਦੀ ਸ਼ਖਸੀਅਤ ਦਾ ਦੂਜਾ ਪੱਖ। ਜੇ ਸਾਡੀ ਚੌਧਰ ਨੂੰ ਪੱਠੇ ਪੈਂਦੇ ਰਹਿਣ ਤਾਂ ਅਸੀਂ ਖੁਸ਼ ਨਹੀਂ ਤਾਂ ਦੂਜੇ ਦੇ ਕੰਮ ਵਿੱਚ ਲੱਤ ਅੜਾ ਕੇ ਖੁਸ਼ ਹੋ ਲੈਂਦੇ ਹਾਂ।
ਨਾ ਖੇਲਣਾ ਨਾ ਖੇਲਣ ਦੇਣਾ
ਖੁੱਤੀ ’ਚ ਮੂਤਣਾ।
ਪਰ ਮਾੜੀ ਨੀਯਤ ਨਾਲ ਕੀਤੇ ਕੰਮ ਬਹੁਤ ਘਟ ਸਿਰੇ ਚੜਦੇ ਹਨ। ਸਾਡੇ ਘੜੰਮ ਚੌਧਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਪਛਾਨਣ ਦੀ ਕੋਸ਼ਿਸ਼ ਕਰਨ। ਅਗਰ ਉਹ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਖੂਬਸੂਰਤ ਵਾਤਾਵਰਣ ਨੂੰ ਗੰਦਲਾ ਕਰਨ ਤੋਂ ਬਾਜ ਨਾ ਆਏ ਤਾਂ ਉਨ੍ਹਾਂ ਨੂੰ ਸਾਰੇ ਪੰਜਾਬੀ ਭਾਈਚਾਰੇ ਵੱਲੋਂ ਬੜੇ ਸਖ਼ਤ ਲਫਜ਼ਾਂ ਵਿੱਚ ਚੇਤਾਵਨੀ ਦੇਣੀ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਭਿਆਨਕ ਸਿੱਟੇ ਭੁਗਤਣੇ ਪੈਣਗੇ ਤੇ ਜਿਸ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ।
ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ
ਨਾਨਕ ਦ੍ਰਿਸਟੀ ਆਇਆ
ਉਸਤਤਿ ਕਰਨੈ ਜੋਗੁ॥