ਲੰਡਨ- ਇਹ ਕੁਦਰਤ ਦਾ ਕਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਇਕ ਆਈਸ-ਸਕੈਟਰ ਨੇ ਬਰੇਨ ਹੈਮਰਜ ਨਾਲ ਮਰਨ ਤੋਂ ਦੋ ਦਿਨ ਬਾਅਦ ਇਕ ਬੱਚੀ ਨੂੰ ਜਨਮ ਦਿਤਾ। ਇਹ ਚਮਤਕਾਰ ਰੇਡਕਲਿਫ ਹਸਪਤਾਲ ਦੇ ਡਾਕਟਰਾਂ ਨੇ ਕਰਕੇ ਵਿਖਾਇਆ ਹੈ। ਬੱਚੀ ਦਾ ਨਾਂ “ਆਇਆ” ਰੱਖਿਆ ਗਿਆ ਹੈ, ਜਿਸਦਾ ਅਰਥ ਕੋਰਆਈ ਭਾਸ਼ਾ ਵਿਚ ਚਮਤਕਾਰ ਹੁੰਦਾ ਹੈ।
41 ਸਾਲਾ ਜਾਇਨੇ ਸੋਲਿਮਨ ਜੋ ਕਿ ਆਈਸ- ਸਕੈਟਿੰਗ ਕੋਚ ਸੀ। ਉਸਨੂੰ ਬਰੇਨ ਹੈਮਰਜ ਕਰਕੇ ਬੇਹੋਸ਼ ਹੋ ਜਾਣ ਕਰਕੇ ਹਸਪਤਾਲ ਲਿਆਂਦਾ ਗਿਆ, ਪਰ ਤਦ ਤਕ ਕਾਫੀ ਦੇਰ ਹੋ ਚੁਕੀ ਸੀ। ਡਾਕਟਰਾਂ ਨੇ ਉਸ ਨੂੰ ਬਰੇਨ ਡੈਡ ਘੋਸਿ਼ਤ ਕਰ ਦਿਤਾ। ਸੋਲਿਮਨ ਨੂੰ 25 ਹਫਤੇ ਦਾ ਗਰਭ ਸੀ। ਡਾਕਟਰਾਂ ਦੇ ਸਾਹਮਣੇ ਬੱਚੇ ਨੂੰ ਬਚਾਉਣਾ ਮੁੱਖ ਚੁਨੌਤੀ ਸੀ। ਡਾਕਟਰਾਂ ਨੇ ਮਸ਼ੀਨਾਂ ਦੀ ਮਦਦ ਨਾਲ ਸੋਲਿਮਨ ਦੀਆਂ ਧੜਕਣਾਂ ਨੂੰ ਬੰਦ ਨਹੀ ਹੋਣ ਦਿਤਾ, ਤਾਂ ਜੋ ਗਰਭ ਵਿਚ ਪਲ ਰਹੀ ਬੱਚੀ ਨੀੰ ਜਿੰਦਾ ਰੱਖਿਆ ਜਾ ਸਕੇ। ਗਰਭ ਵਿਚ ਬੱਚੇ ਦੇ ਫੇਫੜਿਆਂ ਨੂੰ ਪੂਰੀ ਤਰ੍ਹਾਂ ਨਾਲ ਵਿਕਸਤ ਕਰਨ ਲਈ ਡਾਕਟਰਾਂ ਨੇ ਮਿਰਤ ਸੋਲਿਮਨ ਨੂੰ 48 ਘੰਟਿਆਂ ਤਕ ਸਟੇਰਾਈਡ ਦੀ ਭਰਪੂਰ ਮਾਤਰਾ ਦਿਤੀ।
ਡਾਕਟਰਾਂ ਨੇ ਸੀਜੇਰੀਅਨ ਅਪਰੇਸ਼ਨ ਕਰਕੇ ਬੱਚੇ ਦਾ ਜਨਮ ਕਰਵਾਇਆ। ਪਿਤਾ ਮਹਿਮੂਦ ਸੋਲਿਮਨ ਦੇ ਲਈ ਇਹ ਬੜਾ ਅਜੀਬ ਕਸ਼ਮਕਸ਼ ਦਾ ਸਮਾਂ ਸੀ। ਪਤਨੀ ਨੂੰ ਜਿੰਦਾ ਰੱਖਣ ਵਾਲੇ ਉਪਕਰਣਾਂ ਨੂੰ ਬੰਦ ਕਰਣ ਤੋਂ ਕੁਝ ਮਿੰਟਾਂ ਬਾਅਦ ਹੀ ਉਸਨੂੰ ਨੰਨੀ ਬੱਚੀ ਸੌਂਪੀ ਗਈ। ਉਸਦੀ ਸਮਝ ਵਿਚ ਨਹੀ ਸੀ ਆ ਰਿਹਾ ਕਿ ਉਹ ਪਤਨੀ ਦੀ ਮੌਤ ਦਾ ਦੁਖ ਮਨਾਏ ਜਾਂ ਬੱਚੀ ਦੇ ਜਨਮ ਦੀ ਖੁਸ਼ੀ ਮਨਾਏ। ਪਿਤਾ ਨੂੰ ਸੌਂਪਣ ਤੋਂ ਪਹਿਲਾਂ ਬੱਚੀ ਨੂੰ ਉਸਦੀ ਮਾਂ ਦੀ ਬਗਲ ਵਿਚ ਲਿਟਾਇਆ ਗਿਆ। ਹੁਣ ਡਾਕਟਰ ਇਨਕਿਯੂਬੈਟਰ ਦੀ ਮਦਦ ਨਾਲ” ਆਇਆ” ਦੀ ਸਿਹਤ ਦੇ ਸੁਧਾਰ ਤੇ ਨਜਰ ਰੱਖ ਰਹੇ ਹਨ। ਜਾਇਨੇ ਬਾਥਰੂਮ ਵਿਚ ਡਿਗਣ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਸਿਹਤਮੰਦ ਸੀ। ਡਿਗਣ ਕਰਕੇ ਉਸਦੇ ਸਿਰ ਵਿਚ ਗੰਭੀਰ ਸੱਟ ਲਗੀ, ਜਿਸ ਕਰਕੇ ਉਸਦੀ ਮੌਤ ਹੋ ਗਈ। ਜਾਇਨਾ ਦੀ ਮਾਂ ਬਣਨ ਦੀ ਬਹੁਤ ਇਛਾ ਸੀ। ਪਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਉਸਨੂੰ ਪਤਾ ਹੀ ਨਹੀ ਚਲਿਆ ਕਿ ਉਹ ਮਾਂ ਬਣ ਗਈ ਹੈ। ਇਹ ਉਸਦੀ ਇਛਾ ਸ਼ਕਤੀ ਹੀ ਸੀ ਕਿ ਉਸਨੇ ਮਰਨ ਤੋਂ ਬਾਅਦ ਵੀ ਆਪਣੀ ਬੱਚੀ ਨੂੰ ਜਨਮ ਦਿਤਾ।