ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਯੂਨੀਵਰਸਿਟੀ ਦੇ ਰਿਹਾਇਸ਼ੀ ਖੇਤਰ ਹਾਥੀ ਕੰਪਲੈਕਸ ਵਿਖੇ ਮਨਾਇਆ ਗਿਆ। ਇਸ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ: ਕੰਗ ਨੇ ਰਸਮੀ ਤੌਰ ਤੇ ਲੋਹੜੀ ਨੂੰ ਅਗਨੀ ਭੇਂਟ ਕਰਕੇ ਇਸ ਤਿਉਹਾਰ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਦੇ ਬੱਚਿਆਂ ਵੱਲੋਂ ਗੀਤ, ਗਿੱਧਾ, ਭੰਗੜਾ, ਸਕਿੱਟ ਆਦਿ ਵੀ ਪੇਸ਼ ਕੀਤਾ ਗਿਆ। ਕਲਾ ਅਤੇ ਪੜ੍ਹਾਈ ਦੇ ਖੇਤਰ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਡਾ: ਕੰਗ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਇਸ ਮੌਕੇ ਹਾਥੀ ਕੰਪਲੈਕਸ ਭਲਾਈ ਐਸੋਸੀਏਸ਼ਨ ਦੇ ਪ੍ਰਧਾਨ ਡਾ: ਕਮਲ ਬੱਤਾ ਨੇ ਪਿਛਲੇ ਸਮੇਂ ਦੌਰਾਨ ਐਸੋਸੀਏਸ਼ਨ ਵੱਲੋਂ ਨੇਪਰੇ ਚਾੜੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਡਾ: ਕੰਗ ਇਸ ਮੌਕੇ ਕਿਹਾ ਕਿ ਇਸ ਪਵਿੱਤਰ ਤਿਉਹਾਰ ਵਿੱਚ ਸ਼ਾਮਿਲ ਹੋ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਕਾਮਨਾ ਕੀਤੀ ਕਿ ਆਉਣ ਵਾਲਾ ਸਮਾਂ ਸਾਰਿਆਂ ਲਈ ਸੁੱਖ ਸ਼ਾਂਤੀ ਲੈ ਕੇ ਆਵੇਗਾ। ਉਨ੍ਹਾਂ ਵਿਸ਼ੇਸ਼ ਤੌਰ ਤੇ ਭਲਾਈ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰਾਂ ਡਾ: ਜਾਵੇਦ, ਡਾ: ਨਰੇਸ਼ ਅਰੋੜਾ, ਡਾ: ਆਸ਼ਾ ਚਾਵਲਾ, ਡਾ: ਮਮਤਾ ਪਾਠਕ, ਡਾ: ਸਵਰਨ ਰੰਧਾਵਾ, ਡਾ: ਕੁਲਦੀਪ ਗੁਪਤਾ, ਡਾ: ਗੁਰਸਾਹਿਬ ਸਿੰਘ, ਅਨੁਰੀਤ ਕੌਰ, ਅਨੁਪਮ ਦੀਕਸ਼ਤ ਆਦਿ ਨੂੰ ਵਿਸ਼ੇਸ਼ ਤੌਰ ਤੇ ਅਜਿਹਾ ਪ੍ਰਭਾਵਸ਼ਾਲੀ ਪ੍ਰੋਗਰਾਮ ਆਯੋਜਿਤ ਕਰਨ ਲਈ ਵਧਾਈ ਦਿੱਤੀ।
ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਵੱਲੋਂ ਵੀ ਲੋਹੜੀ ਦਾ ਤਿਉਹਾਰ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਪੱਤਰਕਾਰੀ ਅਤੇ ਭਾਸ਼ਾਵਾਂ ਵਿਭਾਗ ਦੇ ਸਾਬਕਾ ਮੁਖੀ ਡਾ: ਅਮਰਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਭਾਗ ਦੇ ਮੁਖੀ ਡਾ: ਰਮੇਸ਼ ਕੁਮਾਰ ਨੇ ਆਏ ਸਾਰੇ ਮਹਿਮਾਨਾਂ, ਅਧਿਆਪਕਾਂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਅਜਿਹੇ ਰਵਾਇਤੀ ਤਿਉਹਾਰ ਸਾਡੇ ਵਿਰਸੇ ਵਿੱਚ ਇੱਕ ਅਹਿਮ ਸਥਾਨ ਰੱਖਦੇ ਹਨ। ਡਾ: ਅਮਰਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਸਾਨੂੰ ਅੱਜ ਤੋਂ ਬਾਅਦ ਸਮਾਜ ਵਿੱਚ ਲੜਕੀਆਂ ਦੀ ਲੋਹੜੀ ਵੀ ਮਨਾਉਣ ਦੀ ਰਵਾਇਤ ਪਾਉਣੀ ਚਾਹੀਦੀ ਹੈ। ਇਸ ਮੌਕੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਸਾਨੂੰ ਇਸ ਪਵਿੱਤਰ ਅਗਨੀ ਦੀ ਸਹੁੰ ਚੁੱਕਣੀ ਚਾਹੀਦੀ ਹੈ ਕਿ ਅਸੀਂ ਆਪਣੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰ ਸਕੀਏ ਅਤੇ ਸਭਿਅਕ ਸਮਾਜ ਦੀ ਸਿਰਜਣਾ ਕਰੀਏ।