ਮਨੁੱਖੀ ਅੰਗਾਂ ਦੇ ਸਭ ਤੋਂ ਚਰਚਿਤ ਗਹਿਣਿਆਂ ਵਿੱਚੋਂ ਇੱਕ ਹੈ ‘ਜੁੱਤੀ’। ਕਈ ਗੀਤ ਵੀ ਇਸ ਤੇ ਲਿਖੇ ਗਏ ਹਨ। ਗਲੀਆਂ-ਚੋਰਾਹਾਂ ਦੇ ਮੋੜ ਤੇ ਖੜੇ ਆਸ਼ਕਾਂ ਨੂੰ ਤਾਂ ਆਮ ਹੀ ਮਿਲਦੀਆਂ ਹਨ, ਪਿੱਛੇ ਜਿਹੇ ਅਮਰੀਕੀ ਪ੍ਰਧਾਨ ਜਾਰਜ ਬੁਸ਼ ਨੂੰ ਵੀ ਇਸ ਦਾ ਸਾਹਮਣਾ ਕਰਨਾ ਪਿਆ ਹੈ। ਕਈ ਮੁਹਾਵਰੇ ਇਸ ਤੇ ਅਧਾਰਿਤ ਹਨ ਜਿਵੇਂ ਕਿ ‘ਜੁੱਤੀ ਘਿਸਣਾ’, ‘ਚਾਂਦੀ ਦੀ ਜੁੱਤੀ ਮਾਰਨਾ’ ਆਦਿ। ਸਾਡੇ ਵਿਆਹਾਂ ਵਿੱਚ ਵੀ ਇਸ ਦਾ ਖਾਸ ਮਹੱਤਵ ਹੈ ਅਤੇ ਅਖੀਰਲੇ ਬਿਸਤਰੇ ਤੇ ਕਪੜਿਆਂ ਨਾਲ ਜੁੱਤੀ ਵੀ ਦਿੱਤੇ ਜਾਣ ਦਾ ਪ੍ਰਚਲਣ ਹੈ।
ਪੰਜਾਬੀਆਂ ਦਾ ਵਿਆਹ ਹੋਵੇ ਤੇ ਜੁੱਤੀ ਲੁਕਾਈ ਦੀ ਰਸਮ ਨ ਹੋਵੇ, ਕਿਤੇ ਸੁਫਨੇ ਵਿੱਚ ਵੀ ਸੋਚ ਨਹੀਂ ਹੁੰਦਾ ਸੀ। ਸਾਲੀਆਂ ਬੜੀਆਂ ਜੁਗਤਾਂ ਅਤੇ ਵਿਉਂਤਾਂ ਲਾ ਆਪਣੇ ਜੀਜੇ ਦੀ ਜੁੱਤੀ ਚੋਰੀ ਕਰਕੇ ਲੁਕਾਉਂਦੀਆਂ ਸਨ ਅਤੇ ਜੀਜੇ ਦਾ ਛੁਟਕਾਰਾ ਭਾਵ ਉਸਨੂੰ ਆਪਣੀ ਜੁੱਤੀ ਵਾਪਸ ਲੈਣ ਲਈ ਸਾਲੀਆਂ ਦੀ ਮੰਗ ਪੂਰੀ ਕਰਨੀ ਪੈਂਦੀ ਸੀ। ਪਰ ਖਤਮ ਹੁੰਦੇ ਰਿਵਾਜਾਂ ਨਾਲ ਇਹ ਰਸਮ ਵੀ ਆਪਣੇ ਅਖੀਰਲੇ ਪੜਾਅ ਤੇ ਹੈ ਅਤੇ ਇਕ ਨਵੇਂ ਰਿਵਾਜ ਨੂੰ ਜਨਮ ਦੇ ਰਹੀ ਹੈ- ਧਾਰਮਿਕ ਸਥਾਨਾਂ ਅਤੇ ਹੋਰ ਸਮਾਗਮਾਂ ‘ਚੋਂ ਜੁੱਤੀ ਚੱਕਣ ਦੀ ਪ੍ਰਥਾ (ਚਲਣ)।
ਬਸਾਂ ਵਿੱਚ ਤਾਂ ਆਮ ਲਿਖਿਆ ਹੀ ਮਿਲਦਾ ਹੈ – ਸਵਾਰੀ ਆਪਣੇ ਸਮਾਨ ਦੀ ਆਪ ਜੁੰਮੇਵਾਰ ਹੈ ਪਰ ਹੁਣ ਤਾਂ ਰੱਬ ਦੇ ਘਰ ਵੀ ਚੋਰੀ ਤੋਂ ਨਹੀਂ ਬੱਚਦੇ। ਕਲ੍ਹ ਮੈਂ ਕਿਸੇ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਗਿਆ। ਚੱਲਣ ਤੋਂ ਪਹਿਲਾਂ ਮੇਰੇ ਮਾਤਾ ਜੀ ਨੇ ਮੈਨੂੰ ਵਰਜਿਆ-“ਕਾਕਾ, ਕੋਈ ਪੁਰਾਣੀ ਟੁੱਟੀ-ਗੰਢੀ ਚੱਪਲ ਪਾ ਕੇ ਜਾਈਂ, ਪਿਛਲੇ ਹਫਤੇ ਮੈਂ ਆਪਣੀ ਨਵੀਂ ਜੁੱਤੀ ਭੇਟਾਂ ਕਰ ਆਈ ਹਾਂ।” ਮੈਂ ਵੀ ਅੱਗਿਓਂ ਕਿਹੜਾ ਘੱਟ ਸੀ, ਮੈਂ ਜਵਾਬ ਦਿੱਤਾ-“ਮਾਤਾ ਜੀ, ਉੱਥੇ ਮੰਨੇ-ਪ੍ਰਮਣੇ ਵਿਅਕਤੀ ਆਏ ਹੋਣਗੇ। ਕੀ ਕਹਿਣਗੇ ਉਹ ਕਿ ਸ਼ਰਮਾ ਜੀ ਕੌਲ ਕੋਈ ਚੰਗੀ ਜੁੱਤੀ ਵੀ ਨਹੀਂ ਹੈ। ਜੁੱਤੀ ਤਾਂ ਬੰਦੇ ਦੀ ਹੈਸੀਅਤ ਦਾ ਪ੍ਰਤੀਕ ਹੈ।” ਕਹਿਣਾ ਨ ਮੰਨਦੇ ਹੋਏ ਮੈਂ ਉਹਨਾਂ ਦੇ ਨਾਲ ਚਲਾ ਗਿਆ। ਹਜੂਰੀ ‘ਚੋਂ ਮੱਥਾ ਟੇਕ ਕੇ ਹੋਰ ਸੱਜਨਾਂ ਨੂੰ ਮਿਲਣ ਲਈ ਮੈਂ ਬਾਹਰ ਆਇਆ ਹੀ ਸਾਂ ਕਿ ਮੈਂ ਸੋਚਿਆ ਮਨਾ ਜੁੱਤੀ ਵੱਲ ਇਕ ਨਜਰ ਹੀ ਮਾਰ ਲਈਏ। ਪਰ ਉਹ ਕੀ ਸੀ? ਮੈਂ ਤਾਂ ਆਪਣੀਆਂ ਅੱਖਾਂ ਮੱਲਣੀਆਂ ਸ਼ੁਰੂ ਕਰ ਦਿੱਤੀਆਂ, ਆਪਣੇ ਚੂੰਢੀ ਵੱਡ ਕੇ ਵੇਖੀ ਪਰ ਜੁੱਤੀ ਤਾਂ ਆਪਣੀ ਥਾਂ ਛੱਡ ਚੁੱਕੀ ਸੀ.
ਬਸ ਫਿਰ ਕੀ ਸੀ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ। ਸੱਤ-ਅੱਠ ਬੰਦਿਆਂ ਦੀ ਭੀੜ ਮੇਰੇ ਆਲੇ-ਦੁਆਲੇ ਜੁੜ ਗਈ। ਸ਼ੁਰੂ ਹੋ ਗਏ ਵੱਧ-ਚੜ ਕੇ ਮਤ ਦੇਣ ਲਈ ਜਿਵੇਂ ਕਿ ਮੈਂ ਕੱਚੀ ਜਮਾਤ ਦਾ ਜੁਆਕ ਹੋਵਾਂ। ਇੱਕ ਬਾਊ ਜੀ ਕਹਿਣ ਲੱਗੇ-“ਇਹ ਤਾਂ ਆਮ ਜੀ ਗੱਲ ਹੋ ਗਈ ਹੈ, ਪਿਛਲੇ ਮਹੀਨੇ ਮੈਂ ਆਪਣੀ ਨਵੀਂ ਜੁੱਤੀ ਇੱਦਾਂ ਹੀ ਗਵਾਈ ਹੈ ਨੱਥੂ ਕਿਆਂ ਦੇ ਘਰ ਪਾਠ ਦੇ ਭੋਗ ਤੇ, ਪੂਰੇ ਬੱਤੀ ਸੌ ਦੀ ਲਈ ਸੀ। ਹਾਲੇ ਪਹਿਲੇ ਦਿਨ ਹੀ ਪਾਈ ਸੀ। ਹੁਣ ਤਾਂ ਮੈਂ ਨੌਕਰ ਨਾਲ ਲੈਕੇ ਆਉਣਾ ਇਸ ਦੀ ਰੱਖਵਾਲੀ ਲਈ, ਕੀ ਕਰਾਂ ਕਿਤੇ ਜਾਏ ਬਿਨਾ ਵੀ ਗਤੀ ਨਹੀਂ ਹੈ, ਸਮਾਜ ਛੱਡਿਆ ਤਾਂ ਜਾਂਦਾ ਨਹੀਂ ਹੈ।” ਅਜੇ ਗੱਲ ਖਤਮ ਹੋਈ ਸੀ ਕਿ ਇਕ ਸੱਜਣ ਬੋਲੇ-“ਭਾਈ ਸਾਹਿਬ, ਭੋਗ ਪੈਣ ਦਾ ਇੰਤਜਾਰ ਕਰੋ। ਜੱਦ ਸੰਗਤ ਜਾਊਗੀ ਤਾਂ ਖਬਰੇ ਜਿਹੜਾ ਤੁਹਾਡੀ ਜੁੱਤੀ ਪਾ ਗਿਆ ਹੈ, ਉਹ ਆਪਣਾ ਜੋੜਾ ਤੁਹਾਡੇ ਲਈ ਛੱਡ ਗਿਆ ਹੋਵੇ।” ਇਨੇ ਵਿੱਚ ਇਕ ਹੋਰ ਸੁਝਾਅ ਆਇਆ- “ਸਾਰੀਆਂ ਜੁੱਤੀਆਂ ਤੇ ਨਜਰ ਮਾਰੋ। ਕੋਈ ਗਲਤੀ ਨਾਲ ਪਾਕੇ ਕਿਤੇ ਹੋਰ ਲਾਹ ਗਿਆ ਹੋਵੇਗਾ।” ਬਸ ਸ਼ੁਰੂ ਕਰ ਦਿੱਤੀ ਮੈਂ ਸ਼ਿਨਾਖਤੀ ਪਰੇਡ ਜਿਵੇਂ ਕਿ ਕੋਈ ਮੁਜਰਿਮ ਦੀ ਪਛਾਣ ਕਰ ਰਿਹਾਂ ਹੋਵਾਂ। ਲੋਕ ਆਪਣੇ ਆਪਣੇ ਸੁਝਾਅ ਦੇ ਰਹੇ ਸੀ। ਕੋਈ ਕਹਿ ਰਿਹਾ ਸੀ-“ ਮੋਬਾਇਲ ਟਰੈਕਰ ਦੀ ਤਰ੍ਹਾਂ ਜੁੱਤੀ ਟਰੈਕਰ ਵੀ ਹੋਣਾ ਚਾਹੀਦਾ ਹੈ। ਬੰਦਾ ਪਾਕੇ ਭੱਜ ਰਿਹਾ ਹੋਵੇ ਤਾਂ ਸਾਇਰਨ ਵੱਜ ਜਾਵੇ।” ਇਕ ਹੋਰ ਅਵਾਜ ਸੁਣਾਈ ਦਿੱਤੀ-“ਤਾਲਾ ਚਾਹੀਦਾ ਹੈ ਜੀ ਇੱਕ ਬਨਾਉਣਾ ਕੰਪਨੀਆਂ ਨੂੰ, ਜੋ ਜੋੜਿਆਂ ਨੂੰ ਲਾਕੇ ਚਾਬੀ ਜੇਬ ਵਿੱਚ ਪਾਕੇ ਲੈ ਜਾਓ।”ਹੁਣ ਤੱਕ ਇਹ ਘਟਨਾ ਉੱਥੇ ਖੜੇ ਲੋਕਾਂ ਦੇ ਹਾਸੇ ਦਾ ਸਬੱਬ ਬਣ ਚੁੱਕੀ ਸੀ।
ਅੰਗਰੇਜੀ ਦੀ ਕਹਾਵਤ ਹੈ- ੌਨਲੇ ਟਹੲ ਬੲਅਰੲਰ ਕਨੋੱਸ ੱਹੲਰੲ ਟਹੲ ਸਹੋੲ ਪਨਿਚਹੲਸ। ਭਾਵ ਕਿ ਮੇਰੀ ਹਾਲਤ ਦਾ ਮੈਨੂੰ ਹੀ ਅਹਿਸਾਸ ਸੀ। ਮੈਂ ਕਿੰਨੀਆਂ ਮੁਸ਼ਕਲਾਂ ਨਾਲ ਇਹ ਜੁੱਤੀ ਖਰੀਦੀ ਸੀ, ਮੇਰਾ ਦਿਲ ਹੀ ਜਾਣਦਾ ਹੈ। ਤਿੰਨ ਦਿਨ ਵੱਖੋ-ਵੱਖਰੀਆਂ ਦੁਕਾਨਾਂ ਫਿਰਨ ਤੋਂ ਬਾਅਦ ਜੱਦ ਆਪਣੇ ਸ਼ਹਿਰ ਮੈਨੂੰ ਜੁੱਤੀ ਪਸੰਦ ਨਹੀਂ ਆਈ ਸੀ ਤਾਂ ਮੈਂ ਚੇਚਾ ਲੁਧਿਆਣੇ ਜਾ ਪੂਰੀ ਦਿਹਾੜੀ ਲਾਕੇ ਚਾਅ ਨਾਲ ਉੱਥੋਂ ਖਰੀਦ ਕੇ ਲਿਆਇਆ ਸਾਂ, ਤੇ ਅੱਜ ਕੋਈ ਉਸਨੂੰ ਦਸਾਂ ਕੁ ਮਿਨਟਾਂ ਵਿੱਚ ਹੀ ਵਗਾ ਕੇ ਲੈ ਗਿਆ। ਕਿੰਨੇ ਜੋੜੇ ਪਾਕੇ ਵੇਖੇ ਸਨ ਮਸਾਂ ਹੀ ਇਹ ਜੋੜਾ ਪਸੰਦ ਆਇਆ ਸੀ।
ਪਰ ਹੁਣ ਹੋ ਵੀ ਕੀ ਸਕਦਾ ਸੀ? ਕੁੱਝ ਜਾਣ-ਪਹਿਚਾਣ ਦੇ ਬੰਦਿਆਂ ਦੀ ਜੁੱਤੀ ਲੱਭਣ ਦੀ ਡਿਊਟੀ ਲਾ ਮੈਂ ਕਿਸੇ ਸੱਜਣ ਦੇ ਮੋਟਰ ਸਾਇਕਲ ਮਗਰ ਬਹਿ ਕੇ ਆਪਣੀ ਕਾਰ ਤੱਕ ਪਹੁੰਚਿਆ ਅਤੇ ਘਰ ਨੂੰ ਪਰਤ ਪਿਆ। ਘਰੇ ਪੁੱਜਣ ਤੇ ਅੱਗਿਓਂ ਸ਼੍ਰੀ ਮਤੀ ਜੀ ਦਾ ਹਾਸਾ-“ ਚਲੋ ਅੱਜ ਕੁੱਝ ਗੁਆ ਕੇ ਆਏ ਹੋ, ਖਾ ਕੇ ਤਾਂ ਨਹੀਂ।” ਪਰ ਮੈਂ ਵੀ ਨਿਰਣਾ ਕਰ ਸ਼੍ਰੀ ਮਤੀ ਜੀ ਨੂੰ ਸੁਣਾ ਦਿੱਤਾ-
“ਮੈਂ ਸਹੁੰ ਖਾਣਾ ਹਾਂ ਕਿ ਅੱਜ ਤੋਂ ਬਾਅਦ ਜਿਵੇਂ ਨੇਤਾ ਅਤੇ ਆਗੂ ਆਪਣੇ ਨਾਲ ਗਾਰਡ ਲਏ ਬਿਨਾਂ ਨਹੀਂ ਤੁਰਦੇ, ਮੈਂ ਆਪਣੀ ਸੁਰੱਖਿਆ ਦਾ ਧਿਆਨ ਨ ਕਰਦੇ ਹੋਏ ਆਪਣੀ ਹਰਦਿਲ ਅਜੀਜ ਜੁੱਤੀ ਨਾਲ ਸੁਰੱਖਿਆ ਗਾਰਡ ਲੈਕੇ ਜਾਇਆ ਕਰਾਂਗਾ।”
ਅੱਗਲੀ ਖਬਰ ਮਿਲਣ ਤੱਕ ਭੋਗ ਤੋਂ ਬਾਅਦ ਪਤਾ ਲੱਗਾ ਕਿ ਜੁੱਤੀ ਚੁੱਕਣ ਵਾਲਾ ਆਪਣਾ ਜੋੜਾ ਛੱਡ ਕੇ ਜਾਣ ਦੀ ਥਾਂ ਆਪਣੇ ਨਾਲ ਲੈ ਗਿਆ ਸੀ। ਸਾਬਾਸ਼ ਜੁੱਤੀ ਚੋਰ…………
ਹੱਡ ਬੀਤੀਆਂ ਸੁਹਣੀਆਂ ਨੇ ਤੁਹਾਡੀਆਂ ਸ਼ਰਮਾ ਸਾਹਿਬ
ਜੁੱਤੀਆਂ ਪੈਣ ਦੀਆਂ ਵਾਰਦਾਤਾਂ ਘੱਟ ਗਈਆਂ ਹਨ, ਉਹ ਤਾਂ (ਬੁਸ਼ ਦੇ ਮਾਰਨ ਵਾਂਗ) ਸ਼ਾਨ ਦੀ ਗੱਲ਼ ਬਣ ਗਈਆਂ,
ਬੱਸ ਜੁੱਤੀਆਂ ਚੋਰੀ ਹੋਣਾ ਰੋਜ਼ ਦਾ ਕੰਮ ਹੋ ਗਿਆ, ਲੱਗਦਾ ਕੋਈ ਨਵਾਂ ਮੁਹਾਵਰਾ ਬਣੂਗਾ:-)