ਜਲੰਧਰ- ਪਿਛਲੇ ਕੁਝ ਅਰਸੇ ਤੋਂ ਸੁਖਬੀਰ ਸਿੰਘ ਬਾਦਲ ਨੂੰ ਮੁੱਖਮੰਤਰੀ ਬਣਾਉਣ ਦਾ ਮੁੱਦਾ ਅਕਸਰ ਚਰਚਾ ਵਿਚ ਰਿਹਾ ਹੈ। ਅਖੀਰ ਪਰਕਾਸ਼ ਸਿੰਘ ਬਾਦਲ ਨੇ ਸੁਖਬੀਰ ਨੂੰ ਉਪ ਮੁੱਖਮੰਤਰੀ ਦਾ ਅਹੁਦਾ ਦੇਣ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖਬੀਰ ਦੇ ਉਪ ਮੁੱਖਮੰਤਰੀ ਬਣਾਏ ਜਾਣ ਨੂੰ ਭਾਜਪਾ ਦੇ ਰਾਜਨਾਥ ਅਤੇ ਅਡਵਾਨੀ ਨੇ ਸਹਿਮਤੀ ਦੇ ਦਿਤੀ ਹੈ। ਮਨੋਰੰਜਨ ਕਾਲੀਆ ਨੂੰ ਉਪ ਮੁੱਖਮੰਤਰੀ ਬਣਾਉਣ ਦਾ ਮਾਮਲਾ ਅਜੇ ਖਟਾਈ ਵਿਚ ਹੈ।
ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨਾਰਥ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਊਨ੍ਹਾਂ ਨੇ ਉਦਘਾਟਨ ਤੋਂ ਪਹਿਲਾਂ ਇਹ ਸਪਸ਼ਟ ਕੀਤਾ ਕਿ ਉਪ ਮੁੱਖ ਮੰਤਰੀ ਬਣਨ ਲਈ ਸੁਖਬੀਰ ਬਾਦਲ ਨੂੰ ਪਹਿਲਾਂ ਵਿਧਾਨ ਸਭਾ ਦੀ ਚੋਣ ਲੜਨੀ ਹੋਵੇਗੀ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਨੂਰ ਮਹਿਲ ਤੋਂ ਗੁਰਦੀਪ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਤੋਂ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਉਮੀਦਵਾਰ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੂੰ ਕੋਸਣ ਤੋਂ ਵੀ ਬਾਜ ਨਹੀ ਆਏ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਸੋਤੇਲਾ ਵਿਹਾਰ ਕਰ ਰਹੀ ਹੈ। ਰਾਜ ਵਿਚ ਬਿਜਲੀ ਦੀ ਖਰਾਬ ਹਾਲਤ ਬਾਰੇ ਵੀ ਬਾਦਲ ਸਾਹਿਬ ਨੇ ਕਾਂਗਰਸ ਸਰਕਾਰ ਨੂੰ ਹੀ ਜਿੰਮੇਵਾਰ ਠਹਿਰਾਇਆ।