ਫਤਿਹਗੜ੍ਹ ਸਾਹਿਬ, :- ਅੱਜ ਦੇ ਅਖਬਾਰਾਂ ਵਿੱਚ ਸ: ਸੁਖਬੀਰ ਸਿੰਘ ਬਾਦਲ ਤੇ ਹਿੰਦੂਤਵ ਭਾਜਪਾ ਦੇ ਫਿਰਕੂ ਆਗੂ ਮਨੋਰੰਜਨ ਕਾਲੀਆ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਬਾਦਲ ਦੀ ਯੋਜਨਾ ਪੰਜਾਬ ਮਾਰੂ ਕਾਰਵਾਈਆਂ ਨੂੰ ਪ੍ਰਤੱਖ ਤੌਰ ਤੇ ਜ਼ਾਹਿਰ ਕਰਦੀ ਹੈ। ਕਿਉਂਕਿ ਇੱਕ ਤਾਂ ਇਸ ਬਾਦਲ ਸਰਕਾਰ ਉੱਤੇ 58 ਹਜ਼ਾਰ ਕਰੋੜ ਰੁਪਏ ਦਾ ਪਹਿਲਾ ਹੀ ਕਰਜ਼ਾ ਹੈ। ਦੂਸਰਾ ਪੰਜਾਬ ਦੇ ਖਜ਼ਾਨੇ ਵਿੱਚੋਂ ਵੱਡੇ ਖਰਚ ਕਰਕੇ ਬਾਦਲ ਦਲ ਦੇ ਛੋਟੇ ਤੋਂ ਛੋਟੇ ਜਿ਼ਲ੍ਹਾ ਪੱਧਰ ਦੇ ਅਹੁਦੇਦਾਰਾਂ ਨਾਲ ਸਕਿਉਰਟੀ ਗਾਰਡਾਂ ਦੀ ਅਤੇ ਜਿਪਸੀਆਂ ਦੀ ਫਾਲਤੂ ਫੌਜ ਖੜੀ ਕੀਤੀ ਗਈ ਹੈ। ਫਿਰ ਵੱਡੀ ਗਿਣਤੀ ਵਿੱਚ ਪੰਜਾਬ ਦੇ ਆਈ ਏ ਐਸ, ਆਈ ਪੀ ਐਸ ਅਤੇ ਪੀ ਸੀ ਐਸ ਅਫਸਰਾਂ ਦੇ ਵੱਡੀ ਗਿਣਤੀ ਵਿੱਚ ਗਾਰਦਾ ਲਗਾ ਕੇ ਪੰਜਾਬ ਦੇ ਖਜ਼ਾਨੇ ਤੇ ਵੱਡਾ ਬੋਝ ਪਾਇਆ ਗਿਆ ਹੈ। ਹੁਣ ਪੰਜਾਬ ਨਿਵਾਸੀਆਂ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਸ: ਬਾਦਲ ਦੋ ਉਪ ਮੁੱਖ ਮੰਤਰੀ ਬਣਾਉਣ ਦੀਆਂ ਯੋਜਨਾਵਾ ਤੇ ਕੰਮ ਕਰ ਰਹੇ ਹਨ। ਜਿਸ ਨਾਲ ਪੰਜਾਬ ਦੇ ਬਜਟ ਦਾ ਹੋਰ ਦਿਵਾਲਾ ਨਿਕਲ ਜਾਵੇਗਾ। ਸ: ਬਾਦਲ ਦੀ ਇਹ ਕਾਰਵਾਈ ਬਾਦਲ ਸਰਕਾਰ ਦੀ ਸਿਆਸੀ ਅਰਥੀ ਵਿੱਚ ਆਖਰੀ ਕਿੱਲ੍ਹ ਸਾਬਿਤ ਹੋਵੇਗੀ।
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਖਬਾਰਾਂ ਵਿੱਚ ਬਾਦਲ ਵੱਲੋਂ ਦੋ ਉਪ ਮੁੱਖ ਮੰਤਰੀ ਬਣਾਉਣ ਦੀਆਂ ਯੋਜਨਾਵਾਂ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇੱਕ ਲਿਖਤੀ ਬਿਆਨ ਵਿੱਚ ਜ਼ਾਹਿਰ ਕੀਤੇ।
ਉਹਨਾਂ ਕਿਹਾ ਕਿ ਸਿਆਸੀ ਸਮੀਕਰਨਾਂ ਤੋਂ ਵੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਲਾਡਲੇ ਨੂੰ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਣ ਲਈ ਕੀਤਾ ਜਾ ਰਿਹਾ ਉਪਰੋਕਤ ਫੈਸਲਾ ਬਾਦਲ ਸਰਕਾਰ ਦੀ ਮੰਝਧਾਰ ਵਿੱਚ ਡਿਕਡੌਲੇ ਖਾਂਦੀ ਜਾ ਰਹੀ ਸਿਆਸੀ ਬੇੜੀ ਵਿੱਚ ਵੱਟੇ ਪਾਉਣ ਦੇ ਤੁੱਲ ਕਾਰਵਾਈ ਹੈ। ਕਿਉਂਕਿ ਬਾਦਲ ਦਲ ਦੇ ਬਹੁਤੇ ਸੀਨੀਅਰ ਆਗੂਆਂ ਜਿਵੇਂ ਕੈਪਟਨ ਕਮਲਜੀਤ ਸਿੰਘ, ਰਣਜੀਤ ਸਿੰਘ ਬ੍ਰਹਮਪੁਰਾ, ਸ: ਮਨਪ੍ਰੀਤ ਸਿੰਘ ਬਾਦਲ ਤੇ ਸ: ਅਦੇਸ਼ ਪ੍ਰਤਾਪ ਸਿੰਘ ਕੈਰੋਂ ਜੋ ਕਿ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸੀਨੀਆਰਤਾ ਵਿੱਚ ਸੁਖਬੀਰ ਬਾਦਲ ਤੋਂ ਕਿਤੇ ਉਪੱਰ ਆਉਂਦੇ ਹਨ, ਨੂੰ ਸ: ਬਾਦਲ ਵੱਲੋਂ ਨਜ਼ਰ ਅੰਦਾਜ਼ ਕਰਕੇ ਆਪਣੇ ਲਾਡਲੇ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਕੀਤੀ ਜਾ ਰਹੀ ਕਾਰਵਾਈ ਬਾਦਲ ਦਲ ਦੇ ਅੰਦਰਲੇ ਕਲੇਸ਼ ਨੂੰ ਹੋਰ ਤੇਜ਼ ਕਰੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਲਾਵਾ ਫਟ ਕੇ ਰਹੇਗਾ ਅਤੇ ਬਾਦਲ ਦਲ ਦਾ ਭੋਗ ਪੈ ਕੇ ਰਹੇਗਾ। ਕਿਉਂਕਿ ਗੁਰੂ ਸ਼ਬਦਾਂ ਨੇ ਸਦੀਆਂ ਪਹਿਲੇ ਇਹ ਫੈਸਲਾ ਕਰ ਦਿੱਤਾ ਸੀ ਕਿ “ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਏ” ਦੇ ਅਨੁਸਾਰ ਜਦੋਂ ਕਿਸੇ ਹਾਕਮ, ਰਾਜੇ, ਅਫਸਰ ਦਾ ਆਪਣੇ ਲੋਕਾਂ ਉੱਤੇ ਜ਼ਬਰ ਜੁਲਮ ਜਾਂ ਵਧੀਕੀਆਂ ਵੱਧ ਜਾਂਦੀਆਂ ਹਨ ਤੇ ਉਸਦੇ ਪਾਪਾਂ ਦਾ ਘੜਾ ਭਰ ਜਾਂਦਾ ਹੈ ਤਾਂ ਅਜਿਹੇ ਘੜੇ ਦੇ ਪਟਾਕੇ ਆਖਿਰ ਪੈਣੇ ਹੁੰਦੇ ਹਨ।