ਸੈਕਰਾਮੈਂਟੋ-ਪੰਜਾਬ ਸਾਹਿਤ ਸਭਾ ਯੂਬਾ ਸਿਟੀ ਤੇ ਸੈਕਰਾਮੈਂਟੋ ਦੀ ਸਾਂਝੀ ਬੈਠਕ ਸੈਕਰਾਮੈਂਟੋ ਵਿਖੇ ਪੰਜਾਬੀ ਦੇ ਉਘੇ ਕਵੀ ਤੇ ਗੁਰਮਤ ਦੇ ਅੰਤਰਰਾਸ਼ਟਰੀ ਵਿਆਖਿਆਕਾਰ ਡਾ: ਇੰਦਰਜੀਤ ਸਿਮਘ ਵਾਸੂ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਤਤਿੰਦਰ ਕੌਰ, ਮਹਿੰਦਰ ਸਿੰਘ ਘੱਗ, ਜਿਊਤੀ ਸਿੰਘ ਤੇ ਰਾਬਿੰਦਰ ਸਿੰਘ ਅਟਵਾਲ( ਨੇ ਆਪਣੀਆਂ ਕਹਾਣੀਆਂ ਪੇਸ਼ ਕੀਤੀਆਂ।
ਕਹਾਣੀ ਦਰਬਾਰ ਤੋਂ ਬਾਅਦ ਕਵਿਤਾਵਾਂ ਅਤੇ ਗੀਤਾਂ ਦਾ ਦੌਰ ਸ਼ੁਰੂ ਹੋਇਆ ਜਿਸ ਦਾ ਆਰੰਭ ਜੁਗਿੰਦਰ ਸਿੰਘ ਸ਼ੌਂਕੀ ਨੇ ‘ਨਵਾਂ ਵਪਾਰੀ ਨੀ ਸੌਦਾ ਮੋਦੀਖਾਨੇ ਤੋਲੇ, ਉਹ ਨਵਾਂ ਤੁਲਾਵਾ ਨੀ, ਮਾਰੇ ਕਦੀ ਨਾ ਭੁੱਲਕੇ ਠੋਲੇ’ ਨਾਲ ਕੀਤਾ। ਇਸਤੋਂ ਉਪਰੰਤ ਜਿਊਤੀ ਸਿੰਘ ਨੇ ਨਵੇਂ ਸਾਲ ਦੀ ਮੋਰਨੀ ਜਿਹੀ ਚਾਲ ਵੇ, ਬਜੁ਼ਰਗ ਕਵੀ ਗੁਰਚਰਨ ਸਿੰਘ ਜ਼ਖ਼ਮੀ ਨੇ ‘ਨੱਚੀਏ, ਟਪੀਏ, ਹਸੀਏ ਗਾਈਏ, ਨੱਚ ਨੱਚ ਭੜਥੂ ਪਾਈਏ, ਪਰਮਿੰਦਰ ਸਿੰਘ ਰਾਏ ਨੇ ਨਵੇਂ ਸਾਲ ਸਬੰਧੀ, ਦਲਬੀਰ ‘ਦਿਲ’ ਨਿਝਰ ਨੇ ਆਪਣੇ ਗੀਤ ‘ਜਿ਼ੰਦਗ਼ੀ ਨਾ ਆਈ ਰਾਸ ਦੋਸਤੋ, ਮੌਤ ਉਤੇ ਆਖ਼ਰੀ ਹੈ ਆਸ ਦੋਸਤੋ’ ਰਾਹੀਂ ਜਿ਼ੰਦਗ਼ੀ ਦੀ ਤਲਖ਼ ਹਕੀਕਤ ਪੇਸ਼ ਕੀਤੀ। ਮਨਜੀਤ ਸੇਖੋਂ ਨੇ ‘ਪੁਤਰਾਂ ਤੋਂ ਧੀਆਂ ਵਧ ਨੇ’ ਉਸਦੇ ਦੋਹੇ ਵੀ ਖੂਬ ਮਕਬੂਲ ਹੋਏ ਉਸਦਾ ਇਕ ਦੋਹਾ ਡਿੱਗੀ ਨਾ ਧੜੰਮ ਕਰਕੇ, ਬੁੱਸ਼ ਜਾਂ ਓਬਾਮਾ ਹੋਵੇ, ਰੋਟੀ ਮਿਲਣੀ ਐ ਕੰਮ ਕਰਕੇ ਜੀਵਨ ਦੇ ਯਥਾਰਥ ਨੂੰ ਪੇਸ਼ ਕਰਦਾ ਸੀ। ਨਵੇਂ ਬਣੇ ਮੈਨਬਰ ਹਰਜਿੰਦਰ ਦੇ ‘ਦੁੱਧ ਨੂੰ ਮਧਾਣੀ ਪੁਛਦੀ’ ਗੀਤ ਨੇ ਕਵੀ ਦਰਬਾਰ ਵਿਚ ਸਭਿਆਚਾਰਕ ਰੰਗ ਭਰ ਦਿੱਤਾ। ਸਭਾ ਦੇ ਮੀਤ ਪ੍ਰਧਾਨ ਗੁਰਪਾਲ ਸਿੰਘ ਖਹਿਰਾ ਵਰਤਮਾਨ ਧਾਰਮਕ ਤੇ ਰਾਜਨੀਤਕ ਅਹੁਦਿਆਂ ਤੇ ਬੈਠੇ ਵਿਅਕਤੀਆਂ ਦੀ ਦੋਹਰੀ ਜਿ਼ੰਦਗ਼ੀ ਬਾਰੇ ਵਿਅੰਗ ਕੱਸੇ। ਸੰਤੋਖ ਸਿੰਘ ਗਿਲ ਨੇ ਆਪਣੇ ਅੰਦਾਜ਼ ਵਿਚ ਕਵਿਤਾ ਸੁਣਾਈ। ਇਸ ਮੌਕੇ ਨਰਿੰਦਰਪਾਲ ਸਿੰਘ ਹੁੰਦਲ, ਕ੍ਰਿਪਾਲ ਸਿੰਘ ਢਿਲੋਂ, ਸਾਧੂ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਡਾ: ਇੰਦਰਜੀਤ ਸਿੰਘ ਵਾਸੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਸ ਸਮਾਗਮ ਨੂੰ ਇਕ ਉਤਮ ਸਮਾਗਮ ਆਖਿਆ, ਕਿਉਂਕਿ ਸਾਰੀਆਂ ਰਚਨਾਵਾਂ ਧਰਮ, ਸਮਾਜ ਤੇ ਰਾਜਨੀਤੀ ਦੇ ਦੰਭ ਨੂੰ ਦਰਸਾਉਣ ਵਾਲੀਆਂ, ਸਮੁਚੇ ਮਨੁੱਖੀ ਜੀਵਨ ਦੀਆਂ ਖੁਸ਼ੀਆਂ ਗ਼ਮੀਆਂ ਨਾਲ ਸਬੰਧਤ ਸਨ ਤੇ ਉਤਮ ਮਾਨਵੀ ਕਦਰਾਂ ਕੀਮਤਾਂ ਨੂੰ ਅਪਨਾਉਣ ਦੀ ਪ੍ਰੇਰਨਾ ਕਰਨ ਵਾਲੀਆਂ ਸਨ। ਖੁਲ੍ਹੀ ਕਵਿਤਾ ਬਾਰੇ ਵਿਚਾਰ ਪੇਸ਼ ਕਰਦਿਤਾਂ ਉਨ੍ਹਾਂ ਕਿਹਾ ਕਿ ਖੁਲ੍ਹੀ ਕਵਿਤਾ ਲਿਖਣ ਵਾਲੇ ਇਸ ਲਈ ਅਸਫਲ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੀ ਸਖ਼ਸੀਅਤ ਵਲਵਲਿਆਂ ਨਾਲ ਭਰਪੂਰ ਨਹੀਂ ਹੁੰਦੀ, ਜੋ ਖੁਲ੍ਹੀ ਕਵਿਤਆ ਲਈ ਮੁੱਖ ਲੋੜ ਹੁੰਦੀ ਹੈ। ਸ: ਹਰਬੰਸ ਸਿੰਘ ਜਗਿਆਸੂ ਪ੍ਰਧਾਨ ਸਭਾ ਨੇ ਡਾ: ਇੰਦਰਜੀਤ ਸਿੰਘ ਵਾਸੂ ਬਾਰੇ ਜਾਣਕਾਰੀ ਦਿੱਤੀ ਤੇ ਧੰਨਵਾਦ ਕੀਤਾ ਤੇ ਸਾਰੇ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਦੋ ਨਵੇਂ ਮੈਂਬਰਾਂ ਕ੍ਰਿਪਾਲ ਸਿੰਘ ਢਿਲੋਂ ਤੇ ਹਰਜਿੰਦਰ ਸਿੰਘ ਨੂੰ ਜੀ ਆਇਆਂ ਕਿਹਾ। ਸਟਾਕਟਨ ਯੂਨਿਟ ਦੇ ਪ੍ਰਧਾਨ ਹਰਜਿੰਦਰ ਸਿੰਘ ਪੰਧੇਰ ਤੇ ਮ੍ਰਿਗਇੰਦਰ ਕੌਰ ਪੰਧੇਰ ਦੀ ਸਟਾਕਟਨ ਯੂਨਿਟ ਦੀ ਸਥਾਪਨਾ ਲਈ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਇਸ ਸਭਾ ਦੀ ਅਗਲੀ ਮੀਟਿੰਗ ਜਿਹੜੀ 1 ਫਰਵਰੀ 2009 ਦਿਨ ਐਤਵਾਰ ਨੂੰ 11 ਤੋਂ 5 ਵਜੇ ਤੱਕ ਜਿਮੀ ਰੈਸਟੋਰੈਂਟ ਵਿਖੇ ਹੋਵੇਗੀ ਵਿਚ ਪਹੁੰਚਣ ਲਈ ਬੇ ਏਰੀਆ ਅਤੇ ਸੈਂਟਰਲ ਵੈਲੀ ਦੇ ਸਾਹਿਤਕਾਰਾਂ ਨੂੰ ਭਾਗ ਲੈਣ ਲਈ ਹਾਰਦਿਕ ਸੱਦਾ ਦਿੱਤਾ।