ਸਿਡਨੀ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਬੜੇ ਉਤਸ਼ਾਹ ਨਾਲ਼ ਮਨਾਇਆ ਗਿਆ। ਗੁਰਦੁਆਰਾ ਸਿੱਖ ਸੈਂਟਰ ਗਲੈਨਵੁਡ/ਪਾਰਕਲੀ ਦੀਆਂ ਸੰਗਤਾਂ ਨੇ ਪ੍ਰਬੰਧਕਾਂ ਦੇ ਸਹਿਯੋਗ ਨਾਲ਼, ਸੋਮਵਾਰ ਗੁਰਪੁਰਬ ਵਾਲ਼ੇ ਦਿਨ ਅੰਮ੍ਰਿਤ ਵੇਲ਼ੇ ਪ੍ਰਭਾਤ ਫੇਰੀ ਕਢੀ। ਆਸਟ੍ਰੇਲੀਆ ਦੇ ਇਤਿਹਾਸ ਵਿਚ ਇਹ ਪਹਿਲਾ ਉਦਮ ਸੀ ਜੋ ਕਿ ਏਥੋਂ ਦੀਆਂ ਸੰਗਤਾਂ ਵੱਲੋਂ ਕੀਤਾ ਗਿਆ। ਇਸ ਦਿਨ ਸ਼ਾਮ ਨੂੰ ਭਾਰੀ ਦੀਵਾਨ ਸਜਾਇਆ ਗਿਆ। ਫਿਰ ਸ਼ੁਕਰਵਾਰ ਨੂੰ ਸ੍ਰੀ ਅਖੰਡਪਾਠ ਆਰੰਭ ਕਰਕੇ, ਐਤਵਾਰ 11 ਜਨਵਰੀ ਨੂੰ ਭੋਗ ਪਾਏ ਗਏ। ਭੋਗ ਉਪ੍ਰੰਤ ਵੱਡੀ ਪਧਰ ਤੇ ਦੀਵਾਨ ਸਜਾਇਆ ਗਿਆ। ਇਸ ਵਿਚ ਵੱਖ ਵੱਖ ਰਾਗੀ ਸਿੰਘਾਂ, ਵਿਦਵਾਨਾਂ ਅਤੇ ਕਵੀਆਂ ਨੇ ਕੀਰਤਨ, ਕਵਿਤਾਵਾਂ ਤੇ ਵਿਖਿਆਨਾਂ ਦੁਆਰਾ, ਗੁਰੂ ਸਾਹਿਬ ਜੀ ਦੇ ਜੀਵਨ ਨਾਲ਼ ਸਬੰਧਤ ਸਾਖੀਆਂ ਦੀ ਸੰਗਤ ਨਾਲ਼ ਸਾਂਝ ਪਾਈ।
ਦੀਵਾਨ ਤੇ ਅੰਤ ਵਿਚ, ਸਿਡਨੀ ਨਿਵਾਸੀ ਪੰਥਕ ਵਿਦਵਾਨ ਗਿਆਨੀ ਸੰਤੋਖ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੀ ਮਜ਼ਹਬੀ ਵਿਖੇਵਿਆ ਤੇ ਵਿਵਾਦਾਂ ਤੋਂ ਉਪਰ ਰਹਿ ਕੇ, ਕੇਵਲ ਮਨੁਖਤਾ ਦੀ ਸਰਬਪੱਖੀ ਭਲਾਈ ਹਿਤ ਸਿੱਖਿਆ ਤੇ ਸਰਬੰਸ ਵਾਰਨ ਵਾਲ਼ੇ ਮਹਾਨ ਗੁਣਾਂ ਦਾ ਵਰਨਣ ਕੀਤਾ। ਧਰਮ ਦੇ ਪ੍ਰਸਾਰਨ ਤੇ ਕੁਧਰਮ ਦੇ ਪ੍ਰਹਾਰਨ ਹਿਤ ਉਹਨਾਂ ਦਾ ਇਸ ਸੰਸਾਰ ਤੇ ਆਉਣਾ ਅਤੇ ਸਾਰੀ ਆਯੂ ਇਸ ਸਭ ਤੋਂ ਉਚੇਰੇ ਧਰਮ ਦੀ ਬ੍ਰਿਧੀ ਵਾਸਤੇ ਸਾਰਾ ਜੀਵਨ ਤੇ ਫਿਰ ਸਮਾ ਆਉਣ ਤੇ ਸਾਰਾ ਸਰਬੰਸ ਹੀ ਉਹਨਾਂ ਨੇ ਕੁਰਬਾਨ ਕਰ ਦੇਣਾ ਉਹਨਾਂ ਦੇ ਅਲੌਕਿਕ ਕਰਤਵ ਸਨ।। ਸੰਗਤਾਂ ਨੇ ਸਤਿਗੁਰੂ ਜੀ ਦੇ ਇਸ ਪੱਖ ਦਾ ਭਾਵਪੂਰਤ ਤੇ ਢੁਕਵੇਂ ਸ਼ਬਦਾਂ ਵਿਚ ਗਿਆਨੀ ਜੀ ਦੁਆਰਾ ਵਰਨਣ ਕਰਨ ਦਾ ਬਹੁਤ ਚੰਗਾ ਪ੍ਰਭਾਵ ਕਬੂਲਿਆ।
ਗੁਰੂ ਕਾ ਲੰਗਰ ਤਿੰਨੇ ਦਿਨ ਅਤੁੱਟ ਵਰਤਦਾ ਰਿਹਾ। ਸਰਬੱਤ ਸੰਗਤ ਨੇ ਵਧ ਚੜ੍ਹ ਕੇ ਹਰ ਪ੍ਰਕਾਰ ਦੀ ਸੇਵਾ ਵਿਚ ਹਿੱਸਾ ਪਾਇਆ।
ਇਸ ਗੁਰਪੁਰਬ ਸਮੇ ਇਕ ਹੋਰ ਵੀ ਅਹਿਮ ਗੱਲ ਇਹ ਹੋਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ ਜੀ ਵੀ ਪਧਾਰੇ। ਉਹਨਾਂ ਨੇ ਛਨਿਛਰਵਾਰ ਸ਼ਾਮ ਦੇ ਦੀਵਾਨ ਵਿਚ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਸੰਗਤਾਂ ਉਹਨਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਤ ਹੋਈਆਂ। ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਬਾਰੇ ਏਥੋਂ ਦੀਆਂ ਸੰਗਤਾਂ ਦੇ ਕੁਝ ਸ਼ੰਕਿਆਂ ਦਾ ਵੀ ਉਹਨਾਂ ਨੇ, ਆਪਣੀ ਜਾਣਕਾਰੀ, ਇਮਾਨਦਾਰ ਤੇ ਸੁਹਿਰਦਤਾ ਸਹਿਤ ਸਮਾਧਾਨ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਸੰਗਤਾਂ ਨੇ ਭੌਰ ਸਾਹਿਬ ਦੇ ਵਿਚਾਰਾਂ ਦਾ ਏਨਾ ਪ੍ਰਭਾਵ ਕਬੂਲਿਆ ਕਿ ਉਹਨਾਂ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਕੋਈ ਪੰਥਕ ਆਗੂ ਜਰੂਰ ਸਾਲ ਵਿਚ ਦੋ ਵਾਰ ਏਥੇ ਆਕੇ ਸੰਗਤਾਂ ਨੂੰ ਸਿੱਖ ਪੰਥ ਤੇ ਇਸਦੀ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਸਹੀ ਜਾਣਕਾਰੀ ਦਿਆ ਕਰੇ।