ਵਪਾਰਕ ਬੁੱਧੀ ਵਾਲੇ ਲੋਕ ਹਮੇਸ਼ਾ ਹੀ ਸੋਚਦੇ ਰਹਿੰਦੇ ਹਨ ਕਿ ਕਿਵੇਂ ਆਪਣੇ ਵਪਾਰ ਨੂੰ ਵਧਾ ਕਿ ਮੁਨਾਫਾ ਲਿਆ ਜਾਵੇ। ਵਪਾਰੀਆਂ ਦੀ ਪਸੰਦੀਦਾ ਸ਼ਿਕਾਰਗਾਹ ਹਮੇਸ਼ਾ ਕਿਸਾਨੀ ਰਹੀ ਹੈ। ਇਹ ਭਾਵੇਂ ਅਮਰੀਕਾ ਹੋਵੇ, ਅਫਰੀਕਾ ਹੋਵੇ, ਭਾਰਤ ਹੋਵੇ ਜਾਂ ਫੇਰ ਪੰਜਾਬ। ਦੇਸ਼ ਵਿਦੇਸ਼ ਵਿਚ ਕਿਸਾਨਾਂ ਦੀ ਨਵੇਂ ਬੀਜ ਖ੍ਰੀਦਣ ਦੀ ਲਾਲਸਾ ਨੇ ‘ਬਲਦੀ ਤੇ ਤੇਲ’ ਦਾ ਅਸਰ ਕੀਤਾ ਹੈ। ਜੀ·ਐਮ·ਬੀਜ ਜਾਣੀ ‘ਜੀਨ ਬਦਲੇ ਹੋਏ ਬੀਜ’ ਇਕ ਐਸੀ ਖੋਜ ਹੈ ਜੋ, ਬੀਜ ਦੇ ਸੁਭਾਅ ਨੂੰ ਬਦਲ ਦੇਂਦੀ ਹੈ। ਇਸ ਬੀਜ ਤੋਂ ਪੈਦਾ ਹੋਏ ਪੌਦੇ ਵਧ ਵਿਕਸਤ ਹੁੰਦੇ ਹਨ ਤੇ ਝਾੜ ਵੀ ਵੱਧ ਦੇਣ ਲੱਗ ਪੈਂਦੇ ਹਨ। ਇੱਥੇ ਤੱਕ ਤਾਂ ਸਭ ਠੀਕ ਹੈ। ਮਸਲਾ ਅੱਗੇ ਸ਼ੁਰੂ ਹੁੰਦਾ ਹੈ। ਇੰਜ ਪੈਦਾ ਹੋਈ ਫਸਲ ਦੇ ਖੁਰਾਕੀ ਤੱਤ ਤੇ ਸੁਆਦ ਵੀ ਬਦਲ ਜਾਂਦੇ ਹਨ। ਇਹਨਾਂ ਫਸਲਾਂ ਦੇ ਕੁਦਰਤੀ ਗੁਣ ਕਈ ਵਾਰੀ ਮਨੁੱਖੀ ਸਿਹਤ ਲਈ ਲਾਭਦਾਇਕ ਵੀ ਨਹੀਂ ਰਹਿੰਦੇ। ਚਲੋ ਇਹ ਵੀ ਮੰਨ ਲੈਂਦੇ ਹਾਂ ਕਿ ਇਸ ਤਰ੍ਹਾਂ ਦੁਨੀਆਂ ਦੀ ਭੁੱਖ ਨੂੰ ਕੁੱਝ ਠੱਲ੍ਹ ਪਵੇਗੀ, ਭਾਵੇਂ ਕਿ ਇਹ ਵੀ ਪੂਰਨ ਸੱਚ ਨਹੀਂ ਸਿੱਧ ਹੋ ਸਕੇਗਾ। ਪਰ ਇਸ ਸਭ ਕਾਸੇ ਤੋਂ ਵੱਡੀ ਗੱਲ ਹੈ ਕਿ ਇਹ ਸਾਰਾ ਵਰਤਾਰਾ ਕਿਸਾਨ ਨੂੰ ਇੱਕ ਨਵੀਂ ਗੁਲਾਮੀ ਵਿਚ ਜਕੜ ਦੇਵੇਗਾ। ਉਸਦੀ ਪੈਦਾ ਕੀਤੀ ਫਸਲ ਦੇ ਬੀਜ ਉੱਗਣ ਸ਼ਕਤੀ ਨਹੀਂ ਰੱਖਣਗੇ। ਉਹ ਆਪਣੀ ਅਗਲੀ ਫਸਲ ਦੇ ਬੀਜ ਖ੍ਰੀਦਣ ਲਈ ਮਜ਼ਬੂਰ ਹੋ ਜਾਵੇਗਾ ਅਤੇ ਇੱਥੋਂ ਹੀ ਸ਼ੁਰੂ ਹੋਵੇਗੀ ਅੰਤਰ–ਰਾਸ਼ਟਰੀ ਵਪਾਰੀਆਂ ਦੀ ਲੁੱਟ। ਸਾਡੀਆਂ ਸਮੇਂ ਦੀਆਂ ਸਰਕਾਰਾਂ ਨੂੰ ਆਉਣ ਵਾਲੇ ਖ਼ਤਰੇ ਤੋਂ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਇਹ ਬੀਜ ਦਾ ਹਥਿਆਰ ਵਰਤ ਕਿ ਸਾਡੀ ਕਿਸਾਨੀ ਤਬਾਹ ਕਰ ਸਕਦੇ ਹਨ। ਯਾਦ ਰੱਖਣਾ ਇੱਕ ਵਾਰੀ ਬੀਜ ਦੀ ਸਪਲਾਈ ਰੁਕ ਗਈ ਤਾਂ, ਖੇਤਾਂ ਦੇ ਖੇਤ ਖਾਲੀ ਰਹਿ ਜਾਣਗੇ ਤੇ ਜਿਸ ਭੁੱਖ ਨੂੰ ਅਸੀਂ ਖਤਮ ਕਰਨਾ ਚਾਹੁੰਦੇ ਹਾਂ, ਉਹ ਹੀ ਸਾਡੇ ਦੁੱਖਾਂ ਦਾ ਕਾਰਣ ਬਣ ਜਾਵੇਗੀ ਤੇ ਸਾਡੇ ਕੋਲ ਕੋਈ ਹੱਲ ਨਹੀਂ ਹੋਵੇਗਾ। ਅੱਜ ਹਾਲੇ ਇਸ ਸਾਰੇ ਕੁਝ ਨੂੰ ਨੱਥ ਪਾਉਣ ਦਾ ਸਮਾਂ ਹੈ, ਕੱਲ ਸਾਡਾ ਨਹੀਂ ਰਹੇਗਾ।
ਕੀ ਤੁਹਾਡੀ ਗੱਲ਼ ਤਰੱਕੀ ਦੇ ਰਾਹ ‘ਚ ਰੁਕਾਵਟ ਪਾਉਣ ਵਾਲੀ ਨੀਂ, ਰਾਇਟ ਭਰਾਵਾਂ ਨੂੰ ਜਹਾਜ਼ ਬਣਾਉਣ ਤੋਂ ਰੋਕਣ ਅਤੇ
ਲੰਘੇ ਜਾਂਦੇ ਨਾਲ ਚਿੰਬੜੇ ਰਹਿਣ ਦੀ ਗੱਲ਼ ਨਹੀਂ? ਅਤੇ ਜੇ ਗੁਲਾਮੀ ਦੀ ਗੱਲ਼ ਕਰੀਏ ਤਾਂ ਕੌਣ ਆਜ਼ਾਦ ਹੈ ਅੱਜ ਅਤੇ
ਕਿੰਨਾ ਚਿਰ? ਇੱਕ ਦੂਜੇ ਉੱਤੇ ਨਿਰਭਰਤਾ ਹਮੇਸ਼ਾਂ ਰਹੀ ਹੈ ਅਤੇ ਅੱਜ ਇਹ ਨਵੀਂ ਵੀ ਨਹੀਂ ਹੈ, ਕਿਸਾਨ ਪਹਿਲਾਂ ਵੀ
ਨਿਰਭਰ ਸੀ (ਭਾਵੇਂ ਥੋਹੜਾ ਸੀ ਜਾਂ ਬਹੁਤਾ), ਅਤੇ ਸਮਾਜ ‘ਚ ਨਿਰਭਰ ਰਹਿਣ ਦਾ ਢੰਗ ਅੱਜ ਬਦਲ ਗਿਆ, ਪੈਸੇ ਨੇ
ਨਿਰਭਰਤਾ ਦਾ ਢੰਗ ਬਦਲ ਦਿੱਤਾ (ਜਿਸ ਨਾਲ ਤਰਖਾਣ ਨੂੰ ਕਣਕ ਲਈ ਜੱਟ ਉੱਤੇ ਨਿਰਭਰ ਰਹਿਣਾ ਨੀਂ ਪਿਆ, ਭਾਵੇਂ
ਮਹਿੰਗੀ ਹੀ ਮਿਲੇ ਅਤੇ ਜੱਟ ਨੂੰ ਛੇ ਛੇ ਮਹੀਨੇ ਕਿਸੇ ਨੂੰ ਅਟਕਾਉਣਾ ਨੀਂ ਪਿਆ)। ਬਦਲਾਅ ਕੁਦਰਤ ਦਾ ਨਿਯਮ ਹੈ ਅਤੇ
ਕਾਢਾਂ ਵਿਗਿਆਨ ਦੀ ਤਰੱਕੀ ਦਾ ਨਤੀਜਾ! ਬੀਜਾਂ ਦੀ ਇਸ ਕਾਢ ਨਾਲ ਜੇ ਅਗਲੀ ਵਾਰ ਬੀਜ ਖਰੀਦਣੇ ਪੈਣਗੇ ਤਾਂ
ਝਾੜ ਵੀ ਵਧੇਗਾ ਅਤੇ ਭੁੱਖਮਰੀ ਨੂੰ ਵੀ ਠੱਲ੍ਹ ਪਵੇਗੀ। ਪੈਸੇ ਜਾਂ ਫਾਇਦੇ ਨੂੰ ਹੁਣ ਆਪਣੀ ਸੋਚ ਜਾਂ ਸਮਾਜ ‘ਚੋਂ ਅੱਡ ਕਰਨਾ
ਸੰਭਵ ਨਹੀਂ ਹੈ।
ਖ਼ੈਰ ਸਮਾਂ ਚੱਲਦਾ ਰਹਿੰਦਾ ਹੈ ਅਤੇ ਤਰੱਕੀ ਹੁੰਦੀ ਰਹਿੰਦੀ ਹੈ, ਨਾ ਤਾਂ ਫੈਕਟਰੀਆਂ ਲੱਗਣ ਨਾਲ ਬੰਦੇ ਵਿਹਲੇ ਹੋਏ ਨੇ ਅਤੇ
ਨਾ ਹੀ ਮਸ਼ੀਨਾਂ ਦੀ ਤਰੱਕੀ ਨੇ ਰੁਜ਼ਗਾਰ ਖੋਹੇ ਨੇ…