ਪੰਜਾਬ ਹਰਿਆਣਾ ਹਾਈਕੋਰਟ ਦੋ ਸੂਬਿਆਂ ਦੀ ਸਾਂਝੀ ਹੋਣ ਕਾਰਨ ਮੇਰੇ ਨਾਲ ਹਰਿਆਣਵੀ ਵਕੀਲ ਵੀ ਵਕਾਲਤ ਕਰਦੇ ਹਨ। ਹਰਿਆਣੇ ਦੇ ਜਾਟ ਤੇ ਪੰਜਾਬ ਦੇ ਜੱਟਾਂ ਵਿੱਚ ਸਿਰਫ ਦਾੜ੍ਹੀ ਦਾ ਫਰਕ ਹੀ ਨਹੀ,ਂ ਮਾਨਸਿਕਤਾ ਦਾ ਵੀ ਫਰਕ ਹੈ। ਮੈਂਨੂੰ ਕਈ ਹਰਿਆਣਵੀ ਜਾਟ ਵਕੀਲ ਕਹਿੰਦੇ ਰਹਿੰਦੇ ਹਨ ਕਿ “ਹਰਿਆਣੇ ਦੇ ਭਵਾਨੀਂ,ਨਾਰਨੌਲ,ਫਰੀਦਾਬਾਦ ਵਰਗੇ ਪੱਛੜਿਆਂ ਜਿਲ੍ਹਿਆਂ ਦੇ ਗਰੀਬ ਤੇ ਬੇਰੋਜਗਾਰ ਵਸਨੀਕਾਂ ਨੂੰ ਜੇ ਕੋਈ ਪੁੱਛੇ ਕਿ ਵਿਦੇਸ਼ ਜਾਣਾ ਹੈ? ਜਵਾਬ ਦੀ ਥਾਂ ਸਵਾਲ ਕਰਨਗੇ, ਕੇ ਕਰੇਂਗੇ? ਤੇ ਤੁਹਾਡੇ ਪੰਜਾਬ ਵਿੱਚ ਲੋਕ ਜਹਾਜ ਦੇ ਪਹੀਆਂ ਨਾਲ ਲਟਕ ਕੇ ਵੀ ਮਰਨ ਲਈ ਤਿਆਰ ਹਨ। ਕੇ ਬਾਤ ਹੈ ਸਰਦਾਰ ਜੀ? ਦੋ ਵਕਤ ਕੀ ਰੋਟੀ ਤੋ ਪੰਜਾਬ ਮੇਂ ਸੱਭੀ ਖਾਵੈ ਹੈ।”
ਪਰਵਾਸ ਕੁਦਰਤੀ ਵਰਤਾਰਾ ਹੈ। ਜਾਨਵਰ ਤੇ ਪੰਛੀ ਵੀ ਚੰਗੇਰੀਆਂ ਚਰਾਗਾਹਾਂ ਤੇ ਚੋਗ ਲਈ ਦੂਰ ਦੁਰਾਡੇ ਚੋਗ ਚੁਗਣ ਗਏ ਉੱਥੇ ਹੀ ਰਹਿ ਜਾਂਦੇ ਹਨ। ਪਰ ਅੱਜ ਦੇ ਪੰਜਾਬ ਦੀ ਸਮੱਸਿਆ ਕੁੱਝ ਵੱਖਰੀ ਹੈ। ਇੱਥੇ ਤਾਂ ਕੋਈ ਰਹਿਣਾ ਹੀ ਨਹੀਂ ਚਾਹੁੰਦਾ। ਇੰਗਲੈਂਡ,ਅਮਰੀਕਾ ਅਤੇ ਕਨੇਡਾ ਵਿੱਚ ਘੁੰਮਦਿਆਂ ਮੈਂ ਅਨੇਕਾਂ ਮਿੱਤਰਾਂ ਦੇ ਮਨ ਫਰੋਲਕੇ ਪੰਜਾਬੀਆਂ ਦੇ ਪ੍ਰਵਾਸ ਦੇ ਕਾਰਨ ਜਾਨਣ ਦੀ ਕੋਸਿ਼ਸ਼ ਕੀਤੀ ਹੈ। ਪੰਜਾਬੀਆਂ ਦੇ ਪਰਵਾਸ ਦੇ ਗਰੀਬੀ, ਬੇਰੋਜਗਾਰੀ ਜਾਂ ਅਖੌਤੀ ਡਾਲਰਾਂ ਦੀ ਚਮਕ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ। ਜੇ ਸਿਰਫ ਰੋਜੀ- ਰੋਟੀ ਹੀ ਸਮੱਸਿਆ ਹੁੰਦੀ ਫਿਰ ਪੰਜਾਬ ਦੇ ਖਾਂਦੇ ਪੀਂਦੇ ਲੋਕਾਂ,ਇੰਜਨੀਅਰਾਂ,ਵਕੀਲਾਂ,ਡਾਕਟਰਾਂ,ਪ੍ਰਿੰਸੀਪਲਾਂ ਨੇ ਟਰਾਂਟੋ ਤੇ ਨਿਊਯਾਰਕ ਵਿੱਚ ਟੈਕਸੀਆਂ ਨਹੀਂ ਸਨ ਚਲਾਉਣੀਆਂ। ਸਮੱਸਿਆ ਸਾਇਕੀ ਦੀ ਵੀ ਹੈ। ਪੰਜਾਬੀਆਂ ਦੇ ਪ੍ਰਵਾਸ ਦੇ ਅਨੇਕਾਂ ਕਾਰਨ ਹਨ।
ਜਿਵੇਂ ਪੰਜਾਬ ਦਾ ਭ੍ਰਿਸ਼ਟ ਪਰਬੰਧਕੀ ਢਾਂਚਾ, ਮਿਹਨਤ ਤੇ ਇਮਾਨਦਾਰੀ ਦਾ ਮੁੱਲ ਨਾ ਪੈਣਾ, ਰਿਸ਼ਵਤਖੋਰੀ,ਕਮਚੋਰੀ, ਸੀਂਨਾਜੋਰੀ ਤੇ ਮਿਲਾਵਟਖੋਰੀ ਕਾਰਨ ਪੈਰ ਪੈਰ ਤੇ ਜਖ਼ਮੀਂ ਹੁੰਦਾ ਸਵੈਮਾਨ ; ਅਸੁਰੱਖਿਆ ਦੀ ਭਾਵਨਾਂ, ਦਾਜ ਦੀ ਸਮੱਸਿਆ,ਸਿਆਸੀ,ਧਾਰਮਿਕ ,ਸਮਾਜਿਕ ਤੇ ਵਾਤਾਵਰਨ ਪ੍ਰਦੂਸ਼ਨ ,ਵਿਦੇਸ਼ਾਂ ਦਾ ਚੰਗਾ ਪ੍ਰਬੰਧਕੀ ਢਾਂਚਾ,ਦੂਰ ਦੇ ਢੋਲ ਸੁਹਾਵਣੇ ਲੱਗਣੇ,ਰਿਸ਼ਤੇਦਾਰਾਂ ਤੇ ਸ਼ਰੀਕਾਂ ਵਿੱਚ ਵੱਡਾ ਅਖਵਾਉਣ ਦੀ ਹਉਮੈਂ,ਪੰਜਾਬ ‘ਚ ਹੱਥੀਂ ਕਿਰਤ ਕਰਨ ਨੂੰ ਨਖਿੱਧ ਸਮਝਿਆ ਜਾਣਾ, ਲੜਾਕੂ ਕੌਮਾਂ ਵਾਲਾ ਮਸ਼ਹੂਰ ਹੋਣ ਦਾ ਸੰਕਲਪ,ਪ੍ਰਵਾਸੀ ਪੰਜਾਬੀਆਂ ਵੱਲੋੰ ਪੰਜਾਬ ਵਿੱਚ ਕੀਤੀ ਜਾਂਦੀ ਵਿਖਾਵੇਬਾਜੀ ਅਤੇ ਮੂਰਤਾਂ ਵਰਗੀਆਂ ਮੇਮਾਂ । ਇਹ ਸਾਰੇ ਕਾਰਨ ਵੱਖਰੇ ਵੱਖਰੇ ਲੇਖਾਂ ਵਿੱਚ ਹੀ ਆ ਸਕਦੇ ਹਨ। ਅੱਜ ਵਾਲੇ ਲੇਖ ਵਿੱਚ ਸਿਰਫ ਪੰਜਾਬੀਆਂ ਦੀ ਮੇਂਮ ਸਮੱਸਿਆ ਦੀ ਹੀ ਗੱਲ ਕਰਾਂਗੇ।
ਇਸ ਅਗਸਤ ਦੀ ਇੱਕ ਸ਼ਾਂਮ , ਮੈਂ ਆਪਣੇ ਕੁੱਝ ਦੋਸਤਾਂ, ਜਿਨ੍ਹਾਂ ਵਿੱਚ ਚੰਡੀਗੜ੍ਹ ਤੋਂ ਕਨੇਡਾ ਗਏ ਮੇਰੇ ਇੱਕ ਡਾਕਟਰ ਦੋਸਤਂ ਅਤੇ ਗੁਰਚਰਨ ਟੱਲੇਵਾਲੀਏ ਹੋਰਾਂ ਨਾਲ ਸਰ੍ਹੀ ਕਨੇਡਾ ਦੇ ਬੀਅਰ ਕਰੈਕ ਪਾਰਕ ਵਿੱਚ ਸੈਰ ਕਰ ਰਿਹਾ ਸਾਂ। ਅਚਾਨਕ ਇੰਡੀਆ ਤੋਂ ਫੋਂਨ ਆ ਗਿਆ। ਚੰਡੀਗੜ੍ਹੋਂ ਮੇਰੇ ਦੋਸਤ ਦੀ ਯੂਨੀਵਰਸਟੀ ‘ਚ ਪੜ੍ਹਾਉਂਦੀ ਪ੍ਰੋਫੈਸਰ ਪਤਨੀ ਨੇ ਫੋਂਨ ਤੇ ਨਿਹੋਰਾ ਮਾਰਦਿਆਂ ਕਿਹਾ , “ਕੀ ਗੱਲ ਹਫਤਾ ਹੋ ਗਿਆ ਫੋਂਨ ਨਹੀਂ ਕੀਤਾ, ਕਿਤੇ ਕੋਈ ਮੇਂਮ ਤਾਂ ਨਹੀਂ ਮਿਲ ਗਈ?” ਮੇਰਾ ਆੜੀ ਸਫਾਈਆਂ ਦੇਣ ਲੱਗਾ। ਉਸ ਤੋਂ ਮਹੀਨੇ ਬਾਅਦ ਮੈਂ ਅਮਰੀਕਾ ਹੁੰਦਾ ਹੋਇਆ ਵਾਪਸ ਚੰਡੀਗੜ੍ਹ ਆ ਗਿਆ। ਅਸੀਂ ਦਸ ਕੁ ਵਕੀਲ ਅਤੇ ਸਾਡੇ ਇੱਕ ਮਿੱਤਰ ਵਕੀਲ ਜੋ ਪਿਛਲੇ ਮਹੀਨੇ ਹੀ ਹਾਈਕੋਰਟ ਦੇ ਜੱਜ ਬਣੇ ਸਨ, ਸਾਰੇ ਇਕੱਠੇ ਬੇਠੇ ਬਾਰ ਰੂਮ ਵਿੱਚ ਕੌਫੀ ਪੀ ਰਹੇ ਸੀ।ਉਸ ਦਿਨ ਚੰਡੀਗੜ੍ਹ ਵਿੱਚ ਇੱਕ ਜਰਮਨ ਸੈਲਾਂਨੀ ਕੁੜੀ ਨੂੰ ਪੰਜ ਛੇ ਮੁੰਡਿਆਂ ਵੱਲੋਂ ਅਗਵਾਹ ਕਰਨ ਦੀ ਖਬਰ ਦੇ ਚਰਚੇ ਜੋਰਾਂ ਤੇ ਸਨ। ਇੱਕ ਬਜੁਰਗ ਵਕੀਲ ਬੋਲਿਆ, “ ਵੇਖੋ ਜੀ ਮੇਮਾਂ ਇੱਕ ਦੋ ਆਦਮੀਆਂ ਦਾ ਤਾਂ ਗੁੱਸਾ ਨਹੀਂ ਕਰਦੀਆਂ।ਇਹ ਪੰਜ ਛੇ ਮੁੰਡਿਆਂ ਕਰਕੇ ਰੌਲਾ ਪੈ ਗਿਆ।” ਕੌਫੀ ਦਾ ਕੱਪ ਮੇਜ ਤੇ ਰੱਖਦਿਆਂ ਦੂਸਰੇ ਵਕੀਲ ਨੇ ਆਪਣੇ ਵਿਚਾਰ ਦੱਸੇ, “ਇਨ੍ਹਾਂ ਦੀ ਗੱਲ ਠੀਕ ਹੈ, ਦੋ ਤਿੰਨ ਆਦਮੀਆਂ ਤੱਕ ਤਾਂ ਮੇਮਾਂ ਬੁਰਾ ਨਹੀਂ ਮੰਨਾਉਂਦੀਆਂ ,ਸਗੋਂ ਖੁਸ਼ ਹੁੰਦੀਆਂ । ਗੱਲ ਵਿੱਚੋਂ ਕੋਈ ਹੋਰ ਹੋਵੇਗੀ।” ਮੇਜ ਦੇ ਕੋਨੇਂ ਤੇ ਬੈਠੇ ਤੀਜੇ ਵਕੀਲ ਨੇ ਕੌਫੀ ਖਤਮ ਕਰਦਿਆਂ ਮੁੱਛਾਂ ਪੂੰਝਦਿਆਂ ਕਾਨੂੰਨੀ ਨੁਕਤਾ ਦੱਸਿਆ, “ ਅਖਬਾਰਾਂ ਵਿੱਚ ਛਪੀ ਖਬਰ ਮੁਤਾਬਕ ਮੇਂਮ ਨੇ ਮੁੰਡਿਆਂ ਦੀ ਜੀਪ ਪਾਰਕਿੰਗ ਵਿੱਚੋਂ ਕੱਢ ਕੇ ਦਿੱਤੀ।ਉਹਦੀ ਇਹ ‘ਹਰਕਤ’ ਹੀ ਸਾਬਤ ਕਰਦੀ ਹੈ ਕਿ ਮੇਂਮ ਦੀ ‘ਪ੍ਰੋਗਰਾਂਮ ਕਰਨ’ ਦੀ ਆਪਣੀ ਵੀ ਮਰਜੀ ਸੀ । ਐਵੇਂ ਕੋਈ ਕੁੜੀ ਅੱਧੀ ਰਾਤੀਂ ਬੇਗਾਂਨੀ ਜੀਪ ਕਿਉਂ ਚਲਾਵੇਗੀ?” ਆਪਣੇ ਕੌਫੀ ਕੱਪ ਵਿੱਚ ਫੇਰਿਆ ਜਾ ਰਿਹਾ ਚਮਚਾ ਮੈਂ ਮੱਥੇ ਵਿੱਚ ਮਾਰ ਲਿਆ। ਮੈਂ ਸਾਰਿਆਂ ਨੂੰ ਕਿਹਾ ਭਰਾਵੋ ਜੇ ਚੰਡੀਗੜ੍ਹ ਵਿੱਚ ਰਹਿੰਦੇ ਅਤੇ ਯੂਨੀਵਰਸਿਟੀ ਤੇ ਹਾਈਕੋਰਟ ਦੀ ਪੱਧਰ ਦੇ ਲੋਕਾਂ ਦੇ ਮੇਮਾਂ ਬਾਰੇ ਇਹ ਵਿਚਾਰ ਹਨ ਤਾਂ ਆਂਮ ਆਦਮੀਂ ਕੀ ਸੋਚਦਾ ਹੋਵੇਗਾ?
ਆਂਮ ਪੰਜਾਬੀ ਇੰਜ ਸੋਚਦਾ ਹੈ। ਅੱਸੀਵਿਆਂ ਦੇ ਸ਼ੁਰੂ ਵਿੱਚ ਮੈਂ ਬਠਿੰਡੇ ਕਚਹਿਰੀ ਵਿੱਚ ਵਕਾਲਤ ਸ਼ੁਰੂ ਕੀਤੀ ਸੀ।ਇਕ ਦਿਨ ਮੇਰੇ ਹੀ ਪਿੰਡ ਕੋਟਫੱਤੇ ਦਾ ਲਾਲੀ ਆ ਕੇ ਕਹਿਣ ਲੱਗਾ, “ਵੀਅਤਨਾਂਮ ਵਿੱਚ ਸਾਰੇ ਬੰਦੇ ਮਾਰੇ ਗਏ।ਉੱਥੇ ਇਕੱਲੀਆਂ ਮੇਮਾਂ ਹੀ ਰਹਿ ਗਈਆਂ।ਉਨ੍ਹਾਂ ਦੇ ਬੱਚੇ ਪੈਦਾ ਕਰਨ ਲਈ ਉਹ ਬਾਹਰੋਂ ਆਦਮੀਂ ਬੁਲਾ ਰਹੇ ਹਨ। ਕਹਿੰਦੇ ਪੰਜਾਬੀਆਂ ਨੂੰ ਇਸ ਕੰਮ ਵਿੱਚ ਪਹਿਲ ਦੇ ਰਹੇ ਹਨ। ਤੁਸੀਂ ਮੇਰੇ ਕਾਗਜ ਬਣਵਾ ਕੇ ਦਿਉ।” ਉਹਦੀ ਗੱਲ ਸੁਣਕੇ ਮੈਂ ਚੌਂਕਿਆ। ਕੋਲ ਹੀ ਬੈਠੇ ਇੱਕ ਬੁੱਢੇ ਮੁਨਸ਼ੀ ਨੇ ਦੱਸਿਆ ਕਿ ‘ਕਚਹਿਰੀਆਂ ਵਿੱਚ ਕਈ ਦਿਨ ਤੋਂ ਇਹ ਅਫਵਾਹ ਚੱਲ ਰਹੀ ਹੈ। ਤਹਿਸੀਲ ਵਿੱਚ ਮੌੜਾਂ ਵਾਲੇ ਅਰਜੀ ਨਵੀਸ ਸਿੰਗਲੇ ਨੇ ਕਈ ਆਦਮੀਆਂ ਦੇ ਕਾਗਜ ਬਣਵਾਏ ਵੀ ਹਨ।’ ਹੁਣ ਤੱਕ ਮੈਂ ਅਚਾਾਂਨਕ ਹੋਏ ਵਾਰ ਤੋਂ ਸੰਭਲ ਗਿਆ ਸੀ। ਲਾਲੀ ਨੂੰ ਸਮਝਾਉਂਦਿਆਂ ਮੈਂ ਕਿਹਾ, “ ਮਸਾਂ ਮਸਾਂ ਵੀਅਤਨਾਂਮ ਦੀ ਜੰਗ ਖਤਮ ਹੋਈ ਹੈ।ਉੱਥੋਂ ਦੀ ਨਵੀਂ ਪੀਹੜੀ ਧਰਤੀ ਵਿੱਚ ਬਣਾਈਆਂ ਸੁਰੰਗਾਂ ਵਿੱਚ ਮੀਂਹ ਵਾਂਗ ਵਰ੍ਹਦੇ ਬੰਬਾਂ ਦੀ ਬੁਛਾੜ ਹੇਠ ਜਵਾਂਨ ਹੋਈ ਹੈ।ਸਾਰੀ ਦੁਨੀਆਂ ਉਨ੍ਹਾਂ ਨਾਲ ਹਮਦਰਦੀ ਜਤਾ ਰਹੀ ਹੈ। ਭਲੇ ਲੋਕੋ ਤੁਸੀਂ ਆਪਣੇ ਵਤਨ ਲਈ ਸ਼ਹੀਦ ਹੋਏ ਉਨ੍ਹਾਂ ਸ਼ਹੀਦਾਂ ਦੀਆਂ ਵਿਧਵਾਵਾਂ ਦੇ ਬੱਚੇ ਪੈਦਾ ਕਰਨ ਲਈ ਜਾਣਾ ਚਾਹੁੰਦੇ ਹੋ। ਨਾਲੇ ਵੀਅਤਨਾਂਮਨਾਂ ਮੇਮਾਂ ਨਹੀਂ ਹਨ।ਉਹ ਮੰਗੋਲ ਨਸਲ ਦੀਆਂ ਨਿੱਕੀਆਂ ਨਿੱਕੀਆਂ ਔਰਤਾਂ ਹਨ। ਮਾੜੀ ਮੋਟੀ ਸੰਗ ਮੰਨੋਂ। ”
ਜਗਮੋਹਨ ਕੌਰ ਦਾ ਇੱਕ ਗਾਣਾ ਹੁੰਦਾ ਸੀ, ‘ਵੇ ਰੱਖ ਲਿਆ ਮੇਮਾਂ ਨੇਂ ਵਿਹੁ ਖਾ ਕੇ ਮਰ ਜਾਵਾਂ’। ਰਣਜੀਤ ਕੌਰ ਦਾ ਵੀ ਇੱਕ ਗਾਣਾ ਸੀ, ‘ ਮੇਰਾ ਜੇਠ ਜਪਾਨੋਂ ਆਇਆ ਨੀ,ਇੱਕ ਨਰਦ ਮਾਰਕੇ ਲਿਆਇਆ ਰੰਗ ਦੀ ਲਾਲ ਕੁੜੇ’।ਇਹੋ ਜਿਹੇ ਅਨੇਕਾਂ ਗੀਤ ਪੰਜਾਬੀ ਪੇਂਡੂ ਔਰਤਾਂ ਦੀ ਗੋਰੀਆਂ ਬਾਰੇ ਮਾਨਸਿਕਤਾ ਦਰਸਾਉਂਦੇ ਹਨ। ਦਿਲਚਸਪ ਗੱਲ ਤਾਂ ਇਹ ਹੈ ਕਿ ਯੂਨੀਵਰਸਿਟੀ ਦੀਆਂ ਪ੍ਰੋਫੈਸਰਨੀਆਂ ਵੀ ਮੇਮਾਂ ਨੂੰ ਲੁੱਚੀਆਂ ਤੀਵੀਆਂ ਸਮਝਦੀਆਂ ਹਨ ਜਿਹੜੀਆਂ ੳੇਨ੍ਹਾਂ ਦੇ ਪਤੀਆਂ ਨੂੰ ‘ਮਾੜੇ ਕੰਮਾਂ’ ਲਈ ਉਕਸਾਉਂਦੀਆਂ ਹਨ। ਵਿਦੇਸ਼ੀ ਔਰਤਾਂ ਬਾਰੇ ਇੱਕ ਮੁਹਾਵਰਾ ਹੈ ਕਿ ਪੱਛਮ ਵਿੱਚ ਤਿੰਨ ਡਬਲਿਊ ਦਾ ਕੋਈ ਨਹੀਂ ਪਤਾ, ਵਰਕ,ਵੈਦਰ ਤੇ ਵੂਮੈਂਨ। ਹੋਰ ਕੁੱਝ ਦੱਸੇ ਨਾ ਦੱਸੇ,ਇਹ ਮੁਹਾਵਰਾ ਹਰ ਪੰਜਾਬੀ, ਪੰਜਾਬ ਆ ਕੇ ਲੋਕਾਂ ਨੂੰ ਜਰੂਰ ਸੁਣਾਉਂਦਾ ਹੈ। ਜਦੋਂ ਕਿ ਪੰਜਾਬੀ ਔਰਤਾਂ ਲਈ ਮੁਹਾਵਰਾ ਬਣ ਸਕਦਾ ਹੈ ਕਿ ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਉਨ੍ਹਾਂ ਲਈ ਕੁੱਟ,ਬੇਵਫਾਈ ਤੇ ਬਦਸਲੂਕੀ ਦਾ ਕੋਈ ਪਤਾ ਨਹੀਂ ਪੰਜਾਬੀ ਮਰਦਾਂ ਵੱਲੋਂ ਤਿੰਨੋਂ ਕਦੋਂ ਮਿਲ ਜਾਣ।
ਪੰਜਾਬੀਆਂ ਦੇ ਮੇਮਾਂ ਬਾਰੇ ਅਜਿਹੇ ਨਜਰੀਏ ਦੇ ਕਈ ਕਾਰਨ ਹਨ ਜਿਨ੍ਹਾਂ ਵਿੱਚਂ ਮੁੱਖ ਹੈ ਵਿਦੇਸ਼ੋਂ ਮੁੜਕੇ ਪੰਜਾਬ ਆਉਂਦੇ ਬਹੁਤੇ ਪੰਜਾਬੀਆਂ ਦੇ ਗੱਪ ਤੇ ਵਿਦੇਸ਼ੀ ਸੱਭਿਆਚਾਰ ਨੂੰ ਸਿਰਫ ਐਸ਼ਪ੍ਰਸਤੀ ਵਾਲਾ ਸੱਭਿਆਚਾਰ ਸਮਝਣ ਦਾ ਸਾਡਾ ਭਰਮ। ਇੰਜ ਹੀ ਚੰਡੀਗੜ੍ਹ ਡੀ.ਏ.ਵੀ. ਕਾਲਜ ਦੇ ਸਾਡੇ ਮਿੱਤਰ, ਪ੍ਰੋਫੈਸਰ ਸ਼ਰਮਾਂ ਜੀ ਕੋਈ ਦਸ ਕੁ ਸਾਲ ਪਹਿਲਾਂ ਇੰਗਲੈਂਡ ਜਾ ਕੇ ਆਏ ਸਨ। ਚੰਡੀਗੜ ਕਲੱਬ ਵਿੱਚ ਤੰਬੋਲੇ ਵਾਲੇ ਦਿਨ ਉਹ ਅਕਸਰ ਆਪਣੀ ਉਸ ‘ਅਸਫਲ ਫੇਰੀ’ ਦਾ ਜਿਕਰ ਕਰਦੇ ਦੱਸਿਆ ਕਰਦੇ ਹਨ ਕਿ, “ਮੈਂ ਇੱਕ ਮਹੀਨਾ ਸਾਰੇ ਲੰਡਨ ਘੁੰਮਦਾ ਰਿਹਾ ਹਾਂ। ਮੈਂਨੂੰ ਇੱਕ ਵੀ ਮੇਂਮ ਨੇ ਨਾ ਤਾਂ ਆਪਣੇ ਨਾਲ ਡਾਂਸ ਕਰਨ ਨੂੰ ਕਿਹਾ ਤੇ ਨਾਂ ਹੀ ਡਿੱਨਰ ਜਾਂ ਡੇਟ ਤੇ ਜਾਣ ਲਈ ਕਦੀ ਕਿਹਾ ਸੀ। ਜਦੋਂ ਕਿ ਅਸੀਂ ਤਾਂ ਬਚਪਣ ਤੋਂ ਇਹੀ ਸੁਣਦੇ ਆ ਰਹੇ ਸੀ ਕਿ ਮੇਮਾਂ ਤਾਂ ਕਿਸੇ ਨੂੰ ਨਾਂਹ ਹੀ ਨਹੀਂ ਕਰਦੀਆਂ। ਜਿਹੜੀ ਨੂੰ ਮਰਜੀ ‘ਪੁੱਛ ਲੳ’ੁ। ਜੇ ਪਹਿਲਾਂ ਹੀ ‘ਬੁੱਕ ਹੋਣ’ ਤਾਂ ਕਹਿ ਦੇਣ ਗੀਆਂ ਕਿ ‘ਸੌਰੀ ਮੈਂ ਬਿਜੀ ਹਾਂ’। ਗੁੱਸਾ ਬਿਲਕੁੱਲ ਨਹੀਂ ਕਰਦੀਆਂ। ਮੇਮਾਂ ਬਾਰੇ ਸਾਰਾ ਝੂਠ ਹੀ ਸੁਣਦੇ ਸੀ।”
ਵਿਦੇਸ਼ੋਂ ਪੰਜਾਬ ਆਏ ਕੁੱਝ ਪੜ੍ਹੇ ਲਿਖੇ ਲੋਕ ਹੀ ਸੱਚ ਬੋਲਦੇ ਰਹੇ ਹਨ। ਆਂਮ ਤੌਰ ਤੇ ਵਿਦੇਸ਼ੋਂ ਆਏ ਬਹੁਤੇ ਪੰਜਾਬੀ, ਔਰਤ ਦੀ ਔੜ ਲੱਗੇ ਪੰਜਾਬੀਆਂ ਨੂੰ ਮੇਮਾਂ ਦੇ ਨਕਸ਼ੇ ਵਾਹ ਕੇ ਦੱਸਦੇ ਰਹੇ ਹਨ ਕਿ “ਉਨ੍ਹਾਂ ਦੇ ਸੁਨਹਿਰੀ ਵਾਲ, ਘੋੜੀ ਵਾਂਗ ਛਾਲਾਂ ਮਾਰਦੀਆਂ, ਰੇਵੀਏ ਚਾਲ ਚੱਲਦੀਆਂ ਦੇ ਨਿੱਕੀਆਂ ਨਿੱਕੀਆਂ ਨਿੱਕਰਾਂ ਥੱਲੇ ਦਿੱਸਦੇ ਗੋਰੇ ਪੱਟ। ਸੜਕਾਂ ਤੇ ਸ਼ਰੇਆਂਮ ਜੱਫੀਆਂ ਪਾਈ,ਕਿੱਸ ਕਰਦੀਆਂ ਨੀਲੀਆਂ ਅੱਖਾਂ ਵਾਲੀਆਂ ਮੇਮਾਂ, ਜਦੋਂ ਕੋਲੋਂ ਲੰਘਦਿਆਂ ਨੂੰ ‘ਹਾਏ ਡੀਅਰ’ ਕਹਿੰਦੀਆਂ ਹਨ ਤਾਂ ਭਰਾਵੋ ਪੁਛੋ ਕੁੱਝ ਨਾਂ। ਉਹ ਪੰਜਾਬੀਆਂ ਨੂੰ ਸੱਭ ਤੋਂ ਉੱਤੇ ਮੰਨਦੀਆਂ।ਇਹ ਤਾਂ ਰੱਬ ਧੋਖਾ ਦੇ ਗਿਆ ਜਿਹੜਾ ਸਾਨੂੰ ਇੱਥੇ ਪੈਦਾ ਕਰ ਗਿਆ।”
ਓਦੋਂ ਹਰੇਕ ਪੰਜਾਬੀ ਹਿੱਸੇ ਆਉਂਦੀ, ਜਮੀਂਨ ਵੇਚਕੇ ਮੇਮਾਂ ਵੇਖਣ ਦੇ ਸੁਪਣੇ ਦੇਖਣ ਲੱਗ ਜਾਂਦਾ ਹੈ।ਪਿਛਲੇ ਸੌ ਸਾਲ ਤੋਂ ਜਿਹੜਾ ਵੀ ਵਿਦੇਸ਼ ਹੋ ਕੇ ਆਇਆ ਉਨ੍ਹਾਂ ਵਿੱਚੋਂ ਬਹੁ ਗਿਣਤੀ ਨੇ ਪੰਜਾਬ ਵਿੱਚ ਆ ਕੇ ਮੇਮਾਂ ਬਾਰੇ ਅਜਿਹੀਆਂ ਕਲਪਤ ਝੂਠੀਆਂ ਕਹਾਣੀਆਂ ਸੁਣਾਈਆਂ ਕਿ ਆਂਮ ਪੰਜਾਬੀ ਇਹੀ ਸਮਝਣ ਲੱਗ ਪਿਆ ਕਿ ‘ਮੇਮਾਂ ਤਾਂ ਸੱਜੇ ਹੱਥ ਸਿਗਰਟ ਤੇ ਖੱਬਾ ਹੱਥ ਆਪਣੀ ਸਕੱਰਟ ਨੂੰ ਪਾਈ ਉਡੀਕ ਰਹੀਆਂ ਹਨ। ਬੱਸ ਇੱਕ ਵਾਰੀ ਔਖੈ ਸੌਖੇ ਹੋ ਕੇ ਉੱਥੇ ਪਹੁੰਚਣ ਦੀ ਲੋੜ ਹੈ, ਫੇਰ ਤਾਂ ‘ਸਾਡਾ ਵਾਖਰੂ’ ਲਹਿਰਾਂ ਲਾ ਦੇਵੇਗਾ।’ ਜਦੋਂ ਕਿ ਅਜਿਹਾ ਕੁੱਝ ਵੀ ਨਹੀਂ। ਦਰਅਸਲ ਵਰ੍ਹਿਆਂ ਬੱਧੀ ਔਰਤ ਤੋਂ ਦੂਰ ਰਹਿਣ ਕਾਰਨ ਸਧਾਰਣ ਸਰੀਰਕ ਤ੍ਰਿਪਤੀ ਦੀ ਲੋੜ ਵੀ ਮਾਨਸਿਕ ਬਿਮਾਰੀ ਬਣ ਜਾਂਦੀ ਹੈ। ਇਹੀ ਸਾਡੇ ਮੇਮਾਂ ਬਾਰੇ ਨਜਰੀਏ ਦਾ ਦੁਖਾਂਤ ਹੈ।
ਸਾਡੇ ਦਾਦੇ ਪੜਦਾਦੇ ਵੀ ਮੇਮਾਂ ਬਾਰੇ ਇੰਜ ਹੀ ਸੋਚਦੇ ਸਨ। ਸਭਰਾਵਾਂ ਦੀ ਲੜਾਈ ਵੇਲੇ ਸਿੱਖ ਫੌਜਾਂ ਵੱਲੋਂ ਜਾਂਨ ਹੂਲਵੀਂ ਲੜੀ ਗਈ ਲੜਾਈ ਤੇ ਅੱਸ਼ ਅੱਸ਼ ਕਰਦਾ ਸ਼ਾਹ ਮੁਹੰਮਦ ਲਿਖਦਾ ਹੈ, “ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,ਵਾਂਙ ਨਿੰਬੂਆਂ ਲਹੂ ਨਚੋੜ ਸੁੱਟੇ।” ਪਰ ਨਾਲ ਹੀ ਸਿੱਖ ਫੌਜਾਂ ਦੇ ਮੇਮਾਂ ਬਾਰੇ ਗੁਪਤ ਏਜੰਡੇ ਦਾ ਜਿਕਰ ਕਰਦਾ ਲਿਖਦਾ ਹੈ ਕਿ ਲੜਾਈ ਲਈ ਤੁਰਨ ਤੋਂ ਪਹਿਲਾਂ ਸਿੰਘ ਕਹਿੰਦੇ ਸਨ,“..ਫੇਰ ਵੜਾਂਗੇ ਉਨ੍ਹਾਂ ਦੇ ਸਤਰ-ਖਾਂਨੇ,ਬੰਨ੍ਹ ਲਿਆਵਾਂਗੇ ਸਾਰੀਆਂ ਗੋਰੀਆਂ ਨੀ।” ਇਹ ਤਾਂ ਕਦੁਰਤੀ ਪਾਸਾ ਪੁੱਠਾ ਪੈ ਗਿਆ ।ਜਿਵੇਂ ਨਿਪੋਲੀਅਨ ਦਾ ਵਾਟਰਲੂ ਅਤੇ ਹਿਟਲਰ ਦਾ ਨੌਰਮੰਡੀ ਵਿੱਚ ਪਿਆ ਸੀ । ਵਰਨਾਂ ਪੰਜਾਬ ਦੇ ਹਰ ਪਿੰਡ ਵਿੱਚ ਗੁੱਤ ਵਾਲੀਆਂ ਜੈਨੀਫਰ ਕੌਰਾਂ ਜਾਗੋ ਕੱਢਦੀਆਂ ਨਜਰੀਂ ਪੈਣੀਆਂ ਸਨ।
ਮੇਮਾਂ ਦੇ ਵੀ ਦਿਉਰ ਜੇਠ ਤੇ ਚਾਚੇ ਤਾਏ ਹੁੰਦੇ ਹਨ। ਜੇ ਕਦੀ ਉਹ ਕਿਸੇ ਪੰਜਾਬੀ ਦੇ ਨੇੜੇ ਆਉਂਦੀਆਂ ਵੀ ਹਨ ਤਾਂ ਸੱਚੇ ਦਿਲੋਂ ਪਿਆਰ ਕਰਨ ਕਰਕੇ, ਜਦੋਂ ਕਿ ਸਾਡੇ ਪੰਜਾਬੀ ਦੀ ਨੀਅਤ ਸ਼ੁਰੂ ਤੋਂ ਹੀ ਖੌਟੀ ਹੁੰਦੀ ਹੈ।ਉਹ ‘ਪਿਆਰ ਦਾ ਢੌਂਗ’ ਵੀ ਪੱਕੇ ਹੋਣ ਦੀ ਨੀਅਤ ਨਾਲ ਜਾਂ ਊਸਦੀ ਜਾਇਦਾਤ ਸਾਂਭਣ ਲਈ ਹੀ ਕਰਦੇ ਹਨ। ਯਾਨੀ ਗੱਲੀਂ ਬਾਤੀਂ ‘ਸਰਬੱਤ ਦਾ ਭਲਾ’ ਮੰਗਣ ਵਾਲਿਆਂ ਦਾ ਸਾਡਾ ਵਿਆਹ ਵੀ ਠੱਗੀ ਦਾ ਹੁੰਦਾ। ਅਸੀਂ ਮੇਮਾਂ ਨੂੰ ਲੁੱਚੀਆਂ ਤੇ ਖੁਦ ਨੂੰ ਪੂਰਬੀ ਸੱਭਿਆਵਾਰ ਵਾਲੇ ਲੋਕ ਕਹਿੰਦੇ ਹਾਂ। ਪਿਛਲੇ ਸਾਲ ਮਈ ਦੇ ਮਹੀਨੇ ਮੈਂ ਅਮਰੀਕਾ ਦੀ ਟੈਕਸਾਸ ਸਟੇਟ ਵਿੱਚ ਸੀ। ਉੱਥੇ ਇੱਕ ਪੰਜਾਬੀ ਵੱਲੋਂ ਇੱਕ ਕਾਲੀ ਔਰਤ ਨਾਲ ਵਿਆਹ ਕਰਵਾ ਕੇ ਪੱਕਾ ਹੋਣ ਪਿੱਛੋਂ ਛੱਡ ਦੇਣ ਕਾਰਨ ਉਸ ਕੁੜੀ ਦੇ ਭਰਾਵਾਂ ਨੇ ਪੰਜਾਬੀ ਮੁੰਡੇ ਨੂੰ ਗੋਲੀ ਮਾਰਕੇ ਮਾਰ ਦਿੱਤਾ ਸੀ।
ਸਾਡਾ ਆਪਣਾ ਵਰਤਾਰਾ ਦੋਗਲਾ ਹੈ। ਯਾਨੀ ਸੋਚਣਾ ਕੁੱਝ ਹੋਰ,ਕਹਿਣਾ ਹੋਰ, ਕਰਨਾ ਹੋਰ ਤੇ ਦੱਸਣਾ ਹੋਰ। ਸਾਡੇ ਮਰਦਾਂ ਦੀ ਵਫਾਦਾਰੀ ਅਕਸਰ ਸ਼ੱਕੀ ਹੁੰਦੀ ਹੈ। ਇਸੇ ਕਰਕੇ ਪੰਜਾਬੀ ਔਰਤਾਂ ਮੇਮਾਂ ਤੋਂ ਡਰਦੀਆਂ ਹਨ। ਸਾਨੂੰ ਸੰਸਾਰ ਨਾਲ ਕਦਮ ਮਲਾਕੇ ਚੱਲਣਾ ਸਿੱਖਣ ਦੀ ਲੋੜ ਹੈ। ਜੇ ਧਰਤੀ ਫੁੱਟਬਾਲ ਜਿੱਡੀ ਹੈ, ਤਾਂ ਪੰਜਾਬ ਮਟਰ ਦਾ ਦਾਣਾਂ,ਦੁਨੀਆਂ 700 ਕਰੋੜ ਹੈ ਤਾਂ ਪੰਜਾਬ ‘ਚ ਰਹਿੰਦੇ ਪੰਜਾਬੀ ਢਾਈ ਕਰੋੜ ਨੇ ।ਵਿਦੇਸ਼ ਵੱਸਣ ਲਈ ਦੋਹਰੇ ਮਾਪਦੰਡ ਛੱਡਣੇ ਪੈਣਗੇ। ਆਪਣੇ ਦਵਾਲੇ ਵਲੀ ਲਕਸ਼ਮਣ ਰੇਖਾ(ਸਾਡੇ ਵਰਗਾ ਕੋਈ ਨਹੀਂ) ਦੇ ਘੇਰੇ ਵਿੱਚੋਂ ਨਿੱਕਲਣਾ ਪਏਗਾ।ਸਮੁੰਦਰਾਂ ‘ਚ ਡਿੱਗੇ ਦਰਿਆਵਾਂ ਦੇ ਕੰਢੇ ਨਹੀਂ ਰਹਿੰਦੇ।
ਮੇਮਾਂ ਆਪਣੇ ਪਤੀ/ਦੋਸਤ ਤੋਂ ਇੱਕ ਸੌ ਇੱਕ ਫੀ ਸਦੀ ਵਫਾਦਾਰੀ ਚਾਹੁੰਦੀਆਂ ਹਨ। ਹਰ ਤਰਾਂ ਨਾਲ ਬਰਾਬਰੀ। ਮਰਦ ਨੇ ਬੇਵਫਾਈ ਕੀਤੀ ਨਹੀਂ ਤੇ ਤਲਾਕ ਹੋਇਆ ਨਹੀ। ਸਾਡੇ ਮਰਦ ਖੁਦ ਤਾਂ ਖੇਹ ਖਾਣੀ ਚਾਹੁੰਦੇ ਹਨ ਪਰ ਨਾਲ ਹੀ ਪਤਨੀਆਂ ਬਾਰੇ ਚਾਹੁੰਦੇ ਹਨ ਕਿ ਉਹ ਕਿਸੇ ਨਾਲ ਹੱਸ ਕੇ ਗੱਲ ਵੀ ਨਾ ਕਰਨ। ਹਰ ਪਿੰਡ ਵਿੱਚ ਹੀ ਇਹ ਉਧਾਹਰਣਾਂ ਮਿਲਦੀਆਂ ਹਨ ਕਿ ਪੰਜਾਬੀ ਮਰਦ ਪਹਿਲੀ ਔਰਤ ਦੇ ਹੁੰ਼ਦਿਆਂ ਦੂਜਾ ਵਿਆਹ ਵੀ ਕਰਾਉਂਦੇ ਹਨ ਤੇ ਰਖੇਲਾਂ ਵੀ ਰੱਖਦੇ ਹਨ। ਔਰਤਾਂ ਤੋਂ ਭਾਣਾ ਮੰਨਣ ਦੀ ਉਮੀਦ ਵੀ ਰੱਖਦੇ ਹਨ। ਮਰਦ ਦੇ ਨਾਮਰਦ ਹੋਣ ਜਾਂ ਕਿਸੇ ਨਾਲ ਨਜਾਇਜ ਸਬੰਧਾਂ ਬਾਰੇ ਪਤਾ ਲੱਗਣ ਤੇ ਵੀ ਔਰਤਾਂ ਤੋਂ ਖਾਮੋਸ਼ ਰਹਿਣ ਦੀ ਆਸ ਕਰਦੇ ਹਾਂ,ਤਲਾਕ ਤਾਂ ਦੁਰ ਦੀ ਗੱਲ ਹੈ।ਇਹ ‘ਮਹਾਂਨ ਪੰਜਾਬੀ ਸੱਭਿਆਚਾਰ’ ਨਹੀਂ ਦੋਗਲਾਪਣ ਹੈ।ਅਜਿਹੇ ਸੱਭਿਆਚਾਰ ਵਿੱਚ ਪਲੇ ਮਰਦਾਂ ਨੂੰ ਮੇਮਾਂ ਨੇ ਕਦੇ ਵੀ ਨਹੀਂ ਰੱਖਿਆਂ। ਵਿਦੇਸ਼ਾਂ ਵਿੱਚ ਜੰਮੀਂ ਪਲੀ ਪੰਜਾਬੀ ਪੀਹੜੀ ਪੰਜਾਬ ਜਾਣ ਦਾ ਨਾਂਮ ਵੀ ਨਹੀਂ ਲੈਂਦੀ। ਜਿੱਥੇ ਕੋਈ ਜੰਮਦਾ ਹੈ ਉਹੀ ਉਸਦੀ ਮਾਤਭੂਮੀਂ ਹੁੰਦੀ ਹੈ। ਇਹੀ ਕੁਦਰਤ ਦਾ ਕਾਨੂੰਨ ਹੈ। ਕੋਈ ਵੀ ਕੁੜੀ ਪੰਜਾਬ ਵਿਆਹ ਨਹੀਂ ਕਰਨਾ ਚਾਹੁੰਦੀ । ਮੇਮਾਂ ਦੇ ਸਾਥ ਵਿੱਚ ਰਹਿ ਕੇ ਅਤੇ ਦੁਨੀਆਂ ਕਿੱਥੇ ਵੱਸਦੀ ਹੈ ਬਾਰੇ ਜਾਣਕੇ, ਉਹ ਪੰਜਾਬੀਆਂ ਦੀ ਦੋਗਲੀ ਮਾਨਸਿਕਤਾ ਨੂੰ ਸਮਝ ਗਈਆਂ ਹਨ ਕਿ ਪੰਜਾਬੀ ਮਰਦਾਂ ਲਈ ਮੇਮਾਂ ਦੇ ਸੁਪਨੇ ਤਾਂ ਜਾਇਜ ਹਨ ਪਰ ਆਪਣੀਆਂ ਔਰਤਾਂ ਕਿਸੇ ਓਪਰੇ ਨਾਲ ਹੱਥ ਵੀ ਨਾ ਮਿਲਾਉਣ। ਵਿਦੇਸ਼ਾਂ ਵਿੱਚ ਮੇਮਾਂ ਕਿਸੇ ਪੰਜਾਬੀ ਨੂੰ ੳਡੀਕ ਨਹੀਂ ਰਹੀਆਂ। ਪੰਜਾਬੀਆਂ ਨਾਲ ਧੋਖੇ ਵਾਲੇ ਵਿਆਹ ਦੀ ਠੱਗੀ ਖਾ ਕੇ ਦਰਜਨਾਂ ਵਿਦੇਸ਼ੀ ਔਰਤਾਂ ਕੰਧਾਂ ਨਾਲ ਟੱਕਰਾਂ ਮਾਰਦੀਆਂ ਫਿਰਦੀਆਂ ਹਨ। ਬਾਬੇ ਨਾਨਕ ਦਾ ਕਿਰਤ ਕਰੋ,ਵੰਡ ਛਕੋ ਵਾਲਾ ਜੀਵਨ ਢੰਗ ਅਪਣਾਕੇ, ਪੰਜਾਬ ਵਿੱਚ ਰਹਿਕੇ, ਥੋੜ੍ਹੀ ਜਿਹੀ ਮਿਹਨਤ ਨਾਲ ਪੰਜਾਬੀ ਚੰਗੀ ਜਿੰਦਗੀ ਗੁਜਾਰ ਸਕਦੇ ਹਨ।
B. S. Dhillon Advocate High Court
# 146 Sector 49-A
Chandigarh-160047
E mail: dhillonak@yahoo.com
Website : http://www.geocities.com/dhillonak/mypage.html
ਤੁਹਾਡਾ ਗੱਲਾਂ ਲਿਖਣ ਦਾ ਢੰਗ ਬਹੁਤ ਹੀ ਸੁਆਦਲਾ ਹੈ ਅਤੇ ਲੱਗਦਾ ਹੈ ਕਿ ਹੁਣੇ ਹੁਣੇ ਆਪਣੇ ਪਿੰਡ
ਦੀ ਸੱਥ ‘ਚ ਬੈਠਾ ਆਇਆਂ ਹੋਵਾਂ। ਲੇਖ ਵਿੱਚ, ਜਿੱਥੇ ਇਹ ਬਿਨ ਸਿਰ-ਪੈਰ ਦੀਆਂ ਪੰਜਾਬੀਆਂ ਵਲੋਂ ਗੱਲਾਂ ਕਰਨ
ਦੀ ਆਦਤ ਦੀ ਅਲਚੋਨਾ ਹੁੰਦੀ ਹੈ, ਉੱਥੇ ਪੰਜਾਬ ਬੈਠੇ ਵੀਰਾਂ ਨੂੰ ਵੀ ਸਹੀਂ ਸਚਾਈ ਦੱਸਣ ਦਾ ਮੌਕਾ ਵੀ ਹੈ।
ਮੈਂ ਪੜ੍ਹਦਿਆਂ ਕਦੇ ਕਦੇ ਆਪਣੇ ਵਿਦੇਸ਼ ਜਾਣ ਦੇ ਵਿਚਾਰ ਨੂੰ ਛੱਡਣ ਦਾ ਮੂਡ ਬਣਾਇਆ ਹੈ, ਪਰ ਹਾਲੇ ਵੀ
ਕਈ ਸੁਪਨੇ ਜਿਉਦੇ ਹਨ, ਜਿੰਨ੍ਹਾਂ ਵਿੱਚ “ਭ੍ਰਿਸ਼ਟ ਪਰਬੰਧਕੀ ਢਾਂਚਾ, ਮਿਹਨਤ ਤੇ ਇਮਾਨਦਾਰੀ ਦਾ ਮੁੱਲ ਨਾ ਪੈਣਾ, ਰਿਸ਼ਵਤਖੋਰੀ,ਕਮਚੋਰੀ, ਸੀਂਨਾਜੋਰੀ ਤੇ ਮਿਲਾਵਟਖੋਰੀ ਕਾਰਨ ਪੈਰ ਪੈਰ ਤੇ ਜਖ਼ਮੀਂ ਹੁੰਦਾ ਸਵੈਮਾਨ ; ਅਸੁਰੱਖਿਆ ਦੀ ਭਾਵਨਾਂ, ,ਸਿਆਸੀ,ਧਾਰਮਿਕ ,ਸਮਾਜਿਕ ਤੇ ਵਾਤਾਵਰਨ ਪ੍ਰਦੂਸ਼ਨ ,ਵਿਦੇਸ਼ਾਂ ਦਾ ਚੰਗਾ ਪ੍ਰਬੰਧਕੀ ਢਾਂਚਾ,ਦੂਰ ਦੇ ਢੋਲ ਸੁਹਾਵਣੇ ਲੱਗਣੇ ” ਦੇ ਨਾਲ ਨਾਲ ਪੰਜਾਬ ਤੋਂ ਦੂਰ ਨੌਕਰੀ ਦੀ ਮਜ਼ਬੂਰੀ ਹੈ, ਸੋ ਕਦੇ ਕਦੇ ਜੇ ਭਾਰਤ ‘ਚ ਰਹਿ ਕੇ ਪੰਜਾਬ ਤੋਂ ਦੂਰ ਵੱਸਣਾ ਹੈ ਤਾਂ ਕਿਉ ਨਾ ਭਾਰਤ ਤੋਂ ਬਾਹਰ ਰਿਹਾ ਜਾਵੇ!
ਵਿਦੇਸ਼ ਵਸਣ ਦੇ ਜਿਉਦੇ ਸੁਪਨਿਆਂ ਨਾਲ
ਆਲਮ