ਗੁਹਾਟੀ- ਭਾਰਤ ਦੇ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਦਹਿਸ਼ਤਗਰਦਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਮਾਮਲੇ ਵਿਚ ਬੰਗਲਾਦੇਸ਼ ਨਾਲ ਨਵੀਂ ਸ਼ੁਰੂਆਤ ਦੀ ਆਸ ਪ੍ਰਗਟਾਈ ਹੈ। ਇਥੇ ਹੋਏ ਸਿਲਸਿਲੇਵਾਰ ਧਮਾਕਿਆਂ ਤੋਂ ਇਕ ਦਿਨ ਬਾਅਦ ਇਕ ਪੱਤਰਕਾਰ ਸਮਾਗਮ ਵਿਚ ਉਨ੍ਹਾਂ ਨੇ ਕਿਹਾ, “ਬੰਗਲਾਦੇਸ਼ ਵਿਚ ਲੋਕਤਾਂਤ੍ਰਿਕ ਸਰਕਾਰ ਚੁਣੀ ਗਈ ਹੈ, ਸਰਕਾਰ ਦੀ ਹੋਣ ਵਾਲੀ ਮੁੱਖੀ ਵਲੋਂ ਸਕਾਰਾਤਮਕ ਬਿਆਨ ਆਇਆ ਹੈ ਅਤੇ ਅਸੀਂ ਸਮਝਦੇ ਹਾਂ ਕਿ ਹੁਣ ਨਵੀਂ ਸ਼ੁਰੂਆਤ ਹੋਵੇਗੀ।” ਉਨ੍ਹਾਂ ਮੁਤਾਬਕ ਦੋ ਪਾਬੰਦੀਸ਼ੁਦਾ ਜਥੇਬੰਦੀਆਂ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ਼ ਅਸਮ (ਉਲਫਾ) ਅਤੇ ਨੈਸ਼ਨਲ ਡੈਮੋਕ੍ਰੇਟਿਕ ਫਰੰਟ ਆਫ਼ ਬੋਡੋਲੈਂਡ ਦੇ ਟਿਕਾਣੇ ਬੰਗਲਾਦੇਸ਼ ਵਿਚ ਹਨ। ਉਨ੍ਹਾਂ ਨੇ ਆਸ ਪ੍ਰਗਟਾਈ ਹੈ ਕਿ ਬੰਗਲਾਦੇਸ਼ ਸਰਕਾਰ ਇਨ੍ਹਾਂ ਜਥੇਬੰਦੀਆਂ ਨੂੰ ਆਪਣੇ ਦੇਸ਼ ਵਿਚ ਸ਼ਰਨ ਨਹੀਂ ਦੇਵੇਗੀ। ਨਵੇਂ ਸਾਲ ਦੇ ਪਹਿਲੇ ਦਿਨ ਗੁਹਾਟੀ ਵਿਚ ਸਿਲਸਿਲੇਵਾਰ ਤਿੰਨ ਧਮਾਕੇ ਹੋਏ ਸਨ, ਜਿਨ੍ਹਾਂ ਵਿਚ ਪੰਜ ਲੋਕ ਮਾਰੇ ਗਏ ਸਨ ਅਤੇ 50 ਤੋਂ ਵਧੇਰੇ ਜ਼ਖ਼ਮੀ ਹੋਏ ਸਨ।
ਪੀ ਚਿਦੰਬਰਮ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਰਾਜ ਸਰਕਾਰ ਵਿਕਾਸ ਦੇ ਕੰਮਾ ‘ਤੇ ਧਿਆਨ ਦੇਵੇਗੀ ਅਤੇ ਸੁਰੱਖਿਆ ਫੋਰਸਾਂ ਦਹਿਸ਼ਤਗਰਦਾਂ ਦੇ ਖਿਲਾਫ਼ ਸਖ਼ਤੀ ਨਾਲ ਨਜਿੱਠਣਗੀਆਂ। ਚਿਦੰਬਰਮ ਮੁਤਾਬਕ ‘ਅਤਿਵਾਦ’ ਦੇਸ਼ ਦੀ ਸੁਰੱਖਿਆ ਅਤੇ ਸੰਪ੍ਰਭੁਤਾ ਦੇ ਲਈ ਚੁਣੌਤੀ ਹੈ।ਅਸਮ ਦੇ ਮੁੱਖ ਮੰਤਰੀ ਤਰੁਣ ਗੋਗੋਈ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਬੰਗਲਾਦੇਸ਼ ਦੀ ਨਵੀਂ ਸਰਕਾਰ ਨੂੰ ਦਹਿਸ਼ਤਗਰਦ ਜਥੇਬੰਦੀ ਉਲਫ਼ਾ ਸਮੇਤ ਉਥੇ ਸ਼ਰਨ ਲੈਣ ਵਾਲੀਆਂ ਹੋਰਨਾਂ ਅਜਿਹੀਆਂ ਜਥੇਬੰਦੀਆਂ ਦੇ ਖਿਲਾਫ਼ ਸਖ਼ਤ ਕਦਮ ਚੁਕਣੇ ਚਾਹੀਦੇ ਹਨ ਅਤੇ ਭਾਰਤ ਨੂੰ ਇਸ ਲਈ ਕੂਟਨੀਤਕ ਦਬਾਅ ਪਾਉਣਾ ਚਾਹੀਦਾ ਹੈ। ਗੋਗੋਈ ਅਨੁਸਾਰ, ” ਇਹ ਅਨਸਰ ਆਪਣੀਆਂ ਕਾਰਵਾਈਆਂ ਬਾਹਰੀ ਤਾਕਤਾਂ ਦੀ ਸ਼ਹਿ ‘ਤੇ ਕਰ ਰਹੇ ਹਨ। ਬੰਗਲਾਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਉਲਫ਼ਾ ਅਤੇ ਹੋਰਨਾ ਅਜਿਹੀਆਂ ਜਥੇਬੰਦੀਆਂ ਜੋ ਉਥੇ ਸ਼ਰਨ ਲੈਂਦੀਆਂ ਹਨ, ਉਨ੍ਹਾਂ ਨੂੰ ਉਥੇ ਸ਼ਰਨ ਨਾ ਲੈਣ ਦੇਣ। ਆਸ ਹੈ ਕਿ ਭਾਰਤ ਬੰਗਲਾਦੇਸ਼ ‘ਤੇ ਇਸ ਬਾਰੇ ਦਬਾਅ ਪਾਵੇਗਾ।” ਰਾਜ ਦੀ ਪੁਲਿਸ ਨੇ ਇਨ੍ਹਾਂ ਧਮਾਕਿਆਂ ਦੇ ਲਈ ਅਸਮ ਵਿਚ ਸਰਗਰਮ ਦਹਿਸ਼ਤਗਰਦ ਜਥੇਬੰਦੀ ਉਲਫ਼ਾ ਨੂੰ ਦੋਸ਼ੀ ਠਹਿਰਾਇਆ ਹੈ। ਪਿਛਲੇ ਸਾਲ 30 ਅਕਤੂਬਰ ਨੂੰ ਗੁਹਾਟੀ ਅਤੇ ਨਜ਼ਦੀਕ ਦੇ ਇਲਾਕਿਆਂ ਵਿਚ ਸਿਲਸਿਲੇਵਾਰ ਧਮਾਕੇ ਹੋਏ ਸਨ, ਜਿਨ੍ਹਾਂ ਵਿਚ 80 ਤੋਂ ਵਧੇਰੇ ਲੋਕ ਮਾਰੇ ਗਏ ਸਨ।
ਬੰਗਲਾਦੇਸ਼ ਦਹਿਸ਼ਤਗਰਦਾਂ ਨੂੰ ਸ਼ਰਨ ਨਾ ਦੇਵੇ-ਚਿਦੰਬਰਮ
This entry was posted in ਭਾਰਤ.