ਅੰਮ੍ਰਿਤਸਰ- ਹੋਟਲਾਂ, ਰੈਸਟੋਰੈਂਟਾਂ ਅਤੇ ਮੈਰਿਜ ਪੈਲਿਸਾਂ ਤੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਲਗਜਰੀ ਟੈਕਸ ਦੇ ਵਿਰੋਧ ਵਿਚ ਇਨ੍ਹਾਂ ਤਿੰਨਾਂ ਐਸੋਸੀਏਸ਼ਨਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਹੋਟਲ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰ ਸਿੰਘ ਲਾਲੀ ਦੀ ਪ੍ਰਧਾਨਗੀ ਵਿਚ ਇਕ ਬੈਠਕ ਹੋਈ। ਜਿਸ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਨੇਤਾਵਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਅੰਮ੍ਰਿਤਸਰ ਦੇ ਹੋਟਲਾਂ ਅਤੇ ਮੈਰਿਜ ਪੈਲਸਾਂ ਨੂੰ ਲਗਜਰੀ ਟੈਕਸਾਂ ਤੋਂ ਵੱਖ ਰੱਖਿਆ ਜਾਵੇਗਾ। ਇਹ ਟੈਕਸ 31 ਮਾਰਚ 2009 ਤੋਂ ਬਾਅਦ ਲਿਆ ਜਾਵੇਗਾ। ਮਜੀਠੀਆ ਨੇ ਇਸ ਮਾਮਲੇ ਵਿਚ ਇਕ ਮਹੀਨੇ ਦੇ ਅੰਦਰ ਫੈਸਲਾ ਲੈਣ ਬਾਰੇ ਕਿਹਾ ਸੀ,ਪਰ ਹੁਣ ਬਾਦਲ ਸਰਕਾਰ ਇਸ ਮੁਦੇ ਤੇ ਗੱਲ ਕਰਨ ਲਈ ਤਿਆਰ ਨਹੀ ਹੈ। ਲਾਲੀ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਲਗਜਰੀ ਟੈਕਸ ਨਾਂ ਹਟਾਇਆ ਗਿਆ ਤਾਂ ਐਸੋਸੀਏਸ਼ਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਸਾਡੀ ਸਮਸਿਆ ਦਾ ਹਲ ਨਾਂ ਕੀਤਾ ਗਿਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ।