ਅਹਿਮਦਾਬਾਦ-ਬੇਟੇ ਦੀ ਪਰਵਰਿਸ਼ ਅਤੇ ਉਸਦੀ ਉੱਚ ਸਿਖਿਆ ਦੇ ਲਈ ਇਥੋਂ ਦੀ ਇਕ ਔਰਤ ਨੂੰ ਮਜਬੂਰਨ ਦੇਹ ਵਪਾਰ ਦਾ ਸਹਾਰਾ ਲੈਣਾ ਪਿਆ। ਹੁਣ ਉਸਨੂੰ ਆਪਣੇ ਕੀਤੇ ‘ਤੇ ਪਛਤਾਵਾ ਨਹੀਂ ਹੈ, ਕਿਉਂਕਿ ਜਿਸ ਬੇਟੇ ਲਈ ਉਸਨੇ ਇਸ ਸਭ ਕੁਝ ਕੀਤਾ ਉਹ ਇੰਜੀਨੀਅਰਿੰਗ ਦੀ ਪਰੀਖਿਆ ਪਹਿਲੇ ਦਰਜੇ ਵਿਚ ਪਾਸ ਕਰਨ ਤੋਂ ਬਾਅਦ ਨਿਊਜ਼ੀਲੇਂਡ ਵਿਚ ਇਕ ਵੱਡੀ ਕੰਪਨੀ ਵਿਚ ਕੰਮ ਕਰ ਰਿਹਾ ਹੈ।
ਅਹਿਮਾਦਾਬਾਦ ਮਿਊਂਸੀਪਲ ਕਾਰਪੋਰੇਸ਼ਨ ਏਡਜ਼ ਕੰਟਰੋਲ ਸੁਸਾਇਟੀ ਨੇ ਸ਼ਹਿਰ ਦੀਆਂ ਸੈਕਸ ਵਰਕਰਾਂ ਦੇ ਵਿਕਾਸ ਲਈ ਇਕ ਪ੍ਰਾਜੈਕਟ ਸ਼ੁਰੂ ਕੀਤਾ ਹੈ। ਪ੍ਰਾਜੈਕਟ ਵਿਚ ਇਕ ਮੀਟਿੰਗ ਦੌਰਾਨ ਸੈਕਸ ਵਰਕਰਾਂ ਦੀ ਸੰਸਥਾ ਸਖੀ ਜਯੋਤ ਦੀ ਵਰਕਰ ਅਲਕਾ ( ਬਦਲਿਆ ਹੋਇਆ ਨਾਮ) ਨੇ ਪ੍ਰਾਜੈਕਟ ਦੇ ਡਾਇਰੈਕਟਰ ਡਾਕਟਰ ਚਿਰਾਗ ਸ਼ਾਹ ਨੂੰ ਆਪਣੀ ਹੱਡਬੀਤੀ ਦਸੀ। ਉੱਤਰ ਪ੍ਰਦੇਸ਼ ਦੀ ਇਹ 45 ਸਾਲਾ ਔਰਤ ਕਾਮਰਸ ਵਿਸ਼ੇ ਵਿਚ ਗਰੈਜੂਏਟ ਹੈ। ਉਸਨੇ ਦਸਿਆ ਕਿ ਉਹ ਸ਼ਾਦੀ ਤੋਂ ਬਾਅਦ ਆਪਣੇ ਅਤੁਲ ( ਬਦਲਿਆ ਹੋਇਆ ਨਾਮ) ਦੇ ਨਾਲ ਆਕੇ ਰਹਿਣ ਲਗੀ ਸੀ। ਉਹ ਇਥੋਂ ਦੀ ਇਕ ਕੰਪਨੀ ਵਿਚ ਕੰਮ ਕਰਦਾ ਸੀ। ਕੁਝ ਦਿਨਾਂ ਬਾਅਦ ਅਤੁਲ ਨੂੰ ਸ਼ਰਾਬ ਦੀ ਆਦਤ ਪੈ ਗਈ। ਇਸੇ ਦੌਰਾਨ ਅਲਕਾ ਨੂੰ ਇਕ ਬੇਟਾ ਪੈਦਾ ਹੋਇਆ। ਸ਼ੱਕੀ ਸੁਭਾਅ ਦਾ ਅਤੁਲ ਆਪਣੀ ਪਤਨੀ ‘ਤੇ ਸ਼ੱਕ ਕਰਦਾ ਸੀ ਅਤੇ ਇਥੋਂ ਤੱਕ ਕਹਿੰਦਾ ਸੀ ਕਿ ਇਹ ਬੇਟਾ ਉਸਦਾ ਨਹੀਂ ਹੈ। ਇਸ ਗੱਲ ਤੋਂ ਦੋਵਾਂ ਵਿਚ ਰੋਜ਼ਾਨਾ ਝਗੜਾ ਵੀ ਹੁੰਦਾ ਸੀ। ਇਕ ਦਿਨ ਉਹ ਅਲਕਾ ਨੂੰ ਬਿਨਾਂ ਦਸਿਆ ਹੀ ਕਿਤੇ ਚਲਾ ਗਿਆ ਅਤੇ ਕਾਫ਼ੀ ਤਲਾਸ਼ ਤੋਂ ਬਾਅਦ ਵੀ ਨਹੀਂ ਮਿਲਿਆ। ਬੇਟੇ ਵਿਨੇ ( ਬਦਲਿਆ ਹੋਇਆ ਨਾਮ) ਦੀ ਪਰਵਰਿਸ਼ ਦੇ ਲਈ ਅਲਕਾ ਨੇ ਨੌਕਰੀ ਸ਼ੁਰੂ ਕਰ ਦਿੱਤੀ, ਪਰ ਜਿਥੇ ਜਾਂਦੀ ਉਥੋਂ ਦੇ ਅਫ਼ਸਰ ਉਸਨੂੰ ਗਲਤ ਨਿਗਾਹਾਂ ਨਾਲ ਵੇਖਦੇ।
ਅਲਕਾ ਨੇ ਇਕ ਹੀ ਸਾਲ ਵਿਚ ਅੰਦਾਜ਼ਨ ਪੰਜ ਨੌਕਰੀਆਂ ਬਦਲੀਆਂ, ਪਰ ਹਰ ਥਾਂ ਲੋਕਾਂ ਦੀ ਨੀਅਤ ਇਕੋ ਜਿਹੀ ਮਿਲੀ। ਕਿਰਾਏ ਦੇ ਮਕਾਨ ਵਿਚ ਰਹਿਣ ਵਾਲੀ ਅਲਕਾ ਨੂੰ ਕਿਰਾਇਆ ਨਾ ਦੇਣ ਕੲਕੇ ਮਕਾਨ ਮਾਲਿਕ ਨੇ ਵੀ ਕੱਢ ਦਿੱਤਾ। ਬੇਸਹਾਰਾ ਨੇ ਪੇਟ ਦੀ ਭੁੱਖ ਅਤੇ ਬੇਟੇ ਨੂੰ ਵਡਿਆਂ ਕਰਨ ਖਾਤਰ ਮਜਬੂਰੀ ਵਿਚ ਇਹ ਰਾਹ ਚੁਣਿਆ। ਉਸਨੇ ਇਰਾਦਾ ਕੀਤਾ ਕਿ ਇਸਦੀ ਭਿਣਕ ਆਪਣੇ ਬੇਟੇ ਨੂੰ ਕਦੀ ਨਹੀਂ ਪੈਣ ਦੇਵੇਗੀ। ਵਿਨੈ ਦੇ ਕੁਝ ਵੱਡਾ ਹੋਣ ‘ਤੇ ਅਲਕਾ ਨੇ ਉਸਨੂੰ ਡੇ ਬੋਰਡਿੰਗ ਸਕੂਲ ਅਤੇ ਬਾਅਦ ਵਿਚ ਬੋਰਡਿੰਗ ਸਕੂਲ ਵਿਚ ਪੜ੍ਹਨ ਲਈ ਭਰਤੀ ਕਰਵਾ ਦਿੱਤਾ। ਪੜ੍ਹਣ ਵਿਚ ਹੁਸਿ਼ਆਰ ਵਿਨੈ ਨੇ 12ਵੀਂ ਦੀ ਪਰੀਖਿਆ ਡਿਸਟਿੰਕਸ਼ਨ ਦੇ ਨਾਲ ਪਾਸ ਕੀਤੀ। ਅਲਕਾ ਨੇ ਬੇਟੇ ਨੂੰ ਇੰਜੀਨੀਅਰ ਬਨਾਉਣ ਦਾ ਫੈ਼ਸਲਾ ਕਰ ਲਿਆ ਅਤੇ ਉਸਨੂੰ ਇੰਜੀਨੀਅਰਿੰਗ ਵਿਚ ਦਾਖਲਾ ਵੀ ਮਿਲ ਗਿਆ। ਮਾ ਦਾ ਸਪਨਾ ਪੂਰਾ ਕਰਨ ਲਈ ਵਿਨੈ ਨੇ ਪੂਰੀ ਮੇਹਨਤ ਕੀਤੀ ਅਤੇ ਪਹਿਲੇ ਦਰਜੇ ਵਿਚ ਇੰਜੀਨੀਅਰ ਦੀ ਡਿਗਰੀ ਹਾਸਲ ਕੀਤੀ। ਅਲਕਾ ਦਾ ਸਪਨਾ ਉਸ ਵੇਲੇ ਪੂਰੀ ਤਰ੍ਹਾਂ ਸਾਕਾਰ ਹੋ ਗਿਆ, ਜਦ ਪਿਛਲੇ ਸਾਲ ਵਿਨੈ ਨੂੰ ਨਿਊਜ਼ੀਲੈਂਡ ਦੀ ਇਕ ਬਹੁ ਰਾਸ਼ਟਰੀ ਕੰਪਨੀ ਵਿਚ ਨੌਕਰੀ ਮਿਲ ਗਈ ਅਤੇ ਉਹ ਉਥੇ ਚਲਿਆ ਗਿਆ।
ਲਾਡਲੇ ਦੀ ਪੜ੍ਹਾਈ ਲਈ ਦੇਹ ਵਪਾਰ ਦਾ ਸਹਾਰਾ ਲਿਆ
This entry was posted in ਭਾਰਤ.