ਇੱਕ ਸਾਲ ਅੱਜ ਹੋਰ ਦੇਖੋ ਢਹਿ ਢੇਰੀ ਹੋ ਗਿਆ
ਆਜ਼ਾਦ ਦੇਸ਼ ਦਾ ਗੁਲ਼ਾਮ ਡਰ ਸੀਨੇ ‘ਚ ਲੈ ਸੌਂ ਗਿਆ
ਸਵੇਰ ਤੋਂ ਸ਼ਾਮ ਤੱਕ ਭੱਜਦਾ ਨੱਸਦਾ ਥੱਕਦਾ ਨਹੀਂ
ਸ਼ਾਮ ਹੁੰਦੀ ਸਾਰ ਹੀ ਟੱਬਰ ਦੇ ਖਿਆਲ ‘ਚ ਖੋ ਗਿਆ
ਉਹੀ ਡਰ ਉਹੀ ਚਿੰਤਾ ਉਹੋ ਜਿਹਾ ਮਾਹੌਲ ਫਿਰ
ਪਿਛਲੇ ਸਾਲ ਵਾਂਗ ਦੇਖੋ ਦਰ ਤੇ ਆ ਖੜ੍ਹੋ ਗਿਆ
ਮਾਸੁੂਮਾਂ ਦੇ ਖੂਨ ਨਾਲ ਬੰਦੂਕਾਂ ਦੀ ਨੋਕ ਤੇ
ਲਿਖੇ ਹੋਏ ਇਤਿਹਾਸ ਦਾ ਰੰਗ ਲਾਲ ਸੁੂਹਾ ਹੋ ਗਿਆ
ਅਣਖ਼ ਅਤੇ ਗ਼ੈਰਤ ਲਈ ਜਿਨ੍ਹਾਂ ਆਵਾਜ਼ ਉਠਾਈ ਸੀ
ਉਨ੍ਹਾਂ ਦੀ ਗਿਣਤੀ ਵਿੱਚ ਦੇਖੋ ਹੋਰ ਵਾਧਾ ਹੋ ਗਿਆ
ਨਿੱਤ ਦਿਹਾੜੇ ਨਿੱਤ ਨਵੇਂ ਥਾਂ ਚੀਕਾਂ ਤੇ ਵੈਣ ਨੇ
ਇਹ ਕੁਝ ਹੁੰਦਿਆਂ ਕਹਿੰਦੇ ਮਾਹੌਲ ਸ਼ਾਤ ਹੋ ਗਿਆ
ਉਹੀ ਅਖ਼ਬਾਰਾਂ ਤੇ ਉਹੀ ਬੱਸ ਖ਼ਬਰਾਂ ਨੇ
ਆਖ਼ਰੀ ਅੱਖ਼ਰ ਵਿੱਚ ਇੱਕ ਹੋਰ ਜਮ੍ਹਾਂ ਹੋ ਗਿਆ
ਘਰਾਂ ਵਿੱਚ ਸੁੰਨਸਾਨ ਤੇ ਸ਼ਮਸ਼ਾਨ ਵਿੱਚ ਰੌਣਕ ਹੈ
ਕਿਹੋ ਜਿਹਾ ਮਾਹੌਲ ‘ਦਿਲਾ’ ਮੁਲ਼ਕ ਦਾ ਹੋ ਗਿਆ
ਤਰੱਕੀ ਤਾਂ ਬਹੁਤ ਕੀਤੀ ਮੇਰੇ ਇਸ ਦੇਸ਼ ਨੇ
ਕੀ ਹੋਇਆ ਜੇ ਰੋਂਦੀ ਮਮਤਾ, ਵਿਧਵਾ ਨਾਰੀ
ਨੰਗਾ ਬਚਪਨ, ਥੱਕਿਆ ਬਾਪੂ ਅਤੇ
ਹੰਝੂਆਂ ਭਰੀ ਰੱਖ਼ੜੀ ‘ਚ ਹੋਰ ਵਾਧਾ ਹੋ ਗਿਆ
ਇੱਕ ਸਾਲ ਅੱਜ ਹੋਰ ਦੇਖੋ ਢਹਿ ਢੇਰੀ ਹੋ ਗਿਆ
ਇੱਕ ਹੋਰ ਸਾਲ
This entry was posted in ਕਵਿਤਾਵਾਂ.