ਚੰਡੀਗੜ੍ਹ – ਸਿੱਖ ਸਿਆਸਤ ਉੱਤੇ ਬਾਦਲ ਵੱਲੋਂ ਆਪਣੇ ਪਰਿਵਾਰ ਦਾ ਪੂਰਨ ਕਬਜ਼ਾ ਕਰਨ ਹਿੱਤ ਸਤਰੰਜ਼ੀ ਗੋਟੀਆਂ ਬਹੁਤ ਚੁਸਤੀ ਨਾਲ ਖੇਡੀਆ ਜਾ ਰਹੀਆਂ ਹਨ। ਪਹਿਲੇ ਆਪਣੇ ਗੈਰ ਤਜਰਬੇਕਾਰ ਲਾਡਲੇ ਸੁਖਵੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਬਣਾਉਣ ਲਈ ਜ: ਜਗਦੇਵ ਸਿੰਘ ਤਲਵੰਡੀ, ਰਣਜੀਤ ਸਿੰਘ ਬ੍ਰਹਮਪੁਰਾ, ਕੈਪਟਨ ਕੰਵਲਜੀਤ ਸਿੰਘ ਤੇ ਹੋਰ ਬਜ਼ੁਰਗ ਟਕਸਾਲੀ ਆਗੂਆਂ ਦੀਆਂ ਸੇਵਾਵਾ ਨੂੰ ਨਜ਼ਰ ਅੰਦਾਜ਼ ਕਰਕੇ ਅਕਾਲੀ ਦਲ ਦੇ ਸਿਧਾਂਤਾਂ ਤੇ ਰਵਾਇਤਾਂ ਨੂੰ ਕੁਚਲਿਆ ਗਿਆ। ਹੁਣ ਆਪਣੇ ਕਾਕੇ ਤੇ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਕਰਮਵਾਰ ਮੁੱਖ ਮੰਤਰੀ ਪੰਜਾਬ ਤੇ ਲੋਕ ਸਭਾ ਮੈਂਬਰ ਬਣਾਉਣ ਹਿੱਤ ਸਮੁੱਚੀ ਲੀਡਰਸਿ਼ਪ ਦੀ ਬਲੀ ਦੇਣ ਦੀ ਤਿਆਰੀ ਹੋ ਰਹੀ ਹੈ। ਇੱਥੇ ਹੀ ਬੱਸ ਨਹੀਂ ਬਿਕਰਮਜੀਤ ਸਿੰਘ ਮਜੀਠੀਆ, ਆਦੇਸਪ੍ਰਤਾਪ ਸਿੰਘ ਕੈਰੋਂ, ਮਨਪ੍ਰੀਤ ਸਿੰਘ ਬਾਦਲ ਨੂੰ ਵਜ਼ੀਰੀਆ ਦੇ ਕੇ ਸਿਆਸੀ ਘੇਰੇ ਦੀ ਵਾੜ ਨੂੰ ਮਜ਼ਬੂਤ ਕੀਤਾ ਗਿਆ। ਹੁਣ ਮਾਤਾ ਸੁਰਿੰਦਰ ਕੌਰ ਬਾਦਲ ਕੋਲੋਂ ਲੰਗਰ ਇਕੱਤਰ ਕਰਨ ਦੀ ਗੱਲ ਸ਼ੁਰੂ ਕਰਵਾ ਕੇ ਤੇ ਹਰਸਿਮਰਤ ਕੌਰ ਬਾਦਲ ਵੱਲੋਂ “ਨੰਨ੍ਹੀ ਛਾਂ” ਦੀ ਪਾਖੰਡਬਾਜੀ ਸ਼ੁਰੂ ਕਰਵਾ ਕੇ ਪੰਜਾਬੀਆ ਤੇ ਸਿੱਖ ਕੌਮ ਨੂੰ ਧਾਰਮਿਕ ਤੇ ਸਮਾਜਿਕ ਝੂਠਾ ਰੂਪ ਪੇਸ਼ ਕਰਕੇ ਗੁੰਮਰਾਹ ਕਰਨ ਦੀ ਅਸਫਲ ਕੋਸਿ਼ਸ ਕੀਤੀ ਜਾ ਰਹੀ ਹੈ। ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਦੇ ਅਖਬਾਰਾਂ ਵਿੱਚ ਇਹ ਬਿਆਨ ਦੇਣਾ ਕਿ ਜੇਕਰ ਪਾਰਟੀ ਚਾਹੇਗੀ ਤਾਂ ਮੈਂ ਜ਼ਰੂਰ ਲੋਕ ਸਭਾ ਵਿੱਚ ਨੁੰਮਾਇੰਦਗੀ ਕਰਾਂਗੀ, ਤੋਂ ਇਸ ਬਾਦਲ ਪਰਿਵਾਰ ਵੱਲੋਂ ਬਠਿੰਡਾ ਤੋਂ ਚੋਣ ਲੜਾਉਣ ਵਾਲੀ ਬਿੱਲੀ ਪੂਰਨ ਰੂਪ ਵਿੱਚ ਥੈਲਿਓ ਬਾਹਰ ਆ ਚੁੱਕੀ ਹੈ। ਜਿਸ ਪਰਿਵਾਰਿਕ ਕਬਜ਼ੇ ਵਾਲੀ ਮੰਦਭਾਵਨਾ ਭਰੀ ਸੋਚ ਨੂੰ ਅਸਫਲ ਬਣਾ ਦੇਣਾ ਹੀ ਪੰਜਾਬੀਆਂ ਤੇ ਸਿੱਖ ਕੌਮ ਦੀ ਕਾਮਯਾਬੀ ਹੋਵੇਗੀ।
ਇਹ ਉਪਰੋਕਤ ਵਿਚਾਰ ਅੱਜ ਇੱਥੇ ਜਿ਼ਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਗੁਰਦਿਆਲ ਸਿੰਘ ਘੱਲੂਮਾਜਰਾ, ਜ: ਭਾਗ ਸਿੰਘ ਪ੍ਰਧਾਨ ਜਿ਼ਲ੍ਹਾ ਰੋਪੜ, ਜ: ਹਰਭਜਨ ਸਿੰਘ ਕਸ਼ਮੀਰੀ ਪ੍ਰਧਾਨ ਪਟਿਆਲਾ ਸ਼ਹਿਰੀ, ਅਨੂਪ ਸਿੰਘ ਸੰਧੂ ਪ੍ਰਧਾਨ ਲੁਧਿਆਣਾ, ਜੱਸਾ ਸਿੰਘ ਗੱਲਵੱਢੀ ਪ੍ਰਧਾਨ ਖੰਨਾ, ਕੁਲਦੀਪ ਸਿੰਘ ਭਾਗੋਵਾਲ ਪ੍ਰਧਾਨ ਮੁਹਾਲੀ ਦੇ ਸਾਂਝੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ ਗਏ।
ਆਗੂਆਂ ਨੇ ਪੰਜਾਬ ਨਿਵਾਸੀਆਂ ਤੇ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਮਾਤਾ ਸੁਰਿੰਦਰ ਕੌਰ ਬਾਦਲ ਜੋ 75 ਵਰ੍ਹਿਆਂ ਨੂੰ ਟੱਪ ਕੇ ਹੁਣ ਉਸਨੂੰ ਲੰਗਰ ਦੀ ਮਹੱਤਤਾ ਦੀ ਯਾਦ ਆਈ ਹੈ , ਇਹ ਧਾਰਮਿਕ ਮਖੌਟਾ ਪਹਿਣ ਕੇ ਆਪਣੇ ਲਾਡਲੇ ਨੂੰ ਮੁੱਖ ਮੰਤਰੀ ਬਣਾਉਣ ਤੇ “ਨੰਨ੍ਹੀ ਛਾਂ” ਵਾਲੀ ਹਰਸਿਮਰਤ ਬਾਦਲ ਨੂੰ ਲੋਕ ਸਭਾ ਵਿੱਚ ਭੇਜਣ ਲਈ ਆਪਣੀ ਆਖਰੀ ਉਮਰ ਦੇ ਪੜਾਅ ਵਿੱਚ ਆਪਣੇ ਬਾਦਲ ਪਰਿਵਾਰ ਦੀ ਡੁੱਬਦੀ ਜਾ ਰਹੀ “ਸਿਆਸੀ ਬੇੜੀ” ਨੂੰ ਬਚਾਉਣ ਲਈ ਕਮਜ਼ੋਰ ਚੱਪੂ ਚਲਾ ਰਹੀ ਹੈ ਜੋ ਕਿ ਹੁਣ ਕਾਮਯਾਬ ਨਹੀਂ ਹੋਣਗੇ। ਕਿਉਂਕਿ ਸ: ਬਾਦਲ ਤੇ ਉਸਦੇ ਪਰਿਵਾਰ ਦੇ ਮੈਂਬਰ ਸਿੱਖੀ ਨੂੰ ਪੂਰਨ ਰੂਪ ਵਿੱਚ ਤਿਲਾਂਜਲੀ ਦੇ ਚੁੱਕੇ ਹਨ। ਲੰਗਰ ਇਕੱਤਰ ਕਰਨ ਅਤੇ ਨੰਨ੍ਹੀ ਛਾਂ ਦੇ ਸਿਆਸੀ ਪਾਖੰਡ ਕਰਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿ਼ਸ ਕਰ ਰਹੇ ਹਨ। ਉਹਨਾਂ ਪੰਜਾਬੀਆਂ ਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਉਣ ਵਾਲੀ ਲੋਕ ਸਭਾ ਚੋਣਾਂ ਵਿੱਚ ਬਾਦਲ ਪਰਿਵਾਰ ਦੇ ਪਰਿਵਾਰਿਕ ਕਬਜ਼ੇ ਵਾਲੀ ਮਾੜੀ ਸੋਚ ਨੂੰ ਮੁੱਖ ਰੱਖ ਕੇ ਆਪਣੀਆਂ ਕਾਰਵਾਈਆਂ ਕਰਨ ਤਾਂ ਕਿ ਮੌਜੂਦਾ ਪੰਜਾਬ ਦੀ ਹਕੂਮਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਦਿਸ਼ਾਹੀਣ ਲੀਡਰਸਿ਼ਪ ਵਿੱਚ ਆ ਚੁੱਕੀਆ ਸਵਾਰਥੀ ਸੋਚ ਵਾਲੀਆਂ ਗਿਰਾਵਟਾਂ ਦਾ ਅੰਤ ਕਰਕੇ ਕੌਮ ਤੇ ਪੰਜਾਬ ਦੀ ਚੜਦੀ ਕਲਾ ਕੀਤੀ ਜਾ ਸਕੇ।