ਆਕਲੈਂਡ – ਪਿਛਲੇ ਦਿਨੀਂ ਆਕਲੈਂਡ ਦੇ ਇੰਡੀਅਨ ਰੈਸਟੋਰੈਂਟ ਰਵੀਜ਼ ਵਿੱਚ ਆਕਲੈਂਡ ਦੇ ਕੁੱਝ ਨੌਜਵਾਨਾਂ ਨੇ ਪੰਜਾਬੀ ਸਭਿਆਚਾਰ ਨੂੰ ਨਿਊਜ਼ੀਲੈਂਡ ਵਿੱਚ ਪਰਫੁਲਤ ਕਰਨ ਲਈ ‘ਪੰਜਾਬੀ ਸੱਥ’ ਨਾਂ ਦੀ ਕਲੱਬ ਦਾ ਆਗਾਜ਼ ਕੀਤਾ।
ਪੰਜਾਬੀਆਂ ਦੇ ਪਹਿਲੇ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਦੇ ਐਮ.ਪੀ. ਬੰਨਣ ਦੀ ਖੁਸ਼ੀ ਵਿੱਚ ਕਲੱਬ ਵੱਲੋਂ ਰਾਤ ਦਾ ਖਾਣਾ ਦਿੱਤਾ ਗਿਆ। ਇਸ ਮਿਲਣੀ ਵਿੱਚ ਪੰਜਾਬੀ ਸੱਥ ਦੇ 50 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ। ਕੰਵਲਜੀਤ ਸਿੰਘ ਬਖਸ਼ੀ ਨੇ ਮੈਂਬਰਾਂ ਨਾਲ ਆਪਣੇ ਐਮ.ਪੀ. ਬੰਨਣ ਦੇ ਤਜ਼ਰਬੇ ਬਾਰੇ ਗੱਲਬਾਤ ਸਾਂਝੀ ਕੀਤੀ ਤੇ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਬਾਬਾ ਤੇ ਅਵਤਾਰ ਸਿੰਘ ਹੰਸ ਨੇ ਵੀ ਆਪਣੇ ਵਿਚਾਰ ਮੈਂਬਰਾਂ ਨਾਲ ਸਾਂਝੇ ਕੀਤੇ। ਪੰਜਾਬੀ ਸੱਥ ਵੱਲੋਂ ਬੋਲਦਿਆਂ ਗੁਰਿੰਦਰ ਢੱਟ ਨੇ ਦੱਸਿਆ ਕਿ ਕਲੱਬ ਆਪਣੇ ਪਹਿਲੇ ਸਾਲ 9 ਮਈ ਨੂੰ ਟੈਲਸਟਰਾ ਕਲੀਅਰ ਸਟੇਡੀਅਮ ਵਿੱਖੇ ਗਿੱਧੇ ਭੰਗੜੇ ਦੇ ਮੁਕਾਬਲੇ ਕਰਵਾ ਕੇ ਘਰੇਲੂ ਕਲਾਕਾਰਾਂ ਨੂੰ ਉਤਸ਼ਾਹਿਤ ਕਰੇਗਾ। ਉਥੇ 11 ਜੁਲਾਈ ਨੂੰ ਸਾਹਿਤ ਪ੍ਰੇਮੀਆਂ ਲਈ ਸੁਰਜੀਤ ਪਾਤਰ ਨਾਈਟ ਦਾ ਆਯੋਜਨ ਕੀਤਾ ਗਿਆ ਹੈ। ਅੱਜ ਦੇ ਯੁੱਗ ਦੇ ਸਿਰਮੋਰ ਕਵੀ ਸੁਰਜੀਤ ਪਾਤਰ ਅਤੇ ਕਵਿਤਰੀ ਸੁਖਵਿੰਦਰ ਅੰਮ੍ਰਿਤ ਆਪਣੀਆਂ ਕਵਿਤਾਵਾਂ ਨਾਲ ਸਾਹਿਤਿਕ ਪ੍ਰੇਮੀਆਂ ਨੂੰ ਕੀਲਣ ਆ ਰਹੇ ਹਨ। ਪੰਜਾਬੀ ਸੱਥ ਵੱਲੋਂ ਸਾਰੇ ਪੰਜਾਬੀ ਭਾਈਚਾਰੇ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਆਉਣ ਵਾਲਾ ਸਾਲ ਸਾਰਿਆਂ ਲਈ ਸ਼ੁੱਭ ਹੋਵੇ।