ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀ ਬਾਇਓ ਤਕਨਾਲੋਜੀ ਸਕੂਲ ਦਾ ਨੀਂਹ ਪੱਥਰ ਅੱਜ ਵਿਸ਼ਵ ਪ੍ਰਸਿੱਧ ਝੋਨਾ ਵਿਗਿਆਨੀ ਅਤੇ ‘ਵਰਲਡ ਫੂਡ ਪ੍ਰਾਈਜ਼’ ਦੇ ਜੇਤੂ ਡਾ: ਗੁਰਦੇਵ ਸਿੰਘ ਖੁਸ਼ ਵੱਲੋਂ ਰੱਖਿਆ ਗਿਆ। ਉਨ੍ਹਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਮਨੁੱਖਤਾ ਦੇ ਵਿਕਾਸ ਲਈ ਤਿੰਨ ਕ੍ਰਾਂਤੀਆਂ ਨੇ ਮੁੱਖ ਰੋਲ ਅਦਾ ਕੀਤਾ ਹੈ। ਪਹਿਲੀ ਖੇਤੀ ਕ੍ਰਾਂਤੀ ਸੀ ਜਿਸ ਨੇ ਮਨੁੱਖਤਾ ਨੂੰ ਖਾਨਾਬਦੋਸ਼ ਤੋਂ ਸਥਾਈ ਰਹਿਣ ਵੱਲ ਤੋਰਿਆ । ਦੂਜੀ ਕ੍ਰਾਂਤੀ ਉਦਯੋਗਿਕ ਕ੍ਰਾਂਤੀ ਸੀ ਅਤੇ ਸਭ ਤੋਂ ਨਵੀਨ ਕ੍ਰਾਂਤੀ ਸੂਚਨਾ ਕ੍ਰਾਂਤੀ ਅਤੇ ਬਾਇਓ ਤਕਨਾਲੋਜੀ ਦੇ ਖੇਤਰ ਦੀ ਕ੍ਰਾਂਤੀ ਹੈ। ਅਸੀਂ ਮਨੁੱਖਤਾ ਦੇ ਪਸਾਰੇ ਲਈ ਇਸ ਕ੍ਰਾਂਤੀ ਨੂੰ ਅਣਡਿੱਠਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਵੱਡੇ ਪੱਧਰ ਤੇ ਜੀਨੈਟਿਕ ਇੰਜੀਨੀਅਰਿੰਗ ਰਾਹੀਂ ਤਿਆਰ ਫ਼ਸਲਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰੀਏ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਸਥਾਪਿਤ ਆਪਣੇ ਆਪ ਵਿੱਚ ਇਕ ਮਿਸਾਲ ਹੋਵੇਗਾ ਅਤੇ ਉਹ ਹਰ ਵਰ੍ਹੇ ਇਸ ਵਿੱਚ ਕੀਤੀ ਜਾ ਰਹੀ ਖੋਜ ਦਾ ਜਾਇਜ਼ਾ ਜ਼ਰੂਰ ਲੈਣਗੇ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਭਾਸ਼ਨ ’ਚ ਕਿਹਾ ਕਿ ਦੇਸ਼ ਦੀ ਅੰਨ ਸੁਰੱਖਿਆ ਲਈ ਬਾਇਓ ਤਕਨਾਲੋਜੀ ਵਿਧੀ ਇੱਕ ਅਹਿਮ ਰੋਲ ਅਦਾ ਕਰ ਸਕਦੀ ਹੈ। ਇਸ ਤੋਂ ਇਲਾਵਾ ਦਿਨ ਪ੍ਰਤੀ ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਇਸ ਨਾਲ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਵਿਸੇਸ਼ ਤੌਰ ਤੇ ਡਾ: ਖੁਸ਼ ਦਾ ਯੂਨੀਵਰਸਿਟੀ ਨੂੰ ਵਿੱਤੀ ਸਹਾਇਤਾ ਦੇਣ ਲਈ ਸਾਰੀ ਯੂਨੀਵਰਸਿਟੀ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਵਿਸ਼ਵ ਪ੍ਰਸਿੱਧ ਕਣਕ ਵਿਗਿਆਨੀ ਡਾ: ਬਿਕਰਮ ਗਿੱਲ ਵੀ ਸ਼ਾਮਿਲ ਹੋਏ। ਉਨ੍ਹਾਂ ਹਾਜ਼ਰ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਾਪਿਤ ਇਹ ਸਕੂਲ ਦੇਸ਼ ਲਈ ਜਾਣਕਾਰੀ ਪ੍ਰਦਾਨ ਕਰਨ ਲਈ ਭਵਿੱਖ ਵਿੱਚ ਅਹਿਮ ਰੋਲ ਅਦਾ ਕਰੇਗਾ ਅਤੇ ਸਕੂਲ ਲਈ ਅੰਤਰ ਰਾਸ਼ਟਰੀ ਸਲਾਹਕਾਰ ਬੋਰਡ ਗਠਿਤ ਕਰਨ ਦੀ ਤਜਵੀਜ਼ ਰੱਖੀ।
ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ: ਅਵਤਾਰ ਸਿੰਘ ਢੀਂਡਸਾ ਵੀ ਇਸ ਮੌਕੇ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਡਾ: ਖੁਸ਼ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਨੂੰ ਦਿੱਤੇ ਭਰਪੂਰ ਸਹਿਯੋਗ ਲਈ ਸਦੀਆਂ ਤਕ ਯਾਦ ਕੀਤਾ ਜਾਵੇਗਾ। ਡੀਨ, ਪੋਸਟ ਗਰੈਜੂਏਟ ਸਟੱਡੀਜ ਡਾ: ਸ਼੍ਰੀਮਤੀ ਐਸ ਕੇ ਮਾਨ ਨੇ ਕਿਹਾ ਕਿ ਬਾਇਓ ਤਕਨਾਲੋਜੀ ਵਿਧੀਆਂ ਨਾਲ ਖੇਤੀਬਾੜੀ ਨੂੰ ਤਰੱਕੀ ਦੀਆਂ ਲੀਹਾਂ ਵੱਲ ਤੋਰਿਆ ਜਾ ਸਕਦਾ ਹੈ। ਖੇਤੀਬਾੜੀ ਕਾਲਜ ਦੇ ਡੀਨ ਡਾ: ਮਿਲਖਾ ਸਿੰਘ ਔਲਖ ਨੇ ਦੱਸਿਆ ਕਿ ਡਾ: ਖੁਸ਼ ਪਿਛਲੇ ਕਈ ਦਹਾਕਿਆਂ ਤੋਂ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਉਚੇਰੀ ਸਿੱਖਿਆ ਦਿਵਾਉਣ ਲਈ ਬਹੁਤ ਸਹਿਯੋਗ ਦਿੰਦੇ ਰਹੇ ਹਨ ਜਿਸ ਸਦਕਾ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮਿਆਰੀ ਖੋਜ ਲਈ ਜਾਣੀ ਜਾਂਦੀ ਹੈ। ਇਸ ਮੌਕ ਨਿਰਦੇਸ਼ਕ ਖੋਜ ਡਾ: ਪਰਮਜੀਤ ਸਿੰਘ ਮਿਨਹਾਸ ਨੇ ਕਿਹਾ ਕਿ ਬਾਇਓ ਤਕਨਾਲੋਜੀ ਖੇਤੀਬਾੜੀ ਦੇ ਖੇਤਰ ਵਿੱਚ ਉਹ ਰੋਲ ਅਦਾ ਕਰ ਸਕਦੀ ਹੈ ਜੋ ਰੋਲ ਵਪਾਰਕ ਖੇਤਰ ਵਿੱਚ ਸੂਚਨਾ ਤਕਨਾਲੋਜੀ ਨੇ ਅਦਾ ਕੀਤਾ।
ਬਾਇਓ ਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ: ਐਸ ਐਸ ਗੋਸਲ ਨੇ ਸਭਨਾਂ ਨੂੰ ਜੀ ਆਇਆਂ ਆਖਿਆ ਅਤੇ ਸਕੂਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲ ਦਾ ਮੁੱਖ ਟੀਚਾ ਪੰਜਾਬ ਖੇਤੀਬਾੜੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਹੋਵੇਗਾ। ਇਸ ਸਮਾਰੋਹ ਦੌਰਾਨ ਡਾ: ਖੁਸ਼, ਸ਼੍ਰੀਮਤੀ ਖੁਸ਼ ਅਤੇ ਡਾ: ਗਿੱਲ ਨੂੰ ਵਿਸ਼ੇਸ਼ ਤੌਰ ਤੇ ਡਾ: ਕੰਗ ਵੱਲੋਂ ਸਨਮਾਨਿਤ ਕੀਤਾ ਗਿਆ। ਸਾਰੇ ਪਤਵੰਤੇ ਸੱਜਣਾਂ ਨੇ ਇਸ ਸਕੂਲ ਦੀ ਸਥਾਪਨਾ ਦੀ ਖੁਸ਼ੀ ਦਾ ਇਜ਼ਹਾਰ ਵਿਦਿਆਰਥੀਆਂ ਨਾਲ ਭੰਗੜਾ ਪਾ ਕੇ ਕੀਤਾ।